ਈਸਾਈ
ਪਿੱਛੇ

ਯਸਾਯਾਹ 41

1ਹੇ ਟਾਪੂਓ, ਮੇਰੇ ਅੱਗੇ ਚੁੱਪ ਰਹੋ ਅਤੇ ਸੁਣੋ, ਕੌਮਾਂ ਆਪਣਾ ਬਲ ਨਵੇਂ ਸਿਰਿਓਂ ਪਾਉਣ, ਉਹ ਨੇੜੇ ਆ ਕੇ ਗੱਲ ਕਰਨ, ਅਸੀਂ ਇਕੱਠੇ ਹੋ ਕੇ ਨਿਆਂ ਦੇ ਲਈ ਨੇੜੇ ਆਈਏ।

2ਕਿਸ ਨੇ ਪੂਰਬ ਤੋਂ ਰਾਜਾ ਨੂੰ ਉਕਸਾਇਆ, ਜਿਸ ਦੇ ਕਦਮ ਫ਼ਤਹ ਚੁੰਮਦੀ ਹੈ? ਉਹ ਕੌਮਾਂ ਨੂੰ ਉਸ ਦੇ ਵੱਸ ਵਿੱਚ ਕਰ ਦਿੰਦਾ ਹੈ, ਤਾਂ ਜੋ ਉਹ ਰਾਜਿਆਂ ਉੱਤੇ ਰਾਜ ਕਰੇ, ਉਹ ਉਹਨਾਂ ਨੂੰ ਆਪਣੀ ਤਲਵਾਰ ਨਾਲ ਧੂੜ ਵਾਂਗੂੰ ਅਤੇ ਆਪਣੇ ਧਣੁੱਖ ਨਾਲ ਉਡਾਏ ਹੋਏ ਕੱਖ ਵਾਂਗੂੰ ਕਰ ਦਿੰਦਾ ਹੈ।

3ਉਹ ਉਹਨਾਂ ਦਾ ਪਿੱਛਾ ਕਰਦਾ ਹੈ, ਉਹ ਸ਼ਾਂਤੀ ਨਾਲ ਉਸ ਰਾਹ ਤੋਂ ਲੰਘ ਜਾਂਦਾ ਹੈ, ਜਿਸ ਦੇ ਉੱਤੇ ਉਸ ਦੇ ਪੈਰ ਨਹੀਂ ਗਏ ਸਨ।

4ਕਿਸ ਨੇ ਇਹ ਕੀਤਾ, ਅਤੇ ਪੀੜ੍ਹੀਆਂ ਨੂੰ ਆਦ ਤੋਂ ਬੁਲਾ ਕੇ ਮੁਕਾਇਆ? ਮੈਂ, ਯਹੋਵਾਹ ਨੇ! ਆਦ ਤੋਂ ਅੰਤ ਤੱਕ ਮੈਂ ਉਹੀ ਹਾਂ!

5ਟਾਪੂਆਂ ਨੇ ਵੇਖਿਆ ਅਤੇ ਡਰ ਗਏ, ਧਰਤੀ ਦੀਆਂ ਹੱਦਾਂ ਕੰਬਦੀਆਂ ਹਨ, ਉਹ ਨੇੜੇ ਹੋ ਕੇ ਅੱਗੇ ਆਉਂਦੇ ਹਨ।

6ਹਰੇਕ ਆਪਣੇ ਗੁਆਂਢੀ ਦੀ ਸਹਾਇਤਾ ਕਰਦਾ ਹੈ, ਅਤੇ ਆਪਣੇ ਭਰਾ ਨੂੰ ਆਖਦਾ ਹੈ, ਹੌਂਸਲਾ ਰੱਖ!

7ਤਰਖਾਣ ਸੁਨਿਆਰ ਨੂੰ ਤਕੜਾ ਕਰਦਾ ਹੈ, ਅਤੇ ਉਹ ਜਿਹੜਾ ਹਥੌੜੇ ਨਾਲ ਪੱਧਰਾ ਕਰਦਾ ਹੈ, ਉਹ ਨੂੰ ਜਿਹੜਾ ਆਹਰਨ ਉੱਤੇ ਮਾਰਦਾ ਹੈ। ਉਹ ਟਾਂਕੇ ਵਿਖੇ ਕਹਿੰਦਾ ਹੈ, ਉਹ ਚੰਗਾ ਹੈ, ਉਹ ਉਸ ਨੂੰ ਕਿੱਲਾਂ ਨਾਲ ਪੱਕਿਆਂ ਕਰਦਾ ਹੈ ਭਈ ਉਹ ਹਿੱਲੇ ਨਾ।

8ਪਰ ਤੂੰ, ਹੇ ਇਸਰਾਏਲ, ਮੇਰੇ ਦਾਸ, ਹੇ ਯਾਕੂਬ, ਜਿਸ ਨੂੰ ਮੈਂ ਚੁਣਿਆ ਹੈ, ਮੇਰੇ ਮਿੱਤਰ ਅਬਰਾਹਾਮ ਦੀ ਅੰਸ,

9ਜਿਸ ਨੂੰ ਮੈਂ ਧਰਤੀ ਦੀਆਂ ਹੱਦਾਂ ਤੋਂ ਇਕੱਠਾ ਕੀਤਾ ਅਤੇ ਉਹ ਦਿਆਂ ਖੂੰਜਿਆਂ ਤੋਂ ਬੁਲਾ ਲਿਆ, ਅਤੇ ਤੈਨੂੰ ਆਖਿਆ, ਤੂੰ ਮੇਰਾ ਦਾਸ ਹੈਂ, ਮੈਂ ਤੈਨੂੰ ਚੁਣਿਆ ਹੈ ਅਤੇ ਤੈਨੂੰ ਤਿਆਗਿਆ ਨਹੀਂ।

10ਨਾ ਡਰ, ਕਿਉਂ ਜੋ ਮੈਂ ਤੇਰੇ ਅੰਗ-ਸੰਗ ਹਾਂ, ਨਾ ਘਬਰਾ, ਕਿਉਂ ਜੋ ਮੈਂ ਤੇਰਾ ਪਰਮੇਸ਼ੁਰ ਹਾਂ, ਮੈਂ ਤੈਨੂੰ ਜ਼ੋਰ ਬਖ਼ਸ਼ਾਂਗਾ, ਹਾਂ, ਮੈਂ ਤੇਰੀ ਸਹਾਇਤਾ ਕਰਾਂਗਾ, ਹਾਂ, ਮੈਂ ਤੈਨੂੰ ਆਪਣੇ ਫ਼ਤਿਹਮੰਦ ਸੱਜੇ ਹੱਥ ਨਾਲ ਸੰਭਾਲਾਂਗਾ।

11ਵੇਖੋ, ਉਹ ਜੋ ਤੇਰੇ ਨਾਲ ਕ੍ਰੋਧਿਤ ਹਨ, ਸ਼ਰਮਿੰਦੇ ਹੋਣਗੇ ਅਤੇ ਉਹਨਾਂ ਦੇ ਮੂੰਹ ਕਾਲੇ ਹੋ ਜਾਣਗੇ, ਅਤੇ ਉਹ ਜੋ ਤੇਰੇ ਨਾਲ ਲੜਦੇ ਹਨ ਨਾ ਹੋਇਆਂ ਜਿਹੇ ਹੋ ਕੇ ਨਾਸ ਹੋ ਜਾਣਗੇ।

12ਜੋ ਤੇਰੇ ਨਾਲ ਝਗੜਦੇ ਹਨ, ਤੂੰ ਉਹਨਾਂ ਨੂੰ ਭਾਲੇਂਗਾ ਪਰ ਪਾਏਂਗਾ ਨਹੀਂ। ਜੋ ਤੇਰੇ ਨਾਲ ਯੁੱਧ ਕਰਦੇ ਹਨ, ਉਹ ਨਾ ਹੋਇਆਂ ਜਿਹੇ ਸਗੋਂ ਵਿਅਰਥ ਜਿਹੇ ਹੋ ਜਾਣਗੇ!

13ਮੈਂ ਯਹੋਵਾਹ ਤੇਰਾ ਪਰਮੇਸ਼ੁਰ ਤਾਂ ਤੇਰਾ ਸੱਜਾ ਹੱਥ ਫੜੀ ਬੈਠਾ ਹਾਂ, ਮੈਂ ਤੈਨੂੰ ਆਖਦਾ ਹਾਂ, ਨਾ ਡਰ, ਮੈਂ ਤੇਰੀ ਸਹਾਇਤਾ ਕਰਾਂਗਾ।

14ਨਾ ਡਰ, ਹੇ ਕੀੜੇ ਵਰਗੇ ਯਾਕੂਬ, ਹੇ ਛੋਟੇ ਇਸਰਾਏਲ, ਨਾ ਡਰ! ਮੈਂ ਤੇਰੀ ਸਹਾਇਤਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਤੇਰਾ ਛੁਟਕਾਰਾ ਦੇਣ ਵਾਲਾ ਇਸਰਾਏਲ ਦਾ ਪਵਿੱਤਰ ਪੁਰਖ ਹੈ।

15ਵੇਖ, ਮੈਂ ਤੈਨੂੰ ਨਵੇਂ ਤਿੱਖੇ ਗਾਹ ਪਾਉਣ ਵਾਲੇ ਫਲ੍ਹੇ ਜਿਹਾ ਜਿਸ ਦੇ ਦੰਦ ਵੀ ਹਨ, ਠਹਿਰਾਵਾਂਗਾ, ਤੂੰ ਪਹਾੜਾਂ ਨੂੰ ਗਾਹੇਂਗਾ ਅਤੇ ਉਹਨਾਂ ਨੂੰ ਮਹੀਨ ਕਰੇਂਗਾ, ਅਤੇ ਤੂੰ ਟਿੱਬਿਆਂ ਨੂੰ ਕੱਖ ਵਾਂਗੂੰ ਬਣਾ ਦੇਵੇਂਗਾ।

16ਤੂੰ ਉਹਨਾਂ ਨੂੰ ਛੱਟੇਂਗਾ ਅਤੇ ਹਵਾ ਉਹਨਾਂ ਨੂੰ ਉਡਾ ਕੇ ਲੈ ਜਾਵੇਗੀ, ਅਤੇ ਤੁਫ਼ਾਨ ਉਹਨਾਂ ਨੂੰ ਖਿਲਾਰ ਦੇਵੇਗਾ, ਪਰ ਤੂੰ ਯਹੋਵਾਹ ਵਿੱਚ ਖੁਸ਼ ਹੋਵੇਂਗਾ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਉੱਤੇ ਮਾਣ ਕਰੇਂਗਾ।

17ਮਸਕੀਨ ਅਤੇ ਕੰਗਾਲ ਪਾਣੀ ਭਾਲਦੇ ਹਨ ਪਰ ਹੈ ਨਹੀਂ, ਉਨ੍ਹਾਂ ਦੀਆਂ ਜੀਭਾਂ ਪਿਆਸ ਨਾਲ ਖੁਸ਼ਕ ਹਨ, ਮੈਂ ਯਹੋਵਾਹ ਉਹਨਾਂ ਨੂੰ ਉੱਤਰ ਦੇਵਾਂਗਾ, ਮੈਂ ਇਸਰਾਏਲ ਦਾ ਪਰਮੇਸ਼ੁਰ ਉਨ੍ਹਾਂ ਨੂੰ ਨਾ ਤਿਆਗਾਂਗਾ।

18ਮੈਂ ਨੰਗੀਆਂ ਚੋਟੀਆਂ ਉੱਤੇ ਨਦੀਆਂ, ਅਤੇ ਘਾਟੀਆਂ ਦੇ ਵਿਚਲੇ ਸੋਤੇ ਖੋਲ੍ਹਾਂਗਾ, ਮੈਂ ਉਜਾੜ ਨੂੰ ਪਾਣੀ ਦਾ ਤਲਾਬ, ਅਤੇ ਸੁੱਕੀ ਧਰਤੀ ਨੂੰ ਪਾਣੀ ਦੇ ਸੁੰਬ ਬਣਾਵਾਂਗਾ।

19ਮੈਂ ਉਜਾੜ ਵਿੱਚ ਦਿਆਰ ਅਤੇ ਬਬੂਲ, ਮਹਿੰਦੀ ਅਤੇ ਜ਼ੈਤੂਨ ਦੇ ਰੁੱਖ ਲਵਾਂਗਾ। ਮੈਂ ਮੈਦਾਨ ਵਿੱਚ ਸਰੂ, ਚੀਲ ਅਤੇ ਚਨਾਰ ਦੇ ਰੁੱਖ ਇਕੱਠੇ ਰੱਖਾਂਗਾ।

20ਤਾਂ ਜੋ ਲੋਕ ਵੇਖਣ ਅਤੇ ਜਾਣਨ, ਅਤੇ ਧਿਆਨ ਦੇਣ ਤੇ ਸਮਝਣ ਕਿ ਯਹੋਵਾਹ ਦੇ ਹੱਥ ਨੇ ਇਹ ਕੀਤਾ ਹੈ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੇ ਇਹ ਸਿਰਜਿਆ ਹੈ।

21ਯਹੋਵਾਹ ਆਖਦਾ ਹੈ, ਆਪਣਾ ਦਾਵਾ ਪੇਸ਼ ਕਰੋ, ਯਾਕੂਬ ਦਾ ਰਾਜਾ ਆਖਦਾ ਹੈ, ਆਪਣੇ ਪਰਮਾਣ ਲਿਆਓ।

22ਉਹ ਮੂਰਤੀਆਂ ਨੂੰ ਲਿਆਉਣ ਅਤੇ ਸਾਨੂੰ ਦੱਸਣ, ਜੋ ਆਉਣ ਵਾਲੇ ਸਮੇਂ ਵਿੱਚ ਕੀ ਹੋਵੇਗਾ। ਤੁਸੀਂ ਪਹਿਲੀਆਂ ਗੱਲਾਂ ਦੱਸੋ, ਕਿ ਉਹ ਕੀ ਸਨ, ਤਾਂ ਜੋ ਅਸੀਂ ਧਿਆਨ ਦੇਈਏ, ਅਤੇ ਉਹਨਾਂ ਦੇ ਅੰਤ ਨੂੰ ਜਾਣੀਏ, ਜਾਂ ਆਉਣ ਵਾਲੀਆਂ ਗੱਲਾਂ ਸੁਣਾਓ।

23ਤੁਸੀਂ ਸਾਨੂੰ ਹੋਣ ਵਾਲੀਆਂ ਘਟਨਾਵਾਂ ਬਾਰੇ ਦੱਸੋ, ਤਾਂ ਅਸੀਂ ਜਾਣਾਂਗੇ ਕਿ ਤੁਸੀਂ ਦੇਵਤੇ ਹੋ, ਹਾਂ, ਭਲਿਆਈ ਜਾਂ ਬੁਰਿਆਈ ਕੁਝ ਤਾਂ ਕਰੋ, ਤਾਂ ਜੋ ਅਸੀਂ ਹੈਰਾਨ ਹੋਈਏ ਅਤੇ ਰਲ ਕੇ ਉਹ ਨੂੰ ਵੇਖੀਏ!

24ਵੇਖੋ, ਤੁਸੀਂ ਕੁਝ ਵੀ ਨਹੀਂ, ਅਤੇ ਤੁਹਾਡੇ ਕੰਮ ਫੋਕਟ ਜਿਹੇ ਹਨ! ਜੋ ਤੈਨੂੰ ਚੁਣਦਾ ਹੈ ਉਹ ਘਿਣਾਉਣਾ ਹੈ।

25ਮੈਂ ਇੱਕ ਮਨੁੱਖ ਨੂੰ ਉੱਤਰ ਵੱਲੋਂ ਉਕਸਾਇਆ ਅਤੇ ਉਹ ਆ ਗਿਆ ਹੈ, ਸੂਰਜ ਦੇ ਚੜ੍ਹਨ ਵੱਲੋਂ ਅਤੇ ਉਹ ਮੇਰਾ ਨਾਮ ਲਵੇਗਾ, ਉਹ ਹਾਕਮਾਂ ਉੱਤੇ ਇਸ ਤਰ੍ਹਾਂ ਆ ਪਵੇਗਾ ਜਿਵੇਂ ਗਾਰੇ ਉੱਤੇ, ਅਤੇ ਜਿਵੇਂ ਘੁਮਿਆਰ ਮਿੱਟੀ ਨੂੰ ਲਤਾੜਦਾ ਹੈ।

26ਕਿਸ ਨੇ ਆਦ ਤੋਂ ਦੱਸਿਆ ਤਾਂ ਜੋ ਅਸੀਂ ਜਾਣੀਏ, ਅਤੇ ਪਹਿਲਾਂ ਤੋਂ ਤਾਂ ਜੋ ਅਸੀਂ ਆਖੀਏ, ਉਹ ਸੱਚਾ ਸੀ? ਕੋਈ ਦੱਸਣ ਵਾਲਾ ਨਹੀਂ, ਕੋਈ ਸੁਣਾਉਣ ਵਾਲਾ ਨਹੀਂ, ਤੁਹਾਡੀਆਂ ਗੱਲਾਂ ਦਾ ਸੁਣਨ ਵਾਲਾ ਕੋਈ ਨਹੀਂ।

27ਮੈਂ ਹੀ ਪਹਿਲਾ ਸੀ, ਜਿਸ ਨੇ ਸੀਯੋਨ ਨੂੰ ਆਖਿਆ, - ਵੇਖ, ਉਹਨਾਂ ਨੂੰ ਵੇਖ! ਅਤੇ ਯਰੂਸ਼ਲਮ ਲਈ ਮੈਂ ਇੱਕ ਖੁਸ਼ਖਬਰੀ ਦੇਣ ਵਾਲਾ ਬਖ਼ਸ਼ਿਆ।

28ਜਦ ਮੈਂ ਵੇਖਦਾ ਹਾਂ ਤਾਂ ਕੋਈ ਨਹੀਂ ਹੈ, ਅਤੇ ਇਹਨਾਂ ਦੇ ਵਿੱਚ ਕੋਈ ਸਲਾਹਕਾਰ ਨਹੀਂ, ਕਿ ਜਦ ਮੈਂ ਉਹਨਾਂ ਤੋਂ ਪੁੱਛਾਂ ਤਾਂ ਉਹ ਅੱਗੋਂ ਮੈਨੂੰ ਜਵਾਬ ਦੇਣ।

29ਵੇਖੋ, ਉਹ ਸਭ ਦੇ ਸਭ ਵਿਅਰਥ ਹਨ, ਉਹਨਾਂ ਦੇ ਕੰਮ ਕੁਝ ਵੀ ਨਹੀਂ ਹਨ, ਉਹਨਾਂ ਦੀਆਂ ਢਾਲੀਆਂ ਹੋਈਆਂ ਮੂਰਤਾਂ ਹਵਾ ਅਤੇ ਫੋਕਟ ਹੀ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath