ਈਸਾਈ
ਪਿੱਛੇ

ਯਸਾਯਾਹ 3

1ਹੁਣ ਵੇਖੋ! ਪ੍ਰਭੂ ਸੈਨਾਂ ਦਾ ਯਹੋਵਾਹ, ਯਰੂਸ਼ਲਮ ਤੇ ਯਹੂਦਾਹ ਤੋਂ ਆਸਰਾ ਤੇ ਸਹਾਰਾ ਲੈ ਜਾ ਰਿਹਾ ਹੈ, ਅਰਥਾਤ ਰੋਟੀ ਦਾ ਸਾਰਾ ਸਹਾਰਾ ਤੇ ਪਾਣੀ ਦਾ ਸਾਰਾ ਸਹਾਰਾ,

2ਸੂਰਬੀਰ ਤੇ ਯੋਧਾ, ਨਿਆਈਂ ਤੇ ਨਬੀ, ਫ਼ਾਲ ਪਾਉਣ ਵਾਲਾ ਤੇ ਬਜ਼ੁਰਗ,

3ਪੰਜਾਹਾਂ ਸਿਪਾਹੀਆਂ ਦਾ ਸਰਦਾਰ ਤੇ ਰਈਸ, ਦਰਬਾਰੀ ਤੇ ਸਿਆਣਾ ਕਾਰੀਗਰ ਅਤੇ ਚਾਤਰ ਜਾਦੂਗਰ ਨੂੰ ਵੀ ਦੂਰ ਕਰ ਦੇਵੇਗਾ।

4ਤਾਂ ਮੈਂ ਮੁੰਡਿਆਂ ਨੂੰ ਉਹਨਾਂ ਦੇ ਹਾਕਮ ਬਣਾਵਾਂਗਾ, ਅਤੇ ਬੱਚੇ ਉਹਨਾਂ ਦੇ ਉੱਤੇ ਹਕੂਮਤ ਕਰਨਗੇ।

5ਲੋਕ ਇੱਕ ਦੂਜੇ ਉੱਤੇ ਅਤੇ ਹਰੇਕ ਆਪਣੇ ਗੁਆਂਢੀ ਉੱਤੇ ਜ਼ੁਲਮ ਕਰੇਗਾ, ਜੁਆਨ ਬਜ਼ੁਰਗ ਦੀ, ਅਤੇ ਨੀਚ ਪਤਵੰਤੇ ਦੀ ਬੇਇੱਜ਼ਤੀ ਕਰੇਗਾ।

6ਕੋਈ ਮਨੁੱਖ ਆਪਣੇ ਪਿਤਾ ਦੇ ਘਰ ਵਿੱਚ ਆਪਣੇ ਭਰਾ ਨੂੰ ਫੜ੍ਹ ਕੇ ਆਖੇਗਾ, - ਤੇਰੇ ਕੋਲ ਚੋਗਾ ਹੈ, ਤੂੰ ਸਾਡਾ ਆਗੂ ਹੋ, ਅਤੇ ਇਹ ਉੱਜੜਿਆ ਹੋਇਆ ਢੇਰ ਤੇਰੇ ਹੱਥ ਦੇ ਹੇਠ ਹੋਵੇਗਾ।

7ਉਸ ਦਿਨ ਉਹ ਉੱਚੀ ਦੇ ਕੇ ਆਖੇਗਾ, ਮੈਂ ਪੱਟੀ ਬੰਨ੍ਹਣ ਵਾਲਾ ਨਹੀਂ ਹੋਵਾਂਗਾ, ਮੇਰੇ ਘਰ ਵਿੱਚ ਨਾ ਰੋਟੀ ਹੈ ਨਾ ਚੋਗਾ, ਤੁਸੀਂ ਮੈਨੂੰ ਲੋਕਾਂ ਦਾ ਆਗੂ ਨਾ ਠਹਿਰਾਓ!

8ਯਰੂਸ਼ਲਮ ਤਾਂ ਠੇਡਾ ਖਾ ਗਿਆ, ਅਤੇ ਯਹੂਦਾਹ ਡਿੱਗ ਪਿਆ ਹੈ, ਕਿਉਂ ਜੋ ਉਹਨਾਂ ਦੀ ਬੋਲੀ ਤੇ ਉਹਨਾਂ ਦੇ ਕੰਮ ਯਹੋਵਾਹ ਦੇ ਵਿਰੁੱਧ ਹਨ, ਜੋ ਉਹ ਦੀਆਂ ਤੇਜਵਾਨ ਅੱਖਾਂ ਨੂੰ ਲਾਲ ਕਰਦੇ ਹਨ।

9ਉਹਨਾਂ ਦੇ ਚਿਹਰੇ ਦਾ ਰੂਪ ਉਹਨਾਂ ਦੇ ਵਿਰੁੱਧ ਗਵਾਹੀ ਦਿੰਦਾ ਹੈ, ਅਤੇ ਉਹ ਆਪਣੇ ਆਪ ਨੂੰ ਸਦੂਮ ਵਾਂਗੂੰ ਪਰਗਟ ਕਰਦੇ ਹਨ, ਉਹ ਉਸ ਨੂੰ ਲੁਕਾਉਂਦੇ ਨਹੀਂ, - ਹਾਏ ਉਹਨਾਂ ਦੀ ਜਾਨ ਉੱਤੇ! ਉਹ ਆਪ ਹੀ ਆਪਣੇ ਉੱਤੇ ਬੁਰਿਆਈ ਲੈ ਆਉਂਦੇ ਹਨ।

10ਧਰਮੀ ਨੂੰ ਆਖੋ ਕਿ ਉਨ੍ਹਾਂ ਦਾ ਭਲਾ ਹੋਵੇਗਾ, ਕਿਉਂ ਜੋ ਉਹ ਆਪਣੇ ਕੰਮ ਦਾ ਫਲ ਖਾਣਗੇ।

11ਹਾਏ ਦੁਸ਼ਟ ਉੱਤੇ! ਉਹ ਦਾ ਬੁਰਾ ਹੋਵੇਗਾ, ਕਿਉਂ ਜੋ ਉਹ ਆਪਣੇ ਹੱਥ ਦਾ ਕੀਤਾ ਆਪ ਭੋਗੇਗਾ

12ਮੇਰੀ ਪਰਜਾ! ਬੱਚੇ ਉਹਨਾਂ ਉੱਤੇ ਅਨ੍ਹੇਰ ਕਰਦੇ, ਅਤੇ ਔਰਤਾਂ ਉਹਨਾਂ ਉੱਤੇ ਹਕੂਮਤ ਕਰਦੀਆਂ ਹਨ। ਮੇਰੀ ਪਰਜਾ! ਤੇਰੇ ਆਗੂ ਤੈਨੂੰ ਭਟਕਾਉਂਦੇ ਹਨ, ਅਤੇ ਤੇਰੇ ਸਿੱਧੇ ਮਾਰਗਾਂ ਨੂੰ ਮਿਟਾ ਦਿੰਦੇ ਹਨ।

13ਯਹੋਵਾਹ ਮੁਕੱਦਮਾ ਲੜਨ ਲਈ ਆਪਣੇ ਸਥਾਨ ਤੇ ਹੈ, ਅਤੇ ਲੋਕਾਂ ਦਾ ਫ਼ੈਸਲਾ ਕਰਨ ਲਈ ਖੜ੍ਹਾ ਹੈ।

14ਯਹੋਵਾਹ ਆਪਣੀ ਪਰਜਾ ਦੇ ਬਜ਼ੁਰਗਾਂ ਅਤੇ ਆਗੂਆਂ ਦੇ ਵਿਰੁੱਧ ਨਿਆਂ ਲਈ ਆਉਂਦਾ ਹੈ, ਤੁਸੀਂ ਹੀ ਮੇਰੇ ਅੰਗੂਰੀ ਬਾਗ਼ ਨੂੰ ਚੱਟ ਕਰ ਲਿਆ ਹੈ, ਗਰੀਬਾਂ ਦੀ ਲੁੱਟ ਤੁਹਾਡੇ ਹੀ ਘਰਾਂ ਵਿੱਚ ਹੈ।

15ਸੈਨਾਂ ਦੇ ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਹਾਡਾ ਕੀ ਮਤਲਬ ਹੈ ਕਿ ਤੁਸੀਂ ਮੇਰੀ ਪਰਜਾ ਨੂੰ ਦਬਾਉਂਦੇ ਹੋ, ਅਤੇ ਗਰੀਬਾਂ ਨੂੰ ਰਗੜਦੇ ਹੋ?

16ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਸੀਯੋਨ ਦੀਆਂ ਧੀਆਂ ਹੰਕਾਰਨਾਂ ਹਨ, ਅਤੇ ਗਰਦਨ ਅਕੜਾ ਕੇ ਅਤੇ ਅੱਖਾਂ ਮਟਕਾ ਕੇ ਤੁਰਦੀਆਂ ਹਨ, ਅਤੇ ਠੁਮਕ-ਠੁਮਕ ਚਾਲ ਚੱਲਦੀਆਂ ਹਨ, ਅਤੇ ਪੈਰਾਂ ਵਿੱਚ ਘੁੰਗਰੂ ਛਣਕਾਉਂਦੀਆਂ ਹਨ,

17ਹੁਣ ਪ੍ਰਭੂ ਸੀਯੋਨ ਦੀਆਂ ਧੀਆਂ ਦਾ ਸਿਰ ਗੰਜਾ ਕਰ ਦੇਵੇਗਾ ਅਤੇ ਯਹੋਵਾਹ ਉਹਨਾਂ ਦੇ ਸਰੀਰ ਨੰਗੇ ਕਰ ਦੇਵੇਗਾ।

18ਉਸ ਦਿਨ ਪ੍ਰਭੂ ਉਹਨਾਂ ਦੀਆਂ ਪਜੇਬਾਂ ਦੀ ਸਜਾਵਟ, ਅਤੇ ਜਾਲੀਆਂ ਤੇ ਚੰਦਨਹਾਰ ਲੈ ਜਾਵੇਗਾ,

19ਛੁਮਕੇ, ਛਣਕੰਗਣ, ਘੁੰਡ,

20ਚੌਂਕ, ਕੰਗਣ, ਪਟਕੇ, ਅਤਰਦਾਨੀਆਂ, ਚੌਂਕੀਆਂ,

21ਅਤੇ ਮੁੰਦਰੀਆਂ ਤੇ ਨੱਥਾਂ,

22ਰਾਖਵੇਂ ਕੱਪੜੇ, ਚੱਦਰਾਂ, ਦੁਪੱਟੇ ਅਤੇ ਖੀਸੇ,

23ਆਰਸੀਆਂ, ਮਲਮਲ, ਸਾਫ਼ੇ ਅਤੇ ਬੁਰਕੇ, ਇਨ੍ਹਾਂ ਸਾਰਿਆਂ ਦੀ ਸ਼ੋਭਾ ਦੂਰ ਕਰੇਗਾ।

24ਅਤੇ ਅਜਿਹਾ ਹੋਵੇਗਾ ਕਿ ਸੁਗੰਧ ਦੇ ਥਾਂ ਸੜਿਆਂਧ ਹੋਵੇਗੀ, ਪਟਕੇ ਦੀ ਥਾਂ ਰੱਸੀ, ਮੀਢੀਆਂ ਦੇ ਥਾਂ ਗੰਜ, ਚੋਲੀ ਦੇ ਥਾਂ ਟਾਟ ਦੀ ਪੇਟੀ, ਸੁਹੱਪਣ ਦੇ ਥਾਂ ਦਾਗ ਹੋਣਗੇ।

25ਤੇਰੇ ਪੁਰਖ ਤਲਵਾਰ ਨਾਲ, ਅਤੇ ਤੇਰੇ ਸੂਰਮੇ ਯੁੱਧ ਵਿੱਚ ਡਿੱਗਣਗੇ।

26ਸਿਯੋਨ ਸ਼ਹਿਰ ਦੇ ਫਾਟਕ ਵਿਰਲਾਪ ਤੇ ਸੋਗ ਕਰਨਗੇ, ਅਤੇ ਉਹ ਲੁੱਟ-ਪੁੱਟ ਹੋ ਕੇ ਉਹ ਹੇਠਾਂ ਬੈਠੇਗੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath