ਯਸਾਯਾਹ 37
1ਜਦ ਹਿਜ਼ਕੀਯਾਹ ਰਾਜਾ ਨੇ ਇਹ ਸੁਣਿਆ ਤਾਂ ਦੁਖੀ ਹੋ ਕੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਤੱਪੜ ਲਪੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ।
2ਅਤੇ ਉਸ ਨੇ ਅਲਯਾਕੀਮ ਨੂੰ ਜਿਹੜਾ ਮਹਿਲ ਦਾ ਪ੍ਰਬੰਧਕ ਸੀ, ਸ਼ਬਨਾ ਮੁਨੀਮ ਨੂੰ ਅਤੇ ਜਾਜਕਾਂ ਦੇ ਬਜ਼ੁਰਗਾਂ ਨੂੰ ਤੱਪੜ ਪੁਆ ਕੇ ਆਮੋਸ ਦੇ ਪੁੱਤਰ ਯਸਾਯਾਹ ਨਬੀ ਕੋਲ ਭੇਜਿਆ।
3ਉਨ੍ਹਾਂ ਨੇ ਉਸ ਨੂੰ ਆਖਿਆ, ਹਿਜ਼ਕੀਯਾਹ ਇਹ ਆਖਦਾ ਹੈ ਕਿ ਇਹ ਦਿਨ ਦੁੱਖ, ਘੁਰਕੀ, ਅਤੇ ਸ਼ਰਮਿੰਦਗੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਰਹੀ।
4ਹੋ ਸਕਦਾ ਹੈ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਰਾਜੇ ਨੇ ਭੇਜਿਆ ਹੈ ਕਿ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ, ਸ਼ਾਇਦ ਉਹ ਉਹਨਾਂ ਨੂੰ ਝਿੜਕੇ। ਇਸ ਲਈ ਤੂੰ ਬਚਿਆਂ-ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ।
5ਜਦ ਹਿਜ਼ਕੀਯਾਹ ਰਾਜਾ ਦੇ ਕਰਮਚਾਰੀ ਯਸਾਯਾਹ ਦੇ ਕੋਲ ਆਏ
6ਤਾਂ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਸੁਆਮੀ ਨੂੰ ਇਹ ਆਖਿਓ ਕਿ ਯਹੋਵਾਹ ਇਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੂੰ ਸੁਣੀਆਂ ਹਨ, ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਰਾਜੇ ਦੇ ਸੇਵਕਾਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ, ਨਾ ਡਰੀਂ।
7ਵੇਖ, ਮੈਂ ਉਹ ਦੇ ਵਿੱਚ ਇੱਕ ਅਜਿਹੀ ਰੂਹ ਪਾਵਾਂਗਾ ਕਿ ਉਹ ਕੁਝ ਅਫ਼ਵਾਹ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਸੇ ਦੇ ਦੇਸ ਵਿੱਚ ਤਲਵਾਰ ਨਾਲ ਮਰਵਾ ਦਿਆਂਗਾ।
8ਤਦ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਰਾਜੇ ਨੂੰ ਲਿਬਨਾਹ ਦੇ ਵਿਰੁੱਧ ਯੁੱਧ ਕਰਦਿਆਂ ਪਾਇਆ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਚਲਾ ਗਿਆ ਹੈ।
9ਜਦ ਉਸ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਕਿ ਉਹ ਉਸ ਦੇ ਨਾਲ ਲੜਨ ਨੂੰ ਨਿੱਕਲਿਆ ਹੈ, ਤਾਂ ਉਸ ਨੇ ਇਹ ਸੁਣ ਕੇ ਹਿਜ਼ਕੀਯਾਹ ਵੱਲ ਸੰਦੇਸ਼ਵਾਹਕ ਭੇਜੇ,
10ਤੁਸੀਂ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਨੂੰ ਇਹ ਆਖਣਾ ਕਿ ਤੇਰਾ ਪਰਮੇਸ਼ੁਰ ਜਿਸ ਦੇ ਉੱਤੇ ਤੇਰਾ ਭਰੋਸਾ ਹੈ, ਇਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਰਾਜੇ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ।
11ਵੇਖ, ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦੇ ਰਾਜਿਆਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਉਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ?
12ਕੀ ਕੌਮਾਂ ਦੇ ਦੇਵਤਿਆਂ ਨੇ ਉਹਨਾਂ ਨੂੰ ਛੁਡਾਇਆ, ਜਿਨ੍ਹਾਂ ਨੂੰ ਮੇਰੇ ਪੁਰਖਿਆਂ ਨੇ ਨਾਸ ਕੀਤਾ ਅਰਥਾਤ ਗੋਜ਼ਾਨ ਨੂੰ, ਹਾਰਾਨ ਨੂੰ ਅਤੇ ਰਸ਼ਫ਼ ਅਤੇ ਅਦਨ ਦੇ ਪੁੱਤਰਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ?
13ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਤੇ ਸਫ਼ਰਵਇਮ ਸ਼ਹਿਰ ਦਾ ਰਾਜਾ, ਹੇਨਾ ਅਤੇ ਇੱਵਾਹ ਦੇ ਰਾਜੇ ਕਿੱਥੇ ਹਨ?
14ਜਦ ਹਿਜ਼ਕੀਯਾਹ ਨੇ ਸੰਦੇਸ਼ਵਾਹਕਾਂ ਦੇ ਹੱਥੋਂ ਉਹ ਪੱਤਰ ਲੈ ਕੇ ਪੜ੍ਹਿਆ, ਤਦ ਯਹੋਵਾਹ ਦੇ ਭਵਨ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ
15ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਇਹ ਆਖ ਕੇ ਪ੍ਰਾਰਥਨਾ ਕੀਤੀ,
16ਹੇ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਬਿਰਾਜਣ ਵਾਲੇ, ਧਰਤੀ ਦੇ ਸਾਰੇ ਰਾਜਾਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੂੰ ਅਕਾਸ਼ ਅਤੇ ਧਰਤੀ ਨੂੰ ਬਣਾਇਆ।
17ਹੇ ਯਹੋਵਾਹ, ਆਪਣਾ ਕੰਨ ਲਾ ਅਤੇ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਤੇ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ।
18ਹੇ ਯਹੋਵਾਹ, ਸੱਚ-ਮੁੱਚ ਅੱਸ਼ੂਰ ਦੇ ਰਾਜਿਆਂ ਨੇ ਸਾਰੀਆਂ ਕੌਮਾਂ ਨੂੰ ਅਤੇ ਉਹਨਾਂ ਦੇ ਦੇਸਾਂ ਨੂੰ ਨਾਸ ਕੀਤਾ ਹੈ
19ਅਤੇ ਉਹਨਾਂ ਨੇ ਉਨ੍ਹਾਂ ਦੇ ਦੇਵਤਿਆਂ ਨੂੰ ਅੱਗ ਵਿੱਚ ਪਾ ਦਿੱਤਾ ਕਿਉਂ ਜੋ ਉਹ ਦੇਵਤੇ ਨਹੀਂ ਸਨ ਸਗੋਂ ਮਨੁੱਖਾਂ ਦੇ ਹੱਥਾਂ ਦੀ ਕਾਰੀਗਰੀ, ਲੱਕੜੀ ਅਤੇ ਪੱਥਰ ਸਨ, ਇਸ ਲਈ ਉਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ।
20ਹੁਣ, ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਤਾਂ ਜੋ ਧਰਤੀ ਦੇ ਸਾਰੇ ਰਾਜ ਜਾਣ ਲੈਣ ਕਿ ਤੂੰ ਹੀ ਯਹੋਵਾਹ ਇਕੱਲਾ ਪਰਮੇਸ਼ੁਰ ਹੈਂ!
21ਤਦ ਆਮੋਸ ਦੇ ਪੁੱਤਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਇਹ ਸੁਨੇਹਾ ਭੇਜਿਆ ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਹ ਆਖਦਾ ਹੈ, ਇਸ ਲਈ ਕਿ ਤੂੰ ਅੱਸ਼ੂਰ ਦੇ ਰਾਜੇ ਸਨਹੇਰੀਬ ਦੇ ਵਿਖੇ ਮੇਰੇ ਅੱਗੇ ਪ੍ਰਾਰਥਨਾ ਕੀਤੀ ਹੈ,
22ਇਸ ਲਈ ਇਹ ਉਹ ਬਚਨ ਹੈ ਜਿਹੜਾ ਯਹੋਵਾਹ ਉਹ ਦੇ ਵਿਖੇ ਬੋਲਦਾ ਹੈ, - ਸੀਯੋਨ ਦੀ ਕੁਆਰੀ ਧੀ ਤੈਨੂੰ ਤੁੱਛ ਜਾਣਦੀ ਹੈ, ਉਹ ਤੇਰਾ ਮਖ਼ੌਲ ਉਡਾਉਂਦੀ ਹੈ। ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।
23ਤੂੰ ਕਿਸਨੂੰ ਬੋਲੀਆਂ ਮਾਰੀਆਂ, ਅਤੇ ਕਿਸ ਦੇ ਵਿਰੁੱਧ ਕੁਫ਼ਰ ਬਕਿਆ ਹੈ? ਤੂੰ ਕਿਸ ਦੇ ਵਿਰੁੱਧ ਆਪਣੀ ਅਵਾਜ਼ ਉੱਚੀ ਕੀਤੀ, ਅਤੇ ਘਮੰਡ ਨਾਲ ਆਪਣੀਆਂ ਅੱਖਾਂ ਉਤਾਹਾਂ ਚੁੱਕੀਆਂ? ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਦੇ ਵਿਰੁੱਧ!
24ਤੂੰ ਆਪਣੇ ਕਰਮਚਾਰੀਆਂ ਦੇ ਰਾਹੀਂ ਪ੍ਰਭੂ ਨੂੰ ਬੋਲੀਆਂ ਮਾਰੀਆਂ, ਅਤੇ ਆਖਿਆ, ਮੈਂ ਆਪਣਿਆਂ ਬਹੁਤਿਆਂ ਰਥਾਂ ਨਾਲ ਪਹਾੜਾਂ ਦੀਆਂ ਟੀਸੀਆਂ ਉੱਤੇ ਚੜ੍ਹਿਆ ਹਾਂ, ਸਗੋਂ ਲਬਾਨੋਨ ਦੇ ਵਿਚਕਾਰ ਤੱਕ। ਮੈਂ ਉਹ ਦੇ ਉੱਚੇ ਤੋਂ ਉੱਚੇ ਦਿਆਰ, ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡੇ। ਮੈਂ ਉਹ ਦੀ ਉੱਚੀ ਤੋਂ ਉੱਚੀ ਟੀਸੀ ਵਿੱਚ, ਉਹ ਦੀ ਫਲਦਾਰ ਜੰਗਲੀ ਵਾੜੀ ਵਿੱਚ ਜਾ ਵੜਿਆ।
25ਮੈਂ ਤਾਂ ਪੁੱਟ-ਪੁੱਟ ਕੇ ਪਾਣੀ ਪੀਤਾ, ਮੈਂ ਆਪਣੇ ਪੈਰਾਂ ਦੀਆਂ ਤਲੀਆਂ ਨਾਲ ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ।
26ਕੀ ਤੂੰ ਨਹੀਂ ਸੁਣਿਆ ਜੋ ਬਹੁਤ ਚਿਰ ਤੋਂ ਮੈਂ ਇਹ ਠਾਣ ਲਿਆ ਸੀ, ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਇਹ ਦੀ ਯੋਜਨਾ ਬਣਾਈ ਸੀ? ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ ਕਿ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ ਉਜਾੜ-ਪੁਜਾੜ ਕੇ ਖੰਡਰ ਕਰ ਛੱਡੇਂ।
27ਇਸ ਕਾਰਨ ਉਹਨਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ ਘਬਰਾ ਗਏ ਅਤੇ ਸ਼ਰਮਿੰਦੇ ਹੋਏ, ਉਹ ਖੇਤ ਦੇ ਸਾਗ ਪੱਤ ਅਤੇ ਹਰੀ ਅੰਗੂਰੀ, ਛੱਤ ਉੱਤੇ ਦੇ ਘਾਹ ਅਤੇ ਉਸ ਅੰਨ ਵਾਂਗੂੰ ਹੋ ਗਏ ਜੋ ਉੱਗਣ ਤੋਂ ਪਹਿਲਾਂ ਹੀ ਸੁੱਕ ਜਾਵੇ।
28ਪਰ ਮੈਂ ਤੇਰਾ ਬੈਠਣਾ, ਤੇਰਾ ਅੰਦਰ-ਬਾਹਰ ਆਉਣਾ ਜਾਣਾ, ਅਤੇ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ।
29ਇਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ ਅਤੇ ਤੇਰਾ ਰੌਲ਼ਾ ਮੇਰੇ ਕੰਨਾਂ ਤੱਕ ਪਹੁੰਚਿਆ ਹੈ, ਇਸ ਲਈ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ, ਅਤੇ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ, ਅਤੇ ਜਿਹੜੇ ਰਾਹ ਤੂੰ ਆਇਆ, ਉਸੇ ਰਾਹ ਤੈਨੂੰ ਪਿਛਾਹਾਂ ਮੋੜ ਦਿਆਂਗਾ।
30ਅਤੇ ਤੇਰੇ ਲਈ ਇਹ ਨਿਸ਼ਾਨ ਹੋਵੇਗਾ, ਇਸ ਸਾਲ ਤੁਸੀਂ ਉਹ ਖਾਓ ਜੋ ਆਪ ਉੱਗੇ, ਦੂਜੇ ਸਾਲ ਉਹ ਜੋ ਉਸ ਤੋਂ ਉੱਗੇ, ਅਤੇ ਤੀਜੇ ਸਾਲ ਵਿੱਚ ਬੀ ਬੀਜੋ, ਵੱਢੋ, ਅੰਗੂਰੀ ਬਾਗ਼ ਲਾਓ ਅਤੇ ਉਨ੍ਹਾਂ ਦਾ ਫਲ ਖਾਓ।
31ਤਦ ਉਹ ਲੋਕ ਜੋ ਯਹੂਦਾਹ ਦੇ ਘਰਾਣੇ ਵਿੱਚੋਂ ਬਚੇ ਹੋਏ ਹਨ, ਹੇਠਾਂ ਨੂੰ ਜੜ੍ਹ ਫੜ੍ਹ ਕੇ ਉਤਾਹਾਂ ਨੂੰ ਫਲਣਗੇ,
32ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ, ਅਤੇ ਬਚੇ ਹੋਏ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ, ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।
33ਇਸ ਲਈ ਅੱਸ਼ੂਰ ਦੇ ਰਾਜੇ ਦੇ ਵਿਖੇ ਯਹੋਵਾਹ ਇਹ ਫ਼ਰਮਾਉਂਦਾ ਹੈ, - ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ, ਨਾ ਐਥੇ ਤੀਰ ਚਲਾਵੇਗਾ, ਨਾ ਢਾਲ਼ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ, ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ।
34ਜਿਸ ਰਾਹ ਉਹ ਆਇਆ ਹੈ, ਉਸੇ ਰਾਹ ਉਹ ਮੁੜ ਜਾਵੇਗਾ, ਉਹ ਇਸ ਸ਼ਹਿਰ ਕੋਲ ਨਾ ਆਵੇਗਾ, ਇਹ ਯਹੋਵਾਹ ਦਾ ਵਾਕ ਹੈ!
35ਮੈਂ ਆਪਣੇ ਨਮਿੱਤ ਅਤੇ ਆਪਣੇ ਦਾਸ ਦਾਊਦ ਦੇ ਨਮਿੱਤ ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ।
36ਤਦ ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੀ ਛਾਉਣੀ ਵਿੱਚ ਇੱਕ ਲੱਖ ਪਚਾਸੀ ਹਜ਼ਾਰ ਪੁਰਖ ਮਾਰ ਸੁੱਟੇ ਅਤੇ ਜਦ ਲੋਕ ਸਵੇਰ ਨੂੰ ਉੱਠੇ, ਤਾਂ ਵੇਖੋ, ਉੱਥੇ ਸਭ ਲੋਥਾਂ ਹੀ ਲੋਥਾਂ ਸਨ!
37ਤਦ ਅੱਸ਼ੂਰ ਦਾ ਰਾਜਾ ਸਨਹੇਰੀਬ ਆਪਣੀ ਸੈਨਾਂ ਨਾਲ ਲੈ ਕੇ ਕੂਚ ਕਰ ਕੇ ਚੱਲਿਆ ਗਿਆ ਅਤੇ ਜਾ ਕੇ ਨੀਨਵਾਹ ਵਿੱਚ ਰਹਿਣ ਲੱਗਾ।
38ਫੇਰ ਅਜਿਹਾ ਹੋਇਆ ਕਿ ਜਦ ਉਹ ਆਪਣੇ ਦੇਵਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ, ਤਾਂ ਇੱਕ ਦਿਨ ਉਹ ਦੇ ਪੁੱਤਰਾਂ ਅਦਰਮਲਕ ਅਤੇ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਉਹ ਅਰਾਰਾਤ ਦੇ ਦੇਸ ਨੂੰ ਭੱਜ ਗਏ। ਤਦ ਉਹ ਦਾ ਪੁੱਤਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath