ਈਸਾਈ
ਪਿੱਛੇ

ਯਸਾਯਾਹ 36

1ਹਿਜ਼ਕੀਯਾਹ ਰਾਜਾ ਦੇ ਸ਼ਾਸਨ ਦੇ ਚੌਧਵੇਂ ਸਾਲ ਵਿੱਚ ਅੱਸ਼ੂਰ ਦੇ ਰਾਜੇ ਸਨਹੇਰੀਬ ਨੇ ਯਹੂਦਾਹ ਦੇ ਸਾਰੇ ਗੜ੍ਹ ਵਾਲੇ ਸ਼ਹਿਰਾਂ ਉੱਤੇ ਚੜ੍ਹਾਈ ਕੀਤੀ ਅਤੇ ਉਨ੍ਹਾਂ ਨੂੰ ਲੈ ਲਿਆ।

2ਫੇਰ ਅੱਸ਼ੂਰ ਦੇ ਰਾਜਾ ਨੇ ਰਬਸ਼ਾਕੇਹ ਸੈਨਾਪਤੀ ਨੂੰ ਲਾਕੀਸ਼ ਸ਼ਹਿਰ ਤੋਂ ਯਰੂਸ਼ਲਮ ਨੂੰ ਹਿਜ਼ਕੀਯਾਹ ਰਾਜਾ ਕੋਲ ਵੱਡੀ ਫੌਜ ਨਾਲ ਭੇਜਿਆ ਅਤੇ ਉਹ ਉੱਪਰਲੇ ਤਲਾਬ ਦੀ ਨਾਲੀ ਕੋਲ ਧੋਬੀ ਘਾਟ ਦੇ ਰਾਹ ਵਿੱਚ ਖੜ੍ਹਾ ਸੀ।

3ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜਿਹੜਾ ਮਹਿਲ ਦਾ ਪ੍ਰਬੰਧਕ ਸੀ ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਇਹ ਤਿੰਨੋਂ ਉਸ ਨੂੰ ਮਿਲਣ ਲਈ ਬਾਹਰ ਆਏ।

4ਤਦ ਰਬਸ਼ਾਕੇਹ ਨੇ ਉਹਨਾਂ ਨੂੰ ਆਖਿਆ, ਤੁਸੀਂ ਹਿਜ਼ਕੀਯਾਹ ਨੂੰ ਆਖੋ, ਅੱਸ਼ੂਰ ਦਾ ਮਹਾਰਾਜਾ ਇਹ ਆਖਦਾ ਹੈ, ਤੂੰ ਕਿਹੜੀ ਸ਼ਰਧਾ ਉੱਤੇ ਭਰੋਸਾ ਕਰੀਂ ਬੈਠਾ ਹੈ?

5ਮੈਂ ਕਹਿੰਦਾ ਹਾਂ ਕਿ ਭਲਾ, ਮੂੰਹ ਨਾਲ ਗੱਲਾਂ ਕਰਨੀਆਂ ਹੀ ਯੁੱਧ ਦੇ ਲਈ ਤੇਰੀ ਯੋਜਨਾ ਅਤੇ ਬਲ ਹੈ। ਹੁਣ ਤੈਨੂੰ ਕਿਸ ਦੇ ਉੱਤੇ ਭਰੋਸਾ ਹੈ ਜੋ ਤੂੰ ਮੇਰੇ ਵਿਰੁੱਧ ਵਿਦਰੋਹ ਕੀਤਾ ਹੈ?

6ਵੇਖ, ਤੈਨੂੰ ਇਸ ਕੁਚਲੇ ਹੋਏ ਕਾਨੇ ਅਰਥਾਤ ਮਿਸਰ ਦੇ ਸਹਾਰੇ ਦਾ ਭਰੋਸਾ ਹੈ। ਜੇ ਕੋਈ ਮਨੁੱਖ ਉਹ ਦੇ ਨਾਲ ਢਾਸਣਾ ਲਾਵੇ ਤਾਂ ਉਹ ਉਸ ਦੇ ਹੱਥ ਵਿੱਚ ਖੁੱਭ ਕੇ ਉਹ ਨੂੰ ਪਾੜ ਛੱਡੇਗਾ। ਮਿਸਰ ਦਾ ਰਾਜਾ ਫ਼ਿਰਊਨ ਉਹਨਾਂ ਸਾਰਿਆਂ ਲਈ ਜਿਹੜੇ ਉਹ ਦੇ ਉੱਤੇ ਭਰੋਸਾ ਰੱਖਦੇ ਹਨ ਅਜਿਹਾ ਹੀ ਕਰਦਾ ਹੈ।

7ਪਰ ਜੇ ਤੂੰ ਮੈਨੂੰ ਆਖੇਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹਾਂ, ਤਾਂ ਕੀ ਉਹ ਉਹੋ ਨਹੀਂ ਜਿਸ ਦੇ ਉੱਚੇ ਥਾਵਾਂ ਅਤੇ ਜਗਵੇਦੀਆਂ ਨੂੰ ਹਿਜ਼ਕੀਯਾਹ ਨੇ ਹਟਾ ਕੇ ਯਹੂਦਾਹ ਅਤੇ ਯਰੂਸ਼ਲਮ ਨੂੰ ਆਖਿਆ, ਤੁਸੀਂ ਇਸ ਜਗਵੇਦੀ ਅੱਗੇ ਮੱਥਾ ਟੇਕਿਆ ਕਰੋ?

8ਇਸ ਲਈ ਹੁਣ ਮੇਰੇ ਸੁਆਮੀ ਅੱਸ਼ੂਰ ਦੇ ਰਾਜੇ ਦੇ ਨਾਲ ਸਮਝੌਤਾ ਕਰ। ਮੈਂ ਤੈਨੂੰ ਦੋ ਹਜ਼ਾਰ ਘੋੜੇ ਦਿੰਦਾ ਹਾਂ ਜੇ ਤੂੰ ਉਹਨਾਂ ਉੱਤੇ ਆਪਣੀ ਵੱਲੋਂ ਸਵਾਰ ਬਿਠਾ ਸਕੇਂ।

9ਫੇਰ ਤੂੰ ਕਿਵੇਂ ਮੇਰੇ ਸੁਆਮੀ ਦੇ ਛੋਟੇ ਤੋਂ ਛੋਟੇ ਨੌਕਰਾਂ ਵਿੱਚੋਂ ਇੱਕ ਕਪਤਾਨ ਨੂੰ ਵੀ ਹਰਾ ਸਕੇਂਗਾ? ਜਦ ਕਿ ਤੂੰ ਆਪ ਰਥਾਂ ਤੇ ਸਵਾਰਾਂ ਲਈ ਮਿਸਰ ਉੱਤੇ ਭਰੋਸਾ ਕੀਤਾ ਹੋਇਆ ਹੈ?

10ਫੇਰ ਭਲਾ, ਮੈਂ ਯਹੋਵਾਹ ਦੇ ਬਿਨ੍ਹਾਂ ਹੀ ਇਸ ਦੇਸ ਨੂੰ ਨਾਸ ਕਰਨ ਲਈ ਚੜ੍ਹਾਈ ਕੀਤੀ ਹੈ? ਯਹੋਵਾਹ ਨੇ ਆਪ ਮੈਨੂੰ ਆਖਿਆ, ਇਸ ਦੇਸ ਉੱਤੇ ਚੜ੍ਹਾਈ ਕਰ ਕੇ ਇਸ ਨੂੰ ਨਾਸ ਕਰ ਦੇ!

11ਤਦ ਅਲਯਾਕੀਮ, ਸ਼ਬਨਾ ਅਤੇ ਯੋਆਹ ਨੇ ਰਬਸ਼ਾਕੇਹ ਨੂੰ ਆਖਿਆ, ਆਪਣੇ ਦਾਸਾਂ ਨਾਲ ਅਰਾਮੀ ਭਾਸ਼ਾ ਵਿੱਚ ਗੱਲ ਕਰੋ ਕਿਉਂ ਜੋ ਅਸੀਂ ਉਹ ਨੂੰ ਸਮਝਦੇ ਹਾਂ, ਅਤੇ ਉਨ੍ਹਾਂ ਲੋਕਾਂ ਦੇ ਸੁਣਦਿਆਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹਨ, ਯਹੂਦੀਆਂ ਦੀ ਭਾਸ਼ਾ ਵਿੱਚ ਸਾਡੇ ਨਾਲ ਗੱਲ ਨਾ ਕਰੋ।

12ਪਰ ਰਬਸ਼ਾਕੇਹ ਨੇ ਆਖਿਆ, ਕੀ ਮੇਰੇ ਸੁਆਮੀ ਨੇ ਮੈਨੂੰ ਤੇਰੇ ਸੁਆਮੀ ਦੇ ਕੋਲ ਜਾਂ ਤੇਰੇ ਕੋਲ ਹੀ ਇਹ ਗੱਲਾਂ ਆਖਣ ਲਈ ਭੇਜਿਆ ਹੈ ਪਰ ਇਹਨਾਂ ਮਨੁੱਖਾਂ ਕੋਲ ਨਹੀਂ ਜਿਹੜੇ ਸ਼ਹਿਰਪਨਾਹ ਉੱਤੇ ਬੈਠੇ ਹੋਏ ਹਨ - ਜਿਨ੍ਹਾਂ ਨੂੰ ਤੁਹਾਡੇ ਨਾਲ ਆਪਣਾ ਬਿਸ਼ਟਾ ਖਾਣਾ ਅਤੇ ਆਪਣਾ ਮੂਤਰ ਪੀਣਾ ਪਵੇਗਾ?

13ਤਦ ਰਬਸ਼ਾਕੇਹ ਖੜ੍ਹਾ ਹੋ ਗਿਆ ਅਤੇ ਯਹੂਦੀਆਂ ਦੀ ਭਾਸ਼ਾ ਵਿੱਚ ਉੱਚੀ ਅਵਾਜ਼ ਨਾਲ ਬੋਲਿਆ ਅਤੇ ਆਖਿਆ, ਤੁਸੀਂ ਅੱਸ਼ੂਰ ਦੇ ਮਹਾਰਾਜ ਦੀਆਂ ਗੱਲਾਂ ਸੁਣੋ!

14ਰਾਜਾ ਇਹ ਫ਼ਰਮਾਉਂਦਾ ਹੈ ਕਿ ਹਿਜ਼ਕੀਯਾਹ ਤੁਹਾਨੂੰ ਧੋਖਾ ਨਾ ਦੇਵੇ ਕਿਉਂ ਜੋ ਉਹ ਤੁਹਾਨੂੰ ਛੁਡਾ ਨਾ ਸਕੇਗਾ।

15ਨਾ ਹੀ ਹਿਜ਼ਕੀਯਾਹ ਇਹ ਆਖ ਕੇ ਯਹੋਵਾਹ ਉੱਤੇ ਤੁਹਾਡਾ ਭਰੋਸਾ ਕਰਾਵੇ ਭਈ ਯਹੋਵਾਹ ਜ਼ਰੂਰ ਸਾਨੂੰ ਛੁਡਾਵੇਗਾ, ਇਹ ਸ਼ਹਿਰ ਅੱਸ਼ੂਰ ਦੇ ਰਾਜੇ ਦੇ ਹੱਥੀਂ ਨਹੀਂ ਦਿੱਤਾ ਜਾਵੇਗਾ।

16ਹਿਜ਼ਕੀਯਾਹ ਦੀ ਨਾ ਸੁਣੋ ਕਿਉਂ ਜੋ ਅੱਸ਼ੂਰ ਦਾ ਰਾਜਾ ਇਹ ਆਖਦਾ ਹੈ ਕਿ ਮੇਰੇ ਨਾਲ ਸੁਲਾਹ ਕਰੋ ਅਤੇ ਨਿੱਕਲ ਕੇ ਮੇਰੇ ਕੋਲ ਆਓ, ਤਾਂ ਤੁਹਾਡੇ ਵਿੱਚੋਂ ਹਰ ਕੋਈ ਆਪਣੀ ਦਾਖ ਦੀ ਵੇਲ ਤੋਂ ਅਤੇ ਆਪਣੇ ਹੀ ਹੰਜ਼ੀਰ ਦੇ ਰੁੱਖ ਤੋਂ ਫਲ ਖਾਵੇਗਾ ਅਤੇ ਹਰ ਕੋਈ ਆਪਣੇ ਹੀ ਹੌਦ ਦਾ ਪਾਣੀ ਪੀਵੇਗਾ।

17ਜਦ ਤੱਕ ਮੈਂ ਆ ਕੇ ਤੁਹਾਨੂੰ ਇੱਕ ਅਜਿਹੇ ਦੇਸ ਵਿੱਚ ਨਾ ਲੈ ਜਾਂਵਾਂ ਜਿਹੜਾ ਤੁਹਾਡੇ ਦੇਸ ਵਾਂਗੂੰ ਅਨਾਜ ਅਤੇ ਨਵੀਂ ਮਧ ਦਾ ਦੇਸ, ਰੋਟੀ ਅਤੇ ਅੰਗੂਰੀ ਬਾਗ਼ਾਂ ਦਾ ਦੇਸ ਹੈ।

18ਖ਼ਬਰਦਾਰ, ਕਿਤੇ ਹਿਜ਼ਕੀਯਾਹ ਇਹ ਆਖ ਕੇ ਤੁਹਾਨੂੰ ਨਾ ਭਰਮਾਵੇ ਕਿ ਯਹੋਵਾਹ ਸਾਨੂੰ ਛੁਡਾਵੇਗਾ!

19ਭਲਾ, ਕੌਮਾਂ ਦੇ ਦੇਵਤਿਆਂ ਵਿੱਚੋਂ ਕਿਸੇ ਨੇ ਵੀ ਆਪਣੇ ਦੇਸ ਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਕਦੀ ਛੁਡਾਇਆ ਹੈ? ਹਮਾਥ ਅਤੇ ਅਰਪਾਦ ਸ਼ਹਿਰ ਦੇ ਦੇਵਤੇ ਕਿੱਥੇ ਹਨ? ਸਫ਼ਰਵਇਮ ਸ਼ਹਿਰ ਦੇ ਦੇਵਤੇ ਕਿੱਥੇ ਹਨ? ਕੀ ਉਹਨਾਂ ਨੇ ਸਾਮਰਿਯਾ ਨੂੰ ਮੇਰੇ ਹੱਥੋਂ ਛੁਡਾ ਲਿਆ?

20ਦੇਸ਼-ਦੇਸ਼ ਦੇ ਸਾਰਿਆਂ ਦੇਵਤਿਆਂ ਵਿੱਚੋਂ ਉਹ ਕਿਹੜੇ ਹਨ, ਜਿਨ੍ਹਾਂ ਨੇ ਆਪਣਾ ਦੇਸ ਮੇਰੇ ਹੱਥੋਂ ਛੁਡਾ ਲਿਆ ਹੋਵੇ, ਫੇਰ ਕੀ ਯਹੋਵਾਹ ਮੇਰੇ ਹੱਥੋਂ ਯਰੂਸ਼ਲਮ ਨੂੰ ਛੁਡਾ ਲਵੇਗਾ?

21ਪਰ ਲੋਕਾਂ ਨੇ ਚੁੱਪ ਵੱਟ ਲਈ ਅਤੇ ਉਹ ਨੂੰ ਇੱਕ ਗੱਲ ਦਾ ਵੀ ਉੱਤਰ ਨਾ ਦਿੱਤਾ, ਕਿਉਂ ਜੋ ਰਾਜੇ ਦਾ ਹੁਕਮ ਇਹ ਸੀ ਕਿ ਤੁਸੀਂ ਉਸ ਨੂੰ ਉੱਤਰ ਨਾ ਦੇਣਾ।

22ਤਦ ਹਿਲਕੀਯਾਹ ਦਾ ਪੁੱਤਰ ਅਲਯਾਕੀਮ ਜੋ ਮਹਿਲ ਦਾ ਪ੍ਰਬੰਧਕ ਸੀ, ਅਤੇ ਸ਼ਬਨਾ ਮੁਨੀਮ ਅਤੇ ਆਸਾਫ਼ ਦਾ ਪੁੱਤਰ ਯੋਆਹ ਜੋ ਲਿਖਾਰੀ ਸੀ, ਕੱਪੜੇ ਪਾੜ ਕੇ ਹਿਜ਼ਕੀਯਾਹ ਦੇ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਰਬਸ਼ਾਕੇਹ ਦੀਆਂ ਗੱਲਾਂ ਦੱਸੀਆਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath