ਯਸਾਯਾਹ 30
1ਹਾਏ ਵਿਦਰੋਹੀ ਬਾਲਕਾਂ ਉੱਤੇ! ਯਹੋਵਾਹ ਦਾ ਵਾਕ ਹੈ, ਜਿਹੜੇ ਯੋਜਨਾ ਕਰਦੇ ਪਰ ਮੇਰੀ ਵੱਲੋਂ ਨਹੀਂ, ਜਿਹੜੇ ਨੇਮ ਬੰਨ੍ਹਦੇ ਹਨ ਪਰ ਮੇਰੇ ਆਤਮਾ ਤੋਂ ਨਹੀਂ, ਇਸ ਤਰ੍ਹਾਂ ਉਹ ਪਾਪ ਉੱਤੇ ਪਾਪ ਵਧਾਉਂਦੇ ਹਨ,
2ਜਿਹੜੇ ਹੇਠਾਂ ਮਿਸਰ ਨੂੰ ਜਾਂਦੇ ਹਨ, ਪਰ ਮੇਰੇ ਕੋਲੋਂ ਨਹੀਂ ਪੁੱਛਦੇ, ਤਾਂ ਜੋ ਉਹ ਫ਼ਿਰਊਨ ਦੀ ਓਟ ਵਿੱਚ ਸ਼ਕਤੀ ਪਾਉਣ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣ।
3ਇਸ ਲਈ ਫ਼ਿਰਊਨ ਦੀ ਓਟ ਤੁਹਾਡੇ ਲਈ ਸ਼ਰਮਿੰਦਗੀ ਹੋਵੇਗੀ, ਅਤੇ ਮਿਸਰ ਦੇ ਸਾਯੇ ਵਿੱਚ ਪਨਾਹ ਲੈਣੀ ਤੁਹਾਡੀ ਨਿੰਦਿਆ ਦਾ ਕਾਰਨ ਹੋਵੇਗੀ।
4ਭਾਵੇਂ ਉਹਨਾਂ ਦੇ ਸਰਦਾਰ ਸੋਆਨ ਵਿੱਚ ਹੋਣ, ਅਤੇ ਉਹਨਾਂ ਦੇ ਰਾਜਦੂਤ ਹਾਨੇਸ ਵਿੱਚ ਪਹੁੰਚਣ,
5ਉਹ ਸਾਰੇ ਉਸ ਕੌਮ ਦੇ ਕਾਰਨ, ਜੋ ਉਨ੍ਹਾਂ ਲਈ ਲਾਭਦਾਇਕ ਨਹੀਂ, ਲਾਜ ਖਾਣਗੇ, ਉਹ ਨਾ ਸਹਾਇਤਾ ਲਈ, ਨਾ ਲਾਭ ਲਈ, ਪਰ ਲਾਜ ਅਤੇ ਨਿੰਦਿਆ ਲਈ ਹੋਵੇਗੀ!
6ਦੱਖਣੀ ਪਸ਼ੂਆਂ ਦੇ ਵਿਖੇ ਅਗੰਮ ਵਾਕ, - ਦੁੱਖ ਅਤੇ ਕਸ਼ਟ ਦੇ ਦੇਸ ਵਿੱਚੋਂ, ਜਿੱਥੋਂ ਬੱਬਰ ਸ਼ੇਰ ਤੇ ਸ਼ੇਰਨੀ, ਨਾਗ ਅਤੇ ਉੱਡਣ ਵਾਲਾ ਸੱਪ ਆਉਂਦੇ ਹਨ, ਉਹ ਜੁਆਨ ਗਧਿਆਂ ਦੀ ਪਿੱਠ ਉੱਤੇ ਆਪਣਾ ਧਨ, ਅਤੇ ਊਠਾਂ ਦੇ ਕੁਹਾਨਾਂ ਉੱਤੇ ਆਪਣੇ ਖਜ਼ਾਨੇ, ਉਸ ਕੌਮ ਵੱਲ ਚੁੱਕੀ ਲਈ ਜਾਂਦੇ ਹਨ ਜਿਹੜੀ ਲਾਭਦਾਇਕ ਨਹੀਂ!
7ਮਿਸਰੀ ਵਿਅਰਥ ਅਤੇ ਫੋਕੀ ਸਹਾਇਤਾ ਕਰਦੇ ਹਨ, ਇਸ ਲਈ ਮੈਂ ਉਸ ਨੂੰ “ਰਹਬ-ਜਿਹੜੀ ਬੈਠੀ ਰਹਿੰਦੀ ਹੈ” ਸੱਦਿਆ ਹੈ!
8ਹੁਣ ਜਾ, ਉਨ੍ਹਾਂ ਦੇ ਅੱਗੇ ਤਖ਼ਤੀ ਉੱਤੇ ਲਿਖ, ਅਤੇ ਪੋਥੀ ਵਿੱਚ ਦਰਜ਼ ਕਰ, ਤਾਂ ਜੋ ਉਹ ਆਖਰੀ ਸਮਿਆਂ ਲਈ ਸਦਾ ਦੀ ਸਾਖੀ ਹੋਵੇ।
9ਇਹ ਤਾਂ ਵਿਦਰੋਹੀ ਪਰਜਾ, ਅਤੇ ਝੂਠੇ ਬਾਲਕ ਹਨ, ਬਾਲਕ ਜਿਹੜੇ ਯਹੋਵਾਹ ਦੀ ਬਿਵਸਥਾ ਨੂੰ ਸੁਣਨਾ ਨਹੀਂ ਚਾਹੁੰਦੇ,
10ਜਿਹੜੇ ਦਰਸ਼ੀਆਂ ਨੂੰ ਆਖਦੇ ਹਨ, ਦਰਸ਼ਣ ਨਾ ਵੇਖੋ! ਅਤੇ ਨਬੀਆਂ ਨੂੰ ਆਖਦੇ ਹਨ, ਸੱਚੀਆਂ ਗੱਲਾਂ ਸਾਨੂੰ ਨਾ ਦੱਸੋ, ਸਾਨੂੰ ਮਿੱਠੀਆਂ ਗੱਲਾਂ ਦੱਸੋ, ਛਲ ਅਤੇ ਫਰੇਬ ਦੱਸੋ!
11ਰਸਤੇ ਤੋਂ ਹਟੋ, ਮਾਰਗ ਤੋਂ ਫਿਰ ਜਾਓ, ਇਸਰਾਏਲ ਦੇ ਪਵਿੱਤਰ ਪੁਰਖ ਨੂੰ ਸਾਡੇ ਅੱਗਿਓਂ ਹਟਾ ਦਿਓ!
12ਇਸ ਲਈ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਇਸ ਲਈ ਕਿ ਤੁਸੀਂ ਇਸ ਗੱਲ ਨੂੰ ਤੁੱਛ ਜਾਣਦੇ ਹੋ, ਅਤੇ ਜ਼ੁਲਮ ਅਤੇ ਹੱਠ ਉੱਤੇ ਭਰੋਸਾ ਰੱਖਦੇ ਹੋ, ਅਤੇ ਉਸ ਉੱਤੇ ਢਾਸਣਾ ਲਾਉਂਦੇ ਹੋ,
13ਇਸ ਲਈ ਇਹ ਬਦੀ ਤੁਹਾਡੇ ਲਈ ਡਿੱਗਣ ਵਾਲੀ ਤੇੜ ਵਾਂਗੂੰ ਹੋਵੇਗੀ, ਜਿਹੜੀ ਉੱਚੀ ਕੰਧ ਵਿੱਚ ਉਭਰੀ ਹੋਈ ਹੈ, ਜਿਸ ਦਾ ਟੁੱਟਣਾ ਅਚਾਨਕ, ਇੱਕ ਦਮ ਹੋਵੇਗਾ।
14ਉਹ ਦਾ ਟੁੱਟਣਾ ਘੁਮਿਆਰ ਦੇ ਭਾਂਡੇ ਦੇ ਟੁੱਟਣ ਵਾਂਗੂੰ ਹੋਵੇਗਾ, ਜਿਸ ਨੂੰ ਉਹ ਚੂਰ-ਚੂਰ ਕਰਨ ਤੋਂ ਸਰਫ਼ਾ ਨਹੀਂ ਕਰਦਾ, ਅਤੇ ਜਿਸ ਦੇ ਟੁੱਕੜਿਆਂ ਵਿੱਚੋਂ ਇੱਕ ਠੀਕਰਾ ਵੀ ਨਾ ਲੱਭੇਗਾ, ਜਿਸ ਦੇ ਨਾਲ ਚੁੱਲ੍ਹੇ ਵਿੱਚੋਂ ਅੱਗ ਚੁੱਕੀ ਜਾਵੇ, ਜਾਂ ਹੌਦ ਤੋਂ ਪਾਣੀ ਭਰਿਆ ਜਾਵੇ।
15ਪ੍ਰਭੂ ਯਹੋਵਾਹ ਇਸਰਾਏਲ ਦਾ ਪਵਿੱਤਰ ਪੁਰਖ ਇਹ ਆਖਦਾ ਹੈ, ਮੁੜ ਆਉਣ ਅਤੇ ਚੈਨ ਨਾਲ ਰਹਿਣ ਵਿੱਚ ਤੁਹਾਡਾ ਬਚਾਓ ਹੋਵੇਗਾ, ਸ਼ਾਂਤੀ ਅਤੇ ਭਰੋਸੇ ਵਿੱਚ ਤੁਹਾਡਾ ਬਲ ਹੋਵੇਗਾ, ਪਰ ਤੁਸੀਂ ਇਹ ਨਾ ਚਾਹਿਆ,
16ਤੁਸੀਂ ਆਖਿਆ, ਨਹੀਂ ਅਸੀਂ ਘੋੜਿਆਂ ਤੇ ਨੱਠਾਂਗੇ, - ਇਸ ਲਈ ਤੁਸੀਂ ਨੱਠੋਗੇ! ਅਸੀਂ ਤੇਜ ਚੱਲਣ ਵਾਲਿਆਂ ਉੱਤੇ ਚੜ੍ਹਾਂਗੇ, - ਇਸ ਲਈ ਤੁਹਾਡੇ ਪਿੱਛਾ ਕਰਨ ਵਾਲੇ ਵੀ ਤੇਜ ਹੋਣਗੇ!
17ਇੱਕ ਦੀ ਘੁਰਕੀ ਨਾਲ ਇੱਕ ਹਜ਼ਾਰ ਨੱਠਣਗੇ, ਅਤੇ ਪੰਜਾਂ ਦੀ ਘੁਰਕੀ ਦੇ ਅੱਗੋਂ ਤੁਸੀਂ ਸਾਰੇ ਨੱਠੋਗੇ, ਜਦ ਤੱਕ ਤੁਸੀਂ ਪਰਬਤ ਦੀ ਟੀਸੀ ਉੱਤੇ ਬਾਂਸ ਵਾਂਗੂੰ, ਜਾਂ ਟਿੱਬੇ ਉੱਤੇ ਇੱਕ ਝੰਡੇ ਵਾਂਗੂੰ ਨਾ ਛੱਡੇ ਜਾਓਗੇ।
18ਇਸ ਲਈ ਯਹੋਵਾਹ ਉਡੀਕਦਾ ਹੈ ਕਿ ਉਹ ਤੁਹਾਡੇ ਉੱਤੇ ਕਿਰਪਾ ਕਰੇ, ਅਤੇ ਇਸ ਲਈ ਉਹ ਆਪ ਨੂੰ ਉੱਚਾ ਕਰਦਾ ਹੈ, ਤਾਂ ਜੋ ਉਹ ਤੁਹਾਡੇ ਉੱਤੇ ਰਹਮ ਕਰੇ, ਕਿਉਂ ਜੋ ਯਹੋਵਾਹ ਇਨਸਾਫ਼ ਦਾ ਪਰਮੇਸ਼ੁਰ ਹੈ, ਧੰਨ ਉਹ ਸਾਰੇ ਜਿਹੜੇ ਉਸ ਨੂੰ ਉਡੀਕਦੇ ਹਨ!
19ਹਾਂ, ਹੇ ਲੋਕੋ, ਜਿਹੜੇ ਯਰੂਸ਼ਲਮ ਵਿੱਚ ਸੀਯੋਨ ਤੇ ਵੱਸਦੇ ਹੋ, ਤੁਸੀਂ ਫੇਰ ਕਦੇ ਨਾ ਰੋਵੋਗੇ, ਉਹ ਤੁਹਾਡੀ ਦੁਹਾਈ ਦੀ ਅਵਾਜ਼ ਦੇ ਕਾਰਨ ਜ਼ਰੂਰ ਤੁਹਾਡੇ ਉੱਤੇ ਕਿਰਪਾ ਕਰੇਗਾ, ਤੁਹਾਡੀ ਦੁਹਾਈ ਸੁਣਦਿਆਂ ਹੀ ਉਹ ਤੁਹਾਨੂੰ ਉੱਤਰ ਦੇਵੇਗਾ।
20ਭਾਵੇਂ ਪ੍ਰਭੂ ਤੁਹਾਨੂੰ ਦੁੱਖ ਦੀ ਰੋਟੀ ਅਤੇ ਕਸ਼ਟ ਦਾ ਪਾਣੀ ਦੇਵੇ, ਤਾਂ ਵੀ ਤੁਹਾਡਾ ਉਪਦੇਸ਼ਕ ਆਪਣੇ ਆਪ ਨੂੰ ਨਾ ਲੁਕਾਵੇਗਾ, ਸਗੋਂ ਤੁਹਾਡੀਆਂ ਅੱਖਾਂ ਤੁਹਾਡੇ ਉਪਦੇਸ਼ਕਾਂ ਨੂੰ ਵੇਖਣਗੀਆਂ,
21ਅਤੇ ਜਦ ਕਦੀ ਤੁਸੀਂ ਸੱਜੇ ਨੂੰ ਮੁੜੋ ਜਾਂ ਖੱਬੇ ਨੂੰ ਤਾਂ ਤੁਹਾਡੇ ਕੰਨ ਤੁਹਾਡੇ ਪਿੱਛੋਂ ਇੱਕ ਅਵਾਜ਼ ਇਹ ਆਖਦੀ ਹੋਈ ਸੁਣਨਗੇ ਕਿ ਤੁਹਾਡਾ ਰਾਹ ਇਹੋ ਹੀ ਹੈ, ਇਸ ਵਿੱਚ ਚੱਲੋ।
22ਤਦ ਤੁਸੀਂ ਚਾਂਦੀ ਨਾਲ ਮੜ੍ਹੀਆਂ ਹੋਈਆਂ ਆਪਣੀਆਂ ਉੱਕਰੀਆਂ ਮੂਰਤਾਂ ਨੂੰ, ਅਤੇ ਸੋਨਾ ਚੜ੍ਹੇ ਹੋਏ ਆਪਣੇ ਢਲੇ ਹੋਏ ਬੁੱਤਾਂ ਨੂੰ ਅਸ਼ੁੱਧ ਕਰੋਗੇ, ਤੁਸੀਂ ਉਹਨਾਂ ਨੂੰ ਗੰਦੇ ਕੱਪੜਿਆਂ ਵਾਂਗੂੰ ਖਿਲਾਰ ਦਿਓਗੇ, ਤੁਸੀਂ ਉਹਨਾਂ ਨੂੰ ਆਖੋਗੇ, ਦੂਰ ਹੋਵੋ!
23ਉਹ ਉਸ ਬੀਜ ਲਈ ਜਿਹੜਾ ਤੁਸੀਂ ਜ਼ਮੀਨ ਵਿੱਚ ਬੀਜੋਗੇ ਮੀਂਹ ਘੱਲੇਗਾ, ਨਾਲੇ ਜ਼ਮੀਨ ਦੀ ਪੈਦਾਵਾਰ ਤੋਂ ਜਿਹੜੀ ਰੋਟੀ ਮਿਲੇਗੀ ਉਹ ਉੱਤਮ ਅਤੇ ਵਧੇਰੀ ਹੋਵੇਗੀ। ਉਸ ਦਿਨ ਤੇਰਾ ਵੱਗ ਖੁੱਲ੍ਹੀ ਜੂਹ ਵਿੱਚ ਚੁਗੇਗਾ।
24ਬਲ਼ਦ ਅਤੇ ਜੁਆਨ ਗਧੇ, ਜੋ ਤੇਰੀ ਜ਼ਮੀਨ ਨੂੰ ਵਾਹੁੰਦੇ ਹਨ, ਸਲੂਣੇ ਪੱਠੇ ਖਾਣਗੇ, ਜਿਹੜੇ ਛੱਜ ਤੇ ਤੁੰਗਲੀ ਨਾਲ ਉਡਾਏ ਹੋਏ ਹੋਣਗੇ।
25ਵੱਡੇ ਵਿਨਾਸ਼ ਦੇ ਦਿਨ ਜਦ ਬੁਰਜ ਡਿੱਗ ਪੈਣਗੇ, ਉਸ ਦਿਨ ਹਰੇਕ ਬੁਲੰਦ ਪਰਬਤ ਅਤੇ ਹਰੇਕ ਉੱਚੇ ਟਿੱਬੇ ਉੱਤੇ ਨਾਲੀਆਂ ਅਤੇ ਵਗਦੇ ਪਾਣੀ ਹੋਣਗੇ।
26ਜਿਸ ਦਿਨ ਯਹੋਵਾਹ ਆਪਣੀ ਪਰਜਾ ਦਾ ਫੱਟ ਬੰਨ੍ਹੇਗਾ ਅਤੇ ਆਪਣੀ ਲਾਈ ਹੋਈ ਸੱਟ ਦਾ ਜ਼ਖਮ ਚੰਗਾ ਕਰੇਗਾ, ਉਸ ਦਿਨ ਚੰਦ ਦਾ ਚਾਨਣ ਸੂਰਜ ਦੇ ਚਾਨਣ ਵਰਗਾ ਹੋਵੇਗਾ, ਅਤੇ ਸੂਰਜ ਦਾ ਚਾਨਣ ਸੱਤ ਗੁਣਾ, ਅਰਥਾਤ ਸੱਤਾਂ ਦਿਨਾਂ ਦੇ ਚਾਨਣ ਦੇ ਬਰਾਬਰ ਹੋਵੇਗਾ।
27ਵੇਖੋ, ਯਹੋਵਾਹ ਦਾ ਨਾਮ ਦੂਰੋਂ ਆਉਂਦਾ ਹੈ, ਕ੍ਰੋਧ ਨਾਲ ਭੱਖਿਆ ਹੋਇਆ ਅਤੇ ਗੂੜ੍ਹੇ ਉੱਠਦੇ ਧੂੰਏਂ ਨਾਲ। ਉਹ ਦੇ ਬੁੱਲ੍ਹ ਕਹਿਰ ਨਾਲ ਭਰੇ ਹੋਏ ਹਨ, ਅਤੇ ਉਹ ਦੀ ਜੀਭ ਭਸਮ ਕਰਨ ਵਾਲੀ ਅੱਗ ਵਾਂਗੂੰ ਹੈ।
28ਉਹ ਦਾ ਸਾਹ ਨਦੀ ਦੇ ਹੜ੍ਹ ਵਾਂਗੂੰ ਹੈ, ਜਿਹੜਾ ਗਲ਼ ਤੱਕ ਪਹੁੰਚਦਾ ਹੈ, ਤਾਂ ਜੋ ਉਹ ਕੌਮਾਂ ਨੂੰ ਤਬਾਹੀ ਦੇ ਛੱਜ ਨਾਲ ਛੱਟੇ, ਅਤੇ ਭਟਕਾਉਣ ਵਾਲੀ ਲਗਾਮ ਕੌਮਾਂ ਦਿਆਂ ਜਬਾੜਿਆਂ ਵਿੱਚ ਪਾਵੇਗਾ।
29ਤੁਸੀਂ ਗੀਤ ਗਾਓਗੇ, ਜਿਵੇਂ ਪਵਿੱਤਰ ਪਰਬ ਦੀ ਰਾਤ ਵਿੱਚ ਗਾਉਂਦੇ ਹੋ, ਅਤੇ ਤੁਹਾਡੇ ਦਿਲ ਉਸੇ ਤਰ੍ਹਾਂ ਅਨੰਦ ਹੋਣਗੇ, ਜਿਵੇਂ ਕੋਈ ਬੰਸਰੀ ਵਜਾਉਂਦੇ ਹੋਏ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੇ ਪਰਬਤ ਉੱਤੇ ਚੱਲਿਆ ਆਉਂਦਾ ਹੈ।
30ਯਹੋਵਾਹ ਆਪਣੀ ਤੇਜਵਾਨ ਅਵਾਜ਼ ਸੁਣਾਵੇਗਾ ਅਤੇ ਆਪਣੀ ਬਾਂਹ ਦਾ ਉਲਾਰ, ਤੱਤੇ ਕ੍ਰੋਧ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਵਿਖਾਵੇਗਾ, ਨਾਲੇ ਮੋਹਲੇਧਾਰ ਮੀਂਹ, ਵਾਛੜ ਅਤੇ ਗੜੇ ਹੋਣਗੇ।
31ਅੱਸ਼ੂਰੀ ਤਾਂ ਯਹੋਵਾਹ ਦੀ ਅਵਾਜ਼ ਤੋਂ ਚੂਰ-ਚੂਰ ਹੋ ਜਾਣਗੇ, ਜਦ ਉਹ ਆਪਣੇ ਡੰਡੇ ਨਾਲ ਉਹਨਾਂ ਨੂੰ ਮਾਰੇਗਾ।
32ਸਜ਼ਾ ਦੀ ਲਾਠੀ ਦੀ ਹਰ ਸੱਟ ਜਿਹੜੀ ਉਹ ਉਹਨਾਂ ਉੱਤੇ ਲਾਵੇਗਾ, ਡੱਫ਼ਾਂ ਨਾਲ ਅਤੇ ਬਰਬਤ ਨਾਲ ਹੋਵੇਗੀ, ਅਤੇ ਲੜਾਈਆਂ ਵਿੱਚ ਚੁੱਕੇ ਹੋਏ ਹੱਥ ਨਾਲ ਉਹ ਉਹਨਾਂ ਨਾਲ ਲੜੇਗਾ।
33ਪ੍ਰਾਚੀਨ ਸਮੇਂ ਤੋਂ ਇੱਕ ਸਿਵਾ ਤਿਆਰ ਹੈ, ਹਾਂ, ਉਹ ਰਾਜੇ ਦੇ ਲਈ ਡੂੰਘਾ ਤੇ ਖੁੱਲ੍ਹਾ ਕਰ ਕੇ ਠਹਿਰਾਇਆ ਗਿਆ ਹੈ, ਉਹ ਦੀ ਚਿਤਾ ਅੱਗ ਅਤੇ ਬਹੁਤ ਲੱਕੜਾਂ ਦੀ ਹੈ, ਯਹੋਵਾਹ ਦਾ ਸਾਹ ਗੰਧਕ ਦੀ ਧਾਰ ਵਾਂਗੂੰ ਉਹ ਨੂੰ ਸੁਲਗਾਵੇਗਾ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath