ਈਸਾਈ
ਪਿੱਛੇ

ਯਸਾਯਾਹ 29

1ਹਾਏ ਅਰੀਏਲ ਉੱਤੇ, ਪਰਮੇਸ਼ੁਰ ਦੀ ਸ਼ੇਰਨੀ ਉੱਤੇ! ਉਸ ਨਗਰ ਉੱਤੇ ਜਿੱਥੇ ਦਾਊਦ ਨੇ ਡੇਰਾ ਲਾਇਆ! ਸਾਲ ਤੇ ਸਾਲ ਜੋੜੋ, ਖੁਸ਼ੀ ਦੇ ਪਰਬ ਸਮੇਂ ਸਿਰ ਮਨਾਓ।

2ਮੈਂ ਅਰੀਏਲ ਨੂੰ ਤੰਗ ਕਰਾਂਗਾ, ਤਾਂ ਸੋਗ ਤੇ ਸਿਆਪਾ ਹੋਵੇਗਾ, ਅਤੇ ਉਹ ਮੇਰੇ ਲਈ ਪਰਮੇਸ਼ੁਰ ਦੀ ਸ਼ੇਰਨੀ ਵਾਂਗੂੰ ਹੋਵੇਗਾ।

3ਮੈਂ ਤੇਰੇ ਵਿਰੁੱਧ ਆਲੇ-ਦੁਆਲੇ ਛਾਉਣੀ ਲਵਾਂਗਾ, ਅਤੇ ਤੇਰੇ ਵਿਰੁੱਧ ਮੋਰਚਾ ਬਣਾ ਕੇ ਘੇਰਾ ਪਾਵਾਂਗਾ, ਅਤੇ ਤੇਰੇ ਵਿਰੁੱਧ ਦਮਦਮਾ ਖੜ੍ਹਾ ਕਰਾਂਗਾ।

4ਤੂੰ ਧਰਤੀ ਦੀ ਡੁੰਘਿਆਈ ਤੋਂ ਬੋਲੇਂਗਾ, ਤੇਰਾ ਬੋਲ ਖ਼ਾਕ ਦੇ ਹੇਠੋਂ ਆਵੇਗਾ, ਤੇਰੀ ਅਵਾਜ਼ ਧਰਤੀ ਵਿੱਚੋਂ ਪ੍ਰੇਤਾਂ ਵਾਂਗੂੰ ਹੋਵੇਗੀ, ਅਤੇ ਤੇਰਾ ਬੋਲ ਖ਼ਾਕ ਵਿੱਚੋਂ ਘੁਸਰ-ਮੁਸਰ ਕਰੇਗਾ।

5ਪਰ ਤੇਰੇ ਵੈਰੀਆਂ ਦਾ ਦਲ ਬਰੀਕ ਘੱਟੇ ਵਾਂਗੂੰ, ਅਤੇ ਜ਼ਾਲਮਾਂ ਦਾ ਦਲ ਉੱਡਦੇ ਕੱਖਾਂ ਵਾਂਗੂੰ ਹੋਵੇਗਾ। ਇਹ ਝੱਟਪੱਟ, ਇੱਕਦਮ ਹੋ ਜਾਵੇਗਾ।

6ਸੈਨਾਂ ਦਾ ਯਹੋਵਾਹ ਅਚਾਨਕ ਵੱਡੀ ਗੱਜ ਨਾਲ, ਭੁਚਾਲ ਨਾਲ, ਵੱਡੇ ਸ਼ੋਰ, ਵਾਵਰੋਲੇ ਅਤੇ ਤੂਫ਼ਾਨ ਨਾਲ ਅਤੇ ਭਸਮ ਕਰਨ ਵਾਲੀ ਅੱਗ ਦੀ ਲਾਟ ਨਾਲ ਸਜ਼ਾ ਦੇਣ ਆਵੇਗਾ।

7ਸਾਰੀਆਂ ਕੌਮਾਂ ਦਾ ਦਲ, ਜਿਹੜੀਆਂ ਅਰੀਏਲ ਦੇ ਵਿਰੁੱਧ ਲੜਦੀਆਂ ਹਨ, ਅਤੇ ਉਸ ਦੇ ਅਤੇ ਉਸ ਦੇ ਗੜ੍ਹ ਦੇ ਨਾਲ ਲੜਨ ਵਾਲੇ, ਅਤੇ ਉਸ ਦੇ ਤੰਗ ਕਰਨ ਵਾਲੇ ਸੁਫ਼ਨੇ ਵਾਂਗੂੰ, ਰਾਤ ਦੇ ਦਰਸ਼ਣ ਵਾਂਗੂੰ ਹੋ ਜਾਣਗੇ।

8ਅਜਿਹਾ ਹੋਵੇਗਾ ਕਿ ਜਿਵੇਂ ਭੁੱਖਾ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਖਾ ਰਿਹਾ ਹਾਂ, ਪਰ ਜਦ ਉਹ ਜਾਗਦਾ ਹੈ, ਤਾਂ ਉਹ ਭੁੱਖਾ ਹੀ ਹੈ, ਜਾਂ ਜਿਵੇਂ ਤਿਹਾਇਆ ਸੁਫ਼ਨਾ ਵੇਖਦਾ ਹੈ, ਕਿ ਵੇਖੋ, ਮੈਂ ਪੀ ਰਿਹਾ ਹਾਂ, ਪਰ ਜਦ ਉਹ ਜਾਗਦਾ, ਤਾਂ ਵੇਖੋ, ਉਹ ਹੁੱਸਿਆ ਹੋਇਆ ਅਤੇ ਉਹ ਦਾ ਜੀ ਤਿਹਾਇਆ ਹੁੰਦਾ ਹੈ, ਤਿਵੇਂ ਹੀ ਉਨ੍ਹਾਂ ਸਾਰੀਆਂ ਕੌਮਾਂ ਦੇ ਦਲ ਨਾਲ ਹੋਵੇਗਾ, ਜਿਹੜੀਆਂ ਸੀਯੋਨ ਪਰਬਤ ਨਾਲ ਲੜਦੀਆਂ ਹਨ।

9ਠਹਿਰੋ ਅਤੇ ਹੈਰਾਨ ਹੋਵੋ! ਮੌਜਾਂ ਲੁੱਟੋ ਅਤੇ ਅੰਨ੍ਹੇ ਹੋ ਜਾਓ! ਉਹ ਮਤਵਾਲੇ ਹਨ ਪਰ ਮਧ ਨਾਲ ਨਹੀਂ, ਉਹ ਡਗਮਗਾਉਂਦੇ ਹਨ ਪਰ ਸ਼ਰਾਬ ਨਾਲ ਨਹੀਂ!

10ਯਹੋਵਾਹ ਨੇ ਤਾਂ ਤੁਹਾਡੇ ਉੱਤੇ ਗੂੜ੍ਹੀ ਨੀਂਦ ਦੀ ਰੂਹ ਵਹਾ ਦਿੱਤੀ ਹੈ, ਅਤੇ ਤੁਹਾਡੀਆਂ ਅੱਖਾਂ ਨੂੰ ਅਰਥਾਤ ਨਬੀ ਰੂਪੀ ਅੱਖਾਂ ਨੂੰ ਬੰਦ ਕੀਤਾ, ਅਤੇ ਤੁਹਾਡੇ ਸਿਰਾਂ ਨੂੰ ਅਰਥਾਤ ਦਰਸ਼ੀਆਂ ਨੂੰ ਕੱਜ ਦਿੱਤਾ ਹੈ।

11ਸਾਰਾ ਦਰਸ਼ਣ ਤੁਹਾਡੇ ਲਈ ਉਸ ਮੋਹਰ ਲੱਗੀ ਹੋਈ ਪੁਸਤਕ ਦੀਆਂ ਗੱਲਾਂ ਵਾਂਗੂੰ ਹੈ, ਜਿਹੜੀ ਉਹ ਕਿਸੇ ਪੜ੍ਹੇ ਹੋਏ ਨੂੰ ਇਹ ਆਖ ਕੇ ਦੇਣ ਕਿ ਇਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਪੜ੍ਹ ਨਹੀਂ ਸਕਦਾ ਕਿਉਂ ਜੋ ਉਹ ਨੂੰ ਮੋਹਰ ਲੱਗੀ ਹੋਈ ਹੈ।

12ਫੇਰ ਉਹ ਪੁਸਤਕ ਕਿਸੇ ਅਣਪੜ੍ਹ ਨੂੰ ਇਹ ਆਖ ਕੇ ਦਿੱਤੀ ਜਾਵੇ ਕਿ ਇਹ ਨੂੰ ਪੜ੍ਹੋ ਤਾਂ, ਪਰ ਉਹ ਆਖੇ, ਮੈਂ ਤਾਂ ਅਣਪੜ੍ਹ ਹਾਂ।

13ਤਦ ਪ੍ਰਭੂ ਨੇ ਆਖਿਆ, ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ, ਅਤੇ ਆਪਣਿਆਂ ਮੂੰਹਾਂ ਅਤੇ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੇਰੇ ਤੋਂ ਦੂਰ ਹੈ, ਅਤੇ ਮੇਰਾ ਭੈਅ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਹੈ, ਜਿਹੜਾ ਰਟਿਆ ਹੋਇਆ ਹੈ,

14ਇਸ ਲਈ ਵੇਖੋ, ਮੈਂ ਫੇਰ ਇਸ ਪਰਜਾ ਨਾਲ ਅਚਰਜ਼ ਕੰਮ ਕਰਾਂਗਾ, ਅਚਰਜ਼ ਅਤੇ ਅਜੂਬਾ ਕੰਮ, ਅਤੇ ਉਹਨਾਂ ਦੇ ਬੁੱਧਵਾਨਾਂ ਦੀ ਬੁੱਧ ਨਾਸ ਹੋ ਜਾਵੇਗੀ, ਅਤੇ ਉਹਨਾਂ ਦੇ ਚਤਰਿਆਂ ਦੀ ਚਤਰਾਈ ਲੁਕਾਈ ਜਾਵੇਗੀ।

15ਹਾਏ ਉਹਨਾਂ ਉੱਤੇ ਜਿਹੜੇ ਯਹੋਵਾਹ ਤੋਂ ਆਪਣੀ ਯੋਜਨਾ ਲੁਕਾਉਣ ਦਾ ਵੱਡਾ ਜਤਨ ਕਰਦੇ ਹਨ! ਜਿਨ੍ਹਾਂ ਦੇ ਕੰਮ ਹਨੇਰੇ ਵਿੱਚ ਹੁੰਦੇ ਹਨ, ਅਤੇ ਜਿਹੜੇ ਆਖਦੇ ਹਨ, ਕੌਣ ਸਾਨੂੰ ਵੇਖਦਾ ਹੈ, ਅਤੇ ਕੌਣ ਸਾਨੂੰ ਜਾਣਦਾ ਹੈ?

16ਤੁਸੀਂ ਉਲਟ-ਪੁਲਟ ਕਰਦੇ ਹੋ! ਕੀ ਘੁਮਿਆਰ ਮਿੱਟੀ ਵਰਗਾ ਗਿਣਿਆ ਜਾਵੇਗਾ, ਭਈ ਬਣੀ ਹੋਈ ਚੀਜ਼ ਆਪਣੇ ਬਣਾਉਣ ਵਾਲੇ ਵਿਖੇ ਆਖੇ, ਉਸ ਨੇ ਮੈਨੂੰ ਨਹੀਂ ਬਣਾਇਆ, ਜਾਂ ਘੜਤ ਆਪਣੇ ਘੜਨ ਵਾਲੇ ਵਿਖੇ ਆਖੇ, ਉਸ ਨੂੰ ਕੋਈ ਸਮਝ ਨਹੀਂ?

17ਕੀ ਥੋੜ੍ਹਾ ਹੀ ਚਿਰ ਬਾਕੀ ਨਹੀਂ ਜਦ ਲਬਾਨੋਨ ਫਲਦਾਰ ਖੇਤ ਵਿੱਚ ਬਦਲ ਜਾਵੇਗਾ, ਅਤੇ ਫਲਦਾਰ ਖੇਤ ਜੰਗਲ ਜਿਹਾ ਗਿਣਿਆ ਜਾਵੇਗਾ।

18ਉਸ ਦਿਨ ਬੋਲ੍ਹੇ ਪੁਸਤਕ ਦੀਆਂ ਗੱਲਾਂ ਸੁਣਨਗੇ, ਅਤੇ ਅੰਨ੍ਹਿਆਂ ਦੀਆਂ ਅੱਖਾਂ ਧੁੰਦ ਅਤੇ ਹਨੇਰੇ ਵਿੱਚੋਂ ਵੇਖਣਗੀਆਂ,

19ਮਸਕੀਨ ਯਹੋਵਾਹ ਵਿੱਚ ਵਧੇਰੇ ਅਨੰਦ ਹੋਣਗੇ, ਅਤੇ ਕੰਗਾਲ ਇਸਰਾਏਲ ਦੇ ਪਵਿੱਤਰ ਪਰਮੇਸ਼ੁਰ ਵਿੱਚ ਬਾਗ-ਬਾਗ ਹੋਣਗੇ,

20ਕਿਉਂ ਜੋ ਜ਼ਾਲਮ ਮਿਟ ਜਾਣਗੇ, ਠੱਠਾ ਕਰਨ ਵਾਲੇ ਮੁੱਕ ਜਾਣਗੇ, ਅਤੇ ਸਾਰੇ ਜਿਹੜੇ ਬਦੀ ਲਈ ਜਾਗਦੇ ਹਨ ਮਿਟਾਏ ਜਾਣਗੇ,

21ਜਿਹੜੇ ਗੱਲਾਂ ਨਾਲ ਮਨੁੱਖ ਨੂੰ ਪਾਪੀ ਠਹਿਰਾਉਂਦੇ, ਅਤੇ ਉਹ ਦੇ ਲਈ ਜੋ ਸਭਾ ਵਿੱਚ ਤਾੜਨਾ ਕਰਦਾ ਹੈ ਫਾਹੀ ਲਾਉਂਦੇ ਹਨ, ਅਤੇ ਧਰਮੀ ਨੂੰ ਧੋਖਾ ਦੇ ਕੇ ਮੋੜ ਦਿੰਦੇ ਹਨ।

22ਇਸ ਲਈ ਯਹੋਵਾਹ ਜਿਸ ਨੇ ਅਬਰਾਹਾਮ ਨੂੰ ਛੁਟਕਾਰਾ ਦਿੱਤਾ, ਯਾਕੂਬ ਦੇ ਘਰਾਣੇ ਵਿਖੇ ਇਹ ਆਖਦਾ ਹੈ, ਹੁਣ ਯਾਕੂਬ ਸ਼ਰਮਿੰਦਾ ਨਾ ਹੋਵੇਗਾ, ਹੁਣ ਉਹ ਦਾ ਮੂੰਹ ਪੀਲਾ ਨਾ ਪਵੇਗਾ।

23ਜਦ ਉਹ ਆਪਣੇ ਵੰਸ਼ ਨੂੰ, ਜੋ ਮੇਰੀ ਦਸਤਕਾਰੀ ਹੈ, ਆਪਣੇ ਵਿੱਚ ਵੇਖਣਗੇ, ਤਦ ਉਹ ਮੇਰੇ ਨਾਮ ਨੂੰ ਪਵਿੱਤਰ ਆਖਣਗੇ, ਅਤੇ ਯਾਕੂਬ ਦੇ ਪਵਿੱਤਰ ਪੁਰਖ ਨੂੰ ਹੀ ਪਵਿੱਤਰ ਆਖਣਗੇ, ਅਤੇ ਇਸਰਾਏਲ ਦੇ ਪਰਮੇਸ਼ੁਰ ਦਾ ਭੈਅ ਮੰਨਣਗੇ।

24ਮਨ ਦੇ ਭਟਕੇ ਹੋਏ ਸਮਝ ਜਾਣਗੇ, ਅਤੇ ਬੁੜ-ਬੁੜਾਉਣ ਵਾਲੇ ਸਿੱਖਿਆ ਪਾਉਣਗੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath