ਈਸਾਈ
ਪਿੱਛੇ

ਯਸਾਯਾਹ 28

1ਹਾਏ ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦੇ ਮੁਕਟ ਉੱਤੇ! ਅਤੇ ਉਸ ਦੇ ਸ਼ਾਨਦਾਰ ਸੁਹੱਪਣ ਦੇ ਕੁਮਲਾਏ ਹੋਏ ਫੁੱਲ ਉੱਤੇ, ਜਿਹੜਾ ਉਨ੍ਹਾਂ ਬੇਹੋਸ਼ ਸ਼ਰਾਬੀਆਂ ਦੀ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ!

2ਵੇਖੋ, ਯਹੋਵਾਹ ਕੋਲ ਇੱਕ ਤਕੜਾ ਤੇ ਸਮਰੱਥੀ ਜਨ ਹੈ, ਜੋ ਗੜਿਆਂ ਦੇ ਮੀਂਹ ਵਾਂਗੂੰ, ਨਾਸ ਕਰਨ ਵਾਲੇ ਬੁੱਲੇ ਵਾਂਗੂੰ, ਹੜ੍ਹ ਪੈਂਦਿਆਂ ਡਾਢੇ ਪਾਣੀ ਦੀ ਹਨੇਰੀ ਵਾਂਗੂੰ ਹੈ, ਉਹ ਉਸ ਨੂੰ ਬਲ ਨਾਲ ਧਰਤੀ ਤੱਕ ਪਟਕ ਦੇਵੇਗਾ।

3ਇਫ਼ਰਾਈਮ ਦੇ ਸ਼ਰਾਬੀਆਂ ਦੇ ਘਮੰਡ ਦਾ ਮੁਕਟ ਪੈਰਾਂ ਹੇਠ ਮਿੱਧਿਆ ਜਾਵੇਗਾ।

4ਉਸ ਦੇ ਸ਼ਾਨਦਾਰ ਸੁਹੱਪਣ ਦਾ ਕੁਮਲਾਇਆ ਹੋਇਆ ਫੁੱਲ, ਜਿਹੜਾ ਉਸ ਫਲਦਾਰ ਘਾਟੀ ਦੇ ਸਿਰੇ ਉੱਤੇ ਹੈ, ਹਾੜ੍ਹੀ ਦੇ ਪਹਿਲੇ ਪੱਕੇ ਹੰਜ਼ੀਰ ਵਾਂਗੂੰ ਹੋਵੇਗਾ, ਜਿਸ ਨੂੰ ਕੋਈ ਵੇਖਦਿਆਂ ਹੀ ਹੱਥ ਵਿੱਚ ਲਵੇ ਅਤੇ ਨਿਗਲ ਜਾਵੇ।

5ਉਸ ਦਿਨ ਸੈਨਾਂ ਦਾ ਯਹੋਵਾਹ ਆਪਣੀ ਪਰਜਾ ਦੇ ਬਚੇ ਹੋਇਆਂ ਲਈ ਸੁਹੱਪਣ ਦਾ ਮੁਕਟ, ਸੁੰਦਰਤਾ ਦਾ ਹਾਰ ਹੋਵੇਗਾ,

6ਅਤੇ ਜਿਹੜਾ ਨਿਆਂ ਕਰਨ ਲਈ ਬੈਠਦਾ ਹੈ, ਉਸ ਦੇ ਲਈ ਉਹ ਇਨਸਾਫ਼ ਦੀ ਰੂਹ, ਅਤੇ ਜਿਹੜੇ ਫਾਟਕ ਤੋਂ ਲੜਾਈ ਹਟਾਉਂਦੇ ਹਨ, ਉਹਨਾਂ ਲਈ ਬਲ ਹੋਵੇਗਾ।

7ਇਹ ਵੀ ਮਧ ਨਾਲ ਝੂਲਦੇ ਫਿਰਦੇ ਹਨ, ਅਤੇ ਸ਼ਰਾਬ ਨਾਲ ਡਗਮਗਾਉਂਦੇ ਹਨ, - ਜਾਜਕ ਅਤੇ ਨਬੀ ਸ਼ਰਾਬ ਨਾਲ ਝੂਲਦੇ ਫਿਰਦੇ ਹਨ, ਉਹ ਮਧ ਨਾਲ ਮਸਤਾਨੇ ਹਨ, ਉਹ ਸ਼ਰਾਬ ਨਾਲ ਡਗਮਗਾਉਂਦੇ ਹਨ, ਉਹ ਦਰਸ਼ਣ ਵੇਖਦੇ ਹੋਏ ਵੀ ਭੁਲੇਖਾ ਖਾਂਦੇ ਹਨ, ਨਿਆਂ ਕਰਨ ਵਿੱਚ ਭੁੱਲ ਕਰਦੇ ਹਨ!

8ਸਾਰੀਆਂ ਮੇਜ਼ਾਂ ਤਾਂ ਕੈ ਅਤੇ ਵਿਸ਼ਟੇ ਨਾਲ ਭਰੀਆਂ ਹੋਈਆਂ ਹਨ, ਕੋਈ ਥਾਂ ਸਾਫ਼ ਨਹੀਂ!

9ਉਹ ਕਿਸਨੂੰ ਗਿਆਨ ਸਿਖਾਵੇਗਾ, ਅਤੇ ਕਿਸਨੂੰ ਪਰਚਾਰ ਦੀ ਸਮਝ ਦੇਵੇਗਾ? ਕੀ ਉਹਨਾਂ ਨੂੰ ਜਿਨ੍ਹਾਂ ਦਾ ਦੁੱਧ ਛੁਡਾਇਆ ਗਿਆ, ਜਾਂ ਜਿਹੜੇ ਦੁੱਧੀਆਂ ਤੋਂ ਅਲੱਗ ਕੀਤੇ ਗਏ?

10ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ!

11ਉਹ ਤਾਂ ਓਪਰੇ ਬੁੱਲ੍ਹਾਂ ਅਤੇ ਪਰਦੇਸੀ ਭਾਸ਼ਾ ਦੇ ਰਾਹੀਂ ਇਸ ਪਰਜਾ ਨਾਲ ਬੋਲੇਗਾ,

12ਜਿਨ੍ਹਾਂ ਨੂੰ ਉਸ ਨੇ ਆਖਿਆ, ਇਹ ਅਰਾਮ ਹੈ, ਹੁੱਸੇ ਹੋਏ ਨੂੰ ਅਰਾਮ ਦਿਓ, ਅਤੇ ਚੈਨ ਇਹ ਹੈ, ਪਰ ਉਹਨਾਂ ਨੇ ਸੁਣਨਾ ਨਾ ਚਾਹਿਆ।

13ਇਸ ਲਈ ਯਹੋਵਾਹ ਦਾ ਬਚਨ ਉਹਨਾਂ ਲਈ ਇਹ ਹੋਵੇਗਾ, ਬਿਧ ਤੇ ਬਿਧ, ਬਿਧ ਤੇ ਬਿਧ, ਸੂਤਰ ਤੇ ਸੂਤਰ, ਸੂਤਰ ਤੇ ਸੂਤਰ, ਥੋੜ੍ਹਾ ਐਥੇ, ਥੋੜ੍ਹਾ ਉੱਥੇ, ਤਾਂ ਜੋ ਉਹ ਚਲੇ ਜਾਣ ਤੇ ਪਿਛਾਹਾਂ ਡਿੱਗ ਪੈਣ, ਅਤੇ ਜ਼ਖਮੀ ਹੋਣ ਤੇ ਫਸ ਕੇ ਫੜ੍ਹੇ ਜਾਣ।

14ਇਸ ਲਈ, ਹੇ ਠੱਠਾ ਕਰਨ ਵਾਲਿਓ, ਯਹੋਵਾਹ ਦੀ ਗੱਲ ਸੁਣੋ, ਤੁਸੀਂ ਜਿਹੜੇ ਇਸ ਪਰਜਾ ਉੱਤੇ ਹਕੂਮਤ ਕਰਦੇ ਹੋ, ਜਿਹੜੀ ਯਰੂਸ਼ਲਮ ਵਿੱਚ ਹੈ,

15ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਮੌਤ ਨਾਲ ਨੇਮ ਬੰਨ੍ਹਿਆ ਅਤੇ ਪਤਾਲ ਨਾਲ ਇਕਰਾਰ ਕੀਤਾ ਹੈ, ਜਦ ਬਿਪਤਾ ਦਾ ਹੜ੍ਹ ਆ ਝੁੱਲੇਗਾ, ਤਾਂ ਉਹ ਸਾਡੇ ਨੇੜੇ ਨਾ ਆਵੇਗਾ, ਕਿਉਂ ਜੋ ਅਸੀਂ ਝੂਠ ਨੂੰ ਆਪਣੀ ਪਨਾਹ ਬਣਾਇਆ, ਅਤੇ ਧੋਖੇ ਵਿੱਚ ਅਸੀਂ ਆਪ ਨੂੰ ਲੁਕਾਇਆ ਹੈ,

16ਇਸ ਲਈ ਪ੍ਰਭੂ ਯਹੋਵਾਹ ਫ਼ਰਮਾਉਂਦਾ ਹੈ, ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ, ਇੱਕ ਪਰਖਿਆ ਹੋਇਆ ਪੱਥਰ, ਇੱਕ ਅਮੋਲਕ ਖੂੰਜੇ ਦਾ ਪੱਥਰ ਪੱਕੀ ਨੀਂਹ ਦਾ ਧਰਦਾ ਹਾਂ, ਜਿਹੜਾ ਪਰਤੀਤ ਕਰਦਾ ਹੈ, ਉਹ ਘਬਰਾ ਕੇ ਕਾਹਲੀ ਨਹੀਂ ਕਰੇਗਾ।

17ਮੈਂ ਇਨਸਾਫ਼ ਨੂੰ ਸੂਤਰ, ਅਤੇ ਧਰਮ ਨੂੰ ਸਾਹਲ ਬਣਾਵਾਂਗਾ, ਅਤੇ ਗੜੇ ਝੂਠ ਦੀ ਪਨਾਹ ਨੂੰ ਹੂੰਝ ਲੈ ਜਾਣਗੇ, ਅਤੇ ਹੜ੍ਹ ਤੁਹਾਡੀ ਓਟ ਨੂੰ ਰੋੜ੍ਹ ਕੇ ਲੈ ਜਾਣਗੇ।

18ਤਦ ਤੁਹਾਡਾ ਮੌਤ ਨਾਲ ਬੰਨ੍ਹਿਆ ਹੋਇਆ ਨੇਮ ਟੁੱਟ ਜਾਵੇਗਾ, ਅਤੇ ਪਤਾਲ ਨਾਲ ਕੀਤਾ ਇਕਰਾਰ ਕਾਇਮ ਨਾ ਰਹੇਗਾ, ਜਦ ਬਿਪਤਾ ਦਾ ਹੜ੍ਹ ਆ ਝੁੱਲੇ, ਤੁਸੀਂ ਉਸ ਤੋਂ ਲਤਾੜੇ ਜਾਓਗੇ।

19ਜਦ ਕਦੀ ਹੜ੍ਹ ਲੰਘੇਗਾ ਉਹ ਤੁਹਾਨੂੰ ਫੜ੍ਹੇਗਾ, ਕਿਉਂ ਜੋ ਉਹ ਹਰ ਸਵੇਰੇ ਤੇ ਦਿਨੇ ਰਾਤੀਂ ਲੰਘੇਗਾ, ਅਤੇ ਇਸ ਖ਼ਬਰ ਨੂੰ ਸੁਣਨਾ ਨਿਰੀ ਘਬਰਾਹਟ ਹੀ ਹੋਵੇਗਾ!

20ਪਲੰਘ ਲੰਮੇ ਪੈਣ ਲਈ ਛੋਟਾ ਹੈ, ਅਤੇ ਓੜ੍ਹਨਾ ਓੜ੍ਹਨ ਲਈ ਤੰਗ ਹੈ।

21ਜਿਵੇਂ ਫਰਾਸੀਮ ਪਰਬਤ ਉੱਤੇ ਹੋਇਆ, ਯਹੋਵਾਹ ਉੱਠ ਖੜ੍ਹਾ ਹੋਵੇਗਾ, ਜਿਵੇਂ ਗਿਬਓਨ ਦੀ ਘਾਟੀ ਵਿੱਚ ਹੋਇਆ, ਉਹ ਕੋਪਵਾਨ ਹੋਵੇਗਾ, ਉਹ ਹੁਣ ਫੇਰ ਕ੍ਰੋਧ ਵਿਖਾਵੇਗਾ ਤਾਂ ਜੋ ਉਹ ਆਪਣਾ ਕੰਮ, ਆਪਣਾ ਅਚਰਜ਼ ਕਰੇ, ਅਤੇ ਆਪਣਾ ਕਾਰਜ, ਆਪਣਾ ਅਨੋਖਾ ਕਾਰਜ ਕਰੇ।

22ਹੁਣ ਤੁਸੀਂ ਠੱਠੇ ਨਾ ਕਰੋ ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਬੰਧਨ ਪੱਕੇ ਹੋ ਜਾਣ, ਕਿਉਂ ਜੋ ਮੈਂ ਪ੍ਰਭੂ ਸੈਨਾਂ ਦੇ ਯਹੋਵਾਹ ਤੋਂ ਸਾਰੀ ਧਰਤੀ ਉੱਤੇ ਬਰਬਾਦੀ ਦਾ ਫ਼ੈਸਲਾ ਸੁਣਿਆ ਹੈ।

23ਕੰਨ ਲਾਓ ਅਤੇ ਮੇਰੀ ਅਵਾਜ਼ ਸੁਣੋ, ਧਿਆਨ ਲਾਓ ਅਤੇ ਮੇਰਾ ਬਚਨ ਸੁਣੋ।

24ਕੀ ਹਾਲ੍ਹੀ ਬੀਜਣ ਲਈ ਸਾਰਾ ਦਿਨ ਵਾਹੀ ਕਰਦਾ ਹੈ? ਕੀ ਉਹ ਆਪਣੀ ਜ਼ਮੀਨ ਨੂੰ ਖੋਲ੍ਹਦਾ, ਅਤੇ ਸੁਹਾਗਾ ਫੇਰਦਾ ਰਹਿੰਦਾ ਹੈ?

25ਜਦ ਉਹ ਨੂੰ ਪੱਧਰਾ ਕਰ ਲਿਆ, ਕੀ ਉਹ ਸੌਂਫ ਨੂੰ ਨਹੀਂ ਖਿਲਾਰਦਾ, ਅਤੇ ਜੀਰੇ ਦਾ ਖੁੱਲ੍ਹਾ ਛੱਟਾ ਨਹੀਂ ਦਿੰਦਾ? ਅਤੇ ਕਣਕ ਨੂੰ ਸਿਆੜਾਂ ਵਿੱਚ ਅਤੇ ਜੌਂਵਾਂ ਨੂੰ ਉਹਨਾਂ ਦੇ ਥਾਂ, ਅਤੇ ਮਸਰਾਂ ਨੂੰ ਉਹ ਦੇ ਬੰਨਿਆਂ ਉੱਤੇ ਨਹੀਂ ਪਾਉਂਦਾ?

26ਉਹ ਦਾ ਪਰਮੇਸ਼ੁਰ ਉਹ ਨੂੰ ਠੀਕ-ਠੀਕ ਸਿਖਾਉਂਦਾ, ਅਤੇ ਉਹ ਨੂੰ ਦੱਸਦਾ ਹੈ।

27ਸੌਂਫ ਤਾਂ ਗੰਡਾਸੇ ਨਾਲ ਨਹੀਂ ਗਾਹੀਦੀ, ਅਤੇ ਨਾ ਜੀਰੇ ਉੱਤੇ ਗੱਡੇ ਦਾ ਪਹੀਆ ਫੇਰੀਦਾ ਹੈ, ਪਰ ਸੌਂਫ ਲਾਠੀ ਨਾਲ ਅਤੇ ਜੀਰਾ ਡੰਡੇ ਨਾਲ ਕੁੱਟੀਦਾ ਹੈ।

28ਰੋਟੀ ਦਾ ਅੰਨ ਤਾਂ ਦਰੜੀਦਾ ਹੈ ਪਰ ਕੋਈ ਉਸ ਨੂੰ ਸਦਾ ਗਾਹੁੰਦਾ ਨਹੀਂ ਰਹਿੰਦਾ, ਅਤੇ ਜਦ ਉਹ ਆਪਣੇ ਗੱਡੇ ਦਾ ਪਹੀਆ ਅਤੇ ਆਪਣੇ ਘੋੜੇ ਉਸ ਉੱਤੇ ਚਲਾਉਂਦਾ ਹੈ, ਤਾਂ ਉਹ ਉਸ ਨੂੰ ਦਰੜ ਨਹੀਂ ਸੁੱਟਦਾ।

29ਇਹ ਵੀ ਤਾਂ ਸੈਨਾਂ ਦੇ ਯਹੋਵਾਹ ਵੱਲੋਂ ਆਉਂਦਾ ਹੈ, ਉਹ ਸਲਾਹ ਵਿੱਚ ਅਚਰਜ਼ ਹੈ, ਬੁੱਧੀ ਵਿੱਚ ਮਹਾਨ!

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath