ਈਸਾਈ
ਪਿੱਛੇ

ਯਸਾਯਾਹ 26

1ਉਸ ਦਿਨ ਯਹੂਦਾਹ ਦੇ ਦੇਸ ਵਿੱਚ ਇਹ ਗੀਤ ਗਾਇਆ ਜਾਵੇਗਾ, - ਸਾਡਾ ਇੱਕ ਤਕੜਾ ਸ਼ਹਿਰ ਹੈ, ਉਹ ਦੀਆਂ ਕੰਧਾਂ ਅਤੇ ਸ਼ਹਿਰਪਨਾਹ ਨੂੰ ਉਸ ਨੇ ਮੁਕਤੀ ਠਹਿਰਾਇਆ।

2ਫਾਟਕ ਖੋਲ੍ਹੋ! ਤਾਂ ਜੋ ਉਹ ਧਰਮੀ ਕੌਮ ਜਿਹੜੀ ਵਫ਼ਾਦਾਰੀ ਦੀ ਪਾਲਣਾ ਕਰਦੀ ਹੈ ਅੰਦਰ ਆਵੇ।

3ਜਿਹੜਾ ਤੇਰੇ ਵਿੱਚ ਲਵਲੀਨ ਹੈ, ਤੂੰ ਉਹ ਦੀ ਪੂਰੀ ਸ਼ਾਂਤੀ ਨਾਲ ਰਾਖੀ ਕਰਦਾ ਹੈਂ, ਇਸ ਲਈ ਭਈ ਉਹ ਦਾ ਭਰੋਸਾ ਤੇਰੇ ਉੱਤੇ ਹੈ।

4ਸਦਾ ਤੱਕ ਯਹੋਵਾਹ ਉੱਤੇ ਭਰੋਸਾ ਰੱਖੋ, ਕਿਉਂ ਜੋ ਪ੍ਰਭੂ ਯਹੋਵਾਹ ਸਨਾਤਨ ਚੱਟਾਨ ਹੈ।

5ਉਹ ਤਾਂ ਉਤਾਹਾਂ ਰਹਿਣ ਵਾਲਿਆਂ ਨੂੰ, ਉੱਚੇ ਨਗਰ ਸਮੇਤ ਹੇਠਾਂ ਝੁਕਾਉਂਦਾ ਹੈ, ਉਹ ਉਸ ਨੂੰ ਹੇਠਾਂ ਕਰਦਾ ਹੈ, ਉਹ ਉਸ ਨੂੰ ਧਰਤੀ ਤੱਕ ਹੇਠਾਂ ਕਰਦਾ ਹੈ, ਸਗੋਂ ਉਸ ਨੂੰ ਖ਼ਾਕ ਤੱਕ ਲਾਹ ਦਿੰਦਾ ਹੈ।

6ਉਹ ਪੈਰਾਂ ਨਾਲ, ਸਗੋਂ ਮਸਕੀਨਾਂ ਅਤੇ ਗਰੀਬਾਂ ਦੇ ਪੈਰਾਂ ਨਾਲ ਮਿੱਧਿਆ ਜਾਵੇਗਾ।

7ਧਰਮੀ ਦਾ ਮਾਰਗ ਸਿੱਧਾ ਹੈ, ਤੂੰ ਜੋ ਆਪ ਸਿੱਧਾ ਹੈਂ ਧਰਮੀ ਦਾ ਰਾਹ ਪੱਧਰਾ ਕਰਦਾ ਹੈਂ।

8ਹਾਂ ਤੇਰੇ ਨਿਆਂ ਦੇ ਮਾਰਗ ਵਿੱਚ, ਹੇ ਯਹੋਵਾਹ, ਅਸੀਂ ਤੈਨੂੰ ਉਡੀਕਦੇ ਹਾਂ, ਤੇਰਾ ਨਾਮ ਅਤੇ ਤੇਰੀ ਯਾਦ ਸਾਡੇ ਦਿਲ ਦੀ ਇੱਛਿਆ ਹੈ।

9ਰਾਤ ਨੂੰ ਮੇਰਾ ਪ੍ਰਾਣ ਤੈਨੂੰ ਉਡੀਕਦਾ ਹੈ, ਹਾਂ, ਮੇਰਾ ਆਤਮਾ ਮੇਰੇ ਅੰਦਰ ਤੇਰੇ ਲਈ ਤਰਸਦਾ ਹੈ, ਜਦੋਂ ਤੇਰਾ ਨਿਆਂ ਧਰਤੀ ਉੱਤੇ ਪਰਗਟ ਹੁੰਦਾ ਹੈ, ਤਾਂ ਜਗਤ ਦੇ ਵਾਸੀ ਧਰਮ ਸਿੱਖਦੇ ਹਨ।

10ਭਾਵੇਂ ਦੁਸ਼ਟ ਉੱਤੇ ਕਿਰਪਾ ਕੀਤੀ ਜਾਵੇ, ਤਾਂ ਵੀ ਉਹ ਧਰਮ ਨਹੀਂ ਸਿੱਖੇਗਾ, ਸਿਧਿਆਈ ਦੇ ਦੇਸ ਵਿੱਚ ਵੀ ਉਹ ਬੁਰਿਆਈ ਹੀ ਕਰੇਗਾ, ਅਤੇ ਯਹੋਵਾਹ ਦੇ ਤੇਜ ਦੀ ਪਰਵਾਹ ਨਹੀਂ ਕਰਦਾ।

11ਹੇ ਯਹੋਵਾਹ, ਤੇਰਾ ਹੱਥ ਚੁੱਕਿਆ ਹੋਇਆ ਹੈ, ਪਰ ਉਹ ਵੇਖਦੇ ਨਹੀਂ, ਉਹ ਪਰਜਾ ਲਈ ਤੇਰੀ ਅਣਖ ਨੂੰ ਵੇਖਣਗੇ ਅਤੇ ਸ਼ਰਮਿੰਦੇ ਹੋਣਗੇ, ਹਾਂ, ਅੱਗ ਤੇਰੇ ਵਿਰੋਧੀਆਂ ਨੂੰ ਭਸਮ ਕਰੇ!

12ਹੇ ਯਹੋਵਾਹ, ਤੂੰ ਸਾਡੇ ਲਈ ਸ਼ਾਂਤੀ ਠਹਿਰਾਵੇਂਗਾ, ਸਾਡੇ ਸਾਰੇ ਕੰਮ ਜੋ ਅਸੀਂ ਕੀਤੇ, ਉਹ ਤੂੰ ਪੂਰੇ ਕੀਤੇ।

13ਹੇ ਯਹੋਵਾਹ ਸਾਡੇ ਪਰਮੇਸ਼ੁਰ, ਤੇਰੇ ਬਿਨ੍ਹਾਂ ਹੋਰਨਾਂ ਪ੍ਰਭੂਆਂ ਨੇ ਸਾਡੇ ਉੱਤੇ ਹਕੂਮਤ ਕੀਤੀ, ਪਰ ਅਸੀਂ ਤੇਰੇ ਹੀ ਨਾਮ ਦਾ ਹੀ ਆਦਰ ਕਰਾਂਗੇ।

14ਉਹ ਮੁਰਦੇ ਹਨ, ਉਹ ਨਾ ਜੀਉਣਗੇ, ਜਿਨ੍ਹਾਂ ਦੀ ਆਤਮਾ ਨਿੱਕਲ ਗਈ, ਉਹ ਨਾ ਉੱਠਣਗੇ, ਇਸ ਤਰ੍ਹਾਂ ਤੂੰ ਉਹਨਾਂ ਦੀ ਖ਼ਬਰ ਲਈ ਅਤੇ ਉਹਨਾਂ ਦਾ ਨਾਸ ਕਰ ਦਿੱਤਾ, ਅਤੇ ਉਹਨਾਂ ਦੀ ਸਾਰੀ ਯਾਦ ਮਿਟਾ ਦਿੱਤੀ।

15ਯਹੋਵਾਹ, ਤੂੰ ਕੌਮ ਨੂੰ ਵਧਾਇਆ, ਤੂੰ ਕੌਮ ਨੂੰ ਵਧਾਇਆ, ਤੂੰ ਜਲਾਲ ਪਾਇਆ, ਤੂੰ ਹੀ ਦੇਸ ਦੀਆਂ ਹੱਦਾਂ ਨੂੰ ਦੂਰ-ਦੂਰ ਫੈਲਾਇਆ।

16ਹੇ ਯਹੋਵਾਹ, ਦੁੱਖ ਵਿੱਚ ਉਹਨਾਂ ਨੇ ਤੈਨੂੰ ਤੱਕਿਆ, ਜਦ ਤੇਰਾ ਦਬਕਾ ਉਹਨਾਂ ਉੱਤੇ ਹੋਇਆ, ਤਾਂ ਉਹ ਹੌਲੀ-ਹੌਲੀ ਪ੍ਰਾਰਥਨਾ ਕਰਨ ਲੱਗੇ।

17ਜਿਵੇਂ ਗਰਭਵਤੀ ਜਦ ਉਹ ਜਣਨ ਦੇ ਨੇੜੇ ਹੁੰਦੀ ਹੈ, ਆਪਣੀਆਂ ਪੀੜਾਂ ਵਿੱਚ ਤੜਫ਼ਦੀ ਅਤੇ ਚਿੱਲਾਉਂਦੀ ਹੈ, ਉਸੇ ਤਰ੍ਹਾਂ ਹੀ ਹੇ ਯਹੋਵਾਹ ਅਸੀਂ ਵੀ ਤੇਰੇ ਹਜ਼ੂਰ ਸੀ!

18ਅਸੀਂ ਗਰਭੀ ਹੋਏ, ਅਸੀਂ ਤੜਫ਼ੇ, ਪਰ ਜਾਣੋ ਅਸੀਂ ਹਵਾ ਹੀ ਜਣੀ! ਅਸੀਂ ਧਰਤੀ ਵਿੱਚ ਬਚਾਓ ਦਾ ਕੋਈ ਕੰਮ ਨਹੀਂ ਕੀਤਾ, ਅਤੇ ਨਾ ਜਗਤ ਦੇ ਵਾਸੀਆਂ ਨੂੰ ਜਨਮ ਦਿੱਤਾ।

19ਤੇਰੇ ਮੁਰਦੇ ਜੀਉਣਗੇ, ਉਨ੍ਹਾਂ ਦੀਆਂ ਲੋਥਾਂ ਉੱਠਣਗੀਆਂ। ਹੇ ਖ਼ਾਕ ਦੇ ਵਾਸੀਓ, ਜਾਗੋ, ਜੈਕਾਰਾ ਗਜਾਓ! ਕਿਉਂ ਜੋ ਤੇਰੀ ਤ੍ਰੇਲ ਬੂਟੀਆਂ ਦੀ ਤ੍ਰੇਲ ਵਰਗੀ ਹੈ, ਅਤੇ ਧਰਤੀ ਮਰੇ ਹੋਇਆਂ ਨੂੰ ਮੋੜ ਦੇਵੇਗੀ।

20ਹੇ ਮੇਰੀ ਪਰਜਾ, ਆਪਣੀਆਂ ਕੋਠੜੀਆਂ ਵਿੱਚ ਵੜ, ਆਪਣੇ ਬੂਹੇ ਬੰਦ ਕਰ ਲੈ, ਥੋੜ੍ਹੇ ਸਮੇਂ ਲਈ ਆਪਣੇ ਆਪ ਨੂੰ ਲੁਕਾ ਲੈ, ਜਦ ਤੱਕ ਕਹਿਰ ਟਲ ਨਾ ਜਾਵੇ।

21ਵੇਖੋ, ਯਹੋਵਾਹ ਆਪਣੇ ਸਥਾਨ ਤੋਂ ਨਿੱਕਲ ਰਿਹਾ ਹੈ, ਤਾਂ ਜੋ ਉਹ ਧਰਤੀ ਦੇ ਵਾਸੀਆਂ ਦੇ ਉੱਤੇ ਉਨ੍ਹਾਂ ਦੀ ਬਦੀ ਦੀ ਸਜ਼ਾ ਦੇਵੇ। ਧਰਤੀ ਆਪਣੇ ਉੱਤੇ ਵਹਾਇਆ ਹੋਇਆ ਖੂਨ ਪਰਗਟ ਕਰੇਗੀ, ਅਤੇ ਫੇਰ ਆਪਣੇ ਵੱਢੇ ਹੋਇਆਂ ਨੂੰ ਨਾ ਢੱਕੇਗੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath