ਈਸਾਈ
ਪਿੱਛੇ

ਯਸਾਯਾਹ 22

1ਦਰਸ਼ਣ ਵਾਲੀ ਘਾਟੀ ਦੇ ਵਿਖੇ ਅਗੰਮ ਵਾਕ l ਹੁਣ ਤੈਨੂੰ ਕੀ ਹੋਇਆ, ਤੁਸੀਂ ਜੋ ਸਾਰਿਆਂ ਦੇ ਸਾਰੇ ਕੋਠਿਆਂ ਉੱਤੇ ਚੜ੍ਹ ਗਏ ਹੋ?

2ਹੇ ਸ਼ੋਰ ਨਾਲ ਭਰੇ ਹੋਏ ਰੌਲ਼ੇ ਵਾਲੇ ਸ਼ਹਿਰ! ਹੇ ਅਨੰਦਮਈ ਨਗਰ! ਤੇਰੇ ਵੱਢੇ ਹੋਏ ਨਾ ਤਲਵਾਰ ਨਾਲ ਵੱਢੇ ਗਏ, ਨਾ ਜੰਗ ਵਿੱਚ ਮਾਰੇ ਗਏ!

3ਤੇਰੇ ਸਾਰੇ ਆਗੂ ਇਕੱਠੇ ਭੱਜ ਗਏ, ਉਹ ਤੀਰ-ਅੰਦਾਜ਼ਾਂ ਤੋਂ ਫੜ੍ਹੇ ਗਏ, ਜਿੰਨੇ ਲੱਭ ਪਏ ਉਹ ਇਕੱਠੇ ਬੰਦੀ ਬਣਾਏ ਗਏ, ਭਾਵੇਂ ਉਹ ਦੂਰੋਂ ਹੀ ਭੱਜ ਗਏ ਸਨ।

4ਇਸ ਲਈ ਮੈਂ ਆਖਿਆ, ਮੇਰੀ ਵੱਲ ਨਾ ਵੇਖੋ, ਮੈਂ ਫੁੱਟ-ਫੁੱਟ ਕੇ ਰੋਵਾਂਗਾ। ਮੇਰੀ ਪਰਜਾ ਦੀ ਧੀ ਦੀ ਬਰਬਾਦੀ ਉੱਤੇ, ਮੈਨੂੰ ਤਸੱਲੀ ਦੇਣ ਦਾ ਯਤਨ ਨਾ ਕਰੋ।

5ਸੈਨਾਂ ਦੇ ਪ੍ਰਭੂ ਯਹੋਵਾਹ ਦਾ ਠਹਿਰਾਇਆ ਹੋਇਆ ਇੱਕ ਦਿਨ ਹੈ, ਦਰਸ਼ਣ ਵਾਲੀ ਘਾਟੀ ਵਿੱਚ ਰੌਲ਼ੇ ਅਤੇ ਲਤਾੜਨ ਅਤੇ ਗੜਬੜ ਦਾ ਦਿਨ, ਕੰਧਾਂ ਦਾ ਢੱਠਣਾ ਅਤੇ ਰੌਲ਼ਾ ਪਹਾੜਾਂ ਤੱਕ ਪਹੁੰਚਿਆ!

6ਏਲਾਮ ਨੇ ਰਥਾਂ, ਆਦਮੀਆਂ ਅਤੇ ਘੋੜ ਚੜ੍ਹਿਆਂ ਨਾਲ ਤਰਕਸ਼ ਚੁੱਕਿਆ ਹੈ, ਅਤੇ ਕੀਰ ਨੇ ਢਾਲ਼ ਨੰਗੀ ਕੀਤੀ।

7ਤੇਰੀਆਂ ਚੰਗੇਰੀਆਂ ਘਾਟੀਆਂ ਰਥਾਂ ਨਾਲ ਭਰੀਆਂ ਹੋਈਆਂ ਹਨ, ਅਤੇ ਘੋੜ ਚੜ੍ਹਿਆਂ ਨੇ ਫਾਟਕ ਦੇ ਅੱਗੇ ਕਤਾਰ ਬੰਨ੍ਹੀ ਹੋਈ ਹੈ।

8ਉਸ ਨੇ ਯਹੂਦਾਹ ਦਾ ਪੜਦਾ ਲਾਹ ਸੁੱਟਿਆ ਹੈ। ਉਸ ਦਿਨ ਤੂੰ ਜੰਗਲ ਦੇ ਮਹਿਲ ਵਿੱਚ ਸ਼ਸਤਰਾਂ ਉੱਤੇ ਗੌਰ ਕੀਤਾ

9ਅਤੇ ਤੁਸੀਂ ਦਾਊਦ ਦੇ ਸ਼ਹਿਰ ਦੀਆਂ ਤੇੜਾਂ ਵੇਖੀਆਂ ਕਿ ਉਹ ਬਹੁਤ ਸਨ ਅਤੇ ਤੁਸੀਂ ਹੇਠਲੇ ਤਲਾਬ ਦਾ ਪਾਣੀ ਇਕੱਠਾ ਕੀਤਾ।

10ਤੁਸੀਂ ਯਰੂਸ਼ਲਮ ਦੇ ਘਰਾਂ ਦੀ ਗਿਣਤੀ ਕੀਤੀ ਅਤੇ ਘਰਾਂ ਨੂੰ ਢਾਹ ਸੁੱਟਿਆ ਤਾਂ ਜੋ ਸ਼ਹਿਰਪਨਾਹ ਨੂੰ ਪੱਕਾ ਕਰੋ।

11ਤੁਸੀਂ ਪੁਰਾਣੇ ਤਲਾਬ ਦੇ ਪਾਣੀ ਲਈ ਦੋਹਾਂ ਕੰਧਾਂ ਦੇ ਵਿਚਕਾਰ ਇੱਕ ਹੌਦ ਬਣਾਇਆ ਪਰ ਤੁਸੀਂ ਉਹ ਦੇ ਬਣਾਉਣ ਵਾਲੇ ਦਾ ਗੌਰ ਨਾ ਕੀਤਾ, ਜਿਸ ਨੇ ਪੁਰਾਣੇ ਸਮਿਆਂ ਤੋਂ ਉਸ ਨੂੰ ਠਹਿਰਾਇਆ ਸੀ, ਨਾ ਉਸ ਵੱਲ ਧਿਆਨ ਦਿੱਤਾ।

12ਉਸ ਦਿਨ ਸੈਨਾਂ ਦੇ ਪ੍ਰਭੂ ਯਹੋਵਾਹ ਨੇ ਤੁਹਾਨੂੰ ਰੋਣ ਲਈ, ਸੋਗ ਕਰਨ, ਸਿਰ ਮੁਨਾਉਣ ਅਤੇ ਤੱਪੜ ਪਾਉਣ ਲਈ ਬੁਲਾਇਆ ਸੀ,

13ਪਰ ਵੇਖੋ, ਖੁਸ਼ੀ ਅਤੇ ਅਨੰਦ ਮਨਾਇਆ ਗਿਆ, ਬਲ਼ਦਾਂ ਨੂੰ ਵੱਢਣਾ ਅਤੇ ਭੇਡਾਂ ਨੂੰ ਕੱਟਣਾ ਕੀਤਾ ਗਿਆ, ਮਾਸ ਖਾਧਾ ਗਿਆ ਅਤੇ ਮਧ ਪੀਤੀ ਗਈ, ਕਿਉਂ ਜੋ ਤੁਸੀਂ ਆਖਿਆ - ਅਸੀਂ ਖਾਈਏ ਪੀਵੀਏ, ਕਿਉਂ ਜੋ ਕੱਲ ਤਾਂ ਅਸੀਂ ਮਰਨਾ ਹੈ।

14ਤਦ ਮੇਰੇ ਕੰਨ ਵਿੱਚ ਸੈਨਾਂ ਦੇ ਯਹੋਵਾਹ ਨੇ ਇਹ ਆਖਿਆ, ਤੁਹਾਡੇ ਮਰਨ ਤੱਕ ਵੀ ਤੁਹਾਡੀ ਇਸ ਬਦੀ ਦਾ ਪ੍ਰਾਸਚਿਤ ਨਾ ਹੋਵੇਗਾ, ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ।

15ਸੈਨਾਂ ਦਾ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਭੰਡਾਰੀ ਕੋਲ ਅਰਥਾਤ ਸ਼ਬਨਾ ਕੋਲ ਜਾ, ਜਿਹੜਾ ਇਸ ਘਰ ਉੱਤੇ ਹੈ ਅਤੇ ਆਖ,

16ਐਥੇ ਤੇਰੇ ਕੋਲ ਕੀ ਹੈ? ਅਤੇ ਐਥੇ ਤੇਰਾ ਕੌਣ ਹੈ? ਜੋ ਤੂੰ ਆਪਣੇ ਲਈ ਐਥੇ ਇੱਕ ਕਬਰ ਪੁੱਟੀ ਹੈ! ਉਚਿਆਈ ਤੇ ਉਹ ਆਪਣੀ ਕਬਰ ਪੁੱਟਦਾ, ਚੱਟਾਨ ਵਿੱਚ ਉਹ ਆਪਣੇ ਲਈ ਇੱਕ ਟਿਕਾਣਾ ਬਣਾਉਂਦਾ ਹੈ!

17ਵੇਖ, ਹੇ ਸੂਰਮੇ, ਯਹੋਵਾਹ ਤੈਨੂੰ ਘੁੱਟ ਕੇ ਫੜ੍ਹੇਗਾ ਅਤੇ ਵਗਾਹ ਕੇ ਸੁੱਟ ਦੇਵੇਗਾ!

18ਉਹ ਜ਼ੋਰ ਨਾਲ ਘੁਮਾ-ਘੁਮਾ ਕੇ ਤੈਨੂੰ ਖਿੱਦੋ ਵਾਂਗੂੰ ਖੁੱਲ੍ਹੇ ਦੇਸ ਵਿੱਚ ਸੁੱਟੇਗਾ, ਉੱਥੇ ਤੂੰ ਮਰੇਂਗਾ ਅਤੇ ਉੱਥੇ ਹੀ ਤੇਰੇ ਸ਼ਾਨਦਾਰ ਰਥ ਪਏ ਰਹਿਣਗੇ, ਹੇ ਤੂੰ ਜੋ ਆਪਣੇ ਮਾਲਕ ਦੇ ਘਰ ਦੀ ਸ਼ਰਮਿੰਦਗੀ ਦਾ ਕਾਰਨ ਹੈਂ!

19ਮੈਂ ਤੈਨੂੰ ਤੇਰੇ ਅਹੁਦੇ ਤੋਂ ਹਟਾ ਦਿਆਂਗਾ ਅਤੇ ਤੂੰ ਆਪਣੇ ਥਾਂ ਤੋਂ ਲਾਹ ਸੁੱਟਿਆ ਜਾਵੇਂਗਾ।

20ਯਹੋਵਾਹ ਨੇ ਸ਼ਬਨਾ ਨੂੰ ਆਖਿਆ, ਉਸ ਦਿਨ ਅਜਿਹਾ ਹੋਵੇਗਾ ਕਿ ਮੈਂ ਆਪਣੇ ਦਾਸ ਹਿਲਕੀਯਾਹ ਦੇ ਪੁੱਤਰ ਅਲਯਾਕੀਮ ਨੂੰ ਬੁਲਾਵਾਂਗਾ

21ਅਤੇ ਮੈਂ ਤੇਰਾ ਚੋਗਾ ਉਸ ਤੇ ਪਾਵਾਂਗਾ ਅਤੇ ਤੇਰੀ ਪੇਟੀ ਨਾਲ ਉਸ ਦੀ ਕਮਰ ਕੱਸਾਂਗਾ ਅਤੇ ਤੇਰੀ ਹਕੂਮਤ ਉਸ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਯਰੂਸ਼ਲਮ ਦੇ ਵਾਸੀਆਂ ਦਾ ਅਤੇ ਯਹੂਦਾਹ ਦੇ ਘਰਾਣੇ ਦਾ ਪਿਤਾ ਹੋਵੇਗਾ।

22ਮੈਂ ਉਹ ਦੇ ਮੋਢੇ ਉੱਤੇ ਦਾਊਦ ਦੇ ਘਰ ਦੀ ਕੁੰਜੀ ਰੱਖਾਂਗਾ, ਜੋ ਉਹ ਖੋਲ੍ਹੇਗਾ, ਕੋਈ ਬੰਦ ਨਾ ਕਰ ਸਕੇਗਾ ਅਤੇ ਜੋ ਉਹ ਬੰਦ ਕਰੇਗਾ, ਕੋਈ ਖੋਲ੍ਹ ਨਾ ਸਕੇਗਾ।

23ਮੈਂ ਉਹ ਨੂੰ ਕੀਲੇ ਵਾਂਗੂੰ ਪੱਕੇ ਥਾਂ ਵਿੱਚ ਠੋਕਾਂਗਾ ਅਤੇ ਉਹ ਆਪਣੇ ਪਿਤਾ ਦੇ ਘਰਾਣੇ ਲਈ ਇੱਕ ਤੇਜਵਾਨ ਸਿੰਘਾਸਣ ਹੋਵੇਗਾ।

24ਅਤੇ ਉਹ ਉਸ ਦੇ ਉੱਤੇ ਉਸ ਦੇ ਪਿਤਾ ਦੇ ਘਰਾਣੇ ਦਾ ਸਾਰਾ ਭਾਰ ਪਾ ਦੇਣਗੇ ਅਰਥਾਤ ਬਾਲ ਬੱਚੇ, ਸਾਰੇ ਛੋਟੇ ਭਾਂਡੇ ਕਟੋਰਿਆਂ ਤੋਂ ਲੈ ਕੇ ਸਾਰੀਆਂ ਗਾਗਰਾਂ ਤੱਕ।

25ਉਸ ਦਿਨ, ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਉਹ ਕੀਲਾ ਜਿਹੜਾ ਪੱਕੇ ਥਾਂ ਵਿੱਚ ਠੋਕਿਆ ਹੋਇਆ ਸੀ, ਉਖੜ ਜਾਵੇਗਾ ਅਤੇ ਉਹ ਵੱਢਿਆ ਜਾਵੇਗਾ ਅਤੇ ਡਿੱਗੇਗਾ ਅਤੇ ਉਹ ਬੋਝ ਜਿਹੜਾ ਉਸ ਉੱਤੇ ਹੈ, ਡਿੱਗ ਪਵੇਗਾ ਕਿਉਂ ਜੋ ਯਹੋਵਾਹ ਨੇ ਇਹ ਫ਼ਰਮਾਇਆ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath