ਈਸਾਈ
ਪਿੱਛੇ

ਯਸਾਯਾਹ 1

1ਆਮੋਸ ਦੇ ਪੁੱਤਰ ਯਸਾਯਾਹ ਦਾ ਦਰਸ਼ਣ, ਜਿਹੜਾ ਉਸ ਨੇ ਯਹੂਦਾਹ ਦੇ ਰਾਜਿਆਂ ਉੱਜ਼ੀਯਾਹ, ਯੋਥਾਮ, ਆਹਾਜ਼ ਅਤੇ ਹਿਜ਼ਕੀਯਾਹ ਦੇ ਸ਼ਾਸਨ ਦਿਨਾਂ ਵਿੱਚ ਯਹੂਦਾਹ ਅਤੇ ਯਰੂਸ਼ਲਮ ਦੇ ਵਿਖੇ ਵੇਖਿਆ।

2ਹੇ ਅਕਾਸ਼, ਸੁਣ ਅਤੇ ਹੇ ਧਰਤੀ, ਕੰਨ ਲਾ, ਯਹੋਵਾਹ ਇਹ ਫ਼ਰਮਾਉਂਦਾ ਹੈ, ਮੈਂ ਪੁੱਤਰਾਂ ਨੂੰ ਪਾਲਿਆ ਪੋਸਿਆ ਅਤੇ ਉਨ੍ਹਾਂ ਨੂੰ ਵੱਡਾ ਕੀਤਾ ਪਰ ਉਹ ਮੇਰੇ ਵਿਰੁੱਧ ਹੋ ਗਏ।

3ਬਲ਼ਦ ਆਪਣੇ ਮਾਲਕ ਨੂੰ, ਅਤੇ ਗਧਾ ਆਪਣੇ ਸੁਆਮੀ ਦੀ ਖੁਰਲੀ ਨੂੰ ਜਾਣਦਾ ਹੈ, ਪਰ ਇਸਰਾਏਲ ਨਹੀਂ ਜਾਣਦਾ, ਮੇਰੀ ਪਰਜਾ ਨਹੀਂ ਸੋਚਦੀ

4ਹਾਏ, ਪਾਪੀ ਕੌਮ! ਬਦੀ ਨਾਲ ਲੱਦੇ ਹੋਏ ਲੋਕ, ਬੁਰਿਆਰਾਂ ਦੀ ਨਸਲ, ਕੁਕਰਮੀ ਪੁੱਤਰ! ਉਨ੍ਹਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਉਨ੍ਹਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਤੁੱਛ ਜਾਣਿਆ, ਉਹ ਪੂਰੀ ਤਰ੍ਹਾਂ ਹੀ ਬੇਮੁੱਖ ਹੋ ਗਏ।

5ਤੁਸੀਂ ਕਿਉਂ ਹੋਰ ਮਾਰ ਖਾਣਾ ਚਾਹੁੰਦੇ ਹੋ, ਤੁਸੀਂ ਕਿਉਂ ਵਿਦਰੋਹ ਕਰਨ ਤੇ ਅੜੇ ਰਹਿੰਦੇ ਹੋ? ਤੁਹਾਡਾ ਸਾਰਾ ਸਿਰ ਜ਼ਖਮਾਂ ਨਾਲ ਅਤੇ ਤੁਹਾਡਾ ਸਾਰਾ ਦਿਲ ਪੀੜ੍ਹਿਤ ਹੈ।

6ਪੈਰ ਦੀ ਤਲੀ ਤੋਂ ਸਿਰ ਤੱਕ ਉਸ ਵਿੱਚ ਤੰਦਰੁਸਤੀ ਨਹੀਂ, ਸਿਰਫ਼ ਸੱਟ, ਚੋਟ ਅਤੇ ਖੁੱਲ੍ਹੇ ਜ਼ਖਮ ਹਨ, ਜਿਹੜੇ ਨਾ ਸਾਫ਼ ਕੀਤੇ ਗਏ, ਨਾ ਬੰਨ੍ਹੇ ਗਏ, ਨਾ ਤੇਲ ਨਾਲ ਨਰਮ ਕੀਤੇ ਗਏ।

7ਤੁਹਾਡਾ ਦੇਸ ਉਜਾੜ ਹੈ, ਤੁਹਾਡੇ ਨਗਰ ਅੱਗ ਨਾਲ ਸੜੇ ਪਏ ਹਨ, ਤੁਹਾਡੇ ਸਾਹਮਣੇ ਪਰਦੇਸੀ ਤੁਹਾਡੀ ਜ਼ਮੀਨ ਨੂੰ ਖਾਈ ਜਾਂਦੇ ਹਨ, ਅਤੇ ਉਹ ਅਜਿਹਾ ਉਜਾੜ ਹੋ ਗਿਆ ਹੈ ਜਿਵੇਂ ਪਰਦੇਸੀਆਂ ਨੇ ਉਹ ਨੂੰ ਪਲਟਾ ਦਿੱਤਾ ਹੋਵੇ।

8ਸੀਯੋਨ ਦੀ ਧੀ ਅਰਥਾਤ ਯਰੂਸ਼ਲਮ ਨਗਰੀ ਅੰਗੂਰੀ ਬਾਗ਼ ਦੇ ਛੱਪਰ ਵਾਂਗੂੰ ਛੱਡੀ ਗਈ, ਕਕੜੀਆਂ ਦੇ ਖੇਤ ਦੀ ਝੌਂਪੜੀ ਵਾਂਗੂੰ, ਜਾਂ ਘੇਰੇ ਹੋਏ ਨਗਰ ਵਾਂਗੂੰ ਇਕੱਲੀ ਖੜ੍ਹੀ ਹੈ।

9ਜੇ ਸੈਨਾਂ ਦਾ ਯਹੋਵਾਹ ਸਾਡੀ ਕੁਝ ਰਹਿੰਦ-ਖੁਹੰਦ ਨਾ ਛੱਡਦਾ, ਤਾਂ ਅਸੀਂ ਸਦੂਮ ਅਤੇ ਅਮੂਰਾਹ ਸ਼ਹਿਰ ਜਿਹੇ ਹੋ ਜਾਂਦੇ।

10ਹੇ ਸਦੂਮ ਸ਼ਹਿਰ ਦੇ ਆਗੂਓ, ਯਹੋਵਾਹ ਦਾ ਬਚਨ ਸੁਣੋ, ਹੇ ਅਮੂਰਾਹ ਦੇ ਲੋਕੋ, ਸਾਡੇ ਪਰਮੇਸ਼ੁਰ ਦੀ ਬਿਵਸਥਾ ਤੇ ਕੰਨ ਲਾਓ!

11ਯਹੋਵਾਹ ਆਖਦਾ ਹੈ, ਮੈਨੂੰ ਤੁਹਾਡੀਆਂ ਬਲੀਆਂ ਦੀ ਬਹੁਤਾਇਤ ਨਾਲ ਕੀ ਕੰਮ?। ਮੈਂ ਤਾਂ ਮੇਂਢਿਆਂ ਦੀਆਂ ਹੋਮ ਬਲੀਆਂ ਨਾਲ, ਅਤੇ ਪਲੇ ਹੋਏ ਪਸ਼ੂਆਂ ਦੀ ਚਰਬੀ ਨਾਲ ਰੱਜ ਗਿਆ ਹਾਂ, ਬਲ਼ਦਾਂ ਜਾਂ ਲੇਲਿਆਂ ਜਾਂ ਬੱਕਰਿਆਂ ਦੇ ਲਹੂ ਨਾਲ ਮੈਂ ਪ੍ਰਸੰਨ ਨਹੀਂ ਹੁੰਦਾ।

12ਜਦ ਤੁਸੀਂ ਮੇਰੇ ਸਨਮੁਖ ਹਾਜ਼ਰ ਹੁੰਦੇ ਹੋ, ਤਾਂ ਕੌਣ ਇਹ ਚਾਹੁੰਦਾ ਹੈ ਕਿ ਤੁਸੀਂ ਮੇਰੇ ਵੇਹੜਿਆਂ ਨੂੰ ਮਿੱਧੋ?

13ਅੱਗੇ ਨੂੰ ਵਿਅਰਥ ਚੜ੍ਹਾਵੇ ਨਾ ਲਿਆਓ, ਤੁਹਾਡੀ ਧੂਪ ਮੇਰੇ ਲਈ ਘਿਣਾਉਣੀ ਹੈ, ਅਮੱਸਿਆ ਅਤੇ ਸਬਤ, ਸਭਾ ਦਾ ਦਿਨ - ਤੁਹਾਡੀ ਬਦੀ ਅਤੇ ਵਿਅਰਥ ਸਭਾਵਾਂ ਮੈਂ ਨਹੀਂ ਝੱਲ ਸਕਦਾ।

14ਤੁਹਾਡੀਆਂ ਅਮੱਸਿਆ ਅਤੇ ਤੁਹਾਡੇ ਨਿਯੁਕਤ ਕੀਤੇ ਹੋਏ ਪਰਬਾਂ ਤੋਂ ਮੇਰੇ ਜੀ ਨੂੰ ਘਿਣ ਆਉਂਦੀ ਹੈ, ਉਹ ਮੇਰੇ ਲਈ ਬੋਝ ਹਨ, ਜਿਨ੍ਹਾਂ ਨੂੰ ਚੁੱਕਦੇ-ਚੁੱਕਦੇ ਮੈਂ ਥੱਕ ਗਿਆ ਹਾਂ!

15ਜਦ ਤੁਸੀਂ ਆਪਣੇ ਹੱਥ ਪਸਾਰੋਗੇ, ਤਾਂ ਮੈਂ ਤੁਹਾਡੇ ਵੱਲੋਂ ਆਪਣੀਆਂ ਅੱਖਾਂ ਬੰਦ ਕਰ ਲਵਾਂਗਾ, ਨਾਲੇ ਭਾਵੇਂ ਤੁਸੀਂ ਕਿੰਨੀ ਹੀ ਪ੍ਰਾਰਥਨਾ ਕਰੋ, ਮੈਂ ਨਹੀਂ ਸੁਣਾਂਗਾ, ਕਿਉਂ ਜੋ ਤੁਹਾਡੇ ਹੱਥ ਲਹੂ ਨਾਲ ਭਰੇ ਹੋਏ ਹਨ।

16ਨਹਾਓ, ਆਪਣੇ ਆਪ ਨੂੰ ਪਵਿੱਤਰ ਕਰੋ, ਆਪਣੇ ਬੁਰੇ ਕੰਮਾਂ ਨੂੰ ਮੇਰੀਆਂ ਅੱਖਾਂ ਦੇ ਅੱਗੋਂ ਦੂਰ ਕਰੋ, ਬੁਰਿਆਈ ਨੂੰ ਛੱਡ ਦਿਓ।

17ਨੇਕੀ ਕਰਨਾ ਸਿੱਖੋ, ਨਿਆਂ ਨੂੰ ਭਾਲੋ, ਜ਼ਾਲਮ ਨੂੰ ਸੁਧਾਰੋ, ਯਤੀਮ ਦਾ ਨਿਆਂ ਕਰੋ, ਵਿਧਵਾ ਦਾ ਮੁਕੱਦਮਾ ਲੜੋ।

18ਯਹੋਵਾਹ ਆਖਦਾ ਹੈ, ਆਓ, ਅਸੀਂ ਸਲਾਹ ਕਰੀਏ, ਭਾਵੇਂ ਤੁਹਾਡੇ ਪਾਪ ਕਿਰਮਚ ਵਰਗੇ ਸੁਰਖ਼ ਹੋਣ, ਉਹ ਬਰਫ਼ ਜਿਹੇ ਚਿੱਟੇ ਹੋ ਜਾਣਗੇ, ਭਾਵੇਂ ਉਹ ਲਾਲ ਸੂਹੇ ਹੋਣ, ਉਹ ਉੱਨ ਜਿਹੇ ਸਫ਼ੇਦ ਹੋ ਜਾਣਗੇ।

19ਜੇ ਤੁਸੀਂ ਖੁਸ਼ੀ ਨਾਲ ਮੇਰੇ ਹੁਕਮ ਮੰਨੋ, ਤਾਂ ਤੁਸੀਂ ਦੇਸ ਦੇ ਉੱਤਮ ਪਦਾਰਥ ਖਾਓਗੇ।

20ਪਰ ਜੇ ਤੁਸੀਂ ਨਾ ਮੰਨੋ ਅਤੇ ਵਿਦਰੋਹੀ ਹੋ ਜਾਓ, ਤਾਂ ਤੁਸੀਂ ਤਲਵਾਰ ਨਾਲ ਵੱਢੇ ਜਾਓਗੇ। ਇਹ ਯਹੋਵਾਹ ਦਾ ਮੁੱਖ ਵਾਕ ਹੈ।

21ਉਹ ਵਿਸ਼ਵਾਸਯੋਗ ਨਗਰੀ ਕਿਵੇਂ ਵੇਸਵਾ ਹੋ ਗਈ! ਜਿਹੜੀ ਨਿਆਂ ਨਾਲ ਭਰੀ ਹੋਈ ਸੀ ਅਤੇ ਜਿਸ ਦੇ ਵਿੱਚ ਧਰਮ ਵੱਸਦਾ ਸੀ, ਪਰ ਹੁਣ ਉੱਥੇ ਖੂਨੀ ਹੀ ਵੱਸਦੇ ਹਨ!

22ਤੇਰੀ ਚਾਂਦੀ ਖੋਟ ਬਣ ਗਈ, ਤੇਰੀ ਮੈਅ ਵਿੱਚ ਪਾਣੀ ਮਿਲਿਆ ਹੋਇਆ ਹੈ।

23ਤੇਰੇ ਹਾਕਮ ਜ਼ਿੱਦੀ ਅਤੇ ਚੋਰਾਂ ਦੇ ਸਾਥੀ ਹਨ, ਹਰੇਕ ਰਿਸ਼ਵਤ ਦਾ ਲਾਲਚੀ ਹੈ, ਅਤੇ ਨਜ਼ਰਾਨੇ ਦੇ ਪਿੱਛੇ ਪੈਂਦਾ ਹੈ, ਉਹ ਯਤੀਮ ਦਾ ਨਿਆਂ ਨਹੀਂ ਕਰਦੇ ਅਤੇ ਵਿਧਵਾ ਦਾ ਮੁਕੱਦਮਾ ਉਨ੍ਹਾਂ ਕੋਲ ਨਹੀਂ ਪਹੁੰਚਦਾ।

24ਇਸ ਲਈ ਪ੍ਰਭੂ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਸ਼ਕਤੀਮਾਨ ਦਾ ਵਾਕ ਹੈ, ਸੁਣੋ, ਮੈਂ ਆਪਣੇ ਵਿਰੋਧੀਆਂ ਤੋਂ ਅਰਾਮ ਪਾਵਾਂਗਾ, ਅਤੇ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ!

25ਮੈਂ ਆਪਣਾ ਹੱਥ ਤੇਰੇ ਵਿਰੁੱਧ ਫੇਰਾਂਗਾ, ਮੈਂ ਤੇਰਾ ਖੋਟ ਤਾਕੇ ਸਿੱਕੇ ਨਾਲ ਕੱਢਾਂਗਾ, ਅਤੇ ਮੈਂ ਤੇਰੀ ਸਾਰੀ ਮਿਲਾਵਟ ਦੂਰ ਕਰਾਂਗਾ,

26ਤਦ ਮੈਂ ਤੇਰੇ ਨਿਆਂਈਆਂ ਨੂੰ ਅੱਗੇ ਵਾਂਗੂੰ, ਅਤੇ ਤੇਰੇ ਸਲਾਹਕਾਰਾਂ ਨੂੰ ਪਹਿਲਾਂ ਵਾਂਗੂੰ ਬਹਾਲ ਕਰਾਂਗਾ, ਫੇਰ ਤੂੰ ਧਰਮੀ ਸ਼ਹਿਰ, ਸਤਵੰਤੀ ਨਗਰੀ ਸਦਾਵੇਂਗੀ।

27ਸੀਯੋਨ ਨਿਆਂ ਨਾਲ ਅਤੇ ਉਹ ਦੇ ਤੋਬਾ ਕਰਨ ਵਾਲੇ ਧਰਮ ਨਾਲ ਛੁਟਕਾਰਾ ਪਾਉਣਗੇ।

28ਪਰ ਅਪਰਾਧੀਆਂ ਅਤੇ ਪਾਪੀਆਂ ਦਾ ਨਾਸ ਇਕੱਠਾ ਹੀ ਹੋਵੇਗਾ, ਅਤੇ ਯਹੋਵਾਹ ਨੂੰ ਤਿਆਗਣ ਵਾਲੇ ਮੁੱਕ ਜਾਣਗੇ।

29ਕਿਉਂ ਜੋ ਉਹ ਤਾਂ ਉਨ੍ਹਾਂ ਬਲੂਤਾਂ ਤੋਂ ਅਰਥਾਤ ਜਿਨ੍ਹਾਂ ਦੀ ਤੁਸੀਂ ਪੂਜਾ ਕਰਦੇ ਸੀ, ਲੱਜਿਆਵਾਨ ਹੋਣਗੇ, ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਸੀ, ਅਤੇ ਜਿਨ੍ਹਾਂ ਬਾਗ਼ਾਂ ਨੂੰ ਤੁਸੀਂ ਚੁਣਿਆ ਸੀ, ਉਨ੍ਹਾਂ ਦੇ ਕਾਰਨ ਤੁਸੀਂ ਖੱਜਲ ਹੋਵੋਗੇ।

30ਤੁਸੀਂ ਤਾਂ ਉਸ ਬਲੂਤ ਵਾਂਗੂੰ ਜਿਸ ਦੇ ਪੱਤੇ ਕੁਮਲਾ ਗਏ ਹਨ, ਜਾਂ ਉਸ ਬਾਗ਼ ਵਾਂਗੂੰ ਹੋ ਜਾਓਗੇ ਜਿਸ ਦੇ ਵਿੱਚ ਪਾਣੀ ਨਹੀਂ।

31ਬਲਵਾਨ ਕੱਚੀ ਸਣ ਜਿਹਾ ਹੋ ਜਾਵੇਗਾ, ਅਤੇ ਉਹ ਦਾ ਕੰਮ ਚੰਗਿਆੜੇ ਜਿਹਾ। ਉਹ ਦੋਵੇਂ ਇਕੱਠੇ ਸੜਨਗੇ, ਅਤੇ ਕੋਈ ਬੁਝਾਉਣ ਵਾਲਾ ਨਹੀਂ ਹੋਵੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath