ਯਸਾਯਾਹ 16
1ਦੇਸ ਦੇ ਹਾਕਮ ਲਈ ਸੇਲਾ ਨਗਰ ਦੀ ਉਜਾੜ ਤੋਂ ਸੀਯੋਨ ਦੀ ਧੀ ਦੇ ਪਰਬਤ ਉੱਤੇ ਲੇਲੇ ਘੱਲੋ।
2ਜਿਵੇਂ ਅਵਾਰਾ ਪੰਛੀ ਅਤੇ ਗੁਆਚੇ ਹੋਏ ਬੋਟ ਹੁੰਦੇ ਹਨ, ਉਸੇ ਤਰ੍ਹਾਂ ਹੀ ਅਰਨੋਨ ਦੇ ਪੱਤਣਾਂ ਉੱਤੇ ਮੋਆਬ ਦੀਆਂ ਧੀਆਂ ਹੋਣਗੀਆਂ।
3ਸਲਾਹ ਦਿਓ, ਇਨਸਾਫ਼ ਕਰੋ! ਆਪਣਾ ਪਰਛਾਵਾਂ ਦੁਪਹਿਰ ਦੇ ਵੇਲੇ ਰਾਤ ਵਾਂਗੂੰ ਬਣਾ, ਕੱਢਿਆਂ ਹੋਇਆਂ ਨੂੰ ਲੁਕਾ, ਭਗੌੜੇ ਨੂੰ ਨਾ ਫੜ੍ਹਾ।
4ਮੇਰੇ ਕੱਢਿਆਂ ਹੋਇਆਂ ਨੂੰ ਆਪਣੇ ਵਿੱਚ ਟਿਕਾ ਲੈ, ਮੋਆਬ ਲਈ ਲੁਟੇਰੇ ਦੇ ਮੂੰਹੋਂ ਤੂੰ ਉਸ ਦੀ ਓਟ ਹੋ। ਜਦ ਜ਼ਾਲਮ ਮੁੱਕ ਗਿਆ, ਤਦ ਬਰਬਾਦੀ ਖ਼ਤਮ ਹੋ ਜਾਵੇਗੀ, ਮਿੱਧਣ ਵਾਲੇ ਦੇਸ ਤੋਂ ਮਿਟ ਗਏ,
5ਤਦ ਇੱਕ ਸਿੰਘਾਸਣ ਦਯਾ ਨਾਲ ਕਾਇਮ ਕੀਤਾ ਜਾਵੇਗਾ ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਸਚਿਆਈ ਨਾਲ ਨਿਆਂ ਕਰੇਗਾ, ਅਤੇ ਧਰਮ ਦੇ ਕੰਮ ਕਰਨ ਵਿੱਚ ਫੁਰਤੀ ਕਰੇਗਾ।
6ਅਸੀਂ ਮੋਆਬ ਦੇ ਹੰਕਾਰ ਦੇ ਵਿਖੇ ਸੁਣਿਆ, ਕਿ ਉਹ ਅੱਤ ਹੰਕਾਰੀ ਹੈ, ਅਤੇ ਉਹ ਦੇ ਘਮੰਡ, ਉਹ ਦੇ ਹੰਕਾਰ, ਅਤੇ ਉਹ ਦੇ ਅੱਖੜਪਣ ਵਿਖੇ ਵੀ, - ਪਰ ਉਹ ਦੀਆਂ ਗੱਪਾਂ ਕੁਝ ਵੀ ਨਹੀਂ ਹਨ।
7ਇਸ ਲਈ ਮੋਆਬ, ਮੋਆਬ ਲਈ ਧਾਹਾਂ ਮਾਰੇਗਾ, ਹਰੇਕ ਧਾਹਾਂ ਮਾਰੇਗਾ, ਕੀਰ-ਹਰਾਸਥ ਕਸਬੇ ਦੀ ਸੌਗੀ ਦੀਆਂ ਪਿੰਨੀਆਂ ਲਈ ਤੁਸੀਂ ਹੌਂਕੇ ਲੈ-ਲੈ ਕੇ ਰੋਵੋਗੇ।
8ਹਸ਼ਬੋਨ ਪਿੰਡ ਦੀਆਂ ਪੈਲ੍ਹੀਆਂ, ਸਿਬਮਾਹ ਪਿੰਡ ਦੀਆਂ ਵੇਲਾਂ ਸੁੱਕ ਗਈਆਂ। ਕੌਮਾਂ ਦੇ ਮਾਲਕਾਂ ਨੇ ਉਹ ਦੀਆਂ ਚੰਗੀਆਂ ਟਹਿਣੀਆਂ ਭੰਨ ਸੁੱਟੀਆਂ, ਉਹ ਯਾਜ਼ੇਰ ਪਿੰਡ ਤੱਕ ਪਹੁੰਚੀਆਂ, ਉਹ ਉਜਾੜ ਵਿੱਚ ਫੈਲ ਗਈਆਂ, ਉਹ ਦੀਆਂ ਸ਼ਾਖਾਂ ਖਿੱਲਰ ਗਈਆਂ, ਉਹ ਸਮੁੰਦਰੋਂ ਪਾਰ ਲੰਘ ਗਈਆਂ।
9ਇਸ ਲਈ ਮੈਂ ਵੀ ਯਾਜ਼ੇਰ ਦੇ ਨਾਲ ਸਿਬਮਾਹ ਦੀ ਵੇਲ ਲਈ ਰੋਵਾਂਗਾ। ਹੇ ਹਸ਼ਬੋਨ ਅਤੇ ਅਲਾਲੇਹ, ਮੈਂ ਤੈਨੂੰ ਆਪਣੇ ਹੰਝੂਆਂ ਨਾਲ ਭਿਉਂ ਦਿਆਂਗਾ, ਕਿਉਂ ਜੋ ਤੇਰੇ ਗਰਮੀ ਦੇ ਫਲਾਂ ਉੱਤੇ ਅਤੇ ਤੇਰੀ ਫ਼ਸਲ ਉੱਤੇ ਹੋਣ ਵਾਲਾ ਅਨੰਦ ਢਿੱਲਾ ਪੈ ਗਿਆ,
10ਅਨੰਦ ਅਤੇ ਖੁਸ਼ੀ ਫਲਦਾਰ ਪੈਲੀ ਵਿੱਚੋਂ ਲੈ ਲਈ ਗਈ, ਅੰਗੂਰੀ ਬਾਗ਼ਾਂ ਵਿੱਚ ਜੈਕਾਰੇ ਨਾ ਲਲਕਾਰੇ ਜਾਣਗੇ, ਕੋਈ ਲਤਾੜਨ ਵਾਲਾ ਹੌਦਾਂ ਵਿੱਚ ਰਸ ਨਹੀਂ ਲਤਾੜੇਗਾ, ਮੈਂ ਲਤਾੜੂਆਂ ਦਾ ਸ਼ਬਦ ਬੰਦ ਕਰ ਛੱਡਿਆ ਹੈ।
11ਇਸ ਲਈ ਮੇਰਾ ਮਨ ਮੋਆਬ ਲਈ ਬਰਬਤ ਵਾਂਗੂੰ ਵਿਰਲਾਪ ਕਰਦਾ ਹੈ, ਅਤੇ ਮੇਰਾ ਦਿਲ ਕੀਰ-ਹਰਸ ਲਈ ਵੀ।
12ਅਜਿਹਾ ਹੋਵੇਗਾ ਕਿ ਜਦ ਮੋਆਬ ਹਾਜ਼ਰ ਹੋਵੇਗਾ, ਜਦ ਉਹ ਉੱਚੇ ਸਥਾਨ ਉੱਤੇ ਥੱਕ ਜਾਵੇਗਾ, ਤਾਂ ਉਹ ਪ੍ਰਾਰਥਨਾ ਲਈ ਆਪਣੇ ਪਵਿੱਤਰ ਸਥਾਨ ਨੂੰ ਆਵੇਗਾ, ਪਰ ਉਸ ਨੂੰ ਕੋਈ ਲਾਭ ਨਾ ਹੋਵੇਗਾ।
13ਇਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ,
14ਪਰ ਹੁਣ ਯਹੋਵਾਹ ਇਹ ਆਖਦਾ ਹੈ ਕਿ ਤਿੰਨਾਂ ਸਾਲਾਂ ਦੇ ਵਿੱਚ ਮਜ਼ਦੂਰ ਦੇ ਸਾਲਾਂ ਵਾਂਗੂੰ ਮੋਆਬ ਦਾ ਪਰਤਾਪ, ਉਹ ਦੀ ਸਾਰੀ ਵੱਡੀ ਭੀੜ ਸਮੇਤ ਤੁੱਛ ਕੀਤਾ ਜਾਵੇਗਾ ਅਤੇ ਬਚੇ ਹੋਏ ਬਹੁਤ ਥੋੜ੍ਹੇ ਅਤੇ ਲਿੱਸੇ ਹੋਣਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath