ਯਸਾਯਾਹ 14
1ਯਹੋਵਾਹ ਯਾਕੂਬ ਉੱਤੇ ਰਹਮ ਕਰੇਗਾ ਅਤੇ ਇਸਰਾਏਲ ਨੂੰ ਫੇਰ ਚੁਣੇਗਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਭੂਮੀ ਉੱਤੇ ਵਸਾਵੇਗਾ ਅਤੇ ਓਪਰੇ ਉਨ੍ਹਾਂ ਨਾਲ ਮਿਲ ਜਾਣਗੇ ਅਤੇ ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ।
2ਲੋਕ ਉਨ੍ਹਾਂ ਨੂੰ ਲੈ ਕੇ ਉਨ੍ਹਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ ਅਤੇ ਇਸਰਾਏਲ ਦਾ ਘਰਾਣਾ ਉਨ੍ਹਾਂ ਨੂੰ ਦਾਸ ਅਤੇ ਦਾਸੀਆਂ ਕਰ ਕੇ ਯਹੋਵਾਹ ਦੀ ਭੂਮੀ ਉੱਤੇ ਆਪਣੇ ਵੱਸ ਵਿੱਚ ਰੱਖੇਗਾ ਅਤੇ ਉਹ ਉਨ੍ਹਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਉੱਤੇ ਰਾਜ ਕਰਨਗੇ।
3ਜਿਸ ਦਿਨ ਯਹੋਵਾਹ ਤੈਨੂੰ ਤੇਰੀ ਪੀੜ ਤੋਂ ਅਤੇ ਤੇਰੀ ਤਕਲੀਫ਼ ਤੋਂ ਅਤੇ ਉਸ ਔਖੀ ਟਹਿਲ ਤੋਂ ਜਿਸ ਦੇ ਨਾਲ ਤੇਰੇ ਤੋਂ ਟਹਿਲ ਕਰਾਈ ਗਈ ਤੈਨੂੰ ਅਰਾਮ ਦੇਵੇ,
4ਤਾਂ ਤੂੰ ਬਾਬਲ ਦੇ ਰਾਜੇ ਦੇ ਵਿਰੁੱਧ ਇਹ ਬੋਲੀ ਮਾਰੀਂ ਅਤੇ ਆਖੀਂ - ਦੁੱਖ ਦੇਣ ਵਾਲਾ ਕਿਵੇਂ ਮੁੱਕ ਗਿਆ, ਅਤੇ ਸੁਨਹਿਰਾ ਸਥਾਨ ਕਿਵੇਂ ਨਖੁੱਟ ਗਿਆ!
5ਯਹੋਵਾਹ ਨੇ ਦੁਸ਼ਟਾਂ ਦੀ ਲਾਠੀ, ਅਤੇ ਹਾਕਮਾਂ ਦਾ ਆੱਸਾ ਭੰਨ ਸੁੱਟਿਆ,
6ਜਿਹੜਾ ਲੋਕਾਂ ਨੂੰ ਕਹਿਰ ਨਾਲ ਮਾਰਦਾ ਰਹਿੰਦਾ ਸੀ, ਜਿਹੜਾ ਕੌਮਾਂ ਉੱਤੇ ਕ੍ਰੋਧ ਨਾਲ ਰਾਜ ਕਰਦਾ ਸੀ, ਅਤੇ ਬਿਨ੍ਹਾਂ ਰੋਕ-ਟੋਕ ਸਤਾਉਂਦਾ ਸੀ।
7ਸਾਰੀ ਧਰਤੀ ਚੈਨ ਅਤੇ ਅਰਾਮ ਕਰਦੀ ਹੈ, ਉਹ ਖੁੱਲ੍ਹ ਕੇ ਜੈਕਾਰੇ ਗਜਾਉਂਦੇ ਹਨ।
8ਸਰੂ ਵੀ ਤੇਰੇ ਉੱਤੇ ਅਨੰਦ ਕਰਦੇ ਹਨ, ਲਬਾਨੋਨ ਦੇ ਦਿਆਰ ਵੀ, - ਜਦੋਂ ਦਾ ਤੂੰ ਡਿੱਗਿਆ, ਸਾਡੇ ਉੱਤੇ ਵੱਢਣ ਵਾਲਾ ਕੋਈ ਨਹੀਂ ਆਇਆ।
9ਹੇਠੋਂ ਪਤਾਲ ਤੇਰੇ ਲਈ ਹਿੱਲ ਪਿਆ ਹੈ, ਕਿ ਤੇਰੇ ਆਉਣ ਦਾ ਸੁਆਗਤ ਕਰੇ, ਉਹ ਤੇਰੇ ਲਈ ਮੁਰਦਿਆਂ ਨੂੰ, ਅਰਥਾਤ ਧਰਤੀ ਦੇ ਸਾਰੇ ਆਗੂਆਂ ਨੂੰ ਜਗਾਉਂਦਾ ਹੈ। ਉਹ ਨੇ ਕੌਮਾਂ ਦੇ ਸਾਰੇ ਰਾਜਿਆਂ ਨੂੰ ਉਨ੍ਹਾਂ ਦੇ ਸਿੰਘਾਸਣਾਂ ਤੋਂ ਖੜ੍ਹਾ ਕਰ ਦਿੱਤਾ ਹੈ।
10ਉਹ ਸਾਰੇ ਤੈਨੂੰ ਉੱਤਰ ਦੇਣਗੇ ਅਤੇ ਆਖਣਗੇ, ਤੂੰ ਵੀ ਸਾਡੇ ਵਾਂਗੂੰ ਨਿਰਬਲ ਕੀਤਾ ਗਿਆ ਹੈਂ! ਤੂੰ ਸਾਡੇ ਵਾਂਗੂੰ ਹੋ ਗਿਆ ਹੈਂ!
11ਤੇਰੀ ਚਮਕ-ਦਮਕ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਪਤਾਲ ਵਿੱਚ ਲਾਹੀ ਗਈ, ਕੀੜੇ ਤੇਰੇ ਹੇਠ ਵਿਛਾਏ ਗਏ, ਅਤੇ ਕਿਰਮ ਹੀ ਤੇਰਾ ਓੜ੍ਹਨਾ ਹਨ।
12ਤੂੰ ਅਕਾਸ਼ ਤੋਂ ਕਿਵੇਂ ਡਿੱਗ ਪਿਆ, ਹੇ ਦਿਨ ਦੇ ਤਾਰੇ , ਫਜ਼ਰ ਦੇ ਪੁੱਤਰ! ਤੂੰ ਕਿਵੇਂ ਧਰਤੀ ਤੱਕ ਵੱਢਿਆ ਗਿਆ, ਹੇ ਕੌਮਾਂ ਦੇ ਢਾਉਣ ਵਾਲੇ!
13ਤੂੰ ਆਪਣੇ ਦਿਲ ਵਿੱਚ ਆਖਿਆ ਕਿ ਮੈਂ ਅਕਾਸ਼ ਉੱਤੇ ਚੜ੍ਹ ਜਾਂਵਾਂਗਾ, ਪਰਮੇਸ਼ੁਰ ਦੇ ਤਾਰਿਆਂ ਤੋਂ ਉਤਾਹਾਂ, ਮੈਂ ਆਪਣਾ ਸਿੰਘਾਸਣ ਉੱਚਾ ਕਰਾਂਗਾ, ਅਤੇ ਮੈਂ ਮੰਡਲੀ ਦੇ ਪਰਬਤ ਉੱਤੇ ਉੱਤਰ ਦੀਆਂ ਹੱਦਾਂ ਵਿੱਚ ਬੈਠਾਂਗਾ।
14ਮੈਂ ਬੱਦਲਾਂ ਦੀਆਂ ਉੱਚਿਆਈਆਂ ਤੇ ਚੜ੍ਹ ਜਾਂਵਾਂਗਾ, ਮੈਂ ਆਪ ਨੂੰ ਅੱਤ ਮਹਾਨ ਜਿਹਾ ਬਣਾਵਾਂਗਾ!
15ਪਰ ਤੂੰ ਪਤਾਲ ਤੱਕ, ਸਗੋਂ ਟੋਏ ਦੀ ਡੁੰਘਿਆਈ ਤੱਕ ਹੇਠਾਂ ਲਾਹਿਆ ਜਾਵੇਂਗਾ।
16ਤੇਰੇ ਵੇਖਣ ਵਾਲੇ ਤੇਰੀ ਵੱਲ ਤੱਕਣਗੇ, ਉਹ ਤੇਰੇ ਉੱਤੇ ਗੌਰ ਕਰਨਗੇ, ਭਲਾ, ਇਹ ਉਹ ਮਨੁੱਖ ਹੈ ਜਿਸ ਨੇ ਧਰਤੀ ਨੂੰ ਕਾਂਬਾ ਲਾ ਦਿੱਤਾ, ਅਤੇ ਰਾਜਾਂ ਨੂੰ ਹਿਲਾ ਦਿੱਤਾ?
17ਜਿਸ ਨੇ ਜਗਤ ਉਜਾੜ ਜਿਹਾ ਕਰ ਦਿੱਤਾ, ਅਤੇ ਉਸ ਦੇ ਸ਼ਹਿਰ ਢਾਹ ਸੁੱਟੇ? ਜਿਸ ਨੇ ਆਪਣੇ ਕੈਦੀਆਂ ਨੂੰ ਘਰੀਂ ਨਾ ਜਾਣ ਦਿੱਤਾ?
18ਕੌਮਾਂ ਦੇ ਸਾਰੇ ਰਾਜੇ, ਹਾਂ, ਸਾਰਿਆਂ ਦੇ ਸਾਰੇ, ਸ਼ਾਨ ਨਾਲ ਲੇਟਦੇ ਹਨ, ਹਰੇਕ ਆਪਣੀ ਸਮਾਧ ਵਿੱਚ।
19ਪਰ ਤੂੰ ਘਿਣਾਉਣੀ ਟਹਿਣੀ ਵਾਂਗੂੰ ਆਪਣੀ ਕਬਰ ਤੋਂ ਪਰੇ ਸੁੱਟਿਆ ਗਿਆ, ਤੂੰ ਵੱਢਿਆਂ ਹੋਇਆਂ ਦੀਆਂ ਲੋਥਾਂ ਨਾਲ ਘਿਰਿਆ ਹੋਇਆ ਹੈ, ਜਿਹੜੇ ਤਲਵਾਰ ਨਾਲ ਵਿੰਨ੍ਹੇ ਗਏ, ਜਿਹੜੇ ਟੋਏ ਦੇ ਪੱਥਰਾਂ ਕੋਲ ਹੇਠਾਂ ਲਾਹੇ ਗਏ, ਉਸ ਲੋਥ ਵਾਂਗੂੰ ਜਿਹੜੀ ਮਿੱਧੀ ਗਈ ਹੋਵੇ।
20ਤੂੰ ਉਨ੍ਹਾਂ ਨਾਲ ਕਫ਼ਨ ਦਫ਼ਨ ਵਿੱਚ ਨਾ ਰਲੇਂਗਾ, ਤੂੰ ਜੋ ਆਪਣੇ ਦੇਸ ਨੂੰ ਵਿਰਾਨ ਕੀਤਾ, ਤੂੰ ਜੋ ਆਪਣੇ ਲੋਕਾਂ ਨੂੰ ਵੱਢ ਸੁੱਟਿਆ! ਕੁਕਰਮੀਆਂ ਦੇ ਵੰਸ਼ ਦਾ ਨਾਮ ਕਦੀ ਨਹੀਂ ਪੁਕਾਰਿਆ ਜਾਵੇਗਾ।
21ਉਨ੍ਹਾਂ ਦੇ ਪੁਰਖਿਆਂ ਦੀ ਬਦੀ ਦੇ ਕਾਰਨ, ਉਹ ਦੇ ਪੁੱਤਰਾਂ ਦੇ ਵੱਢੇ ਜਾਣ ਦੀ ਤਿਆਰੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਉਹ ਉੱਠ ਕੇ ਦੇਸ ਉੱਤੇ ਕਬਜ਼ਾ ਕਰ ਲੈਣ, ਅਤੇ ਜਗਤ ਨੂੰ ਸ਼ਹਿਰਾਂ ਨਾਲ ਭਰ ਦੇਣ।
22ਸੈਨਾਂ ਦੇ ਯਹੋਵਾਹ ਦਾ ਵਾਕ ਹੈ, ਮੈਂ ਉਨ੍ਹਾਂ ਦੇ ਵਿਰੁੱਧ ਉੱਠਾਂਗਾ, ਅਤੇ ਬਾਬਲ ਦਾ ਨਾਮ ਅਤੇ ਨਿਸ਼ਾਨ ਮਿਟਾ ਦਿਆਂਗਾ ਅਤੇ ਉਹ ਦੇ ਪੁੱਤਰ-ਪੋਤਰੇ ਨਸ਼ਟ ਕਰ ਦਿਆਂਗਾ, ਇਹ ਯਹੋਵਾਹ ਦਾ ਵਾਕ ਹੈ।
23ਮੈਂ ਉਹ ਨੂੰ ਕੰਡੈਲੇ ਦੀ ਮੀਰਾਸ, ਅਤੇ ਪਾਣੀ ਦੀਆਂ ਢਾਬਾਂ ਠਹਿਰਾਵਾਂਗਾ, ਅਤੇ ਮੈਂ ਉਹ ਨੂੰ ਤਬਾਹੀ ਦੇ ਝਾੜੂ ਨਾਲ ਹੂੰਝ ਸੁੱਟਾਂਗਾ, ਸੈਨਾਂ ਦੇ ਯਹੋਵਾਹ ਦਾ ਵਾਕ ਹੈ।
24ਸੈਨਾਂ ਦੇ ਯਹੋਵਾਹ ਨੇ ਸਹੁੰ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ, ਅਤੇ ਜਿਵੇਂ ਮੈਂ ਯੋਜਨਾ ਬਣਾਈ, ਤਿਵੇਂ ਉਹ ਕਾਇਮ ਰਹੇਗੀ,
25ਜੋ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਪੀਹ ਸੁੱਟਾਂਗਾ, ਅਤੇ ਆਪਣੇ ਪਰਬਤ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਉਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਉਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ।
26ਇਹ ਉਹ ਯੋਜਨਾ ਹੈ ਜਿਹੜੀ ਸਾਰੀ ਧਰਤੀ ਲਈ ਮਿੱਥੀ ਗਈ ਹੈ, ਅਤੇ ਇਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ।
27ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?
28ਆਹਾਜ਼ ਰਾਜੇ ਦੀ ਮੌਤ ਦੇ ਸਾਲ ਇਹ ਅਗੰਮ ਵਾਕ ਹੋਇਆ,
29ਹੇ ਫ਼ਲਿਸਤੀਓ, ਤੁਸੀਂ ਇਸ ਲਈ ਅਨੰਦ ਨਾ ਹੋਵੋ, ਕਿ ਤੁਹਾਨੂੰ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ, ਕਿਉਂ ਜੋ ਨਾਗ ਦੀ ਜੜ੍ਹੋਂ ਫਨੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸੱਪ ਹੋਵੇਗਾ।
30ਤਦ ਗਰੀਬਾਂ ਦੀ ਸੰਤਾਨ ਭੋਜਨ ਖਾਵੇਗੀ ਅਤੇ ਕੰਗਾਲ ਚੈਨ ਨਾਲ ਲੇਟਣਗੇ, ਪਰ ਮੈਂ ਤੁਹਾਡੀ ਜੜ੍ਹ ਕਾਲ ਨਾਲ ਮਾਰ ਦਿਆਂਗਾ, ਅਤੇ ਤੇਰੇ ਬਚੇ ਹੋਏ ਵੱਢੇ ਜਾਣਗੇ।
31ਹੇ ਫਾਟਕ, ਧਾਹਾਂ ਮਾਰ! ਹੇ ਸ਼ਹਿਰ, ਦੁਹਾਈ ਦੇ! ਹੇ ਫ਼ਲਿਸਤ, ਤੂੰ ਸਾਰੇ ਦਾ ਸਾਰਾ ਪਿਘਲ ਜਾ! ਕਿਉਂ ਜੋ ਉੱਤਰ ਵੱਲੋਂ ਇੱਕ ਧੂੰਆਂ ਆਉਂਦਾ ਹੈ, ਅਤੇ ਉਹ ਦੀਆਂ ਕਤਾਰਾਂ ਵਿੱਚ ਕੋਈ ਢਿੱਲਾ-ਮੱਠਾ ਨਹੀਂ।
32ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ? ਇਹ ਕਿ ਯਹੋਵਾਹ ਨੇ ਸੀਯੋਨ ਦੀ ਨੀਂਹ ਰੱਖੀ ਹੈ, ਅਤੇ ਉਹ ਦੇ ਵਿੱਚ ਪਰਜਾ ਦੇ ਦੁਖਿਆਰੇ ਪਨਾਹ ਲੈਣਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath