ਈਸਾਈ
ਪਿੱਛੇ

ਹੋਸ਼ੇਆ 10

1ਇਸਰਾਏਲ ਹਰੀ ਭਰੀ ਵੇਲ ਹੈ, ਜੋ ਫਲ ਦਿੰਦੀ ਹੈ। ਜਿੰਨਾਂ ਉਹ ਦਾ ਫਲ ਵਧਿਆ, ਓਨ੍ਹੀਆਂ ਉਸ ਨੇ ਜਗਵੇਦੀਆਂ ਵਧਾਈਆਂ, ਜਿਵੇਂ ਉਹ ਦਾ ਦੇਸ ਚੰਗਾ ਹੋ ਗਿਆ, ਤਿਵੇਂ ਉਹਨਾਂ ਨੇ ਥੰਮ੍ਹ ਚੰਗੇ ਬਣਾਏ।

2ਉਹ ਦੋ ਦਿਲੇ ਹਨ, ਹੁਣ ਉਹ ਦੋਸ਼ੀ ਠਹਿਰਨਗੇ, ਉਹ ਉਹਨਾਂ ਦੀਆਂ ਜਗਵੇਦੀਆਂ ਨੂੰ ਢਾਹ ਸੁੱਟੇਗਾ, ਉਹ ਉਹਨਾਂ ਦੇ ਥੰਮ੍ਹਾਂ ਨੂੰ ਤੋੜ ਛੱਡੇਗਾ।

3ਹੁਣ ਉਹ ਤਾਂ ਆਖਣਗੇ, ਸਾਡਾ ਰਾਜਾ ਨਹੀਂ, ਕਿਉਂ ਜੋ ਅਸੀਂ ਯਹੋਵਾਹ ਤੋਂ ਨਹੀਂ ਡਰਦੇ, ਅਤੇ ਰਾਜਾ ਸਾਡੇ ਲਈ ਕੀ ਕਰੇਗਾ?

4ਉਹਨਾਂ ਦੀਆਂ ਗੱਲਾਂ ਹੀ ਗੱਲਾਂ ਹਨ, ਉਹ ਝੂਠੀਆਂ ਸੌਹਾਂ ਨਾਲ ਨੇਮ ਬੰਨ੍ਹਦੇ ਹਨ, ਸੋ ਨਿਆਂ ਜ਼ਹਿਰੀਲੇ ਪੌਦਿਆਂ ਵਾਂਗੂੰ ਖੇਤ ਦੀਆਂ ਕਿਆਰੀਆਂ ਵਿੱਚ ਉੱਗ ਪੈਂਦਾ ਹੈ।

5ਸਾਮਰਿਯਾ ਦੇ ਵਾਸੀ ਬੈਤ-ਆਵਨ ਦੀਆਂ ਵੱਛੀਆਂ ਲਈ ਕੰਬਣਗੇ, ਕਿਉਂ ਜੋ ਉਸ ਦੇ ਲੋਕ ਉਸ ਉੱਤੇ ਸੋਗ ਕਰਨਗੇ, ਨਾਲੇ ਉਸ ਦੇ ਪੁਜਾਰੀ ਵੀ ਜਿਹੜੇ ਉਸ ਉੱਤੇ ਖੁਸ਼ੀ ਮਨਾਉਂਦੇ ਸਨ, ਉਸ ਦੇ ਪਰਤਾਪ ਦੇ ਕਾਰਨ ਜੋ ਉਸ ਤੋਂ ਜਾਂਦਾ ਰਿਹਾ।

6ਨਾਲੇ ਉਹ ਅੱਸ਼ੂਰ ਨੂੰ ਲੈ ਜਾਇਆ ਜਾਵੇਗਾ, ਉਹ ਝਗੜਾਲੂ ਰਾਜੇ ਲਈ ਨਜ਼ਰਾਨਾ ਹੋਵੇਗਾ, ਇਫ਼ਰਾਈਮ ਸ਼ਰਮ ਖਾਵੇਗਾ, ਅਤੇ ਇਸਰਾਏਲ ਆਪਣੀ ਲੱਕੜੀ ਦੇ ਬੁੱਤਾਂ ਤੋਂ ਸ਼ਰਮਿੰਦਾ ਹੋਵੇਗਾ।

7ਸਾਮਰਿਯਾ ਦਾ ਰਾਜਾ ਇਸ ਤਰ੍ਹਾਂ ਕੱਟਿਆ ਜਾਵੇਗਾ, ਜਿਵੇਂ ਪਾਣੀ ਦੇ ਉੱਤੇ ਬੁਲਬੁਲੇ ਹੁੰਦੇ ਹਨ।

8ਆਵਨ ਦੇ ਉੱਚੇ ਸਥਾਨ, ਇਸਰਾਏਲ ਦਾ ਪਾਪ, ਨਾਸ ਕੀਤੇ ਜਾਣਗੇ, ਉਹ ਦੀਆਂ ਜਗਵੇਦੀਆਂ ਉੱਤੇ ਕੰਡੇ ਤੇ ਕੰਡਿਆਲੇ ਚੜ੍ਹਨਗੇ, ਉਹ ਪਹਾੜਾਂ ਨੂੰ ਆਖਣਗੇ, ਸਾਨੂੰ ਢੱਕ ਲਓ! ਅਤੇ ਟਿੱਲਿਆਂ ਨੂੰ ਸਾਡੇ ਉੱਤੇ ਡਿੱਗ ਪਓ।

9ਹੇ ਇਸਰਾਏਲ, ਤੂੰ ਗਿਬਆਹ ਦੇ ਦਿਨਾਂ ਤੋਂ ਪਾਪ ਕਰਦਾ ਆਇਆ ਹੈਂ, ਉਹ ਉੱਥੇ ਹੀ ਲੱਗੇ ਰਹੇ, - ਭਲਾ, ਲੜਾਈ ਗਿਬਆਹ ਵਿੱਚ ਕੁਪੱਤੇ ਪੁੱਤਰਾਂ ਉੱਤੇ ਨਾ ਆ ਪਵੇਗੀ?

10ਜਦ ਮੈਂ ਚਾਹਾਂ ਮੈਂ ਉਹਨਾਂ ਨੂੰ ਤਾੜਾਂਗਾ, ਅਤੇ ਉੱਮਤਾਂ ਉਹਨਾਂ ਦੇ ਵਿਰੁੱਧ ਇਕੱਠੀਆਂ ਕੀਤੀਆਂ ਜਾਣਗੀਆਂ, ਜਦ ਉਹ ਆਪਣੀਆਂ ਦੋ ਬੁਰਿਆਈਆਂ ਲਈ ਗੁਲਾਮ ਕੀਤੇ ਜਾਣਗੇ।

11ਇਫ਼ਰਾਈਮ ਸਿਖਾਈ ਹੋਈ ਵੱਛੀ ਹੈ, ਜਿਹੜੀ ਗਾਹ ਨੂੰ ਪਸੰਦ ਕਰਦੀ ਹੈ, ਅਤੇ ਮੈਂ ਉਹ ਦੀ ਸੋਹਣੀ ਧੌਣ ਦਾ ਸਰਫ਼ਾ ਕੀਤਾ, ਮੈਂ ਇਫ਼ਰਾਈਮ ਨੂੰ ਜੋਤਾਂਗਾ, ਯਹੂਦਾਹ ਹਲ ਵਾਹੇਗਾ, ਯਾਕੂਬ ਉਹ ਦੇ ਲਈ ਢੀਮਾ ਭੰਨੇਗਾ।

12ਆਪਣੇ ਲਈ ਧਰਮ ਬੀਜੋ, ਦਯਾ ਅਨੁਸਾਰ ਫ਼ਸਲ ਵੱਢੋ, ਆਪਣੀ ਪਈ ਹੋਈ ਜ਼ਮੀਨ ਵਿੱਚ ਹਲ ਚਲਾਓ, ਇਹ ਯਹੋਵਾਹ ਨੂੰ ਖੋਜਣ ਦਾ ਸਮਾਂ ਹੈ, ਜਦ ਤੱਕ ਉਹ ਨਾ ਆਵੇ ਅਤੇ ਤੁਹਾਡੇ ਉੱਤੇ ਧਰਮ ਨਾ ਵਰ੍ਹਾਵੇ।

13ਤੁਸੀਂ ਦੁਸ਼ਟਪੁਣੇ ਦੀ ਵਾਹੀ ਕੀਤੀ, ਤੁਸੀਂ ਬੁਰਿਆਈ ਵੱਢੀ, ਤੁਸੀਂ ਝੂਠ ਦਾ ਫਲ ਖਾਧਾ, ਕਿਉਂ ਜੋ ਤੂੰ ਆਪਣੇ ਰਾਹ ਉੱਤੇ, ਆਪਣਿਆਂ ਸੂਰਮਿਆਂ ਦੀ ਵਾਫ਼ਰੀ ਉੱਤੇ ਭਰੋਸਾ ਕੀਤਾ।

14ਰੌਲ਼ਾ ਤੇਰੇ ਲੋਕਾਂ ਵਿੱਚ ਉੱਠੇਗਾ, ਅਤੇ ਤੇਰੇ ਸਾਰੇ ਗੜ੍ਹ ਬਰਬਾਦ ਕੀਤੇ ਜਾਣਗੇ, ਜਿਵੇਂ ਸ਼ਲਮਨ ਨੇ ਯੁੱਧ ਦੇ ਦਿਨ ਬੈਤ-ਅਰਬੇਲ ਨੂੰ ਬਰਬਾਦ ਕੀਤਾ, ਮਾਂ ਬੱਚਿਆਂ ਸਣੇ ਪਟਕਾਈ ਗਈ।

15ਇਸ ਲਈ ਬੈਤਏਲ ਤੁਹਾਡੀ ਵੱਡੀ ਬਦੀ ਦੇ ਕਾਰਨ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ, ਸਵੇਰ ਨੂੰ ਇਸਰਾਏਲ ਦਾ ਰਾਜਾ ਪੂਰੀ ਤਰ੍ਹਾਂ ਹੀ ਮਿਟਾਇਆ ਜਾਵੇਗਾ!

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath