ਈਸਾਈ
ਪਿੱਛੇ

ਇਬਰਾਨੀਆਂ ਨੂੰ 9

1ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਸਨ ਅਤੇ ਇੱਕ ਸੰਸਾਰ ਦਾ ਪਵਿੱਤਰ ਸਥਾਨ ਸੀ।

2ਕਿਉਂ ਜੋ ਇੱਕ ਡੇਰਾ ਬਣਾਇਆ ਗਿਆ ਅਰਥਾਤ ਪਹਿਲਾ, ਜਿਸ ਦੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਸਨ। ਇਹ ਪਵਿੱਤਰ ਸਥਾਨ ਅਖਵਾਉਂਦਾ ਹੈ।

3ਅਤੇ ਦੂਜੇ ਪੜਦੇ ਦੇ ਅੰਦਰ ਉਹ ਡੇਰਾ ਸੀ ਜਿਹੜਾ ਅੱਤ ਪਵਿੱਤਰ ਸਥਾਨ ਅਖਵਾਉਂਦਾ ਹੈ।

4ਜਿਸ ਦੇ ਵਿੱਚ ਧੂਪ ਦੀ ਵੇਦੀ ਸੀ ਜੋ ਸੁਨਿਹਰੀ ਸੀ ਅਤੇ ਨੇਮ ਦਾ ਸੰਦੂਕ ਜਿਹੜਾ ਆਲੇ ਦੁਆਲਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ ਜਿਸ ਵਿੱਚ ਮੰਨਾ ਭਰਿਆ ਹੋਇਆ ਇੱਕ ਸੋਨੇ ਦਾ ਡੱਬਾ ਅਤੇ ਹਾਰੂਨ ਦੀ ਸੋਟੀ ਸੀ ਜਿਸ ਵਿੱਚੋਂ ਫੁੱਲ ਅਤੇ ਫਲ ਨਿੱਕਲ ਆਏ ਸਨ ਅਤੇ ਨੇਮ ਦੀਆਂ ਪੱਟੀਆਂ ਸਨ।

5ਅਤੇ ਉਹ ਦੇ ਉੱਪਰ ਤੇਜ ਦੇ ਕਰੂਬੀ ਸਨ ਜਿਨ੍ਹਾਂ ਪ੍ਰਾਸਚਿਤ ਦੇ ਥਾਂ ਉੱਤੇ ਛਾਇਆ ਕੀਤੀ ਹੋਈ ਸੀ, ਜਿਨ੍ਹਾਂ ਵਸਤਾਂ ਦੇ ਇੱਕ-ਇੱਕ ਕਰਕੇ ਬਿਆਨ ਕਰਨ ਦਾ ਹੁਣ ਸਮਾਂ ਨਹੀਂ।

6ਸੋ ਜਦੋਂ ਇਹ ਵਸਤਾਂ ਇਸ ਤਰ੍ਹਾਂ ਤਿਆਰ ਕੀਤੀਆਂ ਗਈਆਂ ਤਾਂ ਪਹਿਲੇ ਡੇਰੇ ਦੇ ਵਿੱਚ ਜਾਜਕ ਨਿੱਤ ਜਾ ਕੇ ਸੇਵਾ ਦੇ ਕੰਮ ਪੂਰੇ ਕਰਦੇ ਸਨ।

7ਪਰ ਦੂਜੇ ਦੇ ਅੰਦਰ ਇਕੱਲਾ ਪ੍ਰਧਾਨ ਜਾਜਕ ਸਾਲ ਦੇ ਇੱਕ ਦਿਨ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਹਾਏ ਬਿਨ੍ਹਾਂ ਨਹੀਂ ਜਿਸ ਨੂੰ ਆਪਣੀਆਂ ਅਤੇ ਪਰਜਾ ਦੀਆਂ ਗਲਤੀਆਂ ਲਈ ਚੜ੍ਹਾਉਂਦਾ ਸੀ।

8ਇਸ ਤੋਂ ਪਵਿੱਤਰ ਆਤਮਾ ਇਹ ਦੱਸਦਾ ਸੀ ਕਿ ਜਦੋਂ ਤੱਕ ਪਵਿੱਤਰ ਡੇਰਾ ਖੜ੍ਹਾ ਹੈ ਉਸ ਸਮੇਂ ਤੱਕ ਪਵਿੱਤਰ ਸਥਾਨਾਂ ਦਾ ਰਾਹ ਪ੍ਰਗਟ ਨਹੀਂ ਹੈ।

9ਇਹ ਤੰਬੂ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਸ ਦੇ ਅਨੁਸਾਰ ਇਸ ਤਰ੍ਹਾਂ ਦੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਸਨ, ਜੋ ਬੰਦਗੀ ਕਰਨ ਵਾਲੇ ਦੇ ਵਿਵੇਕ ਨੂੰ ਸ਼ੁੱਧ ਨਹੀਂ ਕਰ ਸਕਦੇ।

10ਇਹ ਖਾਣ-ਪੀਣ ਅਤੇ ਭਾਂਤ-ਭਾਂਤ ਦੇ ਰਸਮੀ ਇਸ਼ਨਾਨ ਦੇ ਨਾਲ ਬਹੁਤ ਸਾਰੇ ਸਰੀਰਕ ਨਿਯਮ ਸਨ ਜਿਹੜੇ ਸੁਧਾਰ ਦੇ ਸਮੇਂ ਤੱਕ ਠਹਿਰਾਏ ਗਏ ਸਨ।

11ਪਰ ਜਦੋਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦਾ ਪ੍ਰਧਾਨ ਜਾਜਕ ਹੋ ਕੇ ਆਇਆ ਤਾਂ ਪਹਿਲੇ ਨਾਲੋਂ ਉਸ ਵੱਡੇ ਅਤੇ ਪੂਰਨ ਤੰਬੂ ਦੇ ਰਾਹੀਂ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਅਰਥਾਤ ਇਸ ਸਰਿਸ਼ਟੀ ਦਾ ਨਹੀਂ ਹੈ।

12ਉਹ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੇ ਰਾਹੀਂ ਨਹੀਂ ਸਗੋਂ ਆਪਣੇ ਹੀ ਲਹੂ ਦੇ ਰਾਹੀਂ ਪਵਿੱਤਰ ਸਥਾਨਾਂ ਦੇ ਅੰਦਰ ਸਦੀਪਕ ਛੁਟਕਾਰਾ ਕਮਾ ਕੇ ਇੱਕੋ ਵਾਰ ਅੰਦਰ ਗਿਆ।

13ਕਿਉਂਕਿ ਜੇ ਬੱਕਰਿਆਂ ਅਤੇ ਵੱਛਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਜਿਹੜੀ ਭਰਿਸ਼ਟ ਲੋਕਾਂ ਉੱਤੇ ਛਿੜਕੀ ਜਾਵੇ ਸਰੀਰ ਦੇ ਸ਼ੁੱਧ ਕਰਨ ਲਈ ਪਵਿੱਤਰ ਕਰਦੀ ਹੈ

14ਤਾਂ ਕਿੰਨ੍ਹਾਂ ਹੀ ਵੱਧ ਮਸੀਹ ਦਾ ਲਹੂ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਦੋਸ਼ ਰਹਿਤ ਪਰਮੇਸ਼ੁਰ ਦੇ ਅੱਗੇ ਚੜ੍ਹਾਇਆ ਤੁਹਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਸ਼ੁੱਧ ਕਰੇਗਾ ਕਿ ਤੁਸੀਂ ਜਿਉਂਦੇ ਪਰਮੇਸ਼ੁਰ ਦੀ ਬੰਦਗੀ ਕਰੋ।

15ਇਸੇ ਕਾਰਨ ਉਹ ਨਵੇਂ ਨੇਮ ਦਾ ਵਿਚੋਲਾ ਹੈ ਕਿਉਂਕਿ ਇੱਕ ਮੌਤ ਹੋਈ ਹੈ ਜਿਹੜੀ ਪਹਿਲੇ ਨੇਮ ਦੇ ਅਪਰਾਧਾਂ ਤੋਂ ਛੁਡਾਉਂਦੀ ਹੈ ਕਿ ਉਹ ਜਿਹੜੇ ਸੱਦੇ ਹੋਏ ਹਨ ਸਦੀਪਕ ਕਾਲ ਦੇ ਵਿਰਸੇ ਦੇ ਵਾਇਦੇ ਨੂੰ ਪ੍ਰਾਪਤ ਕਰਨ।

16ਜਿੱਥੇ ਵਸੀਅਤ ਹੈ ਉੱਥੇ ਉਹ ਦੇ ਕਰਨ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਪੈਂਦਾ ਹੈ।

17ਕਿਉਂ ਜੋ ਵਸੀਅਤ ਤਾਂ ਹੀ ਪੱਕੀ ਹੁੰਦੀ ਹੈ ਜਦੋਂ ਮੌਤ ਹੋਈ ਹੋਵੇ ਅਤੇ ਜਿੰਨਾਂ ਚਿਰ ਵਸੀਅਤ ਕਰਨ ਵਾਲਾ ਜਿਉਂਦਾ ਹੈ ਉਹ ਕਿਸੇ ਕੰਮ ਦੀ ਨਹੀਂ ਹੈ।

18ਇਸ ਕਰਕੇ ਪਹਿਲਾ ਨੇਮ ਵੀ ਲਹੂ ਬਿਨ੍ਹਾਂ ਨਹੀਂ ਕੀਤਾ ਗਿਆ।

19ਕਿਉਂਕਿ ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਸਾਰੀ ਪਰਜਾ ਨੂੰ ਹਰੇਕ ਹੁਕਮ ਸੁਣਾ ਦਿੱਤਾ ਤਾਂ ਵੱਛਿਆਂ ਅਤੇ ਬੱਕਰਿਆਂ ਦਾ ਲਹੂ, ਪਾਣੀ, ਕਿਰਮਚੀ ਉੱਨ ਅਤੇ ਜ਼ੂਫੇ ਨਾਲ ਲੈ ਕੇ ਉਸ ਪੁਸਤਕ ਅਤੇ ਸਾਰਿਆਂ ਲੋਕਾਂ ਉੱਤੇ ਛਿੜਕ ਕੇ ਆਖਿਆ

20ਭਈ ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ।

21ਅਤੇ ਇਸੇ ਤਰ੍ਹਾਂ ਉਹ ਨੇ ਡੇਰੇ ਉੱਤੇ ਅਤੇ ਸੇਵਕਾਈ ਦੀ ਸਾਰੀ ਸਮੱਗਰੀ ਉੱਤੇ ਲਹੂ ਛਿੜਕਿਆ।

22ਅਤੇ ਬਿਵਸਥਾ ਦੇ ਅਨੁਸਾਰ ਲੱਗਭਗ ਸਾਰੀਆਂ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨ੍ਹਾਂ ਲਹੂ ਬਹਾਏ ਮਾਫ਼ੀ ਹੁੰਦੀ ਹੀ ਨਹੀਂ।

23ਸੋ ਜ਼ਰੂਰੀ ਸੀ ਕਿ ਸਵਰਗ ਵਿਚਲੀਆਂ ਵਸਤਾਂ ਦੇ ਨਮੂਨੇ ਇਨ੍ਹਾਂ ਨਾਲ, ਪਰ ਸਵਰਗੀ ਵਸਤਾਂ ਆਪ ਹੀ ਇਨ੍ਹਾਂ ਤੋਂ ਉੱਤਮ ਬਲੀਦਾਨਾਂ ਨਾਲ ਸ਼ੁੱਧ ਕੀਤੀਆਂ ਜਾਣ।

24ਕਿਉਂ ਜੋ ਮਸੀਹ ਹੱਥਾਂ ਦੇ ਬਣਾਏ ਹੋਏ ਪਵਿੱਤਰ ਸਥਾਨ ਵਿੱਚ ਜਿਹੜਾ ਅਸਲ ਦੀ ਨਕਲ ਹੈ ਨਹੀਂ ਗਿਆ ਸਗੋਂ ਸਵਰਗ ਵਿੱਚ ਹੀ ਗਿਆ ਕਿ ਹੁਣ ਸਾਡੇ ਲਈ ਪਰਮੇਸ਼ੁਰ ਦੇ ਅੱਗੇ ਪੇਸ਼ ਹੋਵੇ।

25ਅਤੇ ਇਹ ਨਹੀਂ ਕਿ ਉਹ ਆਪਣੇ ਆਪ ਨੂੰ ਵਾਰ-ਵਾਰ ਚੜ੍ਹਾਵੇ ਜਿਵੇਂ ਪ੍ਰਧਾਨ ਜਾਜਕ ਪਵਿੱਤਰ ਸਥਾਨ ਦੇ ਅੰਦਰ ਹਰ ਸਾਲ ਲਹੂ ਲੈ ਕੇ ਜਾਂਦਾ ਹੁੰਦਾ ਸੀ।

26ਇਸ ਤਰ੍ਹਾਂ ਉਹ ਨੂੰ ਜਗਤ ਦੇ ਮੁੱਢੋਂ ਵਾਰ-ਵਾਰ ਦੁੱਖ ਭੋਗਣਾ ਪੈਂਦਾ ਸੀ। ਪਰ ਹੁਣ ਜੁੱਗਾਂ ਦੇ ਅੰਤ ਵਿੱਚ ਉਹ ਇੱਕੋ ਵਾਰ ਪਰਗਟ ਹੋਇਆ ਹੈ ਕਿ ਆਪਣੇ ਆਪ ਦੇ ਬਲੀਦਾਨ ਕਰਨ ਨਾਲ ਪਾਪ ਨੂੰ ਦੂਰ ਕਰੇ।

27ਅਤੇ ਜਿਵੇਂ ਮਨੁੱਖਾਂ ਲਈ ਇੱਕ ਵਾਰ ਮਰਨਾ ਠਹਿਰਾਇਆ ਹੋਇਆ ਹੈ ਅਤੇ ਉਹ ਦੇ ਪਿੱਛੋਂ ਨਿਆਂ ਹੁੰਦਾ ਹੈ।

28ਉਸ ਤਰ੍ਹਾਂ ਮਸੀਹ ਵੀ ਬਹੁਤਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਬਲੀਦਾਨ ਹੋਇਆ ਅਤੇ ਉਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮਾਂ ਤੋਂ ਅੱਲਗ ਹੋ ਕੇ ਮੁਕਤੀ ਦੇ ਲਈ ਦੂਜੀ ਵਾਰ ਪਰਗਟ ਹੋਵੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath