ਇਬਰਾਨੀਆਂ ਨੂੰ 11
1ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣ ਦੇਖੀਆਂ ਵਸਤਾਂ ਦਾ ਸਬੂਤ ਹੈ।
2ਅਤੇ ਇਸ ਦੇ ਬਾਰੇ ਬਜ਼ੁਰਗਾਂ ਦੇ ਲਈ ਗਵਾਹੀ ਦਿੱਤੀ ਗਈ।
3ਵਿਸ਼ਵਾਸ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ੁਰ ਦੇ ਬਚਨ ਨਾਲ ਰਚਿਆ ਗਿਆ ਅਤੇ ਜੋ ਕੁਝ ਦਿਖਾਈ ਦਿੰਦਾ ਹੈ, ਉਹ ਦੇਖੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ।
4ਵਿਸ਼ਵਾਸ ਨਾਲ ਹੀ ਹਾਬਲ ਨੇ ਪਰਮੇਸ਼ੁਰ ਦੇ ਅੱਗੇ ਕਾਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ, ਜਿਸ ਕਰਕੇ ਇਹ ਗਵਾਹੀ ਦਿੱਤੀ ਗਈ ਕਿ ਉਹ ਧਰਮੀ ਹੈ ਕਿਉਂਕਿ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਬਾਰੇ ਗਵਾਹੀ ਦਿੱਤੀ ਅਤੇ ਉਸ ਵਿਸ਼ਵਾਸ ਦੇ ਦੁਆਰਾ ਉਹ ਹੁਣ ਤੱਕ ਬੋਲਦਾ ਹੈ, ਭਾਵੇਂ ਉਹ ਮਰ ਗਿਆ।
5ਵਿਸ਼ਵਾਸ ਨਾਲ ਹਨੋਕ ਉਤਾਹਾਂ ਉੱਠਾਇਆ ਗਿਆ ਤਾਂ ਜੋ ਮੌਤ ਨਾ ਵੇਖੇ ਅਤੇ ਉਹ ਦਾ ਪਤਾ ਨਾ ਲੱਗਾ ਕਿਉਂ ਜੋ ਪਰਮੇਸ਼ੁਰ ਨੇ ਉਸ ਨੂੰ ਉਤਾਹਾਂ ਉਠਾ ਲਿਆ, ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਗਵਾਹੀ ਦਿੱਤੀ ਗਈ ਸੀ ਕਿ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ।
6ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਹ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਇਹ ਕਿ ਉਹ ਉਹਨਾਂ ਨੂੰ ਜਿਹੜੇ ਪੂਰੇ ਮਨ ਨਾਲ ਉਸ ਨੂੰ ਖੋਜਦੇ ਹਨ ਫਲ ਦੇਣ ਵਾਲਾ ਹੈ।
7ਵਿਸ਼ਵਾਸ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਜਿਹੜੀਆਂ ਅਜੇ ਦੇਖੀਆਂ ਨਹੀਂ ਗਈਆਂ ਸਨ, ਚਿਤਾਵਨੀ ਪਾ ਕੇ ਅਤੇ ਡਰ ਕੇ ਆਪਣੇ ਪਰਿਵਾਰ ਦੇ ਬਚਾਉ ਲਈ ਕਿਸ਼ਤੀ ਬਣਾਈ। ਉਸ ਵਿਸ਼ਵਾਸ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਅਧਿਕਾਰੀ ਹੋਇਆ ਜਿਹੜਾ ਵਿਸ਼ਵਾਸ ਤੋਂ ਹੀ ਹੁੰਦਾ ਹੈ।
8ਵਿਸ਼ਵਾਸ ਨਾਲ ਹੀ ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਸ ਨੂੰ ਉਹ ਨੇ ਅਧਿਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਜਾਣਦਾ ਨਹੀਂ ਸੀ ਕਿ ਮੈਂ ਕਿੱਧਰ ਨੂੰ ਜਾਂਦਾ ਹਾਂ ਪਰ ਤਾਂ ਵੀ ਨਿੱਕਲ ਤੁਰਿਆ।
9ਵਿਸ਼ਵਾਸ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਡੇਰਿਆਂ ਵਿੱਚ ਵਾਸ ਕੀਤਾ, ਜਿਹੜੇ ਉਹ ਦੇ ਨਾਲ ਉਸੇ ਵਾਇਦੇ ਦੇ ਅਧਿਕਾਰੀ ਸਨ।
10ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਸ ਦੀਆਂ ਨੀਹਾਂ ਹਨ ਅਤੇ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ।
11ਵਿਸ਼ਵਾਸ ਨਾਲ ਸਾਰਾਹ ਨੇ ਬੁੱਢੀ ਹੋ ਜਾਣ ਤੇ ਵੀ ਗਰਭਵਤੀ ਹੋਣ ਦੀ ਸਮਰੱਥਾ ਪਾਈ, ਕਿਉਂਕਿ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ।
12ਉਪਰੰਤ ਇੱਕ ਮਨੁੱਖ ਤੋਂ ਜੋ ਮੁਰਦੇ ਜਿਹਾ ਸੀ ਐਨੇ ਉਤਪਤ ਹੋਏ, ਜਿੰਨੇ ਅਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਹਨ, ਜੋ ਅਣਗਿਣਤ ਹਨ।
13ਇਹ ਸਭ ਵਿਸ਼ਵਾਸ ਵਿੱਚ ਮਰ ਗਏ ਅਤੇ ਉਨ੍ਹਾਂ ਨੇ ਵਾਇਦਾ ਕੀਤੀਆਂ ਹੋਈਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ ਪਰ ਉਹਨਾਂ ਨੇ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆ ਨੂੰ ਆਖਿਆ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਪਰਾਏ ਅਤੇ ਪਰਦੇਸੀ ਹਾਂ।
14ਕਿਉਂਕਿ ਜਿਹੜੇ ਅਜਿਹੀਆਂ ਗੱਲਾਂ ਆਖਦੇ ਹਨ ਉਹ ਪਰਗਟ ਕਰਦੇ ਹਨ ਕਿ ਅਸੀਂ ਆਪਣੇ ਵਤਨ ਨੂੰ ਭਾਲਦੇ ਹਾਂ।
15ਅਤੇ ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਕੋਲ ਮੁੜ ਜਾਣ ਦਾ ਮੌਕਾ ਹੁੰਦਾ।
16ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ ਨੂੰ ਲੋਚਦੇ ਹਨ। ਇਸ ਕਾਰਨ ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ੁਰ ਅਖਵਾਵੇ, ਕਿਉਂ ਜੋ ਉਹ ਨੇ ਉਨ੍ਹਾਂ ਲਈ ਇੱਕ ਨਗਰੀ ਨੂੰ ਤਿਆਰ ਕੀਤਾ ਹੈ।
17ਵਿਸ਼ਵਾਸ ਨਾਲ ਹੀ ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ। ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ।
18ਅਤੇ ਜਿਸ ਨੂੰ ਇਹ ਆਖਿਆ ਗਿਆ ਕਿ ਇਸਹਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ।
19ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਵੀ ਜੀ ਉੱਠਾਲਣ ਦੀ ਸਮਰੱਥ ਰੱਖਦਾ ਹੈ ਜਿਨ੍ਹਾਂ ਵਿੱਚੋਂ ਉਹ ਨੇ ਮੰਨੋ ਉਹ ਨੂੰ ਪ੍ਰਾਪਤ ਵੀ ਕਰ ਲਿਆ।
20ਵਿਸ਼ਵਾਸ ਨਾਲ ਹੀ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਬਾਰੇ ਵੀ ਯਾਕੂਬ ਅਤੇ ਏਸਾਉ ਨੂੰ ਬਰਕਤ ਦਿੱਤੀ।
21ਵਿਸ਼ਵਾਸ ਨਾਲ ਯਾਕੂਬ ਨੇ ਮਰਨ ਲੱਗਿਆਂ ਯੂਸੁਫ਼ ਦੇ ਪੁੱਤਰਾਂ ਨੂੰ ਇੱਕ-ਇੱਕ ਕਰਕੇ ਬਰਕਤ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ।
22ਵਿਸ਼ਵਾਸ ਨਾਲ ਯੂਸੁਫ਼ ਨੇ ਆਪਣੇ ਅੰਤ ਦੇ ਸਮੇਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਬਾਰੇ ਹੁਕਮ ਦਿੱਤਾ।
23ਵਿਸ਼ਵਾਸ ਨਾਲ ਜਦੋਂ ਮੂਸਾ ਜੰਮਿਆ ਤਾਂ ਉਹ ਦੇ ਮਾਪਿਆਂ ਨੇ ਉਹ ਨੂੰ ਤਿੰਨਾਂ ਮਹੀਨਿਆਂ ਤੱਕ ਛਿਪਾ ਕੇ ਰੱਖਿਆ ਕਿਉਂ ਜੋ ਉਨ੍ਹਾਂ ਵੇਖਿਆ ਕਿ ਬਾਲਕ ਸੋਹਣਾ ਹੈ ਅਤੇ ਉਹ ਪਾਤਸ਼ਾਹ ਦੇ ਹੁਕਮ ਤੋਂ ਨਾ ਡਰੇ।
24ਵਿਸ਼ਵਾਸ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤਾਂ ਫ਼ਿਰਊਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ।
25ਕਿਉਂ ਜੋ ਉਹ ਨੇ ਪਾਪ ਦੇ ਭੋਗ-ਬਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜ਼ਬਰਦਸਤੀ ਝੱਲਣ ਨੂੰ ਵਧੇਰੇ ਪਸੰਦ ਕੀਤਾ।
26ਅਤੇ ਉਹ ਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹ ਦਾ ਧਿਆਨ ਸੀ।
27ਵਿਸ਼ਵਾਸ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਕਿਉਂ ਜੋ ਉਹ ਅਣ-ਦੇਖੇ ਪਰਮੇਸ਼ੁਰ ਨੂੰ ਜਾਣਦੇ ਹੋਏ ਵਿਸ਼ਵਾਸ ਵਿੱਚ ਦ੍ਰਿੜ੍ਹ ਬਣਿਆ ਰਿਹਾ।
28ਵਿਸ਼ਵਾਸ ਨਾਲ ਉਹ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ ਤਾਂ ਜੋ ਅਜਿਹਾ ਨਾ ਹੋਵੇ ਕਿ ਪਲੋਠਿਆਂ ਦਾ ਨਾਸ ਕਰਨ ਵਾਲਾ ਉਨ੍ਹਾਂ ਨੂੰ ਹੱਥ ਲਾਵੇ।
29ਵਿਸ਼ਵਾਸ ਨਾਲ ਉਹ ਲਾਲ ਸਮੁੰਦਰ ਦੇ ਵਿੱਚ ਦੀ ਜਿਵੇਂ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਲੰਘ ਗਏ, ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡੁੱਬ ਕੇ ਮਰ ਗਏ।
30ਵਿਸ਼ਵਾਸ ਨਾਲ ਯਰੀਹੋ ਦੀ ਸ਼ਹਿਰਪਨਾਹ ਜਦੋਂ ਸੱਤਾਂ ਦਿਨਾਂ ਤੱਕ ਘੇਰੀਂ ਗਈ ਤਾਂ ਡਿੱਗ ਗਈ।
31ਵਿਸ਼ਵਾਸ ਨਾਲ ਰਹਾਬ ਵੇਸਵਾ ਅਵਿਸ਼ਵਾਸੀਆਂ ਦੇ ਨਾਲ ਨਾਸ ਨਾ ਹੋਈ, ਕਿਉਂ ਜੋ ਉਹ ਨੇ ਖੋਜੀਆਂ ਨੂੰ ਸੁੱਖ ਸ਼ਾਂਤੀ ਨਾਲ ਆਪਣੇ ਘਰ ਉਤਾਰਿਆ।
32ਹੁਣ ਮੈਂ ਹੋਰ ਕੀ ਆਖਾਂ? ਕਿਉਂ ਜੋ ਸਮਾਂ ਨਹੀਂ ਹੈ ਕਿ ਗਿਦੌਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੇ ਬਾਰੇ ਗੱਲ ਕਰਾਂ।
33ਜਿਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਪਾਤਸ਼ਾਹੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ,
34ਅੱਗ ਦੇ ਸੇਕ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਉਹ ਕਮਜ਼ੋਰੀ ਵਿੱਚ ਤਕੜੇ ਹੋਏ, ਯੁੱਧ ਵਿੱਚ ਸੂਰਮੇ ਬਣੇ ਅਤੇ ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ।
35ਇਸਤਰੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ। ਕਈ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਚਾਹਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ।
36ਅਤੇ ਕਈ ਠੱਠਿਆਂ ਵਿੱਚ ਉਡਾਏ ਜਾਣ, ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਦੁਆਰਾ ਪਰਖੇ ਗਏ।
37ਉਹਨਾਂ ਤੇ ਪਥਰਾਉ ਕੀਤੇ ਗਿਆ, ਆਰਿਆਂ ਨਾਲ ਚੀਰੇ ਗਏ, ਪਰਖੇ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਹੋਏ, ਦੁੱਖੀ ਹੋਏ ਅਤੇ ਜ਼ਬਰਦਸਤੀ ਸਹਿੰਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖੱਲਾਂ ਪਹਿਨੇ ਮਾਰੇ-ਮਾਰੇ ਫਿਰਦੇ ਰਹੇ, -
38ਸੰਸਾਰ ਉਹਨਾਂ ਦੇ ਯੋਗ ਨਹੀਂ ਸੀ - ਉਹ ਉਜਾੜਾਂ, ਪਹਾੜਾਂ, ਗੁਫ਼ਾਂਵਾਂ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਲੁੱਕਦੇ ਫਿਰੇ।
39ਅਤੇ ਇਹ ਸਾਰੇ ਭਾਵੇਂ ਉਹਨਾਂ ਲਈ ਉਹਨਾਂ ਦੇ ਵਿਸ਼ਵਾਸ ਦੇ ਕਾਰਨ ਗਵਾਹੀ ਦਿੱਤੀ ਗਈ, ਤਾਂ ਵੀ ਵਾਇਦੇ ਨੂੰ ਪ੍ਰਾਪਤ ਨਾ ਹੋਏ।
40ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਡੇ ਤੋਂ ਬਿਨ੍ਹਾਂ ਸਿੱਧ ਨਾ ਹੋਣ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath