ਉਤਪਤ 43
1ਕਨਾਨ ਦੇਸ਼ ਉੱਤੇ ਕਾਲ ਬਹੁਤ ਹੀ ਭਿਅੰਕਰ ਹੋ ਗਿਆ।
2ਜਦ ਉਹ ਅੰਨ ਜਿਹੜਾ ਉਹ ਮਿਸਰ ਤੋਂ ਲਿਆਏ ਸਨ, ਖ਼ਤਮ ਹੋ ਗਿਆ ਤਦ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਆਖਿਆ, ਮੁੜ ਕੇ ਸਾਡੇ ਲਈ ਕੁਝ ਅੰਨ ਮੁੱਲ ਲੈ ਆਓ।
3ਤਦ ਯਹੂਦਾਹ ਨੇ ਉਹ ਨੂੰ ਆਖਿਆ ਕਿ ਉਸ ਮਨੁੱਖ ਨੇ ਸਾਨੂੰ ਚੇਤਾਵਨੀ ਦੇ ਕੇ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ।
4ਸੋ ਜੇ ਤੂੰ ਸਾਡੇ ਭਰਾ ਨੂੰ ਸਾਡੇ ਨਾਲ ਭੇਜਦਾ ਹੈਂ ਤਾਂ ਅਸੀਂ ਤੇਰੇ ਲਈ ਅੰਨ ਮੁੱਲ ਲੈ ਆਵਾਂਗੇ,
5ਪਰ ਜੇ ਤੂੰ ਨਾ ਭੇਜੇਂਗਾ ਤਾਂ ਅਸੀਂ ਨਹੀਂ ਜਾਂਵਾਂਗੇ ਕਿਉਂ ਜੋ ਉਸ ਮਨੁੱਖ ਨੇ ਸਾਨੂੰ ਆਖਿਆ ਸੀ, ਜੇ ਤੁਹਾਡਾ ਭਰਾ ਤੁਹਾਡੇ ਨਾਲ ਨਾ ਹੋਵੇ ਤੁਸੀਂ ਮੇਰਾ ਮੂੰਹ ਨਹੀਂ ਵੇਖੋਗੇ।
6ਫੇਰ ਇਸਰਾਏਲ ਨੇ ਆਖਿਆ, ਤੁਸੀਂ ਕਿਉਂ ਮੇਰੇ ਨਾਲ ਇਹ ਬੁਰਿਆਈ ਕੀਤੀ ਕਿ ਉਸ ਮਨੁੱਖ ਨੂੰ ਦੱਸਿਆ ਕਿ ਸਾਡਾ ਇੱਕ ਹੋਰ ਭਰਾ ਵੀ ਹੈ?
7ਤਦ ਉਨ੍ਹਾਂ ਨੇ ਆਖਿਆ ਕਿ ਉਸ ਮਨੁੱਖ ਨੇ ਤੰਗ ਕਰ ਕੇ ਸਾਡੇ ਅਤੇ ਸਾਡੇ ਰਿਸ਼ਤੇਦਾਰਾਂ ਦੇ ਵਿਖੇ ਪੁੱਛਿਆ ਕਿ ਤੁਹਾਡਾ ਪਿਤਾ ਅਜੇ ਤੱਕ ਜੀਉਂਦਾ ਹੈ ਅਤੇ ਤੁਹਾਡਾ ਕੋਈ ਹੋਰ ਭਰਾ ਵੀ ਹੈ? ਤਦ ਅਸੀਂ ਇਨ੍ਹਾਂ ਗੱਲਾਂ ਦੇ ਅਨੁਸਾਰ ਉਹ ਨੂੰ ਦੱਸਿਆ। ਸਾਨੂੰ ਕੀ ਪਤਾ ਸੀ ਕਿ ਉਹ ਸਾਨੂੰ ਆਖੇਗਾ ਜੋ ਆਪਣੇ ਭਰਾ ਨੂੰ ਨਾਲ ਲਿਆਓ?
8ਫੇਰ ਯਹੂਦਾਹ ਨੇ ਆਪਣੇ ਪਿਤਾ ਇਸਰਾਏਲ ਨੂੰ ਆਖਿਆ, ਮੁੰਡੇ ਨੂੰ ਮੇਰੇ ਨਾਲ ਭੇਜ ਦੇ ਤਾਂ ਜੋ ਅਸੀਂ ਜਾਈਏ, ਤੇ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ, ਅਸੀਂ ਵੀ ਅਤੇ ਤੂੰ ਵੀ ਅਤੇ ਸਾਡੇ ਬੱਚੇ ਵੀ।
9ਮੈਂ ਉਸ ਲਈ ਜ਼ਿੰਮੇਵਾਰ ਹਾਂ। ਉਸ ਨੂੰ ਤੂੰ ਮੇਰੇ ਹੱਥੋਂ ਵਾਪਿਸ ਮੰਗੀ। ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਅਤੇ ਤੇਰੇ ਸਨਮੁਖ ਨਾ ਬਿਠਾਵਾਂ ਤਦ ਮੈਂ ਸਦਾ ਲਈ ਤੇਰਾ ਦੋਸ਼ੀ ਠਹਿਰਾਂਗਾ।
10ਜੇਕਰ ਅਸੀਂ ਐਨਾ ਸਮਾਂ ਨਾ ਲਾਉਂਦੇ ਤਾਂ ਹੁਣ ਤੱਕ ਦੂਜੀ ਵਾਰ ਵਾਪਿਸ ਆ ਜਾਂਦੇ।
11ਤਦ ਉਨ੍ਹਾਂ ਦੇ ਪਿਤਾ ਇਸਰਾਏਲ ਨੇ ਉਨ੍ਹਾਂ ਨੂੰ ਆਖਿਆ, ਜੇ ਸੱਚ-ਮੁੱਚ ਅਜਿਹਾ ਹੀ ਹੈ ਤਾਂ ਹੁਣ ਇਸ ਤਰ੍ਹਾਂ ਕਰੋ ਕਿ ਇਸ ਦੇਸ਼ ਦੀ ਸਭ ਤੋਂ ਉੱਤਮ ਪੈਦਾਵਾਰ ਆਪਣਿਆਂ ਬੋਰਿਆਂ ਵਿੱਚ ਰੱਖ ਕੇ ਉਸ ਮਨੁੱਖ ਲਈ ਭੇਟ ਦੇ ਤੌਰ ਤੇ ਲੈ ਜਾਓ: ਅਰਥਾਤ ਥੋੜ੍ਹਾ ਗੁੱਗਲ, ਥੋੜ੍ਹਾ ਸ਼ਹਿਦ, ਗਰਮ ਮਸਾਲਾ, ਗੰਧਰਸ, ਪਿਸਤਾ ਅਤੇ ਬਦਾਮ।
12ਦੁੱਗਣੀ ਚਾਂਦੀ ਆਪਣੇ ਹੱਥਾਂ ਵਿੱਚ ਲੈ ਜਾਓ ਅਤੇ ਉਹ ਚਾਂਦੀ ਜਿਹੜੀ ਤੁਹਾਡਿਆਂ ਬੋਰਿਆਂ ਦੇ ਮੂੰਹ ਉੱਤੇ ਰੱਖ ਕੇ ਵਾਪਿਸ ਕੀਤੀ ਗਈ, ਉਸ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਜਾਓ। ਸ਼ਾਇਦ ਇਹ ਭੁੱਲ ਹੋ ਗਈ ਹੋਵੇ।
13ਆਪਣੇ ਭਰਾ ਨੂੰ ਵੀ ਨਾਲ ਲੈ ਕੇ ਉਸ ਮਨੁੱਖ ਕੋਲ ਫੇਰ ਜਾਓ।
14ਸਰਬ ਸ਼ਕਤੀਮਾਨ ਪਰਮੇਸ਼ੁਰ ਤੁਹਾਨੂੰ ਉਸ ਮਨੁੱਖ ਵੱਲੋਂ ਕਿਰਪਾ ਬਖ਼ਸ਼ੇ, ਜਿਸ ਕਾਰਨ ਉਹ ਤੁਹਾਡੇ ਦੂਜੇ ਭਰਾ ਅਤੇ ਬਿਨਯਾਮੀਨ ਨੂੰ ਤੁਹਾਡੇ ਨਾਲ ਭੇਜ ਦੇਵੇ ਅਤੇ ਜੇ ਮੈਂ ਆਪਣੀ ਸੰਤਾਨ ਤੋਂ ਵਾਂਝਾ ਹੋਇਆ ਸੋ ਹੋਇਆ।
15ਉਨ੍ਹਾਂ ਮਨੁੱਖਾਂ ਨੇ ਉਹ ਭੇਟ ਅਤੇ ਦੁੱਗਣੀ ਚਾਂਦੀ ਆਪਣਿਆਂ ਹੱਥਾਂ ਵਿੱਚ ਲੈ ਕੇ, ਬਿਨਯਾਮੀਨ ਨੂੰ ਵੀ ਆਪਣੇ ਨਾਲ ਲਿਆ ਅਤੇ ਉੱਠ ਕੇ ਮਿਸਰ ਨੂੰ ਚਲੇ ਗਏ ਅਤੇ ਯੂਸੁਫ਼ ਦੇ ਸਾਹਮਣੇ ਹਾਜ਼ਰ ਹੋਏ।
16ਜਦੋਂ ਯੂਸੁਫ਼ ਨੇ ਉਨ੍ਹਾਂ ਦੇ ਨਾਲ ਬਿਨਯਾਮੀਨ ਨੂੰ ਵੇਖਿਆ ਤਾਂ ਉਸ ਨੇ ਘਰ ਦੇ ਅਧਿਕਾਰੀ ਨੂੰ ਆਖਿਆ ਕਿ ਇਨ੍ਹਾਂ ਮਨੁੱਖਾਂ ਨੂੰ ਘਰ ਲੈ ਜਾ ਅਤੇ ਪਸ਼ੂ ਮਾਰ ਕੇ ਭੋਜਨ ਤਿਆਰ ਕਰ ਕਿਉਂ ਜੋ ਇਹ ਮਨੁੱਖ ਦੁਪਹਿਰ ਨੂੰ ਮੇਰੇ ਨਾਲ ਭੋਜਨ ਖਾਣਗੇ।
17ਤਦ ਉਹ ਮਨੁੱਖ ਯੂਸੁਫ਼ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਮਨੁੱਖਾਂ ਨੂੰ ਉਸ ਦੇ ਘਰ ਲੈ ਗਿਆ।
18ਜਦ ਉਹ ਯੂਸੁਫ਼ ਦੇ ਘਰ ਪਹੁੰਚਾਏ ਗਏ ਤਦ ਉਹ ਆਪਸ ਵਿੱਚ ਡਰ ਕੇ ਆਖਣ ਲੱਗੇ, ਉਸ ਚਾਂਦੀ ਦੇ ਕਾਰਨ ਜਿਹੜੀ ਪਹਿਲੀ ਵਾਰ ਸਾਡਿਆਂ ਬੋਰਿਆਂ ਵਿੱਚ ਮੁੜੀ ਸੀ, ਅਸੀਂ ਇੱਥੇ ਲਿਆਂਦੇ ਗਏ ਹਾਂ ਤਾਂ ਜੋ ਉਹ ਸਾਡੇ ਉੱਤੇ ਵਾਰ ਕਰ ਕੇ ਸਾਨੂੰ ਆਪਣਾ ਗ਼ੁਲਾਮ ਬਣਾਵੇ ਅਤੇ ਸਾਡੇ ਗਧਿਆਂ ਨੂੰ ਵੀ ਖੋਹ ਲਵੇ।
19ਤਦ ਉਹ ਯੂਸੁਫ਼ ਦੇ ਘਰ ਦੇ ਅਧਿਕਾਰੀ ਦੇ ਨੇੜੇ ਜਾ ਕੇ ਘਰ ਦੇ ਦਰਵਾਜ਼ੇ ਉੱਤੇ ਉਸ ਨੂੰ ਬੋਲੇ
20ਅਤੇ ਉਨ੍ਹਾਂ ਨੇ ਆਖਿਆ ਸੁਆਮੀ ਜੀ, ਜਦੋਂ ਅਸੀਂ ਪਹਿਲੀ ਵਾਰ ਅੰਨ ਖਰੀਦਣ ਆਏ ਸੀ
21ਤਦ ਅਸੀਂ ਸਰਾਂ ਵਿੱਚ ਪਹੁੰਚ ਕੇ ਆਪਣਿਆਂ ਬੋਰਿਆਂ ਨੂੰ ਖੋਲ੍ਹਿਆ ਅਤੇ ਵੇਖੋ ਹਰ ਇੱਕ ਦੀ ਚਾਂਦੀ ਉਸ ਦੀ ਬੋਰੀ ਦੇ ਮੂੰਹ ਉੱਤੇ ਪਈ ਹੋਈ ਸੀ। ਉਹ ਸਾਡੀ ਪੂਰੀ ਚਾਂਦੀ ਸੀ ਅਤੇ ਅਸੀਂ ਉਹ ਨੂੰ ਮੁੜ ਆਪਣੇ ਹੱਥਾਂ ਵਿੱਚ ਲੈ ਆਏ ਹਾਂ।
22ਹੋਰ ਚਾਂਦੀ ਵੀ ਅੰਨ ਮੁੱਲ ਲੈਣ ਲਈ ਅਸੀਂ ਆਪਣੇ ਹੱਥਾਂ ਵਿੱਚ ਲਿਆਏ ਹਾਂ ਅਤੇ ਨਹੀਂ ਜਾਣਦੇ ਕਿ ਸਾਡੀ ਉਹ ਚਾਂਦੀ ਸਾਡੀਆਂ ਬੋਰੀਆਂ ਵਿੱਚ ਕਿਸ ਨੇ ਰੱਖ ਦਿੱਤੀ।
23ਤਾਂ ਉਸ ਨੇ ਆਖਿਆ, ਤੁਹਾਡੀ ਸਲਾਮਤੀ ਹੋਵੇ। ਤੁਸੀਂ ਡਰੋ ਨਾ, ਤੁਹਾਡੇ ਪਰਮੇਸ਼ੁਰ ਅਤੇ ਤੁਹਾਡੇ ਪਿਤਾ ਦੇ ਪਰਮੇਸ਼ੁਰ ਨੇ ਤੁਹਾਡੀਆਂ ਬੋਰੀਆਂ ਵਿੱਚ ਤੁਹਾਨੂੰ ਪਦਾਰਥ ਦਿੱਤਾ। ਤੁਹਾਡੀ ਚਾਂਦੀ ਮੈਨੂੰ ਮਿਲ ਗਈ ਹੈ। ਫੇਰ ਉਹ ਸ਼ਿਮਓਨ ਨੂੰ ਬਾਹਰ ਉਨ੍ਹਾਂ ਦੇ ਕੋਲ ਲੈ ਆਇਆ।
24ਤਦ ਉਹ ਪੁਰਖ ਉਨ੍ਹਾਂ ਮਨੁੱਖਾਂ ਨੂੰ ਯੂਸੁਫ਼ ਦੇ ਘਰ ਲੈ ਗਿਆ ਅਤੇ ਉਨ੍ਹਾਂ ਨੂੰ ਪਾਣੀ ਦਿੱਤਾ ਤਾਂ ਉਨ੍ਹਾਂ ਨੇ ਆਪਣੇ ਪੈਰ ਧੋਤੇ ਅਤੇ ਉਸ ਨੇ ਉਨ੍ਹਾਂ ਦੇ ਗਧਿਆਂ ਨੂੰ ਚਾਰਾ ਦਿੱਤਾ।
25ਤਦ ਉਨ੍ਹਾਂ ਨੇ ਯੂਸੁਫ਼ ਦੇ ਆਉਣ ਦੀ ਦੁਪਹਿਰ ਤੱਕ ਉਡੀਕ ਵਿੱਚ ਸੁਗ਼ਾਤ ਤਿਆਰ ਕੀਤੀ ਕਿਉਂ ਜੋ ਉਨ੍ਹਾਂ ਸੁਣਿਆ ਜੋ ਅਸੀਂ ਐਥੇ ਹੀ ਰੋਟੀ ਖਾਵਾਂਗੇ।
26ਜਦ ਯੂਸੁਫ਼ ਘਰ ਆਇਆ ਤਾਂ ਓਹ ਉਸ ਦੇ ਲਈ ਘਰ ਵਿੱਚ ਸੁਗ਼ਾਤ ਲੈ ਆਏ ਜਿਹੜੀ ਉਨ੍ਹਾਂ ਦੇ ਹੱਥਾਂ ਵਿੱਚ ਸੀ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਉਸ ਦੇ ਅੱਗੇ ਝੁਕਾਇਆ।
27ਉਸ ਨੇ ਉਨ੍ਹਾਂ ਦੀ ਸੁੱਖ-ਸਾਂਦ ਪੁੱਛੀ ਅਤੇ ਆਖਿਆ, ਕੀ ਤੁਹਾਡਾ ਪਿਤਾ ਚੰਗਾ ਭਲਾ ਹੈ? ਉਹ ਬਜ਼ੁਰਗ ਜਿਸ ਦੇ ਵਿਖੇ ਤੁਸੀਂ ਆਖਿਆ ਸੀ ਜੀਉਂਦਾ ਹੈ?
28ਉਨ੍ਹਾਂ ਆਖਿਆ, ਤੁਹਾਡਾ ਦਾਸ ਸਾਡਾ ਪਿਤਾ ਸਲਾਮਤ ਹੈ ਅਤੇ ਅੱਜ ਤੱਕ ਜੀਉਂਦਾ ਹੈ ਅਤੇ ਉਨ੍ਹਾਂ ਉਸ ਦੇ ਅੱਗੇ ਸਿਰ ਝੁਕਾ ਕੇ ਆਪ ਨੂੰ ਝੁਕਾਇਆ।
29ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਆਪਣੇ ਸੱਕੇ ਭਰਾ ਬਿਨਯਾਮੀਨ ਨੂੰ ਵੇਖਿਆ ਅਤੇ ਆਖਿਆ, ਜਿਸ ਛੋਟੇ ਭਰਾ ਦੇ ਵਿਖੇ ਤੁਸੀਂ ਮੈਨੂੰ ਆਖਿਆ ਸੀ, ਕੀ ਇਹੋ ਹੈ? ਅਤੇ ਉਸ ਨੇ ਆਖਿਆ, ਮੇਰੇ ਪੁੱਤਰ ਪਰਮੇਸ਼ੁਰ ਤੇਰੇ ਉੱਤੇ ਦਯਾ ਕਰੇ।
30ਤਦ ਯੂਸੁਫ਼ ਨੇ ਛੇਤੀ ਕੀਤੀ ਕਿਉਂ ਜੋ ਉਸ ਦਾ ਮਨ ਆਪਣੇ ਭਰਾ ਲਈ ਭਰ ਆਇਆ, ਉਹ ਕਿਤੇ ਰੋਣਾ ਚਾਹੁੰਦਾ ਸੀ ਸੋ ਉਹ ਆਪਣੀ ਕੋਠੜੀ ਵਿੱਚ ਗਿਆ ਅਤੇ ਉੱਥੇ ਰੋਇਆ।
31ਫੇਰ ਉਸ ਨੇ ਆਪਣਾ ਮੂੰਹ ਧੋਤਾ ਅਤੇ ਬਾਹਰ ਆਇਆ ਅਤੇ ਆਪਣੇ ਆਪ ਨੂੰ ਸੰਭਾਲ ਕੇ ਆਖਿਆ, ਰੋਟੀ ਪਰੋਸੋ।
32ਤਾਂ ਉਨ੍ਹਾਂ ਨੇ ਯੂਸੁਫ਼ ਦੇ ਲਈ ਵੱਖਰੀ ਅਤੇ ਉਨ੍ਹਾਂ ਲਈ ਵੱਖਰੀ ਅਤੇ ਮਿਸਰੀਆਂ ਲਈ ਜਿਹੜੇ ਉਹ ਦੇ ਨਾਲ ਖਾਂਦੇ ਸਨ, ਇਸ ਲਈ ਵੱਖਰੀ ਰੋਟੀ ਰੱਖੀ ਕਿਉਂ ਜੋ ਮਿਸਰੀ ਇਬਰਾਨੀਆਂ ਦੇ ਨਾਲ ਰੋਟੀ ਨਹੀਂ ਖਾ ਸਕਦੇ ਸਨ ਕਿਉਂ ਜੋ ਇਹ ਮਿਸਰੀਆਂ ਲਈ ਤੁੱਛ ਸੀ।
33ਓਹ ਉਸ ਦੇ ਅੱਗੇ ਬੈਠ ਗਏ, ਪਹਿਲੌਠਾ ਆਪਣੇ ਪਹਿਲੌਠੇਪਣ ਦੇ ਅਨੁਸਾਰ ਅਤੇ ਛੋਟਾ ਆਪਣੀ ਉਮਰ ਦੇ ਅਨੁਸਾਰ ਅਤੇ ਉਹ ਮਨੁੱਖ ਹੈਰਾਨੀ ਨਾਲ ਇੱਕ ਦੂਜੇ ਵੱਲ ਵੇਖਦੇ ਸਨ।
34ਤਦ ਉਸ ਆਪਣੇ ਅੱਗਿਓਂ ਭੋਜਨ ਪਦਾਰਥ ਚੁਕਵਾ ਕੇ ਉਨ੍ਹਾਂ ਨੂੰ ਦਿੱਤੇ ਅਤੇ ਬਿਨਯਾਮੀਨ ਦਾ ਥਾਲ ਉਨ੍ਹਾਂ ਦੇ ਥਾਲਾਂ ਨਾਲੋਂ ਪੰਜ ਗੁਣਾ ਵੱਧ ਸੀ, ਸੋ ਉਨ੍ਹਾਂ ਉਹ ਦੇ ਨਾਲ ਖਾਧਾ ਪੀਤਾ ਅਤੇ ਅਨੰਦ ਮਨਾਇਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath