ਉਤਪਤ 42
1ਜਦ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅੰਨ ਹੈ ਤਾਂ ਯਾਕੂਬ ਨੇ ਆਪਣੇ ਪੁੱਤਰਾਂ ਨੂੰ ਆਖਿਆ, ਤੁਸੀਂ ਕਿਉਂ ਇੱਕ ਦੂਜੇ ਵੱਲ ਵੇਖਦੇ ਹੋ?
2ਫਿਰ ਉਸ ਨੇ ਆਖਿਆ, ਵੇਖੋ ਮੈਂ ਸੁਣਿਆ ਹੈ ਕਿ ਮਿਸਰ ਵਿੱਚ ਅੰਨ ਹੈ। ਇਸ ਲਈ ਤੁਸੀਂ ਉੱਥੇ ਜਾਓ ਅਤੇ ਸਾਡੇ ਲਈ ਅੰਨ ਖਰੀਦ ਕੇ ਲੈ ਆਓ, ਤਾਂ ਜੋ ਅਸੀਂ ਜੀਉਂਦੇ ਰਹੀਏ ਅਤੇ ਮਰ ਨਾ ਜਾਈਏ।
3ਸੋ ਯੂਸੁਫ਼ ਦੇ ਦਸੇ ਭਰਾ ਮਿਸਰ ਵਿੱਚ ਅੰਨ ਖਰੀਦਣ ਲਈ ਗਏ।
4ਪਰ ਯੂਸੁਫ਼ ਦੇ ਭਰਾ ਬਿਨਯਾਮੀਨ ਨੂੰ ਯਾਕੂਬ ਨੇ ਉਸ ਦੇ ਭਰਾਵਾਂ ਦੇ ਨਾਲ ਨਾ ਭੇਜਿਆ ਕਿਉਂ ਜੋ ਉਸ ਨੇ ਆਖਿਆ ਕਿ ਕਿਤੇ ਉਸ ਦੇ ਉੱਤੇ ਕੋਈ ਬਿਪਤਾ ਨਾ ਆ ਪਵੇ।
5ਇਸ ਤਰ੍ਹਾਂ ਜੋ ਲੋਕ ਅੰਨ ਖਰੀਦਣ ਲਈ ਆਏ ਸਨ, ਉਨ੍ਹਾਂ ਦੇ ਨਾਲ ਇਸਰਾਏਲ ਦੇ ਪੁੱਤਰ ਵੀ ਆਏ ਕਿਉਂਕਿ ਕਨਾਨ ਦੇਸ਼ ਵਿੱਚ ਭਾਰੀ ਕਾਲ ਸੀ।
6ਯੂਸੁਫ਼ ਉਸ ਦੇਸ਼ ਉੱਤੇ ਹਾਕਮ ਸੀ ਅਤੇ ਉਸ ਦੇਸ਼ ਦੇ ਸਾਰੇ ਲੋਕਾਂ ਨੂੰ ਉਹੀ ਅੰਨ ਵੇਚਦਾ ਸੀ, ਇਸ ਲਈ ਜਦ ਯੂਸੁਫ਼ ਦੇ ਭਰਾ ਆਏ ਤਦ ਧਰਤੀ ਉੱਤੇ ਮੂੰਹ ਭਾਰ ਡਿੱਗ ਕੇ ਉਸ ਦੇ ਅੱਗੇ ਝੁਕੇ।
7ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਵੇਖਿਆ ਅਤੇ ਉਨ੍ਹਾਂ ਨੂੰ ਪਹਿਚਾਣ ਲਿਆ ਪਰ ਉਸ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਅੱਗੇ ਅਜਨਬੀ ਬਣਾਇਆ ਅਤੇ ਉਨ੍ਹਾਂ ਨਾਲ ਸਖ਼ਤੀ ਨਾਲ ਬੋਲਿਆ ਅਤੇ ਉਨ੍ਹਾਂ ਨੂੰ ਪੁੱਛਿਆ, ਤੁਸੀਂ ਕਿੱਥੋਂ ਆਏ ਹੋ? ਤਾਂ ਉਨ੍ਹਾਂ ਨੇ ਆਖਿਆ, ਅਸੀਂ ਕਨਾਨ ਦੇਸ਼ ਤੋਂ ਅੰਨ ਮੁੱਲ ਲੈਣ ਲਈ ਆਏ ਹਾਂ।
8ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਪਹਿਚਾਣ ਲਿਆ, ਪਰ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ।
9ਤਦ ਯੂਸੁਫ਼ ਨੂੰ ਉਹ ਸੁਫ਼ਨੇ ਜਿਹੜੇ ਉਸ ਨੇ ਉਨ੍ਹਾਂ ਦੇ ਵਿਖੇ ਵੇਖੇ ਸਨ, ਯਾਦ ਆਏ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਜਸੂਸ ਹੋ ਅਤੇ ਦੇਸ਼ ਦੀ ਦੁਰਦਸ਼ਾ ਵੇਖਣ ਲਈ ਆਏ ਹੋ।
10ਉਨ੍ਹਾਂ ਨੇ ਉਸ ਨੂੰ ਆਖਿਆ, ਨਹੀਂ ਸੁਆਮੀ ਜੀ, ਤੁਹਾਡੇ ਦਾਸ ਅੰਨ ਮੁੱਲ ਲੈਣ ਆਏ ਹਾਂ।
11ਅਸੀਂ ਸਾਰੇ ਇੱਕ ਮਨੁੱਖ ਦੇ ਪੁੱਤਰ ਹਾਂ ਅਤੇ ਅਸੀਂ ਇਮਾਨਦਾਰ ਹਾਂ। ਅਸੀਂ ਤੁਹਾਡੇ ਦਾਸ ਜਾਸੂਸ ਨਹੀਂ ਹਾਂ।
12ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਨਹੀਂ, ਸਗੋਂ ਤੁਸੀਂ ਦੇਸ਼ ਦੀ ਦੁਰਦਸ਼ਾ ਵੇਖਣ ਆਏ ਹੋ।
13ਉਨ੍ਹਾਂ ਨੇ ਆਖਿਆ, ਅਸੀਂ ਤੁਹਾਡੇ ਦਾਸ ਬਾਰਾਂ ਭਰਾ ਹਾਂ ਅਤੇ ਕਨਾਨ ਦੇਸ਼ ਦੇ ਇੱਕ ਹੀ ਮਨੁੱਖ ਦੇ ਪੁੱਤਰ ਹਾਂ ਅਤੇ ਵੇਖੋ, ਸਭ ਤੋਂ ਛੋਟਾ ਅੱਜ ਦੇ ਦਿਨ ਸਾਡੇ ਪਿਤਾ ਦੇ ਕੋਲ ਹੈ ਅਤੇ ਇੱਕ ਨਹੀਂ ਰਿਹਾ।
14ਤਦ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਇਹ ਤਾਂ ਉਹੀ ਗੱਲ ਹੈ ਜਿਹੜੀ ਮੈਂ ਤੁਹਾਡੇ ਨਾਲ ਕੀਤੀ ਕਿ ਤੁਸੀਂ ਜਾਸੂਸ ਹੋ।
15ਇਸੇ ਗੱਲ ਤੋਂ ਤੁਸੀਂ ਪਰਖੇ ਜਾਓਗੇ, ਫ਼ਿਰਊਨ ਦੀ ਜਾਨ ਦੀ ਸਹੁੰ ਜਦ ਤੱਕ ਤੁਹਾਡਾ ਛੋਟਾ ਭਰਾ ਇੱਥੇ ਨਹੀਂ ਆ ਜਾਂਦਾ ਤੁਸੀਂ ਐਥੋਂ ਨਹੀਂ ਜਾ ਸਕਦੇ।
16ਤੁਸੀਂ ਆਪਣੇ ਵਿੱਚੋਂ ਇੱਕ ਨੂੰ ਭੇਜੋ ਕਿ ਉਹ ਤੁਹਾਡੇ ਭਰਾ ਨੂੰ ਲੈ ਆਵੇ ਪਰ ਤੁਸੀਂ ਇੱਥੇ ਕੈਦੀ ਹੋ ਕੇ ਰਹੋ ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਕਿ ਤੁਹਾਡੇ ਵਿੱਚ ਸਚਿਆਈ ਹੈ ਪਰ ਜੇ ਨਹੀਂ ਤਾਂ ਫ਼ਿਰਊਨ ਦੀ ਜਾਨ ਦੀ ਸਹੁੰ ਤੁਸੀਂ ਜ਼ਰੂਰ ਜਸੂਸ ਹੋ।
17ਉਸ ਨੇ ਉਨ੍ਹਾਂ ਨੂੰ ਤਿੰਨ ਦਿਨ ਤੱਕ ਇਕੱਠੇ ਕੈਦ ਵਿੱਚ ਬੰਦ ਰੱਖਿਆ।
18ਤੀਜੇ ਦਿਨ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਅਜਿਹਾ ਕਰੋ ਤਾਂ ਜੀਉਂਦੇ ਰਹੋਗੇ, ਕਿਉਂ ਜੋ ਮੈਂ ਪਰਮੇਸ਼ੁਰ ਤੋਂ ਡਰਦਾ ਹਾਂ।
19ਜੇ ਤੁਸੀਂ ਸੱਚੇ ਹੋ ਤਾਂ ਤੁਹਾਡੇ ਭਰਾਵਾਂ ਵਿੱਚੋਂ ਇੱਕ ਉਸੇ ਕੈਦਖ਼ਾਨੇ ਵਿੱਚ ਰੱਖਿਆ ਜਾਵੇ ਅਤੇ ਤੁਸੀਂ ਕਾਲ ਲਈ ਆਪਣੇ ਘਰ ਅੰਨ ਲੈ ਕੇ ਚਲੇ ਜਾਓ।
20ਆਪਣੇ ਛੋਟੇ ਭਰਾ ਨੂੰ ਮੇਰੇ ਕੋਲ ਲੈ ਆਓ, ਤਾਂ ਜੋ ਤੁਹਾਡੀਆਂ ਗੱਲਾਂ ਪਰਖੀਆਂ ਜਾਣ ਅਤੇ ਤੁਸੀਂ ਨਾ ਮਰੋ ਤਾਂ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ।
21ਉਨ੍ਹਾਂ ਭਰਾਵਾਂ ਨੇ ਇੱਕ ਦੂਜੇ ਨੂੰ ਆਖਿਆ, ਜ਼ਰੂਰ ਹੀ ਅਸੀਂ ਆਪਣੇ ਭਰਾ ਦੇ ਕਾਰਨ ਦੋਸ਼ੀ ਹਾਂ ਕਿਉਂਕਿ ਜਦ ਅਸੀਂ ਉਸ ਦੀ ਜਾਨ ਨੂੰ ਕਸ਼ਟ ਵਿੱਚ ਵੇਖਿਆ ਅਤੇ ਉਸ ਨੇ ਸਾਡੇ ਤਰਲੇ ਕੀਤੇ ਤਾਂ ਅਸੀਂ ਉਸ ਦੀ ਨਾ ਸੁਣੀ। ਇਸੇ ਕਰਕੇ ਇਹ ਬਿਪਤਾ ਸਾਡੇ ਉੱਤੇ ਆਈ ਹੈ।
22ਤਦ ਰਊਬੇਨ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੀ ਮੈਂ ਤੁਹਾਨੂੰ ਨਹੀਂ ਸੀ ਆਖਦਾ ਕਿ ਤੁਸੀਂ ਇਸ ਮੁੰਡੇ ਨਾਲ ਪਾਪ ਨਾ ਕਰੋ? ਪਰ ਤੁਸੀਂ ਮੇਰੀ ਨਾ ਸੁਣੀ ਅਤੇ ਵੇਖੋ, ਹੁਣ ਉਸ ਦੇ ਲਹੂ ਦੀ ਪੁੱਛ ਹੋਈ ਹੈ।
23ਉਹ ਨਹੀਂ ਜਾਣਦੇ ਸਨ ਕਿ ਯੂਸੁਫ਼ ਉਨ੍ਹਾਂ ਦੀ ਭਾਸ਼ਾ ਸਮਝਦਾ ਹੈ ਕਿਉਂ ਜੋ ਉਨ੍ਹਾਂ ਦੇ ਵਿਚਕਾਰ ਇੱਕ ਤਰਜੁਮਾ ਕਰਨ ਵਾਲਾ ਸੀ।
24ਤਦ ਉਹ ਉਨ੍ਹਾਂ ਤੋਂ ਇੱਕ ਪਾਸੇ ਹੋ ਕੇ ਰੋਇਆ ਅਤੇ ਫੇਰ ਉਨ੍ਹਾਂ ਕੋਲ ਮੁੜ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਸ਼ਿਮਓਨ ਨੂੰ ਲਿਆ ਅਤੇ ਉਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਉਸ ਨੂੰ ਬੰਦੀ ਬਣਾ ਲਿਆ।
25ਫੇਰ ਯੂਸੁਫ਼ ਨੇ ਹੁਕਮ ਦਿੱਤਾ ਕਿ ਉਹ ਉਨ੍ਹਾਂ ਦੇ ਬੋਰਿਆਂ ਵਿੱਚ ਅੰਨ ਭਰ ਦੇਣ ਅਤੇ ਹਰ ਇੱਕ ਦੀ ਚਾਂਦੀ ਉਸ ਦੇ ਬੋਰੇ ਵਿੱਚ ਮੋੜ ਕੇ ਰੱਖ ਦੇਣ ਅਤੇ ਰਸਤੇ ਲਈ ਉਨ੍ਹਾਂ ਨੂੰ ਭੋਜਨ-ਸਮੱਗਰੀ ਦੇਣ ਤਾਂ ਉਨ੍ਹਾਂ ਨਾਲ ਅਜਿਹਾ ਹੀ ਕੀਤਾ ਗਿਆ।
26ਉਨ੍ਹਾਂ ਨੇ ਆਪਣੇ ਗਧਿਆਂ ਉੱਤੇ ਆਪਣਾ ਅੰਨ ਲੱਦ ਲਿਆ ਅਤੇ ਉੱਥੋਂ ਤੁਰ ਪਏ।
27ਜਦ ਇੱਕ ਨੇ ਪੜਾਉ ਉੱਤੇ ਆਪਣੇ ਗਧੇ ਨੂੰ ਚਾਰਾ ਦੇਣ ਲਈ ਆਪਣਾ ਬੋਰਾ ਖੋਲ੍ਹਿਆ ਤਾਂ ਉਸ ਨੇ ਆਪਣੀ ਚਾਂਦੀ ਵੇਖੀ ਅਤੇ ਵੇਖੋ ਉਹ ਉਸ ਦੇ ਬੋਰੇ ਦੇ ਮੂੰਹ ਉੱਤੇ ਰੱਖੀ ਹੋਈ ਸੀ।
28ਉਸ ਨੇ ਆਪਣੇ ਭਰਾਵਾਂ ਨੂੰ ਆਖਿਆ, ਮੇਰੀ ਚਾਂਦੀ ਮੋੜ ਦਿੱਤੀ ਗਈ ਹੈ ਅਤੇ ਵੇਖੋ ਉਹ ਮੇਰੇ ਬੋਰੇ ਵਿੱਚ ਹੀ ਹੈ। ਤਦ ਉਨ੍ਹਾਂ ਦੇ ਦਿਲ ਬੈਠ ਗਏ ਅਤੇ ਕੰਬਦੇ ਹੋਏ ਇੱਕ ਦੂਜੇ ਨੂੰ ਆਖਣ ਲੱਗੇ, ਇਹ ਕੀ ਹੈ ਜੋ ਪਰਮੇਸ਼ੁਰ ਨੇ ਸਾਡੇ ਨਾਲ ਕੀਤਾ ਹੈ?
29ਉਹ ਆਪਣੇ ਪਿਤਾ ਯਾਕੂਬ ਕੋਲ ਕਨਾਨ ਦੇਸ਼ ਵਿੱਚ ਆਏ ਅਤੇ ਸਭ ਕੁਝ ਜੋ ਉਨ੍ਹਾਂ ਉੱਤੇ ਬੀਤਿਆ ਸੀ, ਉਹ ਨੂੰ ਦੱਸਿਆ:
30ਉਹ ਮਨੁੱਖ ਜਿਹੜਾ ਉਸ ਦੇਸ਼ ਦਾ ਹਾਕਮ ਹੈ, ਸਾਡੇ ਨਾਲ ਸਖਤੀ ਨਾਲ ਬੋਲਿਆ ਅਤੇ ਸਾਨੂੰ ਦੇਸ਼ ਦਾ ਜਸੂਸ ਠਹਿਰਾਇਆ।
31ਅਸੀਂ ਉਸ ਨੂੰ ਆਖਿਆ, ਅਸੀਂ ਸੱਚੇ ਹਾਂ ਅਤੇ ਜਸੂਸ ਨਹੀਂ ਹਾਂ।
32ਅਸੀਂ ਬਾਰਾਂ ਭਰਾ ਇੱਕ ਹੀ ਪਿਤਾ ਦੇ ਪੁੱਤਰ ਹਾਂ। ਇੱਕ ਨਹੀਂ ਰਿਹਾ ਅਤੇ ਛੋਟਾ ਅੱਜ ਦੇ ਦਿਨ ਆਪਣੇ ਪਿਤਾ ਦੇ ਕੋਲ ਕਨਾਨ ਦੇਸ਼ ਵਿੱਚ ਹੈ।
33ਤਦ ਉਸ ਮਨੁੱਖ ਨੇ ਜਿਹੜਾ ਉਸ ਦੇਸ਼ ਦਾ ਹਾਕਮ ਹੈ ਆਖਿਆ, ਮੈਂ ਇਸ ਤੋਂ ਜਾਣਾਂਗਾ ਕਿ ਤੁਸੀਂ ਸੱਚੇ ਹੋ, ਜੇਕਰ ਆਪਣਾ ਇੱਕ ਭਰਾ ਮੇਰੇ ਕੋਲ ਛੱਡੋ ਅਤੇ ਆਪਣੇ ਘਰ ਵਾਸਤੇ ਕਾਲ ਲਈ ਅੰਨ ਲੈ ਕੇ ਚਲੇ ਜਾਓ
34ਅਤੇ ਆਪਣਾ ਛੋਟਾ ਭਰਾ ਮੇਰੇ ਕੋਲ ਲੈ ਆਓ, ਤਦ ਮੈਂ ਜਾਣਾਂਗਾ ਕਿ ਤੁਸੀਂ ਖੋਜੀ ਨਹੀਂ ਹੋ, ਸਗੋਂ ਤੁਸੀਂ ਸੱਚੇ ਹੋ। ਫਿਰ ਮੈਂ ਤੁਹਾਡੇ ਭਰਾ ਨੂੰ ਤੁਹਾਨੂੰ ਦੇ ਦਿਆਂਗਾ ਅਤੇ ਤੁਸੀਂ ਇਸ ਦੇਸ਼ ਵਿੱਚ ਵਪਾਰ ਕਰ ਸਕਦੇ ਹੋ।
35ਜਦ ਉਹ ਆਪਣੇ ਬੋਰੇ ਖਾਲੀ ਕਰ ਰਹੇ ਸਨ ਤਾਂ ਵੇਖੋ ਹਰ ਇੱਕ ਦੀ ਚਾਂਦੀ ਦੀ ਥੈਲੀ ਉਸ ਦੇ ਬੋਰੇ ਵਿੱਚ ਸੀ ਤਾਂ ਉਹ ਅਤੇ ਉਨ੍ਹਾਂ ਦਾ ਪਿਤਾ ਆਪਣੀਆਂ ਥੈਲੀਆਂ ਨੂੰ ਵੇਖ ਕੇ ਡਰ ਗਏ।
36ਉਨ੍ਹਾਂ ਦੇ ਪਿਤਾ ਯਾਕੂਬ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਮੈਨੂੰ ਮੇਰੀ ਸੰਤਾਨ ਤੋਂ ਵਾਂਝਿਆਂ ਕੀਤਾ ਹੈ। ਯੂਸੁਫ਼ ਨਹੀਂ ਰਿਹਾ ਅਤੇ ਸ਼ਿਮਓਨ ਵੀ ਨਹੀਂ ਆਇਆ, ਹੁਣ ਤੁਸੀਂ ਬਿਨਯਾਮੀਨ ਨੂੰ ਲੈ ਜਾਣਾ ਚਾਹੁੰਦੇ ਹੋ। ਇਹ ਸਾਰੀਆਂ ਗੱਲਾਂ ਮੇਰੇ ਵਿਰੁੱਧ ਹੋਈਆਂ ਹਨ।
37ਤਦ ਰਊਬੇਨ ਨੇ ਆਪਣੇ ਪਿਤਾ ਨੂੰ ਇਹ ਆਖਿਆ, ਜੇ ਮੈਂ ਉਸ ਨੂੰ ਤੇਰੇ ਕੋਲ ਨਾ ਲਿਆਵਾਂ ਤਾਂ ਤੂੰ ਮੇਰੇ ਦੋਹਾਂ ਪੁੱਤਰਾਂ ਨੂੰ ਮਾਰ ਦੇਵੀਂ। ਤੂੰ ਉਹ ਨੂੰ ਮੇਰੇ ਨਾਲ ਭੇਜ ਦੇ ਅਤੇ ਮੈਂ ਉਸ ਨੂੰ ਤੇਰੇ ਕੋਲ ਮੋੜ ਲਿਆਵਾਂਗਾ।
38ਪਰ ਉਸ ਨੇ ਆਖਿਆ, ਮੇਰਾ ਪੁੱਤਰ ਤੁਹਾਡੇ ਨਾਲ ਨਹੀਂ ਜਾਵੇਗਾ ਕਿਉਂ ਜੋ ਉਸ ਦਾ ਭਰਾ ਮਰ ਗਿਆ ਅਤੇ ਉਹ ਇਕੱਲਾ ਰਹਿ ਗਿਆ ਹੈ। ਜੇ ਰਸਤੇ ਵਿੱਚ ਜਿੱਥੋਂ ਤੁਸੀਂ ਜਾਂਦੇ ਹੋ ਕੋਈ ਬਿਪਤਾ ਉਸ ਦੇ ਉੱਤੇ ਆਣ ਪਵੇ, ਤਾਂ ਤੁਸੀਂ ਮੈਨੂੰ ਇਸ ਬੁਢਾਪੇ ਵਿੱਚ ਦੁੱਖ ਨਾਲ ਪਤਾਲ ਵਿੱਚ ਉਤਾਰੋਗੇ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath