ਉਤਪਤ 40
1ਇਹਨਾਂ ਗੱਲਾਂ ਦੇ ਬਾਅਦ ਅਜਿਹਾ ਹੋਇਆ ਕਿ ਮਿਸਰ ਦੇ ਰਾਜਾ ਦਾ ਸਾਕੀ ਅਤੇ ਰਸੋਈਆ ਆਪਣੇ ਸੁਆਮੀ ਅਰਥਾਤ ਮਿਸਰ ਦੇ ਰਾਜੇ ਦੇ ਵਿਰੁੱਧ ਕੁਝ ਅਪਰਾਧ ਕੀਤਾ।
2ਤਦ ਫ਼ਿਰਊਨ ਆਪਣੇ ਦੋਹਾਂ ਪ੍ਰਧਾਨਾਂ ਦੇ ਉੱਤੇ ਅਰਥਾਤ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਉੱਤੇ ਗੁੱਸੇ ਹੋਇਆ
3ਅਤੇ ਉਸ ਨੇ ਉਨ੍ਹਾਂ ਨੂੰ ਅੰਗ-ਰੱਖਿਅਕਾਂ ਦੇ ਪ੍ਰਧਾਨ ਦੇ ਘਰ ਵਿੱਚ ਅਰਥਾਤ ਉਸੇ ਕੈਦਖ਼ਾਨੇ ਵਿੱਚ ਜਿੱਥੇ ਯੂਸੁਫ਼ ਕੈਦ ਸੀ, ਬੰਦ ਕਰ ਦਿੱਤਾ।
4ਅੰਗ-ਰੱਖਿਅਕਾਂ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਯੂਸੁਫ਼ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੇ ਉਨ੍ਹਾਂ ਦੀ ਸੇਵਾ ਕੀਤੀ ਜਦ ਤੱਕ ਉਹ ਕੈਦ ਵਿੱਚ ਰਹੇ।
5ਮਿਸਰ ਦੇ ਰਾਜਾ ਦੇ ਸਾਕੀ ਅਤੇ ਰਸੋਈਏ ਨੇ ਜਿਹੜੇ ਕੈਦਖ਼ਾਨੇ ਵਿੱਚ ਬੰਦ ਸਨ, ਉਨ੍ਹਾਂ ਦੋਹਾਂ ਨੇ ਇੱਕੋ ਹੀ ਰਾਤ ਆਪਣੇ-ਆਪਣੇ ਫਲ ਅਨੁਸਾਰ ਸੁਫ਼ਨਾ ਵੇਖਿਆ।
6ਜਦ ਯੂਸੁਫ਼ ਸਵੇਰੇ ਉਨ੍ਹਾਂ ਦੇ ਕੋਲ ਅੰਦਰ ਗਿਆ ਅਤੇ ਉਨ੍ਹਾਂ ਨੂੰ ਵੇਖਿਆ ਤਾਂ ਵੇਖੋ ਉਹ ਉਦਾਸ ਸਨ।
7ਉਸ ਨੇ ਫ਼ਿਰਊਨ ਦੇ ਉਨ੍ਹਾਂ ਪ੍ਰਧਾਨਾਂ ਨੂੰ ਜਿਹੜੇ ਉਸ ਦੇ ਨਾਲ ਉਸ ਦੇ ਸੁਆਮੀ ਦੇ ਘਰ ਕੈਦ ਵਿੱਚ ਸਨ, ਪੁੱਛਿਆ, ਅੱਜ ਤੁਹਾਡੇ ਚਿਹਰੇ ਕਿਉਂ ਉਦਾਸ ਹਨ?
8ਤਦ ਉਨ੍ਹਾਂ ਨੇ ਉਸ ਨੂੰ ਆਖਿਆ, ਅਸੀਂ ਇੱਕ ਸੁਫ਼ਨਾ ਵੇਖਿਆ ਹੈ, ਜਿਸ ਦਾ ਅਰਥ ਦੱਸਣ ਵਾਲਾ ਕੋਈ ਨਹੀਂ ਹੈ ਤਾਂ ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, ਕੀ ਸੁਫ਼ਨਿਆਂ ਦਾ ਅਰਥ ਦੱਸਣਾ ਪਰਮੇਸ਼ੁਰ ਦਾ ਕੰਮ ਨਹੀਂ ਹੈ? ਤੁਸੀਂ ਆਪਣੇ-ਆਪਣੇ ਸੁਫ਼ਨੇ ਮੈਨੂੰ ਦੱਸੋ?
9ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਆਪਣਾ ਸੁਫ਼ਨਾ ਦੱਸਿਆ ਅਤੇ ਆਖਿਆ, ਵੇਖੋ ਮੇਰੇ ਸੁਫ਼ਨੇ ਵਿੱਚ ਦਾਖ਼ ਦੀ ਇੱਕ ਵੇਲ ਮੇਰੇ ਸਨਮੁਖ ਸੀ,
10ਅਤੇ ਉਸ ਵੇਲ ਵਿੱਚ ਤਿੰਨ ਟਹਿਣੀਆਂ ਸਨ ਅਤੇ ਜਾਣੋ ਉਹ ਨੂੰ ਕਲੀਆਂ ਨਿੱਕਲੀਆਂ ਅਤੇ ਫੁੱਲ ਲੱਗੇ ਅਤੇ ਉਸ ਦੇ ਗੁੱਛਿਆਂ ਵਿੱਚ ਦਾਖ਼ ਪੱਕ ਗਈ।
11ਫ਼ਿਰਊਨ ਦਾ ਪਿਆਲਾ ਮੇਰੇ ਹੱਥ ਵਿੱਚ ਸੀ, ਅਤੇ ਮੈਂ ਦਾਖ਼ਾਂ ਨੂੰ ਲੈ ਕੇ ਫ਼ਿਰਊਨ ਦੇ ਪਿਆਲੇ ਵਿੱਚ ਨਿਚੋੜਿਆ ਅਤੇ ਉਹ ਪਿਆਲਾ ਮੈਂ ਫ਼ਿਰਊਨ ਦੀ ਹਥੇਲੀ ਉੱਤੇ ਰੱਖਿਆ।
12ਤਦ ਯੂਸੁਫ਼ ਨੇ ਉਸ ਨੂੰ ਆਖਿਆ, ਇਸ ਦਾ ਅਰਥ ਇਹ ਹੈ ਕਿ ਉਹ ਤਿੰਨ ਟਹਿਣੀਆਂ ਤਿੰਨ ਦਿਨ ਹਨ।
13ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਉੱਚਾ ਕਰੇਗਾ ਅਤੇ ਤੈਨੂੰ ਤੇਰੇ ਅਹੁਦੇ ਉੱਤੇ ਫੇਰ ਖੜ੍ਹਾ ਕਰੇਗਾ ਅਤੇ ਤੂੰ ਪਹਿਲਾਂ ਦੀ ਤਰ੍ਹਾਂ ਜਦ ਤੂੰ ਉਹ ਦਾ ਸਾਕੀ ਸੀ, ਫਿਰ ਤੋਂ ਫ਼ਿਰਊਨ ਦੇ ਹੱਥ ਵਿੱਚ ਪਿਆਲਾ ਦੇਵੇਂਗਾ।
14ਜਦ ਤੇਰਾ ਭਲਾ ਹੋਵੇ ਤਾਂ ਤੂੰ ਮੈਨੂੰ ਯਾਦ ਰੱਖੀਂ ਅਤੇ ਮੇਰੇ ਉੱਤੇ ਕਿਰਪਾ ਕਰਕੇ ਫ਼ਿਰਊਨ ਨੂੰ ਮੇਰੇ ਬਾਰੇ ਦੱਸੀਂ ਅਤੇ ਮੈਨੂੰ ਇਸ ਘਰ ਵਿੱਚੋਂ ਬਾਹਰ ਕਢਾਈਂ।
15ਕਿਉਂ ਜੋ ਸੱਚ-ਮੁੱਚ ਮੈਂ ਇਬਰਾਨੀਆਂ ਦੇ ਦੇਸ਼ ਵਿੱਚੋਂ ਚੁਰਾਇਆ ਗਿਆ ਹਾਂ ਅਤੇ ਇੱਥੇ ਵੀ ਮੈਂ ਕੁਝ ਨਹੀਂ ਕੀਤਾ ਕਿ ਉਹ ਮੈਨੂੰ ਇਸ ਕੈਦ ਵਿੱਚ ਰੱਖਣ।
16ਜਦ ਰਸੋਈਆਂ ਦੇ ਮੁਖੀਏ ਨੇ ਵੇਖਿਆ ਕਿ ਉਸ ਦੇ ਸੁਫ਼ਨੇ ਦਾ ਅਰਥ ਚੰਗਾ ਹੈ ਤਾਂ ਉਸ ਨੇ ਯੂਸੁਫ਼ ਨੂੰ ਆਖਿਆ, ਮੈਂ ਵੀ ਇੱਕ ਸੁਫ਼ਨਾ ਵੇਖਿਆ, ਅਤੇ ਵੇਖੋ ਮੇਰੇ ਸਿਰ ਉੱਤੇ ਚਿੱਟੀਆਂ ਰੋਟੀਆਂ ਦੀਆਂ ਤਿੰਨ ਟੋਕਰੀਆਂ ਸਨ।
17ਅਤੇ ਸਭ ਤੋਂ ਉੱਪਰਲੀ ਟੋਕਰੀ ਵਿੱਚ ਫ਼ਿਰਊਨ ਲਈ ਭਿੰਨ-ਭਿੰਨ ਪ੍ਰਕਾਰ ਦਾ ਪਕਾਇਆ ਹੋਇਆ ਭੋਜਨ ਸੀ ਅਤੇ ਪੰਛੀ ਮੇਰੇ ਸਿਰ ਉੱਪਰਲੀ ਟੋਕਰੀ ਵਿੱਚੋਂ ਖਾਂਦੇ ਸਨ।
18ਤਦ ਯੂਸੁਫ਼ ਨੇ ਉੱਤਰ ਦੇ ਕੇ ਆਖਿਆ, ਇਸ ਦਾ ਅਰਥ ਇਹ ਹੈ ਕਿ ਇਹ ਤਿੰਨ ਟੋਕਰੀਆਂ ਤਿੰਨ ਦਿਨ ਹਨ।
19ਇਨ੍ਹਾਂ ਤਿੰਨਾਂ ਦਿਨਾਂ ਵਿੱਚ ਫ਼ਿਰਊਨ ਤੇਰਾ ਸਿਰ ਤੇਰੇ ਉੱਤੋਂ ਲਾਹ ਦੇਵੇਗਾ ਅਤੇ ਤੈਨੂੰ ਇੱਕ ਰੁੱਖ ਨਾਲ ਟੰਗ ਦੇਵੇਗਾ ਅਤੇ ਪੰਛੀ ਤੇਰਾ ਮਾਸ ਖਾਣਗੇ।
20ਫਿਰ ਤੀਜੇ ਦਿਨ, ਫ਼ਿਰਊਨ ਦਾ ਜਨਮ ਦਿਨ ਸੀ ਅਤੇ ਉਸ ਨੇ ਆਪਣੇ ਸਾਰੇ ਕਰਮਚਾਰੀਆਂ ਲਈ ਦਾਵਤ ਕੀਤੀ ਅਤੇ ਆਪਣੇ ਕਰਮਚਾਰੀਆਂ ਵਿੱਚੋਂ ਸਾਕੀਆਂ ਦੇ ਮੁਖੀਏ ਅਤੇ ਰਸੋਈਆਂ ਦੇ ਮੁਖੀਏ ਦਾ ਸਿਰ ਉੱਚਾ ਕੀਤਾ।
21ਪਰ ਉਸ ਨੇ ਸਾਕੀਆਂ ਦੇ ਮੁਖੀਏ ਨੂੰ ਤਾਂ ਉਹ ਦੇ ਅਹੁਦੇ ਉੱਤੇ ਫਿਰ ਨਿਯੁਕਤ ਕੀਤਾ ਤਾਂ ਜੋ ਉਹ ਫ਼ਿਰਊਨ ਦੀ ਹਥੇਲੀ ਉੱਤੇ ਪਿਆਲਾ ਰੱਖੇ
22ਪਰ ਉਸ ਨੇ ਰਸੋਈਆਂ ਦੇ ਮੁਖੀਏ ਨੂੰ ਫਾਂਸੀ ਦੇ ਦਿੱਤੀ ਜਿਵੇਂ ਯੂਸੁਫ਼ ਨੇ ਉਨ੍ਹਾਂ ਦੇ ਸੁਫ਼ਨਿਆਂ ਦਾ ਅਰਥ ਦੱਸਿਆ ਸੀ।
23ਪਰ ਸਾਕੀਆਂ ਦੇ ਮੁਖੀਏ ਨੇ ਯੂਸੁਫ਼ ਨੂੰ ਯਾਦ ਨਾ ਰੱਖਿਆ ਪਰ ਉਸ ਨੂੰ ਭੁੱਲ ਗਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath