ਈਸਾਈ
ਪਿੱਛੇ

ਉਤਪਤ 34

1ਫਿਰ ਲੇਆਹ ਦੀ ਧੀ ਦੀਨਾਹ, ਜਿਹੜੀ ਯਾਕੂਬ ਤੋਂ ਪੈਦਾ ਹੋਈ ਸੀ, ਉਸ ਦੇਸ਼ ਦੀਆਂ ਧੀਆਂ ਨੂੰ ਮਿਲਣ ਲਈ ਬਾਹਰ ਗਈ।

2ਤਦ ਹਮੋਰ ਹਿੱਵੀ ਦੇ ਪੁੱਤਰ ਸ਼ਕਮ, ਉਸ ਦੇਸ਼ ਦੇ ਸ਼ਹਿਜ਼ਾਦੇ ਨੇ ਉਹ ਨੂੰ ਵੇਖਿਆ ਅਤੇ ਉਹ ਨੂੰ ਲੈ ਕੇ ਉਹ ਦੇ ਨਾਲ ਕੁਕਰਮ ਕੀਤਾ ਅਤੇ ਉਸ ਨੂੰ ਭਰਿਸ਼ਟ ਕੀਤਾ।

3ਤਦ ਉਸ ਦਾ ਦਿਲ ਯਾਕੂਬ ਦੀ ਧੀ ਦੀਨਾਹ ਨਾਲ ਲੱਗ ਗਿਆ ਅਤੇ ਉਹ ਨੇ ਉਸ ਕੁੜੀ ਨਾਲ ਪ੍ਰੇਮ ਕੀਤਾ ਅਤੇ ਉਸ ਕੁੜੀ ਨਾਲ ਮਿੱਠੇ ਬੋਲ ਬੋਲੇ।

4ਸੋ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੇ ਨਾਲ ਵਿਆਹੁਣ ਲਈ ਲੈ ਦੇ।

5ਯਾਕੂਬ ਨੇ ਸੁਣਿਆ ਕਿ ਸ਼ਕਮ ਨੇ ਮੇਰੀ ਧੀ ਦੀਨਾਹ ਨੂੰ ਭਰਿਸ਼ਟ ਕੀਤਾ ਹੈ ਪਰ ਉਹ ਦੇ ਪੁੱਤਰ ਪਸ਼ੂਆਂ ਦੇ ਨਾਲ ਮੈਦਾਨ ਨੂੰ ਗਏ ਹੋਏ ਸਨ, ਇਸ ਲਈ ਯਾਕੂਬ ਉਹਨਾਂ ਦੇ ਆਉਣ ਤੱਕ ਚੁੱਪ ਰਿਹਾ।

6ਫਿਰ ਹਮੋਰ ਸ਼ਕਮ ਦਾ ਪਿਤਾ ਯਾਕੂਬ ਦੇ ਨਾਲ ਗੱਲਾਂ ਕਰਨ ਲਈ ਉਹ ਦੇ ਕੋਲ ਬਾਹਰ ਗਿਆ

7ਅਤੇ ਯਾਕੂਬ ਦੇ ਪੁੱਤਰ ਇਹ ਸੁਣਦਿਆਂ ਹੀ ਮੈਦਾਨ ਤੋਂ ਬਹੁਤ ਦੁਖੀ ਹੋ ਕੇ ਅਤੇ ਗੁੱਸੇ ਵਿੱਚ ਆਏ ਕਿਉਂ ਜੋ ਸ਼ਕਮ ਨੇ ਯਾਕੂਬ ਦੀ ਧੀ ਨਾਲ ਲੇਟ ਕੇ ਇਸਰਾਏਲ ਵਿੱਚ ਅਜਿਹੀ ਮੂਰਖਤਾਈ ਕੀਤੀ ਸੀ ਜੋ ਉਸ ਨੂੰ ਨਹੀਂ ਕਰਨੀ ਚਾਹੀਦੀ ਸੀ।

8ਹਮੋਰ ਨੇ ਉਨ੍ਹਾਂ ਦੇ ਨਾਲ ਇਹ ਗੱਲ ਕੀਤੀ, ਮੇਰੇ ਪੁੱਤਰ ਸ਼ਕਮ ਦਾ ਦਿਲ ਤੁਹਾਡੀ ਧੀ ਨਾਲ ਲੱਗ ਗਿਆ ਹੈ, ਇਸ ਲਈ ਉਹ ਨੂੰ ਇਹ ਦੇ ਨਾਲ ਵਿਆਹ ਦਿਉ,

9ਅਤੇ ਸਾਡੇ ਨਾਲ ਰਿਸ਼ਤੇਦਾਰੀ ਕਰੋ। ਸਾਨੂੰ ਆਪਣੀਆਂ ਧੀਆਂ ਦੇ ਦਿਉ ਅਤੇ ਆਪਣੇ ਲਈ ਸਾਡੀਆਂ ਧੀਆਂ ਲੈ ਲਉ,

10ਅਤੇ ਸਾਡੇ ਨਾਲ ਵੱਸੋ ਅਤੇ ਇਹ ਦੇਸ਼ ਤੁਹਾਡੇ ਅੱਗੇ ਹੈ, ਇੱਥੇ ਵੱਸੋ ਅਤੇ ਵਣਜ-ਵਪਾਰ ਕਰੋ ਅਤੇ ਉਸ ਨੂੰ ਆਪਣੀ ਨਿੱਜ-ਸੰਪਤੀ ਬਣਾਓ।

11ਸ਼ਕਮ ਨੇ ਵੀ ਦੀਨਾਹ ਦੇ ਪਿਤਾ ਅਤੇ ਉਹ ਦੇ ਭਰਾਵਾਂ ਨੂੰ ਆਖਿਆ, ਜੇ ਤੁਹਾਡੀ ਨਿਗਾਹ ਵਿੱਚ ਮੇਰੇ ਲਈ ਦਯਾ ਹੋਵੇ ਤਾਂ ਜੋ ਤੁਸੀਂ ਮੈਨੂੰ ਆਖੋ, ਸੋ ਮੈਂ ਦਿਆਂਗਾ।

12ਜਿੰਨ੍ਹਾਂ ਵੀ ਦਾਜ ਅਤੇ ਦਾਨ ਤੁਸੀਂ ਮੇਰੇ ਉੱਤੇ ਲਾ ਦਿਓਗੇ, ਮੈਂ ਤੁਹਾਡੇ ਆਖੇ ਅਨੁਸਾਰ ਦਿਆਂਗਾ ਪਰ ਇਹ ਕੁੜੀ ਮੇਰੇ ਨਾਲ ਵਿਆਹ ਦਿਉ।

13ਤਦ ਇਹ ਸੋਚ ਕੇ ਕਿ ਸ਼ਕਮ ਨੇ ਉਨ੍ਹਾਂ ਦੀ ਭੈਣ ਦੀਨਾਹ ਨੂੰ ਭਰਿਸ਼ਟ ਕੀਤਾ ਹੈ, ਯਾਕੂਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਹ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।

14ਉਨ੍ਹਾਂ ਨੂੰ ਆਖਿਆ, ਅਸੀਂ ਇਹ ਕੰਮ ਨਹੀਂ ਕਰ ਸਕਦੇ ਜੋ ਆਪਣੀ ਭੈਣ ਬੇਸੁੰਨਤੇ ਮਨੁੱਖ ਨੂੰ ਦੇਈਏ ਕਿਉਂ ਜੋ ਇਸ ਤੋਂ ਸਾਡੀ ਬਦਨਾਮੀ ਹੋਵੇਗੀ।

15ਅਸੀਂ ਸਿਰਫ਼ ਤਾਂ ਹੀ ਤੁਹਾਡੀ ਗੱਲ ਮੰਨਾਂਗੇ, ਜੇ ਤੁਸੀਂ ਸਾਡੇ ਵਾਂਗੂੰ ਹੋ ਜਾਓ ਅਤੇ ਤੁਹਾਡੇ ਵਿੱਚ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਏ।

16ਤਦ ਅਸੀਂ ਆਪਣੀਆਂ ਧੀਆਂ ਤੁਹਾਨੂੰ ਦਿਆਂਗੇ, ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲਵਾਂਗੇ, ਅਤੇ ਅਸੀਂ ਤੁਹਾਡੇ ਸੰਗ ਵੱਸਾਂਗੇ ਅਤੇ ਅਸੀਂ ਇੱਕ ਕੌਮ ਬਣ ਜਾਂਵਾਂਗੇ।

17ਪਰ ਜੇ ਤੁਸੀਂ ਸੁੰਨਤ ਕਰਾਉਣ ਦੇ ਵਿਖੇ ਸਾਡੀ ਨਹੀਂ ਸੁਣੋਗੇ ਤਾਂ ਅਸੀਂ ਆਪਣੀ ਧੀ ਲੈ ਕੇ ਚਲੇ ਜਾਂਵਾਂਗੇ।

18ਉਨ੍ਹਾਂ ਦੀਆਂ ਗੱਲਾਂ ਹਮੋਰ ਦੇ ਮਨ ਵਿੱਚ ਅਤੇ ਉਸ ਦੇ ਪੁੱਤਰ ਸ਼ਕਮ ਦੇ ਮਨ ਵਿੱਚ ਚੰਗੀਆਂ ਲੱਗੀਆਂ

19ਅਤੇ ਉਸ ਜਵਾਨ ਨੇ ਇਹ ਗੱਲ ਕਰਨ ਵਿੱਚ ਇਸ ਲਈ ਦੇਰੀ ਨਾ ਕੀਤੀ, ਕਿਉਂ ਜੋ ਉਹ ਯਾਕੂਬ ਦੀ ਧੀ ਨੂੰ ਬਹੁਤ ਚਾਹੁੰਦਾ ਸੀ ਅਤੇ ਉਹ ਆਪਣੇ ਪਿਤਾ ਦੇ ਸਾਰੇ ਘਰ ਵਿੱਚ ਮਾਣ-ਸਨਮਾਨ ਵਾਲਾ ਸੀ।

20ਤਦ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੇ ਨਗਰ ਦੇ ਫਾਟਕ ਕੋਲ ਜਾ ਕੇ ਮਨੁੱਖਾਂ ਨਾਲ ਇਹ ਗੱਲ ਕੀਤੀ,

21ਇਹ ਮਨੁੱਖ ਸਾਡੇ ਨਾਲ ਮਿਲ-ਜੁਲ ਕੇ ਰਹਿਣਾ ਚਾਹੁੰਦੇ ਹਨ, ਇਸ ਲਈ ਓਹ ਇਸ ਦੇਸ਼ ਵਿੱਚ ਵੱਸਣ ਅਤੇ ਵਪਾਰ ਕਰਨ ਅਤੇ ਵੇਖੋ, ਇਹ ਦੇਸ਼ ਉਨ੍ਹਾਂ ਲਈ ਕਾਫੀ ਹੈ। ਉਨ੍ਹਾਂ ਦੀਆਂ ਧੀਆਂ ਅਸੀਂ ਆਪਣੇ ਲਈ ਅਤੇ ਆਪਣੇ ਪੁੱਤਰਾਂ ਲਈ ਵਿਆਹ ਲਵਾਂਗੇ ਅਤੇ ਆਪਣੀਆਂ ਧੀਆਂ ਉਨ੍ਹਾਂ ਨੂੰ ਦਿਆਂਗੇ।

22ਪਰ ਇਹ ਮਨੁੱਖ ਸਿਰਫ਼ ਇਸ ਗੱਲ ਤੋਂ ਸਾਡੇ ਨਾਲ ਵੱਸਣ ਲਈ ਮੰਨਣਗੇ ਅਤੇ ਇੱਕ ਕੌਮ ਹੋਣਗੇ ਜੇਕਰ ਉਨ੍ਹਾਂ ਦੀ ਤਰ੍ਹਾਂ ਸਾਡੇ ਵੀ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਜਾਵੇ, ਜਿਵੇਂ ਉਨ੍ਹਾਂ ਦੀ ਸੁੰਨਤ ਕੀਤੀ ਗਈ ਹੈ।

23ਭਲਾ, ਉਨ੍ਹਾਂ ਦੀਆਂ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦ, ਉਨ੍ਹਾਂ ਦਾ ਮਾਲ ਧਨ ਅਤੇ ਉਨ੍ਹਾਂ ਦੇ ਸਾਰੇ ਡੰਗਰ ਸਾਡੇ ਨਹੀਂ ਹੋ ਜਾਣਗੇ? ਅਸੀਂ ਸਿਰਫ਼ ਉਨ੍ਹਾਂ ਦੀ ਗੱਲ ਨੂੰ ਮੰਨੀਏ ਤਾਂ ਓਹ ਸਾਡੇ ਨਾਲ ਵੱਸਣਗੇ।

24ਤਦ ਸਾਰਿਆਂ ਨੇ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ, ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਦੀ ਗੱਲ ਸੁਣੀ ਅਤੇ ਉਨ੍ਹਾਂ ਸਾਰਿਆਂ ਵਿੱਚੋਂ ਜਿਹੜੇ ਉਸ ਦੇ ਨਗਰ ਦੇ ਫਾਟਕ ਤੋਂ ਬਾਹਰ ਜਾਂਦੇ ਸਨ ਹਰ ਇੱਕ ਪੁਰਖ ਦੀ ਸੁੰਨਤ ਕਰਾਈ ਗਈ।

25ਤੀਜੇ ਦਿਨ ਅਜਿਹਾ ਹੋਇਆ ਕਿ ਜਦ ਓਹ ਦਰਦ ਵਿੱਚ ਸਨ ਤਾਂ ਯਾਕੂਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ ਆਪਣੀਆਂ ਤਲਵਾਰਾਂ ਲੈ ਕੇ ਉਸ ਨਗਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।

26ਉਨ੍ਹਾਂ ਨੇ ਹਮੋਰ ਨੂੰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਵੀ ਤਲਵਾਰ ਦੀ ਧਾਰ ਨਾਲ ਮਾਰ ਸੁੱਟਿਆ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਬਾਹਰ ਨਿੱਕਲ ਗਏ।

27ਯਾਕੂਬ ਦੇ ਪੁੱਤਰਾਂ ਨੂੰ ਨਾਸ ਕਰਨ ਤੋਂ ਬਾਅਦ ਵੀ ਉਸ ਨਗਰ ਨੂੰ ਲੁੱਟ ਲਿਆ, ਕਿਉਂ ਜੋ ਉੱਥੇ ਹੀ ਉਨ੍ਹਾਂ ਦੀ ਭੈਣ ਨੂੰ ਭਰਿਸ਼ਟ ਕੀਤਾ ਗਿਆ ਸੀ।

28ਉਨ੍ਹਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਨਗਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ।

29ਉਹ ਉਨ੍ਹਾਂ ਦਾ ਸਾਰਾ ਧਨ ਅਤੇ ਉਨ੍ਹਾਂ ਦੇ ਸਾਰੇ ਬੱਚਿਆਂ ਅਤੇ ਇਸਤਰੀਆਂ ਨੂੰ ਫੜ੍ਹ ਕੇ ਲੈ ਗਏ ਅਤੇ ਜੋ ਕੁਝ ਘਰ ਵਿੱਚ ਸੀ, ਉਨ੍ਹਾਂ ਨੇ ਲੁੱਟ ਲਿਆ।

30ਤਦ ਯਾਕੂਬ ਨੇ ਸ਼ਿਮਓਨ ਅਤੇ ਲੇਵੀ ਨੂੰ ਆਖਿਆ, ਤੁਸੀਂ ਮੈਨੂੰ ਸੰਕਟ ਵਿੱਚ ਪਾ ਦਿੱਤਾ ਅਤੇ ਇਸ ਦੇਸ਼ ਦੇ ਵਾਸੀਆਂ, ਕਨਾਨੀਆਂ ਅਤੇ ਫ਼ਰਿੱਜ਼ੀਆਂ ਦੇ ਸਾਹਮਣੇ ਮੇਰੀ ਬਦਨਾਮੀ ਕੀਤੀ ਹੈ, ਮੇਰੇ ਕੋਲ ਥੋੜ੍ਹੇ ਜਿਹੇ ਆਦਮੀ ਹਨ, ਇਸ ਲਈ ਹੁਣ ਓਹ ਮੇਰੇ ਵਿਰੁੱਧ ਇਕੱਠੇ ਹੋ ਕੇ ਮੈਨੂੰ ਮਾਰਨਗੇ ਅਤੇ ਮੇਰਾ ਅਤੇ ਮੇਰੇ ਘਰ ਦਾ ਵਿਨਾਸ਼ ਹੋ ਜਾਵੇਗਾ।

31ਪਰ ਉਨ੍ਹਾਂ ਨੇ ਆਖਿਆ, ਭਲਾ, ਉਹ ਸਾਡੀ ਭੈਣ ਨਾਲ ਕੰਜਰੀ ਵਰਗਾ ਵਰਤਾਓ ਕਰਨ?

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath