ਉਤਪਤ 30
1ਜਦ ਰਾਖ਼ੇਲ ਨੇ ਵੇਖਿਆ ਕਿ ਮੈਂ ਯਾਕੂਬ ਲਈ ਸੰਤਾਨ ਨਹੀਂ ਜਣਦੀ ਤਾਂ ਰਾਖ਼ੇਲ ਆਪਣੀ ਭੈਣ ਤੋਂ ਈਰਖਾ ਕਰਨ ਲੱਗ ਪਈ ਅਤੇ ਯਾਕੂਬ ਨੂੰ ਆਖਿਆ, ਮੈਨੂੰ ਪੁੱਤਰ ਦੇ ਨਹੀਂ ਤਾਂ ਮੈਂ ਮਰ ਜਾਂਵਾਂਗੀ।
2ਤਦ ਯਾਕੂਬ ਦਾ ਗੁੱਸਾ ਰਾਖ਼ੇਲ ਉੱਤੇ ਭੜਕਿਆ ਅਤੇ ਉਸ ਨੇ ਆਖਿਆ, ਕੀ ਮੈਂ ਪਰਮੇਸ਼ੁਰ ਦੀ ਥਾਂ ਹਾਂ, ਜਿਸ ਨੇ ਤੇਰੀ ਕੁੱਖ ਨੂੰ ਫਲਵੰਤ ਹੋਣ ਤੋਂ ਰੋਕਿਆ ਹੈ?
3ਰਾਖ਼ੇਲ ਨੇ ਆਖਿਆ, ਵੇਖ, ਮੇਰੀ ਦਾਸੀ ਬਿਲਹਾਹ ਹੈ। ਉਸ ਦੇ ਕੋਲ ਜਾ ਅਤੇ ਉਹ ਮੇਰੇ ਗੋਡਿਆਂ ਉੱਤੇ ਜਣੇਗੀ ਤਾਂ ਜੋ ਮੈਂ ਵੀ ਉਸ ਤੋਂ ਸੰਤਾਨ ਵਾਲੀ ਬਣ ਜਾਂਵਾਂ।
4ਫੇਰ ਉਸ ਨੇ ਆਪਣੀ ਦਾਸੀ ਬਿਲਹਾਹ ਉਸ ਨੂੰ ਦਿੱਤੀ ਜੋ ਉਸ ਦੀ ਪਤਨੀ ਹੋਵੇ। ਯਾਕੂਬ ਉਸ ਦੇ ਕੋਲ ਗਿਆ,
5ਤਾਂ ਬਿਲਹਾਹ ਗਰਭਵਤੀ ਹੋਈ ਅਤੇ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ।
6ਤਦ ਰਾਖ਼ੇਲ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਨਿਆਂ ਕੀਤਾ ਅਤੇ ਮੇਰੀ ਅਵਾਜ਼ ਸੁਣ ਕੇ ਮੈਨੂੰ ਇੱਕ ਪੁੱਤਰ ਵੀ ਦਿੱਤਾ। ਇਸ ਕਾਰਨ ਉਸ ਦਾ ਨਾਮ ਦਾਨ ਰੱਖਿਆ।
7ਰਾਖ਼ੇਲ ਦੀ ਦਾਸੀ ਬਿਲਹਾਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਤੋਂ ਦੂਜਾ ਪੁੱਤਰ ਜਣੀ।
8ਰਾਖ਼ੇਲ ਨੇ ਆਖਿਆ, ਮੇਰੀ ਆਪਣੀ ਭੈਣ ਨਾਲ ਮੇਰਾ ਵੱਡਾ ਘੋਲ ਹੋਇਆ ਪਰ ਮੈਂ ਜਿੱਤ ਗਈ, ਇਸ ਲਈ ਉਸ ਦਾ ਨਾਮ ਨਫ਼ਤਾਲੀ ਰੱਖਿਆ।
9ਜਦ ਲੇਆਹ ਨੇ ਵੇਖਿਆ ਕਿ ਮੈਂ ਜਣਨ ਤੋਂ ਰਹਿ ਗਈ ਹਾਂ ਤਾਂ ਉਸ ਨੇ ਆਪਣੀ ਦਾਸੀ ਜਿਲਫਾਹ ਨੂੰ ਲੈ ਕੇ ਯਾਕੂਬ ਨੂੰ ਉਸ ਦੀ ਪਤਨੀ ਹੋਣ ਲਈ ਦਿੱਤਾ।
10ਲੇਆਹ ਦੀ ਦਾਸੀ ਜਿਲਫਾਹ ਨੇ ਵੀ ਯਾਕੂਬ ਤੋਂ ਇੱਕ ਪੁੱਤਰ ਨੂੰ ਜਨਮ ਦਿੱਤਾ
11ਤਦ ਲੇਆਹ ਨੇ ਆਖਿਆ, ਮੇਰੇ ਭਾਗ ਜਾਗੇ ਹਨ, ਤਾਂ ਉਸ ਨੇ ਉਹ ਦਾ ਨਾਮ ਗਾਦ ਨੇ ਰੱਖਿਆ।
12ਫੇਰ ਲੇਆਹ ਦੀ ਦਾਸੀ ਜਿਲਫਾਹ ਨੇ ਯਾਕੂਬ ਤੋਂ ਦੂਜਾ ਪੁੱਤਰ ਜਣਿਆ,
13ਤਦ ਲੇਆਹ ਆਖਿਆ, ਮੈਂ ਧੰਨ ਹਾਂ, ਇਸ ਕਾਰਨ ਇਸਤਰੀਆਂ ਮੈਨੂੰ ਧੰਨ ਆਖਣਗੀਆਂ। ਇਸ ਲਈ ਉਸ ਦਾ ਨਾਮ ਆਸ਼ੇਰ ਰੱਖਿਆ।
14ਰਊਬੇਨ ਨੇ ਕਣਕ ਦੀ ਵਾਢੀ ਦੇ ਦਿਨਾਂ ਵਿੱਚ ਬਾਹਰ ਨਿੱਕਲ ਕੇ ਦੂਦਾਂ ਫ਼ਲ ਪਾਈਆਂ ਅਤੇ ਉਨ੍ਹਾਂ ਨੂੰ ਆਪਣੀ ਮਾਤਾ ਲੇਆਹ ਕੋਲ ਲਿਆਇਆ ਤਾਂ ਰਾਖ਼ੇਲ ਨੇ ਲੇਆਹ ਨੂੰ ਆਖਿਆ, ਆਪਣੇ ਪੁੱਤਰ ਦੇ ਦੂਦਾਂ ਫਲ ਵਿੱਚੋਂ ਮੈਨੂੰ ਦੇ।
15ਉਸ ਨੇ ਉਹ ਨੂੰ ਆਖਿਆ, ਕੀ ਇਹ ਛੋਟੀ ਗੱਲ ਹੈ ਕਿ ਤੂੰ ਮੇਰੇ ਪਤੀ ਨੂੰ ਲੈ ਲਿਆ ਹੈ ਅਤੇ ਹੁਣ ਤੂੰ ਮੇਰੇ ਪੁੱਤਰ ਦਾ ਦੂਦਾਂ ਫਲ ਵੀ ਲੈ ਲਵੇਂਗੀ? ਰਾਖ਼ੇਲ ਨੇ ਆਖਿਆ, ਇਸ ਲਈ ਤੇਰੇ ਪੁੱਤਰ ਦੇ ਦੂਦਾਂ ਫਲ ਦੇ ਬਦਲੇ, ਉਹ ਅੱਜ ਰਾਤ ਤੇਰੇ ਸੰਗ ਲੇਟੇਗਾ।
16ਜਦ ਯਾਕੂਬ ਸ਼ਾਮ ਦੇ ਵੇਲੇ ਖੇਤ ਤੋਂ ਆਇਆ ਤਾਂ ਲੇਆਹ ਉਸ ਨੂੰ ਮਿਲਣ ਲਈ ਬਾਹਰ ਆਈ ਅਤੇ ਆਖਿਆ, ਤੂੰ ਮੇਰੇ ਕੋਲ ਆਵੀਂ ਕਿਉਂ ਜੋ ਮੈਂ ਤੈਨੂੰ ਆਪਣੇ ਪੁੱਤਰ ਦੀਆਂ ਦੂਦੀਆਂ ਨਾਲ ਭਾੜੇ ਉੱਤੇ ਲਿਆ ਹੈ। ਇਸ ਲਈ ਉਹ ਉਸ ਰਾਤ ਉਸ ਦੇ ਨਾਲ ਲੇਟਿਆ।
17ਤਦ ਪਰਮੇਸ਼ੁਰ ਨੇ ਲੇਆਹ ਦੀ ਸੁਣੀ ਅਤੇ ਉਹ ਗਰਭਵਤੀ ਹੋਈ ਅਤੇ ਯਾਕੂਬ ਲਈ ਪੰਜਵਾਂ ਪੁੱਤਰ ਜਣੀ।
18ਤਦ ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੇਰਾ ਭਾੜਾ ਦਿੱਤਾ ਹੈ ਕਿਉਂ ਜੋ ਮੈਂ ਆਪਣੀ ਦਾਸੀ ਆਪਣੇ ਪਤੀ ਨੂੰ ਦਿੱਤੀ ਅਤੇ ਉਸ ਨੇ ਉਹ ਦਾ ਨਾਮ ਯਿੱਸਾਕਾਰ ਰੱਖਿਆ।
19ਲੇਆਹ ਫੇਰ ਗਰਭਵਤੀ ਹੋਈ ਅਤੇ ਯਾਕੂਬ ਲਈ ਛੇਵਾਂ ਪੁੱਤਰ ਜਣੀ।
20ਲੇਆਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਚੰਗਾ ਦਾਨ ਦਿੱਤਾ ਹੈ। ਹੁਣ ਮੇਰਾ ਪਤੀ ਮੇਰੇ ਸੰਗ ਰਹੇਗਾ ਕਿਉਂ ਜੋ ਮੈਂ ਉਹ ਦੇ ਲਈ ਛੇ ਪੁੱਤਰਾਂ ਨੂੰ ਜਨਮ ਦਿੱਤਾ ਹੈ ਤਾਂ ਉਸ ਨੇ ਉਹ ਦਾ ਨਾਮ ਜ਼ਬੂਲੁਨ ਰੱਖਿਆ।
21ਫੇਰ ਉਸ ਨੇ ਇੱਕ ਧੀ ਨੂੰ ਜਨਮ ਦਿੱਤਾ ਅਤੇ ਉਹ ਦਾ ਨਾਮ ਦੀਨਾਹ ਰੱਖਿਆ।
22ਤਦ ਪਰਮੇਸ਼ੁਰ ਨੇ ਰਾਖ਼ੇਲ ਨੂੰ ਯਾਦ ਕੀਤਾ ਅਤੇ ਉਹ ਦੀ ਸੁਣੀ ਅਤੇ ਉਹ ਦੀ ਕੁੱਖ ਨੂੰ ਖੋਲ੍ਹਿਆ।
23ਉਹ ਗਰਭਵਤੀ ਹੋਈ ਅਤੇ ਇੱਕ ਪੁੱਤਰ ਨੂੰ ਜਨਮ ਦਿੱਤਾ ਅਤੇ ਆਖਿਆ, ਪਰਮੇਸ਼ੁਰ ਨੇ ਮੇਰੀ ਨਿੰਦਿਆ ਨੂੰ ਦੂਰ ਕੀਤਾ ਹੈ।
24ਤਦ ਉਸ ਨੇ ਇਹ ਆਖ ਕੇ ਉਹ ਦਾ ਨਾਮ ਯੂਸੁਫ਼ ਰੱਖਿਆ ਕਿ ਯਹੋਵਾਹ ਮੈਨੂੰ ਇੱਕ ਹੋਰ ਪੁੱਤਰ ਦੇਵੇਗਾ।
25ਜਦ ਯੂਸੁਫ਼ ਰਾਖ਼ੇਲ ਤੋਂ ਜੰਮਿਆ ਤਾਂ ਯਾਕੂਬ ਨੇ ਲਾਬਾਨ ਨੂੰ ਆਖਿਆ, ਮੈਨੂੰ ਵਿਦਿਆ ਕਰ ਤਾਂ ਜੋ ਮੈਂ ਆਪਣੇ ਸਥਾਨ ਅਤੇ ਆਪਣੇ ਦੇਸ਼ ਨੂੰ ਚਲਿਆ ਜਾਂਵਾਂ।
26ਮੇਰੀਆਂ ਪਤਨੀਆਂ ਅਤੇ ਮੇਰੇ ਬੱਚੇ ਜਿਨ੍ਹਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ ਮੈਨੂੰ ਦੇ, ਤਾਂ ਮੈਂ ਚਲਿਆ ਜਾਂਵਾਂਗਾ ਕਿਉਂ ਜੋ ਤੂੰ ਮੇਰੀ ਸੇਵਾ ਨੂੰ ਜਾਣਦਾ ਹੈਂ, ਜੋ ਮੈਂ ਤੇਰੇ ਲਈ ਕੀਤੀ।
27ਲਾਬਾਨ ਨੇ ਉਹ ਨੂੰ ਆਖਿਆ, ਜੇਕਰ ਮੇਰੇ ਉੱਤੇ ਤੇਰੀ ਕਿਰਪਾ ਦੀ ਨਜ਼ਰ ਹੋਵੇ ਤਾਂ ਇੱਥੇ ਹੀ ਰਹਿ ਜਾ, ਕਿਉਂ ਜੋ ਮੈਂ ਜਾਣ ਲਿਆ ਹੈ ਕਿ ਯਹੋਵਾਹ ਨੇ ਮੈਨੂੰ ਤੇਰੇ ਕਾਰਨ ਬਰਕਤ ਦਿੱਤੀ ਹੈ।
28ਲਾਬਾਨ ਨੇ ਆਖਿਆ, ਆਪਣੀ ਮਜ਼ਦੂਰੀ ਮੇਰੇ ਨਾਲ ਠਹਿਰਾ ਲੈ ਅਤੇ ਮੈਂ ਤੈਨੂੰ ਦਿਆਂਗਾ।
29ਯਾਕੂਬ ਨੇ ਉਸ ਨੂੰ ਆਖਿਆ, ਤੂੰ ਜਾਣਦਾ ਹੈਂ ਕਿ ਮੈਂ ਕਿਵੇਂ ਤੇਰੀ ਸੇਵਾ ਕੀਤੀ ਅਤੇ ਤੇਰੇ ਪਸ਼ੂ ਮੇਰੇ ਨਾਲ ਕਿਵੇਂ ਰਹੇ।
30ਕਿਉਂ ਜੋ ਮੇਰੇ ਆਉਣ ਤੋਂ ਪਹਿਲਾਂ ਤੇਰੇ ਕੋਲ ਥੋੜ੍ਹਾ ਸੀ, ਪਰ ਹੁਣ ਬਹੁਤ ਵੱਧ ਗਿਆ ਹੈ। ਯਹੋਵਾਹ ਨੇ ਕਦਮ-ਕਦਮ ਤੇ ਤੈਨੂੰ ਬਰਕਤ ਦਿੱਤੀ ਹੈ। ਪਰ ਮੈਂ ਆਪਣੇ ਘਰ ਲਈ ਕੁਝ ਕਦੋਂ ਕਰਾਂਗਾ?
31ਉਸ ਨੇ ਆਖਿਆ, ਮੈਂ ਤੈਨੂੰ ਕੀ ਦੇਵਾਂ? ਤਾਂ ਯਾਕੂਬ ਨੇ ਆਖਿਆ, ਮੈਨੂੰ ਕੁਝ ਨਾ ਦੇ। ਜੇਕਰ ਤੂੰ ਮੇਰੇ ਲਈ ਇਹ ਕਰੇਂ ਤਾਂ ਮੈਂ ਤੇਰੇ ਇੱਜੜਾਂ ਨੂੰ ਫੇਰ ਚਾਰਾਂਗਾ ਅਤੇ ਰਾਖੀ ਕਰਾਂਗਾ।
32ਮੈਂ ਅੱਜ ਤੇਰੇ ਸਾਰੇ ਇੱਜੜ ਦੇ ਵਿੱਚੋਂ ਦੀ ਲੰਘ ਕੇ ਭੇਡਾਂ ਵਿੱਚੋਂ ਜਿੰਨ੍ਹੀਆਂ ਚਿਤਲੀਆਂ ਅਤੇ ਡੱਬੀਆਂ ਹੋਣ ਅਤੇ ਜੋ ਭੇਡਾਂ ਕਾਲੀਆਂ ਹੋਣ ਬੱਕਰੀਆਂ ਵਿੱਚੋਂ ਵੀ ਜਿੰਨ੍ਹੀਆਂ ਡੱਬੀਆਂ ਅਤੇ ਚਿਤਲੀਆਂ ਹੋਣ ਉਨ੍ਹਾਂ ਨੂੰ ਕੱਢਾਂਗਾ ਅਤੇ ਓਹ ਮੇਰੀ ਮਜ਼ਦੂਰੀ ਹੋਣਗੀਆਂ।
33ਮੇਰਾ ਧਰਮ ਮੇਰੇ ਲਈ ਆਉਣ ਵਾਲੇ ਦਿਨ ਵਿੱਚ ਉੱਤਰ ਦੇਵੇਗਾ ਜਦ ਤੂੰ ਮੇਰੇ ਸਨਮੁਖ ਮੇਰੀ ਮਜ਼ਦੂਰੀ ਦੇਣ ਲਈ ਆਵੇਂਗਾ ਤਾਂ ਬੱਕਰੀਆਂ ਵਿੱਚੋਂ ਹਰ ਇੱਕ ਜਿਹੜੀ ਚਿਤਲੀ ਅਤੇ ਡੱਬੀ ਅਤੇ ਭੇਡਾਂ ਵਿੱਚ ਜਿਹੜੀ ਕਾਲੀ ਨਾ ਹੋਵੇ, ਜੇ ਉਹ ਮੇਰੇ ਕੋਲੋਂ ਨਿੱਕਲੇ ਤਾਂ ਚੋਰੀ ਦੀ ਹੋਵੇਗੀ।
34ਤਦ ਲਾਬਾਨ ਨੇ ਆਖਿਆ, ਵੇਖ, ਤੇਰੀ ਗੱਲ ਦੇ ਅਨੁਸਾਰ ਹੋਵੇ।
35ਉਸ ਨੇ ਉਸੇ ਦਿਨ ਸਾਰੇ ਧਾਰੀ ਵਾਲੇ ਅਤੇ ਡੱਬੇ ਬੱਕਰੇ ਅਤੇ ਸਾਰੀਆਂ ਚਿਤਲੀਆਂ ਅਤੇ ਡੱਬੀਆਂ ਬੱਕਰੀਆਂ ਅਰਥਾਤ ਜਿਸ ਕਿਸੇ ਵਿੱਚ ਸਫ਼ੇਦੀ ਸੀ ਅਤੇ ਭੇਡਾਂ ਵਿੱਚੋਂ ਜਿੰਨੀਆਂ ਕਾਲੀਆਂ ਸਨ, ਸਭ ਨੂੰ ਕੱਢਿਆ ਅਤੇ ਆਪਣੇ ਪੁੱਤਰਾਂ ਦੇ ਹੱਥਾਂ ਵਿੱਚ ਦਿੱਤਾ।
36ਲਾਬਾਨ ਨੇ ਆਪਣੇ ਅਤੇ ਯਾਕੂਬ ਦੇ ਵਿੱਚ ਤਿੰਨ ਦਿਨਾਂ ਦੇ ਸਫ਼ਰ ਦਾ ਫ਼ਾਸਲਾ ਠਹਿਰਾਇਆ ਅਤੇ ਯਾਕੂਬ ਲਾਬਾਨ ਦੇ ਬਾਕੀ ਇੱਜੜਾਂ ਨੂੰ ਚਾਰਨ ਲੱਗ ਪਿਆ।
37ਤਦ ਯਾਕੂਬ ਨੇ ਹਰੇ ਸਫ਼ੇਦੇ ਅਤੇ ਬਦਾਮ ਅਤੇ ਸਰੂ ਦੀਆਂ ਛਿਟੀਆਂ ਲੈ ਕੇ ਉਨ੍ਹਾਂ ਉੱਤੇ ਅਜਿਹੀਆਂ ਧਾਰੀਆਂ ਪਾਈਆਂ ਕਿ ਉਨ੍ਹਾਂ ਦੀ ਸਫ਼ੇਦੀ ਦਿੱਸਣ ਲੱਗ ਪਈ।
38ਤਦ ਉਨ੍ਹਾਂ ਛਿਟੀਆਂ ਨੂੰ ਜਿਨ੍ਹਾਂ ਉੱਤੇ ਉਸ ਨੇ ਧਾਰੀਆਂ ਪਾਈਆਂ ਸਨ, ਹੌਦਾਂ ਅਤੇ ਨਾਲਿਆਂ ਵਿੱਚ ਜਿੱਥੇ ਇੱਜੜ ਪਾਣੀ ਪੀਣ ਆਉਂਦੇ ਸਨ, ਉਨ੍ਹਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਜਦ ਓਹ ਪਾਣੀ ਪੀਂਦੀਆਂ ਸਨ ਤਾਂ ਓਹ ਆਸੇ ਲੱਗਣ ਲੱਗ ਪਈਆਂ।
39ਇਸ ਤਰ੍ਹਾਂ ਇੱਜੜ ਛਿਟੀਆਂ ਦੇ ਅੱਗੇ ਆਸੇ ਲੱਗਿਆ ਤਾਂ ਉਨ੍ਹਾਂ ਨੇ ਗਦਰੇ ਅਤੇ ਚਿਤਲੇ ਅਤੇ ਡੱਬੇ ਬੱਚੇ ਦਿੱਤੇ।
40ਤਦ ਯਾਕੂਬ ਨੇ ਲੇਲੇ ਅੱਡ ਕੀਤੇ ਅਤੇ ਲਾਬਾਨ ਦੇ ਇੱਜੜ ਦੀਆਂ ਭੇਡ-ਬੱਕਰੀਆਂ ਦੇ ਮੂੰਹ ਸਭ ਗਦਰੀਆਂ ਅਤੇ ਸਭ ਕਾਲੀਆਂ ਭੇਡਾਂ ਵੱਲ ਫੇਰ ਦਿੱਤੇ ਅਤੇ ਉਸ ਨੇ ਆਪਣੇ ਇੱਜੜਾਂ ਨੂੰ ਲਾਬਾਨ ਦੇ ਇੱਜੜਾਂ ਤੋਂ ਵੱਖਰਿਆਂ ਕੀਤਾ ਅਤੇ ਨਾਲ ਰਲਣ ਨਾ ਦਿੱਤਾ।
41ਅਤੇ ਜਦ ਤਕੜੀਆਂ ਭੇਡਾਂ ਦੇ ਆਸੇ ਲੱਗਣ ਦਾ ਸਮਾਂ ਆਇਆ ਤਾਂ ਯਾਕੂਬ ਨੇ ਉਹ ਛਿਟੀਆਂ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਰੱਖੀਆਂ, ਇਸ ਲਈ ਕਿ ਓਹ ਉਨ੍ਹਾਂ ਛਿਟੀਆਂ ਦੇ ਅੱਗੇ ਆਸੇ ਲੱਗਣ।
42ਪਰ ਜਿਹੜਾ ਇੱਜੜ ਕਮਜ਼ੋਰ ਸੀ, ਤਦ ਉਹ ਛਿਟੀਆਂ ਨੂੰ ਉਨ੍ਹਾਂ ਦੇ ਅੱਗੇ ਨਹੀਂ ਰੱਖਦਾ ਸੀ। ਇਸ ਕਾਰਨ ਲਾਬਾਨ ਦੇ ਪੱਠੇ ਕਮਜ਼ੋਰ ਅਤੇ ਯਾਕੂਬ ਦੇ ਤਕੜੇ ਸਨ।
43ਇਸ ਤਰ੍ਹਾਂ ਉਹ ਮਨੁੱਖ ਬਹੁਤ ਹੀ ਵੱਧ ਗਿਆ ਅਤੇ ਉਹ ਦੇ ਕੋਲ ਬਹੁਤ ਇੱਜੜ ਅਤੇ ਦਾਸ-ਦਾਸੀਆਂ, ਊਠ ਅਤੇ ਗਧੇ ਹੋ ਗਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath