ਈਸਾਈ
ਪਿੱਛੇ

ਅਜ਼ਰਾ 4

1ਜਦੋਂ ਯਹੂਦਾਹ ਅਤੇ ਬਿਨਯਾਮੀਨ ਦੇ ਵਿਰੋਧੀਆਂ ਨੇ ਇਹ ਸੁਣਿਆ ਕਿ ਗ਼ੁਲਾਮੀ ਤੋਂ ਛੁੱਟ ਕੇ ਆਏ ਹੋਏ ਲੋਕ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਭਵਨ ਬਣਾ ਰਹੇ ਹਨ,

2ਤਦ ਜ਼ਰੂੱਬਾਬਲ ਅਤੇ ਬਜ਼ੁਰਗਾਂ ਦੇ ਘਰਾਣਿਆਂ ਦੇ ਆਗੂਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਕਹਿਣ ਲੱਗੇ, “ਸਾਨੂੰ ਵੀ ਆਪਣੇ ਨਾਲ ਬਣਾਉਣ ਦਿਉ ਕਿਉਂਕਿ ਤੁਹਾਡੀ ਤਰ੍ਹਾਂ ਅਸੀਂ ਵੀ ਤੁਹਾਡੇ ਪਰਮੇਸ਼ੁਰ ਦੀ ਖੋਜ ਵਿੱਚ ਹਾਂ ਅਤੇ ਅਸੀਂ ਅੱਸ਼ੂਰ ਦੇ ਰਾਜਾ ਏਸਰ-ਹੱਦੋਨ ਦੇ ਦਿਨਾਂ ਤੋਂ ਜੋ ਸਾਨੂੰ ਇੱਥੇ ਲਿਆਇਆ, ਉਸੇ ਲਈ ਬਲੀ ਚੜ੍ਹਾਉਂਦੇ ਰਹੇ ਹਾਂ।”

3ਪਰੰਤੂ ਜ਼ਰੂੱਬਾਬਲ ਅਤੇ ਯੇਸ਼ੂਆ ਅਤੇ ਇਸਰਾਏਲ ਦੇ ਬਜ਼ੁਰਗਾਂ ਦੇ ਘਰਾਣਿਆਂ ਦੇ ਬਾਕੀ ਆਗੂਆਂ ਨੇ ਉਨ੍ਹਾਂ ਨੂੰ ਕਿਹਾ, “ਸਾਡੇ ਪਰਮੇਸ਼ੁਰ ਦੇ ਲਈ ਭਵਨ ਬਣਾਉਣ ਵਿੱਚ, ਤੁਹਾਡਾ ਸਾਡੇ ਨਾਲ ਕੋਈ ਕੰਮ ਨਹੀਂ; ਅਸੀਂ ਆਪ ਹੀ ਮਿਲ ਕੇ, ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਲਈ ਉਸ ਨੂੰ ਬਣਾਵਾਂਗੇ ਜਿਵੇਂ ਫ਼ਾਰਸ ਦੇ ਰਾਜਾ ਕੋਰਸ਼ ਨੇ ਸਾਨੂੰ ਆਗਿਆ ਦਿੱਤੀ ਹੈ।”

4ਤਦ ਉਸ ਦੇਸ਼ ਦੇ ਲੋਕ ਯਹੂਦਾਹ ਦੀ ਪਰਜਾ ਦੇ ਹੱਥ ਢਿੱਲੇ ਕਰਨ ਲੱਗੇ ਅਤੇ ਉਨ੍ਹਾਂ ਨੂੰ ਡਰਾ ਕੇ ਭਵਨ ਬਣਾਉਣ ਦੇ ਕੰਮ ਵਿੱਚ ਰੁਕਾਵਟ ਪਾਉਣ ਲੱਗੇ।

5ਅਤੇ ਫ਼ਾਰਸ ਦੇ ਰਾਜਾ ਕੋਰਸ਼ ਦੇ ਦਿਨਾਂ ਤੋਂ ਲੈ ਕੇ, ਫ਼ਾਰਸ ਦੇ ਰਾਜਾ ਦਾਰਾ ਦੇ ਰਾਜ ਤੱਕ, ਉਨ੍ਹਾਂ ਦੀ ਯੋਜਨਾ ਨੂੰ ਨਸ਼ਟ ਕਰਨ ਲਈ ਉਨ੍ਹਾਂ ਦੇ ਵਿਰੁੱਧ ਸਲਾਹਕਾਰਾਂ ਨੂੰ ਰਿਸ਼ਵਤ ਦਿੰਦੇ ਰਹੇ।

6ਅਤੇ ਅਹਸ਼ਵੇਰੋਸ਼ ਦੇ ਰਾਜ ਦੇ ਅਰੰਭ ਵਿੱਚ ਹੀ ਉਨ੍ਹਾਂ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਦੇ ਵਿਰੁੱਧ ਦੋਸ਼ ਪੱਤਰ ਲਿਖ ਕੇ ਉਸ ਨੂੰ ਭੇਜੇ।

7ਅਰਤਹਸ਼ਸ਼ਤਾ ਦੇ ਦਿਨਾਂ ਵਿੱਚ ਬਿਸ਼ਲਾਮ, ਮਿਥਰਦਾਥ, ਟਾਬਲ ਅਤੇ ਉਸ ਦੇ ਬਾਕੀ ਸਾਥੀਆਂ ਨੇ ਫ਼ਾਰਸ ਦੇ ਰਾਜਾ ਅਰਤਹਸ਼ਸ਼ਤਾ ਨੂੰ ਚਿੱਠੀ ਲਿਖੀ ਅਤੇ ਇਹ ਚਿੱਠੀ ਅਰਾਮੀ ਅੱਖਰਾਂ ਤੇ ਅਰਾਮੀ ਭਾਸ਼ਾ ਵਿੱਚ ਲਿਖੀ ਗਈ।

8ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਨੇ ਅਰਤਹਸ਼ਸ਼ਤਾ ਰਾਜਾ ਨੂੰ ਯਰੂਸ਼ਲਮ ਦੇ ਵਿਰੁੱਧ ਇਸ ਤਰ੍ਹਾਂ ਇੱਕ ਚਿੱਠੀ ਲਿਖੀ,

9ਤਦ ਰਹੂਮ ਰਾਜ ਮੰਤਰੀ ਅਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੇ ਅਰਥਾਤ ਦੀਨਾਈ ਤੇ ਅਫ਼ਰਸਥਕਾਯੀ ਤੇ ਟਰਪਲਾਈ, ਅਫਾਰਸਾਈ, ਅਰਕਵਾਈ, ਬਬਲਾਈ, ਸ਼ੁਸ਼ਨਕਾਈ, ਦਹਾਵੀ, ਏਲਾਮੀ,

10ਅਤੇ ਉਨ੍ਹਾਂ ਕੌਮਾਂ ਨੇ, ਜਿਨ੍ਹਾਂ ਨੂੰ ਮਹਾਨ ਅਤੇ ਆਦਰਯੋਗ ਆਸਨੱਪਰ ਨੇ ਪਾਰ ਲਿਆ ਕੇ ਸਾਮਰਿਯਾ ਨਗਰ ਤੇ ਫ਼ਰਾਤ ਨਦੀ ਦੂਜੇ ਪਾਸੇ ਦੇ ਬਾਕੀ ਦੇਸ਼ ਵਿੱਚ ਵਸਾਇਆ ਸੀ, ਇੱਕ ਚਿੱਠੀ ਲਿਖੀ।

11ਉਸ ਚਿੱਠੀ ਦੀ ਨਕਲ ਜੋ ਉਨ੍ਹਾਂ ਨੇ ਅਰਤਹਸ਼ਸ਼ਤਾ ਰਾਜਾ ਦੇ ਕੋਲ ਭੇਜੀ ਇਹ ਹੈ - “ਰਾਜਾ ਅਰਤਹਸ਼ਸ਼ਤਾ ਦੀ ਸੇਵਾ ਵਿੱਚ: ਤੁਹਾਡੇ ਦਾਸ, ਉਹ ਲੋਕ ਜੋ ਦਰਿਆ ਪਾਰ ਰਹਿੰਦੇ ਹਨ - ਨਮਸਕਾਰ।

12ਰਾਜਾ ਨੂੰ ਖ਼ਬਰ ਹੋਵੇ ਕਿ ਜੋ ਯਹੂਦੀ ਤੁਹਾਡੇ ਕੋਲੋਂ ਸਾਡੇ ਵੱਲ ਯਰੂਸ਼ਲਮ ਵਿੱਚ ਆਏ ਹਨ, ਉਹ ਉਸ ਵਿਦਰੋਹੀ ਅਤੇ ਦੁਸ਼ਟ ਸ਼ਹਿਰ ਦੀ ਉਸਾਰੀ ਕਰ ਰਹੇ ਹਨ, ਸਗੋਂ ਕੰਧਾਂ ਨੂੰ ਬਣਾ ਲਿਆ ਹੈ ਅਤੇ ਨੀਹਾਂ ਨੂੰ ਸੁਧਾਰ ਚੁੱਕੇ ਹਨ।

13ਹੁਣ ਰਾਜਾ ਨੂੰ ਖ਼ਬਰ ਹੋਵੇ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਕੰਧਾਂ ਪੂਰੀਆਂ ਹੋ ਜਾਣ ਤਾਂ ਉਹ ਲਗਾਨ, ਚੁੰਗੀ ਤੇ ਨਜ਼ਰਾਨਾ ਨਹੀਂ ਦੇਣਗੇ ਅਤੇ ਅੰਤ ਵਿੱਚ ਸ਼ਾਹੀ ਆਮਦਨ ਵਿੱਚ ਘਾਟਾ ਪੈ ਜਾਵੇਗਾ।

14ਅਸੀਂ ਤਾਂ ਰਾਜਾ ਦਾ ਲੂਣ ਖਾਂਦੇ ਹਾਂ, ਇਸ ਲਈ ਇਹ ਠੀਕ ਨਹੀਂ ਕਿ ਸਾਡੇ ਸਾਹਮਣੇ ਰਾਜਾ ਦਾ ਅਪਮਾਨ ਹੋਵੇ, ਇਸ ਕਾਰਨ ਅਸੀਂ ਇਹ ਚਿੱਠੀ ਲਿਖ ਕੇ ਰਾਜਾ ਨੂੰ ਸੂਚਨਾ ਦਿੱਤੀ ਹੈ।

15ਤੁਹਾਡੇ ਪੁਰਖਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਖੋਜ ਕੀਤੀ ਜਾਵੇ, ਤਾਂ ਉਸ ਇਤਿਹਾਸ ਦੀ ਪੋਥੀ ਵਿੱਚੋਂ ਮਹਾਰਾਜ ਨੂੰ ਪੱਕਾ ਪਤਾ ਲੱਗ ਜਾਵੇਗਾ ਕਿ ਇਹ ਇੱਕ ਵਿਦਰੋਹੀ ਸ਼ਹਿਰ ਹੈ ਜੋ ਰਾਜਿਆਂ ਤੇ ਸੂਬਿਆਂ ਦੀ ਹਾਨੀ ਕਰਦਾ ਰਿਹਾ ਹੈ ਅਤੇ ਪ੍ਰਾਚੀਨ ਕਾਲ ਤੋਂ ਉਸ ਵਿੱਚ ਦੰਗੇ ਹੁੰਦੇ ਰਹੇ ਹਨ। ਇਸੇ ਕਾਰਨ ਹੀ ਇਹ ਸ਼ਹਿਰ ਉਜਾੜ ਦਿੱਤਾ ਗਿਆ ਸੀ।

16ਅਸੀਂ ਰਾਜਾ ਨੂੰ ਚਿਤਾਉਣੀ ਦਿੰਦੇ ਹਾਂ ਕਿ ਜੇ ਇਹ ਸ਼ਹਿਰ ਬਣ ਜਾਵੇ ਤੇ ਇਸ ਦੀਆਂ ਕੰਧਾਂ ਉਸਾਰੀਆਂ ਜਾਣ ਤਾਂ ਇਸ ਕਾਰਨ ਦਰਿਆ ਦੇ ਪਾਰ ਤੁਹਾਡਾ ਕੋਈ ਹਿੱਸਾ ਨਹੀਂ ਰਹੇਗਾ।”

17ਤਦ ਰਾਜਾ ਨੇ ਰਹੂਮ ਰਾਜਮੰਤਰੀ ਤੇ ਸ਼ਿਮਸ਼ਈ ਲਿਖਾਰੀ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਨੂੰ ਜੋ ਸਾਮਰਿਯਾ ਤੇ ਦਰਿਆ ਪਾਰ ਦੇ ਬਾਕੀ ਦੇਸ਼ ਵਿੱਚ ਰਹਿੰਦੇ ਸਨ, ਇਹ ਉੱਤਰ ਭੇਜਿਆ - “ਸਲਾਮ!”

18ਜੋ ਚਿੱਠੀ ਤੁਸੀਂ ਸਾਨੂੰ ਭੇਜੀ, ਉਹ ਮੇਰੇ ਸਾਹਮਣੇ ਸਾਫ਼-ਸਾਫ਼ ਪੜ੍ਹ ਕੇ ਸੁਣਾਈ ਗਈ।

19ਅਤੇ ਮੇਰੀ ਆਗਿਆ ਨਾਲ ਪੜਤਾਲ ਕੀਤੇ ਜਾਣ ਤੇ ਇਹ ਪਤਾ ਲੱਗਾ ਕਿ ਇਸ ਸ਼ਹਿਰ ਨੇ ਪ੍ਰਾਚੀਨ ਕਾਲ ਤੋਂ ਰਾਜਿਆਂ ਦੇ ਵਿਰੁੱਧ ਸਿਰ ਚੁੱਕਿਆ ਹੈ ਅਤੇ ਉਸ ਦੇ ਵਿੱਚ ਦੰਗਾ-ਫ਼ਸਾਦ ਹੁੰਦਾ ਰਿਹਾ ਹੈ।

20ਯਰੂਸ਼ਲਮ ਵਿੱਚ ਬਲਵੰਤ ਰਾਜੇ ਵੀ ਹੋਏ ਹਨ ਜਿਨ੍ਹਾਂ ਨੇ ਦਰਿਆ ਦੇ ਪਾਰ ਦੇ ਸਾਰੇ ਦੇਸਾਂ ਉੱਤੇ ਰਾਜ ਕੀਤਾ ਹੈ ਅਤੇ ਲਗਾਨ, ਚੁੰਗੀ ਤੇ ਨਜ਼ਰਾਨਾ ਉਨ੍ਹਾਂ ਨੂੰ ਦਿੱਤਾ ਜਾਂਦਾ ਸੀ।

21ਹੁਣ ਤੁਸੀਂ ਹੁਕਮ ਦਿਓ ਕਿ ਇਹ ਲੋਕ ਕੰਮ ਬੰਦ ਕਰਨ ਅਤੇ ਜਦ ਤੱਕ ਮੇਰੇ ਵੱਲੋਂ ਆਗਿਆ ਨਾ ਮਿਲੇ, ਇਹ ਸ਼ਹਿਰ ਨਾ ਬਣਾਇਆ ਜਾਵੇ।

22ਚੌਕਸ ਹੋਵੋ ਅਤੇ ਇਸ ਗੱਲ ਵਿੱਚ ਢਿੱਲ ਨਾ ਕਰੋ; ਰਾਜਿਆਂ ਦੀ ਹਾਨੀ ਕਰਨ ਲਈ ਇਹ ਬੁਰਿਆਈ ਕਿਉਂ ਵਧੇ?

23ਜਦ ਅਰਤਹਸ਼ਸ਼ਤਾ ਰਾਜਾ ਦੀ ਚਿੱਠੀ ਦੀ ਨਕਲ ਰਹੂਮ ਅਤੇ ਸ਼ਿਮਸ਼ਈ ਲਿਖਾਰੀ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਹਮਣੇ ਪੜ੍ਹੀ ਗਈ ਤਦ ਉਹ ਛੇਤੀ ਨਾਲ ਯਹੂਦੀਆਂ ਦੇ ਕੋਲ ਯਰੂਸ਼ਲਮ ਨੂੰ ਗਏ ਅਤੇ ਜਬਰਨ ਉਨ੍ਹਾਂ ਨੂੰ ਰੋਕ ਦਿੱਤਾ।

24ਤਦ ਪਰਮੇਸ਼ੁਰ ਦੇ ਭਵਨ ਦਾ ਕੰਮ, ਜੋ ਯਰੂਸ਼ਲਮ ਵਿੱਚ ਸੀ ਰੁੱਕ ਗਿਆ, ਅਤੇ ਫ਼ਾਰਸ ਦੇ ਰਾਜਾ ਦਾਰਾ ਦੇ ਰਾਜ ਦੇ ਦੂਜੇ ਸਾਲ ਤੱਕ ਰੁੱਕਿਆ ਰਿਹਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath