ਹਿਜ਼ਕੀਏਲ 45
1ਜਦੋਂ ਤੁਸੀਂ ਪਰਚੀਆਂ ਪਾ ਕੇ ਦੇਸ ਨੂੰ ਵਿਰਸੇ ਦੇ ਲਈ ਵੰਡੋ, ਤਾਂ ਉਸ ਦੇਸ ਵਿੱਚੋਂ ਇੱਕ ਪਵਿੱਤਰ ਭਾਗ ਯਹੋਵਾਹ ਲਈ ਭੇਟ ਚੜ੍ਹਾਉਣਾ। ਉਹ ਦੀ ਲੰਬਾਈ ਪੱਚੀ ਹਜ਼ਾਰ ਅਤੇ ਚੌੜਾਈ ਦਸ ਹਜ਼ਾਰ ਕਾਨੇ ਹੋਵੇਗੀ ਅਤੇ ਉਹ ਆਪਣੇ ਆਲੇ-ਦੁਆਲੇ ਦੀਆਂ ਸਾਰੀਆਂ ਹੱਦਾਂ ਵਿੱਚ ਪਵਿੱਤਰ ਹੋਵੇਗਾ।
2ਉਸ ਵਿੱਚੋਂ ਇੱਕ ਟੁੱਕੜਾ ਜਿਸ ਦੀ ਲੰਬਾਈ ਪੰਜ ਸੌ ਅਤੇ ਚੌੜਾਈ ਪੰਜ ਸੌ, ਜੋ ਚਾਰੋਂ ਪਾਸੇ ਚੌਰਸ ਹੈ ਪਵਿੱਤਰ ਸਥਾਨ ਲਈ ਹੋਵੇਗੀ ਅਤੇ ਉਹ ਦੀ ਸ਼ਾਮਲਾਟ ਲਈ ਚਾਰੇ ਪਾਸੇ ਪੰਜਾਹ-ਪੰਜਾਹ ਹੱਥ ਦੀ ਚੌੜਾਈ ਹੋਵੇਗੀ।
3ਤੂੰ ਇਸ ਮਿਣਤੀ ਦੀ ਪੱਚੀ ਹਜ਼ਾਰ ਦੀ ਲੰਬਾਈ ਅਤੇ ਦਸ ਹਜ਼ਾਰ ਚੌੜਾਈ ਮਿਣੇਗਾ ਅਤੇ ਉਸ ਵਿੱਚ ਪਵਿੱਤਰ ਸਥਾਨ ਹੋਵੇਂਗਾ ਜੋ ਅੱਤ ਪਵਿੱਤਰ ਹੈ।
4ਦੇਸ ਦਾ ਇਹ ਪਵਿੱਤਰ ਭਾਗ ਉਹਨਾਂ ਜਾਜਕਾਂ ਦੇ ਲਈ ਹੋਵੇਗਾ ਜੋ ਪਵਿੱਤਰ ਸਥਾਨ ਦੇ ਸੇਵਾਦਾਰ ਹਨ ਅਤੇ ਯਹੋਵਾਹ ਦੇ ਨੇੜੇ ਸੇਵਾ ਕਰਨ ਲਈ ਆਉਂਦੇ ਹਨ। ਇਹ ਥਾਂ ਉਹਨਾਂ ਦੇ ਘਰਾਂ ਲਈ ਹੋਵੇਗਾ ਅਤੇ ਪਵਿੱਤਰ ਸਥਾਨ ਲਈ ਪਵਿੱਤਰ ਥਾਂ ਹੋਵੇਗਾ।
5ਪੱਚੀ ਹਜ਼ਾਰ ਲੰਮਾ ਅਤੇ ਦਸ ਹਜ਼ਾਰ ਚੌੜਾ ਲੇਵੀਆਂ ਲਈ ਹੋਵੇਗਾ, ਜਿਹੜੇ ਭਵਨ ਦੇ ਸੇਵਾਦਾਰ ਹਨ।
6ਤੁਸੀਂ ਸ਼ਹਿਰ ਦਾ ਭਾਗ ਪੰਜ ਹਜ਼ਾਰ ਚੌੜਾ ਅਤੇ ਪੱਚੀ ਹਜ਼ਾਰ ਲੰਮਾ ਪਵਿੱਤਰ ਸਥਾਨ ਦੇ ਭੇਟਾਂ ਵਾਲੇ ਭਾਗ ਦੇ ਨੇੜੇ ਦੇਣਾ, ਇਹ ਸਾਰਾ ਇਸਰਾਏਲ ਦੇ ਘਰਾਣੇ ਦੇ ਲਈ ਹੋਵੇਗਾ।
7ਪਵਿੱਤਰ ਭੇਟਾਂ ਵਾਲੇ ਭਾਗ ਦੀ ਅਤੇ ਸ਼ਹਿਰ ਦੇ ਭਾਗ ਦੇ ਦੋਵੇਂ ਪਾਸੇ ਪਵਿੱਤਰ ਭੇਟਾਂ ਵਾਲੇ ਭਾਗ ਦੇ ਸਾਹਮਣੇ ਸ਼ਹਿਰ ਦੇ ਭਾਗ ਦੇ ਸਾਹਮਣੇ ਪੱਛਮੀ ਕੋਨਾ ਪੱਛਮ ਦੀ ਵੱਲ ਅਤੇ ਪੂਰਬੀ ਕੋਨਾ ਪੂਰਬ ਦੀ ਵੱਲ ਰਾਜਕੁਮਾਰ ਲਈ ਹੋਵੇਗਾ ਅਤੇ ਲੰਬਾਈ ਵਿੱਚ ਪੱਛਮੀ ਹੱਦ ਤੋਂ ਪੂਰਬੀ ਹੱਦ ਤੱਕ ਉਹਨਾਂ ਭਾਗਾਂ ਵਿੱਚੋਂ ਇੱਕ ਦੇ ਸਾਹਮਣੇ ਹੋਵੇਗਾ।
8ਇਸਰਾਏਲ ਦੇ ਵਿੱਚ ਦੇਸ ਵਿੱਚੋਂ ਉਸ ਦਾ ਇਹੀ ਭਾਗ ਹੋਵੇਗਾ ਅਤੇ ਮੇਰੇ ਰਾਜਕੁਮਾਰ ਫੇਰ ਮੇਰੇ ਲੋਕਾਂ ਤੇ ਅੱਤਿਆਚਾਰ ਨਾ ਕਰਨਗੇ ਅਤੇ ਦੇਸ ਨੂੰ ਇਸਰਾਏਲ ਦੇ ਘਰਾਣੇ ਵਿੱਚ ਉਹਨਾਂ ਦੇ ਗੋਤਾਂ ਦੇ ਅਨੁਸਾਰ ਵੰਡਣਗੇ।
9ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਰਾਜਕੁਮਾਰੋ, ਤੁਹਾਡੇ ਲਈ ਇਹੀ ਬਹੁਤਾ ਹੈ। ਅੱਤਿਆਚਾਰ ਅਤੇ ਲੁੱਟ ਮਾਰ ਨੂੰ ਬੰਦ ਕਰੋ। ਨਿਆਂ ਅਤੇ ਧਰਮ ਦੀ ਵਰਤੋਂ ਕਰੋ ਅਤੇ ਮੇਰੀ ਪਰਜਾ ਤੋਂ ਆਪਣੇ ਜ਼ੋਰ ਤੇ ਧੱਕੇ ਨੂੰ ਬੰਦ ਕਰੋ, ਪ੍ਰਭੂ ਯਹੋਵਾਹ ਦਾ ਵਾਕ ਹੈ।
10ਤੁਸੀਂ ਧਰਮ ਦੀ ਤੱਕੜੀ ਅਤੇ ਧਰਮ ਦਾ ਏਫਾਹ ਅਤੇ ਧਰਮ ਦਾ ਬਥ ਰੱਖਿਆ ਕਰੋ।
11ਏਫਾਹ ਅਤੇ ਬਥ ਦੇ ਤੋਲ ਇੱਕੋ ਜਿੰਨੇ ਹੋਣ, ਤਾਂ ਜੋ ਬਥ ਵਿੱਚ ਹੋਮਰ ਦਾ ਦਸਵਾਂ ਭਾਗ ਹੋਵੇ ਅਤੇ ਏਫਾਹ ਵੀ ਹੋਮਰ ਦਾ ਦਸਵਾਂ ਭਾਗ ਹੋਵੇ, ਉਸ ਦਾ ਤੋਲ ਹੋਮਰ ਦੇ ਅਨੁਸਾਰ ਹੋਵੇ।
12ਸ਼ਕਲ ਵੀਹ ਗੇਰਾਹ ਦਾ ਹੋਵੇ ਅਤੇ ਵੀਹ ਸ਼ਕਲ, ਪੱਚੀ ਸ਼ਕਲ, ਪੰਦਰਾਂ ਸ਼ਕਲ ਦਾ ਤੁਹਾਡਾ ਮਾਨਹ ਹੋਵੇਗਾ।
13ਭੇਟਾਂ ਜਿਹੜੀ ਤੁਸੀਂ ਚੜ੍ਹਾਓਗੇ ਉਹ ਇਹ ਹੈ - ਕਣਕ ਦੇ ਹੋਮਰ ਵਿੱਚੋਂ ਏਫਾਹ ਦਾ ਛੇਵਾਂ ਭਾਗ ਅਤੇ ਜੌਂ ਦੇ ਹੋਮਰ ਵਿੱਚੋਂ ਏਫਾਹ ਦਾ ਛੇਵਾਂ ਭਾਗ ਦੇਣਾ।
14ਤੇਲ ਅਰਥਾਤ ਤੇਲ ਦੇ ਬਥ ਦੇ ਬਾਰੇ ਇਹ ਬਿਧੀ ਹੈ ਕਿ ਤੁਸੀਂ ਕੋਰ ਵਿੱਚੋਂ ਜਿਹੜਾ ਦਸ ਬਥ ਦਾ ਹੋਮਰ ਹੈ, ਇੱਕ ਬਥ ਦਾ ਦਸਵਾਂ ਭਾਗ ਦੇਣਾ, ਕਿਉਂ ਜੋ ਹੋਮਰ ਵਿੱਚ ਦਸ ਬਥ ਹਨ।
15ਇੱਜੜ ਵਿੱਚੋਂ ਹਰ ਦੇ ਸੌਦੇ ਪਿੱਛੇ ਇਸਰਾਏਲ ਦੀ ਹਰੀ ਭਰੀ ਜੂਹ ਦਾ ਇੱਕ ਦੁੰਬਾ ਮੈਦੇ ਦੀ ਭੇਟ ਲਈ ਅਤੇ ਹੋਮ ਦੀ ਬਲੀ ਅਤੇ ਸੁੱਖ ਦੀ ਭੇਟ ਦੇ ਲਈ, ਤਾਂ ਜੋ ਉਹਨਾਂ ਦੇ ਲਈ ਪ੍ਰਾਸਚਿਤ ਹੋਵੇ, ਪ੍ਰਭੂ ਯਹੋਵਾਹ ਦਾ ਵਾਕ ਹੈ।
16ਦੇਸ ਦੇ ਸਾਰੇ ਲੋਕ ਉਸ ਰਾਜਕੁਮਾਰ ਦੇ ਲਈ ਜਿਹੜਾ ਇਸਰਾਏਲ ਵਿੱਚ ਹੈ ਇਹੀ ਭੇਟਾਂ ਦੇਣਗੇ।
17ਰਾਜਕੁਮਾਰ ਹੋਮ ਦੀ ਬਲੀ, ਮੈਦੇ ਦੀ ਭੇਟ, ਪੀਣ ਦੀ ਭੇਟ, ਨਵੇਂ ਚੰਦ ਦੇ ਪਰਬਾਂ ਵਿੱਚ, ਸਬਤਾਂ ਵਿੱਚ ਅਤੇ ਇਸਰਾਏਲ ਦੇ ਘਰਾਣੇ ਦੇ ਸਾਰੇ ਠਹਿਰਾਏ ਹੋਏ ਪਰਬਾਂ ਉੱਤੇ ਦੇਵੇਗਾ। ਉਹ ਪਾਪ ਬਲੀ, ਮੈਦੇ ਦੀ ਭੇਟ, ਹੋਮ ਦੀ ਭੇਟ ਅਤੇ ਸੁੱਖ ਦੀ ਭੇਟ ਇਸਰਾਏਲ ਦੇ ਘਰਾਣੇ ਦੇ ਪ੍ਰਾਸਚਿਤ ਲਈ ਦੇਵੇਗਾ।
18ਪ੍ਰਭੂ ਯਹੋਵਾਹ ਇਹ ਆਖਦਾ ਹੈ, ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਤੂੰ ਇੱਕ ਦੋਸ਼ ਰਹਿਤ ਵੱਛਾ ਲੈਣਾ ਅਤੇ ਪਵਿੱਤਰ ਸਥਾਨ ਨੂੰ ਸਾਫ਼ ਕਰਨਾ।
19ਜਾਜਕ ਪਾਪ ਬਲੀ ਦੇ ਵੱਛੇ ਦਾ ਲਹੂ ਲਵੇਗਾ ਅਤੇ ਉਹ ਦੇ ਵਿੱਚੋਂ ਕੁਝ ਭਵਨ ਦੀਆਂ ਚੁਗਾਠਾਂ ਤੇ ਅਤੇ ਜਗਵੇਦੀ ਦੀ ਕੁਰਸੀ ਦੇ ਚਾਰੇ ਕੋਨਿਆਂ ਤੇ ਅਤੇ ਅੰਦਰਲੇ ਵੇਹੜੇ ਦੇ ਫਾਟਕਾਂ ਦੀਆਂ ਚੁਗਾਠਾਂ ਤੇ ਲਾਵੇਗਾ।
20ਤੂੰ ਮਹੀਨੇ ਦੀ ਸੱਤ ਤਾਰੀਖ਼ ਨੂੰ ਹਰੇਕ ਦੇ ਲਈ ਜਿਹੜਾ ਭੁੱਲ ਕਰੇ ਅਤੇ ਉਸ ਦੇ ਲਈ ਵੀ ਜਿਹੜਾ ਅਣਜਾਣ ਹੈ, ਅਜਿਹਾ ਹੀ ਕਰੇਂਗਾ, ਇਸੇ ਪ੍ਰਕਾਰ ਤੁਸੀਂ ਭਵਨ ਦਾ ਪ੍ਰਾਸਚਿਤ ਕਰੋਗੇ।
21ਤੁਸੀਂ ਪਹਿਲੇ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਪਸਾਹ ਦਾ ਪਰਬ ਮਨਾਉਣਾ, ਜਿਹੜਾ ਸੱਤ ਦਿਨਾਂ ਦਾ ਪਰਬ ਹੈ ਅਤੇ ਉਹ ਦੇ ਵਿੱਚ ਪਤੀਰੀ ਰੋਟੀ ਖਾਧੀ ਜਾਵੇਗੀ।
22ਉਸੇ ਦਿਨ ਰਾਜਕੁਮਾਰ ਆਪਣੇ ਲਈ ਅਤੇ ਦੇਸ ਦੇ ਸਾਰੇ ਲੋਕਾਂ ਲਈ ਪਾਪ ਬਲੀ ਦੇ ਲਈ ਇੱਕ ਵੱਛਾ ਤਿਆਰ ਕਰ ਰੱਖੇਗਾ।
23ਪਰਬ ਦੇ ਸੱਤ ਦਿਨਾਂ ਵਿੱਚ ਉਹ ਹਰ ਦਿਨ ਅਥਵਾ ਸੱਤ ਦਿਨਾਂ ਤੱਕ ਸੱਤ ਦੋਸ਼ ਰਹਿਤ ਵੱਛੇ ਅਤੇ ਸੱਤ ਦੋਸ਼ ਰਹਿਤ ਮੇਂਢੇ ਲਿਆਵੇਗਾ, ਤਾਂ ਜੋ ਯਹੋਵਾਹ ਦੇ ਲਈ ਹੋਮ ਦੀ ਬਲੀ ਕੀਤੀ ਜਾਵੇ ਅਤੇ ਹਰ ਦਿਨ ਪਾਪ ਬਲੀ ਦੇ ਲਈ ਇੱਕ ਬੱਕਰਾ।
24ਉਹ ਹਰੇਕ ਵੱਛੇ ਦੇ ਲਈ ਇੱਕ ਏਫਾਹ ਭਰ ਮੈਦੇ ਦੀ ਭੇਟ ਅਤੇ ਹਰੇਕ ਮੇਂਢੇ ਲਈ ਇੱਕ ਏਫਾਹ ਅਤੇ ਪ੍ਰਤੀ ਏਫ਼ਾਹ ਇੱਕ ਹੀਨ ਤੇਲ ਤਿਆਰ ਕਰੇਗਾ।
25ਸੱਤਵੇਂ ਮਹੀਨੇ ਦੀ ਪੰਦਰਾਂ ਤਾਰੀਖ਼ ਨੂੰ ਵੀ ਉਹ ਪਰਬ ਦੇ ਲਈ ਜਿਵੇਂ ਉਸ ਨੇ ਇਹਨਾਂ ਸੱਤ ਦਿਨਾਂ ਵਿੱਚ ਕੀਤਾ ਸੀ, ਤਿਆਰੀ ਕਰੇਗਾ, ਪਾਪ ਬਲੀ, ਹੋਮ ਦੀ ਭੇਟ, ਮੈਦੇ ਦੀ ਭੇਟ ਅਤੇ ਤੇਲ ਦੇ ਅਨੁਸਾਰ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath