ਹਿਜ਼ਕੀਏਲ 3
1ਫਿਰ ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਜੋ ਕੁਝ ਤੈਨੂੰ ਮਿਲਿਆ ਹੈ, ਉਸ ਨੂੰ ਖਾ ਲੈ! ਇਸ ਲਪੇਟਵੀਂ ਪੱਤ੍ਰੀ ਨੂੰ ਖਾ ਲੈ ਅਤੇ ਜਾ ਕੇ ਇਸਰਾਏਲ ਦੇ ਘਰਾਣੇ ਨਾਲ ਬੋਲ!
2ਤਦ ਮੈਂ ਮੂੰਹ ਖੋਲ੍ਹਿਆ ਅਤੇ ਉਹ ਨੇ ਉਹ ਲਪੇਟਵੀਂ ਪੱਤ੍ਰੀ ਮੈਨੂੰ ਖੁਆ ਦਿੱਤੀ।
3ਫਿਰ ਉਸ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਜੋ ਮੈਂ ਤੈਨੂੰ ਦਿੰਦਾ ਹਾਂ ਤੂੰ ਉਸ ਨੂੰ ਪਚਾ ਲੈ ਅਤੇ ਇਸ ਲਪੇਟਵੀਂ ਪੱਤ੍ਰੀ ਨਾਲ ਆਪਣੀਆਂ ਆਂਦਰਾਂ ਭਰ ਲੈ। ਤਦ ਮੈਂ ਇਹ ਨੂੰ ਖਾਧਾ ਅਤੇ ਇਹ ਮੇਰੇ ਮੂੰਹ ਵਿੱਚ ਸ਼ਹਿਦ ਵਾਂਗੂੰ ਮਿੱਠੀ ਲੱਗੀ ਸੀ।
4ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਤੂੰ ਇਸਰਾਏਲ ਦੇ ਘਰਾਣੇ ਕੋਲ ਜਾ ਅਤੇ ਮੇਰੀਆਂ ਇਹ ਗੱਲਾਂ ਉਹਨਾਂ ਨੂੰ ਦੱਸ।
5ਕਿਉਂ ਜੋ ਤੈਨੂੰ ਅਜਿਹੇ ਲੋਕਾਂ ਵੱਲ ਨਹੀਂ ਭੇਜਿਆ ਜਾਂਦਾ, ਜਿਹਨਾਂ ਦੀ ਬੋਲੀ ਓਪਰੀ ਅਤੇ ਜਿਹਨਾਂ ਦੀ ਭਾਸ਼ਾ ਔਖੀ ਹੈ, ਸਗੋਂ ਇਸਰਾਏਲ ਦੇ ਘਰਾਣੇ ਕੋਲ ਭੇਜਿਆ ਜਾਂਦਾ ਹੈ।
6ਨਾ ਬਹੁਤ ਸਾਰੀਆਂ ਉੱਮਤਾਂ ਕੋਲ ਜਿਹਨਾਂ ਦੀ ਬੋਲੀ ਓਪਰੀ ਅਤੇ ਭਾਸ਼ਾ ਔਖੀ ਹੈ, ਜਿਹਨਾਂ ਦੀਆਂ ਗੱਲਾਂ ਤੂੰ ਸਮਝ ਨਹੀਂ ਸਕਦਾ! ਜੇਕਰ ਮੈਂ ਤੈਨੂੰ ਉਹਨਾਂ ਦੇ ਕੋਲ ਭੇਜਦਾ, ਤਾਂ ਉਹ ਤੇਰੀ ਸੁਣਦੀਆਂ।
7ਪਰ ਇਸਰਾਏਲ ਦਾ ਘਰਾਣਾ ਤੇਰੀ ਨਾ ਸੁਣੇਗਾ ਕਿਉਂ ਜੋ ਉਹ ਮੇਰੀ ਸੁਣਨਾ ਨਹੀਂ ਚਾਹੁੰਦੇ। ਇਸਰਾਏਲ ਦਾ ਸਾਰਾ ਘਰਾਣਾ ਢੀਠ ਅਤੇ ਪੱਥਰ ਦਿਲ ਹੈ।
8ਵੇਖ, ਮੈਂ ਉਹਨਾਂ ਦੇ ਚਿਹਰਿਆਂ ਦੇ ਵਿਰੁੱਧ ਤੇਰਾ ਚਿਹਰਾ ਕਠੋਰ ਅਤੇ ਤੇਰਾ ਮੱਥਾ ਉਹਨਾਂ ਦੇ ਮੱਥਿਆਂ ਦੇ ਵਿਰੁੱਧ ਢੀਠ ਕਰ ਦਿੱਤਾ ਹੈ।
9ਮੈਂ ਤੇਰੇ ਮੱਥੇ ਨੂੰ ਹੀਰੇ ਵਾਂਗੂੰ ਚਕਮਕ ਪੱਥਰ ਤੋਂ ਵੀ ਵਧੀਕ ਕਠੋਰ ਕਰ ਦਿੱਤਾ ਹੈ। ਉਹਨਾਂ ਤੋਂ ਨਾ ਡਰ ਅਤੇ ਉਹਨਾਂ ਦੇ ਚਿਹਰਿਆਂ ਨੂੰ ਦੇਖ ਨਿਰਾਸ਼ ਨਾ ਹੋ, ਕਿਉਂਕਿ ਉਹ ਵਿਦਰੋਹੀ ਘਰਾਣਾ ਹੈ।
10ਫਿਰ ਉਹ ਨੇ ਮੈਨੂੰ ਆਖਿਆ, ਹੇ ਮਨੁੱਖ ਦੇ ਪੁੱਤਰ, ਮੇਰੀਆਂ ਸਾਰੀਆਂ ਗੱਲਾਂ ਨੂੰ ਜੋ ਮੈਂ ਤੈਨੂੰ ਆਖਾਂਗਾ, ਆਪਣੇ ਦਿਲ ਵਿੱਚ ਰੱਖ ਲੈ ਅਤੇ ਆਪਣਿਆਂ ਕੰਨਾਂ ਨਾਲ ਸੁਣ!
11ਹੁਣ ਤੂੰ ਗੁਲਾਮਾਂ ਅਥਵਾ ਆਪਣੀ ਕੌਮ ਦੇ ਲੋਕਾਂ ਕੋਲ ਜਾ ਕੇ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਭਾਵੇਂ ਉਹ ਸੁਣਨ, ਭਾਵੇਂ ਉਹ ਨਾ ਸੁਣਨ।
12ਫਿਰ ਪਰਮੇਸ਼ੁਰ ਦੇ ਆਤਮਾ ਨੇ ਮੈਨੂੰ ਚੁੱਕ ਲਿਆ ਅਤੇ ਮੈਂ ਆਪਣੇ ਪਿੱਛੇ ਇੱਕ ਵੱਡੀ ਭੂਚਾਲ ਵਰਗੀ ਅਵਾਜ਼ ਸੁਣੀ ਜੋ ਇਸ ਤਰ੍ਹਾਂ ਸੀ ਕਿ ਯਹੋਵਾਹ ਦਾ ਪਰਤਾਪ ਉਹ ਦੇ ਸਥਾਨ ਤੋਂ ਮੁਬਾਰਕ ਹੋਵੇ!
13ਉਸ ਦੇ ਨਾਲ ਹੀ ਜੀਵਾਂ ਦੇ ਖੰਭਾਂ ਦੇ ਇੱਕ ਦੂਜੇ ਨਾਲ ਛੂਹਣ ਦੀ ਅਵਾਜ਼, ਉਹਨਾਂ ਦੇ ਪਹੀਆਂ ਦੀ ਅਵਾਜ਼ ਅਤੇ ਇੱਕ ਵੱਡੇ ਭੂਚਾਲ ਦੀ ਅਵਾਜ਼, ਮੈਂ ਸੁਣੀ।
14ਪਰਮੇਸ਼ੁਰ ਦਾ ਆਤਮਾ ਮੈਨੂੰ ਚੁੱਕ ਕੇ ਲੈ ਗਿਆ, ਸੋ ਮੈਂ ਆਤਮਾ ਦੀ ਕੁੜੱਤਣ ਅਤੇ ਕ੍ਰੋਧ ਵਿੱਚ ਤੁਰ ਪਿਆ ਅਤੇ ਯਹੋਵਾਹ ਦਾ ਹੱਥ ਮੇਰੇ ਉੱਤੇ ਭਾਰੀ ਸੀ।
15ਮੈਂ ਤੇਲ-ਆਬੀਬ ਵਿੱਚ ਗੁਲਾਮਾਂ ਦੇ ਕੋਲ ਜਿਹੜੇ ਕਬਾਰ ਨਹਿਰ ਦੇ ਕੋਲ ਵੱਸਦੇ ਸਨ, ਪਹੁੰਚਿਆ ਅਤੇ ਜਿੱਥੇ ਉਹ ਰਹਿੰਦੇ ਸਨ ਅਤੇ ਮੈਂ ਸੱਤ ਦਿਨਾਂ ਤੱਕ ਉਹਨਾਂ ਦੇ ਵਿਚਕਾਰ ਹੈਰਾਨ ਹੋ ਕੇ ਬੈਠਾ ਰਿਹਾ।
16ਸੱਤ ਦਿਨਾਂ ਬਾਅਦ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਤੇ ਆਖਿਆ
17ਕਿ ਹੇ ਮਨੁੱਖ ਦੇ ਪੁੱਤਰ, ਮੈਂ ਤੈਨੂੰ ਇਸਰਾਏਲ ਦੇ ਘਰਾਣੇ ਲਈ ਰਾਖ਼ਾ ਬਣਾਇਆ ਹੈ, ਇਸ ਲਈ ਤੂੰ ਮੇਰੇ ਮੂੰਹ ਦਾ ਬਚਨ ਸੁਣ ਅਤੇ ਮੇਰੇ ਵੱਲੋਂ ਉਹਨਾਂ ਨੂੰ ਚੇਤਾਵਨੀ ਦੇ।
18ਜਦੋਂ ਮੈਂ ਦੁਸ਼ਟ ਨੂੰ ਆਖਾਂ ਕਿ ਤੂੰ ਪੱਕਾ ਹੀ ਮਰੇਂਗਾ ਅਤੇ ਤੂੰ ਉਸ ਨੂੰ ਚੇਤਾਵਨੀ ਨਾ ਦੇਵੇਂ ਅਤੇ ਦੁਸ਼ਟ ਨੂੰ ਉਹ ਦੀ ਬੁਰਾਈ ਤੋਂ ਚੌਕਸ ਨਾ ਕਰੇਂ, ਤਾਂ ਕਿ ਉਹ ਜੀਉਂਦਾ ਰਹੇ; ਤਾਂ ਦੁਸ਼ਟ ਆਪਣੀ ਬਦੀ ਵਿੱਚ ਤਾਂ ਮਰੇਗਾ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।
19ਪਰ ਜੇ ਤੂੰ ਦੁਸ਼ਟ ਨੂੰ ਚੇਤਾਵਨੀ ਦੇਵੇਂ ਅਤੇ ਉਹ ਆਪਣੀ ਬੁਰਾਈ ਅਤੇ ਬੁਰੇ ਕੰਮਾਂ ਤੋਂ ਨਾ ਮੁੜੇ, ਤਾਂ ਉਹ ਆਪਣੇ ਪਾਪ ਵਿੱਚ ਮਰੇਗਾ, ਪਰ ਤੂੰ ਆਪਣੀ ਜਾਨ ਨੂੰ ਬਚਾ ਲਵੇਂਗਾ।
20ਜੇਕਰ ਕੋਈ ਧਰਮੀ ਆਪਣੇ ਧਰਮ ਤੋਂ ਮੁੜ ਕੇ ਬਦੀ ਕਰੇ ਅਤੇ ਮੈਂ ਉਹ ਦੇ ਅੱਗੇ ਠੋਕਰ ਲਾਉਣ ਵਾਲਾ ਪੱਥਰ ਰੱਖਾਂ ਤਾਂ ਉਹ ਮਰ ਜਾਵੇਗਾ, ਕਿਉਂਕਿ ਤੂੰ ਉਹ ਨੂੰ ਚੇਤਾਵਨੀ ਨਹੀਂ ਦਿੱਤੀ। ਉਹ ਆਪਣੇ ਪਾਪ ਵਿੱਚ ਮਰੇਗਾ ਅਤੇ ਉਹ ਦੇ ਧਰਮ ਦੇ ਕੰਮ ਜਿਹੜੇ ਉਸ ਨੇ ਕੀਤੇ ਚੇਤੇ ਨਾ ਕੀਤੇ ਜਾਣਗੇ, ਪਰ ਮੈਂ ਉਹ ਦੇ ਖੂਨ ਦਾ ਬਦਲਾ ਤੇਰੇ ਹੱਥੋਂ ਲਵਾਂਗਾ।
21ਪਰ ਜੇ ਤੂੰ ਉਸ ਧਰਮੀ ਨੂੰ ਚੇਤਾਵਨੀ ਦੇਵੇਂ ਤਾਂ ਕਿ ਉਹ ਧਰਮੀ ਪਾਪ ਨਾ ਕਰੇ ਅਤੇ ਉਹ ਪਾਪਾਂ ਤੋਂ ਬਚਿਆ ਰਹੇ, ਤਾਂ ਉਹ ਪੱਕਾ ਹੀ ਜੀਵੇਗਾ, ਇਸ ਲਈ ਕਿ ਉਹ ਨੇ ਚੇਤਾਵਨੀ ਮੰਨੀ ਅਤੇ ਤੂੰ ਆਪਣੀ ਜਾਨ ਬਚਾ ਲਵੇਂਗਾ।
22ਉੱਥੇ ਯਹੋਵਾਹ ਦਾ ਹੱਥ ਮੇਰੇ ਉੱਤੇ ਸੀ ਅਤੇ ਉਸ ਨੇ ਮੈਨੂੰ ਆਖਿਆ, ਉੱਠ, ਮੈਦਾਨ ਨੂੰ ਜਾ ਅਤੇ ਉੱਥੇ ਮੈਂ ਤੇਰੇ ਨਾਲ ਗੱਲਾਂ ਕਰਾਂਗਾ।
23ਤਦ ਮੈਂ ਉੱਠ ਕੇ ਮੈਦਾਨ ਨੂੰ ਗਿਆ। ਤਾਂ ਵੇਖੋ, ਯਹੋਵਾਹ ਦਾ ਪਰਤਾਪ ਉਸ ਪਰਤਾਪ ਵਾਂਗੂੰ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖਿਆ ਸੀ, ਖੜ੍ਹਾ ਸੀ ਅਤੇ ਮੈਂ ਮੂਧੇ ਮੂੰਹ ਡਿੱਗ ਪਿਆ।
24ਤਦ ਪਰਮੇਸ਼ੁਰ ਦੇ ਆਤਮਾ ਨੇ ਮੇਰੇ ਵਿੱਚ ਆ ਕੇ ਮੈਨੂੰ ਪੈਰਾਂ ਉੱਤੇ ਖੜ੍ਹਾ ਕੀਤਾ ਅਤੇ ਮੇਰੇ ਨਾਲ ਗੱਲਾਂ ਕੀਤੀਆਂ ਅਤੇ ਮੈਨੂੰ ਆਖਿਆ, ਜਾ ਅਤੇ ਆਪਣੇ ਘਰ ਦਾ ਬੂਹਾ ਬੰਦ ਕਰ ਲੈ!
25ਪਰ ਹੇ ਮਨੁੱਖ ਦੇ ਪੁੱਤਰ, ਵੇਖ, ਉਹ ਰੱਸੀਆਂ ਨਾਲ ਤੈਨੂੰ ਬੰਨ੍ਹਣਗੇ ਤਾਂ ਕਿ ਤੂੰ ਉਹਨਾਂ ਦੇ ਵਿੱਚੋਂ ਬਾਹਰ ਨਾ ਜਾ ਸਕੇਂ।
26ਮੈਂ ਤੇਰੀ ਜੀਭ ਤੇਰੇ ਤਾਲੂ ਨਾਲ ਜੋੜ ਦਿਆਂਗਾ ਕਿ ਤੂੰ ਗੂੰਗਾ ਹੋ ਜਾਵੇਂ ਅਤੇ ਉਹਨਾਂ ਨੂੰ ਤਾੜਨਾ ਨਾ ਦੇ ਸਕੇਂ, ਕਿਉਂ ਜੋ ਉਹ ਵਿਦਰੋਹੀ ਘਰਾਣਾ ਹੈ।
27ਪਰ ਜਦੋਂ ਮੈਂ ਤੇਰੇ ਨਾਲ ਗੱਲਾਂ ਕਰਾਂਗਾ, ਤਾਂ ਤੇਰਾ ਮੂੰਹ ਖੋਲ੍ਹਾਂਗਾ ਤਦ ਤੂੰ ਉਹਨਾਂ ਨੂੰ ਆਖੇਂਗਾ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਜੋ ਸੁਣਦਾ ਹੈ ਸੁਣੇ ਅਤੇ ਜਿਹੜਾ ਨਹੀਂ ਸੁਣਨਾ ਚਾਹੁੰਦਾ ਉਹ ਨਾ ਸੁਣੇ, ਕਿਉਂ ਜੋ ਉਹ ਵਿਦਰੋਹੀ ਘਰਾਣੇ ਦੇ ਹਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath