ਈਸਾਈ
ਪਿੱਛੇ

ਹਿਜ਼ਕੀਏਲ 36

1ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਪਹਾੜਾਂ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਇਸਰਾਏਲ ਦੇ ਪਰਬਤੋਂ, ਯਹੋਵਾਹ ਦਾ ਬਚਨ ਸੁਣੋ!

2ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੈਰੀ ਨੇ ਤੁਹਾਡੇ ਵਿਰੁੱਧ ਆਖਿਆ ਹੈ, ਆਹਾ! ਉੱਚੇ-ਉੱਚੇ ਪੁਰਾਣੇ ਸਥਾਨ ਸਾਡੇ ਕਬਜ਼ੇ ਲਈ ਹੋ ਗਏ ਹਨ।

3ਇਸ ਲਈ ਭਵਿੱਖਬਾਣੀ ਕਰ ਅਤੇ ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਕਰਕੇ, ਹਾਂ, ਇਸੇ ਕਾਰਨ, ਕਿ ਉਹਨਾਂ ਨੇ ਤੁਹਾਨੂੰ ਉਜਾੜਿਆ, ਹਰੇਕ ਪਾਸਿਓਂ ਤੁਹਾਨੂੰ ਹੜੱਪ ਲਿਆ ਅਤੇ ਚਰਚਾ ਕਰਨ ਵਾਲਿਆਂ ਦੇ ਬੁੱਲ੍ਹਾਂ ਵਿੱਚ ਤੁਸੀਂ ਆ ਗਏ ਹੋ ਅਤੇ ਤੁਸੀਂ ਲੋਕਾਂ ਲਈ ਝੂਠੀ ਖ਼ਬਰ ਹੋ।

4ਇਸ ਲਈ ਹੇ ਇਸਰਾਏਲ ਦੇ ਪਰਬਤੋਂ, ਪ੍ਰਭੂ ਯਹੋਵਾਹ ਦਾ ਬਚਨ ਸੁਣੋ! ਪ੍ਰਭੂ ਯਹੋਵਾਹ ਪਹਾੜਾਂ ਅਤੇ ਟਿੱਲਿਆਂ, ਨਦੀਆਂ ਅਤੇ ਵਾਦੀਆਂ, ਉੱਜੜੀਆਂ ਵਿਰਾਨੀਆਂ ਅਤੇ ਛੱਡੇ ਹੋਏ ਸ਼ਹਿਰਾਂ ਨੂੰ ਜਿਹੜੇ ਆਲੇ-ਦੁਆਲੇ ਦੀਆਂ ਬਾਕੀ ਕੌਮਾਂ ਦੇ ਲਈ ਲੁੱਟ ਅਤੇ ਮਖ਼ੌਲ ਹੋਏ ਹਨ, ਇਹ ਆਖਦਾ ਹੈ।

5ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਜ਼ਰੂਰ ਮੈਂ ਆਪਣੀ ਅਣਖ ਦੀ ਅੱਗ ਵਿੱਚ ਕੌਮਾਂ ਦੇ ਬਚੇ ਹੋਏ ਲੋਕਾਂ ਦੇ ਅਤੇ ਸਾਰੇ ਅਦੋਮ ਦੇ ਵਿਰੁੱਧ ਬੋਲਿਆ ਹਾਂ, ਜਿਹਨਾਂ ਨੇ ਆਪਣੇ ਸਾਰੇ ਦਿਲ ਦੇ ਅਨੰਦ ਨਾਲ ਅਤੇ ਜਾਨ ਦੇ ਵੈਰ ਨਾਲ ਆਪਣੇ ਆਪ ਨੂੰ ਮੇਰੀ ਧਰਤੀ ਦੇ ਕਬਜ਼ੇ ਲਈ ਠਹਿਰਾਇਆ, ਭਈ ਉਹ ਨੂੰ ਲੁੱਟ ਦੇ ਸ਼ਿਕਾਰ ਲਈ ਕੱਢਣ।

6ਇਸ ਲਈ ਤੂੰ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਤੂੰ ਪਹਾੜਾਂ, ਟਿੱਲਿਆਂ, ਨਦੀਆਂ ਅਤੇ ਵਾਦੀਆਂ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ, ਮੈਂ ਆਪਣੀ ਅਣਖ ਅਤੇ ਆਪਣੇ ਕ੍ਰੋਧ ਵਿੱਚ ਬਚਨ ਕੀਤਾ, ਇਸ ਲਈ ਕਿ ਤੁਸੀਂ ਕੌਮਾਂ ਦੀ ਨਮੋਸ਼ੀ ਚੁੱਕੀ ਹੈ।

7ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਸਹੁੰ ਖਾਧੀ ਹੈ ਕਿ ਜ਼ਰੂਰ ਤੁਹਾਡੇ ਆਲੇ-ਦੁਆਲੇ ਦੀਆਂ ਕੌਮਾਂ ਆਪ ਹੀ ਸ਼ਰਮਿੰਦਗੀ ਉਠਾਉਣਗੀਆਂ।

8ਪਰ ਤੁਸੀਂ ਹੇ ਇਸਰਾਏਲ ਦੇ ਪਰਬਤੋਂ, ਤੁਸੀਂ ਆਪਣੀਆਂ ਟਹਿਣੀਆਂ ਕੱਢੋਗੇ ਅਤੇ ਮੇਰੀ ਪਰਜਾ ਇਸਰਾਏਲ ਦੇ ਲਈ ਫਲ ਦੇਵੋਗੇ, ਕਿਉਂ ਜੋ ਉਹ ਛੇਤੀ ਆਉਣ ਵਾਲੇ ਹਨ।

9ਇਸ ਲਈ ਵੇਖੋ, ਮੈਂ ਤੁਹਾਡੇ ਵੱਲ ਹਾਂ, ਮੈਂ ਆਪਣਾ ਮੂੰਹ ਤੁਹਾਡੇ ਵੱਲ ਕਰਾਂਗਾ ਅਤੇ ਤੁਸੀਂ ਵਾਹੇ ਜਾਓਗੇ ਅਤੇ ਤੁਹਾਡੇ ਉੱਤੇ ਬੀਜਿਆ ਜਾਵੇਗਾ।

10ਮੈਂ ਆਦਮੀਆਂ ਨੂੰ ਹਾਂ, ਇਸਰਾਏਲ ਦੇ ਸਾਰੇ ਘਰਾਣੇ ਨੂੰ ਤੁਹਾਡੇ ਉੱਤੇ ਬਹੁਤ ਵਧਾ ਦਿਆਂਗਾ। ਸ਼ਹਿਰ ਵਸਾਏ ਜਾਣਗੇ ਅਤੇ ਉਜਾੜ ਸਥਾਨ ਫੇਰ ਬਣਾਏ ਜਾਣਗੇ।

11ਮੈਂ ਤੁਹਾਡੇ ਉੱਤੇ ਆਦਮੀਆਂ ਅਤੇ ਪਸ਼ੂਆਂ ਨੂੰ ਵਧਾਵਾਂਗਾ। ਉਹ ਬਹੁਤ ਹੋਣਗੇ ਅਤੇ ਫਲਣਗੇ ਅਤੇ ਮੈਂ ਤੁਹਾਨੂੰ ਅਜਿਹਾ ਵਸਾਵਾਂਗਾ ਜਿਹੋ ਜਿਹੇ ਤੁਸੀਂ ਪਹਿਲਾਂ ਸੀ। ਤੁਹਾਡੇ ਉੱਤੇ ਤੁਹਾਡੇ ਸ਼ੁਰੂ ਦੇ ਦਿਨਾਂ ਤੋਂ ਵਧੇਰੇ ਉਪਕਾਰ ਕਰਾਂਗਾ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!

12ਹਾਂ, ਮੈਂ ਅਜਿਹਾ ਕਰਾਂਗਾ ਕਿ ਮਨੁੱਖ ਅਰਥਾਤ ਮੇਰੀ ਇਸਰਾਏਲ ਦੀ ਪਰਜਾ ਤੁਹਾਡੇ ਉੱਤੇ ਤੁਰੇ-ਫਿਰੇਗੀ ਅਤੇ ਉਹ ਤੁਹਾਡੇ ਉੱਤੇ ਕਬਜ਼ਾ ਕਰਨਗੇ। ਤੁਸੀਂ ਉਹਨਾਂ ਦੀ ਵਿਰਾਸਤ ਹੋਵੋਗੇ ਅਤੇ ਫੇਰ ਉਹਨਾਂ ਨੂੰ ਤੁਸੀਂ ਬੇ-ਔਲਾਦ ਨਾ ਕਰੋਗੇ।

13ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਹ ਤੁਹਾਨੂੰ ਆਖਦੇ ਹਨ ਕਿ ਤੁਸੀਂ ਆਦਮੀਆਂ ਨੂੰ ਹੜੱਪ ਕਰਦੇ ਹੋ ਅਤੇ ਤੁਸੀਂ ਆਪਣੀ ਕੌਮ ਨੂੰ ਬੇ-ਔਲਾਦ ਕੀਤਾ।

14ਇਸ ਲਈ ਅੱਗੇ ਨੂੰ ਤੁਸੀਂ ਨਾ ਆਦਮੀਆਂ ਨੂੰ ਹੜੱਪ ਕਰੋਗੇ, ਨਾ ਅੱਗੇ ਨੂੰ ਆਪਣੀ ਕੌਮ ਨੂੰ ਬੇ-ਔਲਾਦ ਕਰੋਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

15ਮੈਂ ਤੁਹਾਨੂੰ ਕੌਮਾਂ ਦੇ ਮਿਹਣੇ ਸੁਣਨ ਨਾ ਦਿਆਂਗਾ, ਨਾ ਤੁਸੀਂ ਕੌਮਾਂ ਦੀ ਸ਼ਰਮਿੰਦਗੀ ਫੇਰ ਅੱਗੇ ਨੂੰ ਚੁੱਕੋਗੇ ਅਤੇ ਨਾ ਤੁਸੀਂ ਆਪਣੀ ਕੌਮ ਨੂੰ ਠੋਕਰ ਖਿਲਾਓਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।

16ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਅਤੇ ਆਖਿਆ ਕਿ

17ਹੇ ਮਨੁੱਖ ਦੇ ਪੁੱਤਰ, ਜਦੋਂ ਇਸਰਾਏਲ ਦਾ ਘਰਾਣਾ ਆਪਣੀ ਭੂਮੀ ਉੱਤੇ ਵੱਸਦਾ ਸੀ, ਉਹਨਾਂ ਨੇ ਉਹ ਨੂੰ ਆਪਣੇ ਚਾਲ-ਚੱਲਣ ਨਾਲ ਅਤੇ ਆਪਣੇ ਕੰਮਾਂ ਨਾਲ ਭਰਿਸ਼ਟ ਕੀਤਾ, ਉਹਨਾਂ ਦਾ ਚਾਲ-ਚੱਲਣ ਮੇਰੇ ਅੱਗੇ ਅਲੱਗ ਕੀਤੀ ਹੋਈ ਭਰਿਸ਼ਟ ਔਰਤ ਵਰਗਾ ਸੀ।

18ਇਸ ਲਈ ਮੈਂ ਉਸ ਲਹੂ ਦੇ ਕਾਰਨ ਜੋ ਉਹਨਾਂ ਉਸ ਦੇਸ ਵਿੱਚ ਵਹਾਇਆ ਅਤੇ ਉਹਨਾਂ ਮੂਰਤੀਆਂ ਦੇ ਕਾਰਨ ਜਿਹਨਾਂ ਨਾਲ ਉਹਨਾਂ ਉਸ ਨੂੰ ਭਰਿਸ਼ਟ ਕੀਤਾ ਸੀ, ਆਪਣਾ ਕਹਿਰ ਉਹਨਾਂ ਤੇ ਵਹਾਇਆ।

19ਮੈਂ ਉਹਨਾਂ ਨੂੰ ਕੌਮਾਂ ਵਿੱਚ ਖਿਲਾਰ ਦਿੱਤਾ ਅਤੇ ਉਹ ਦੇਸਾਂ ਵਿੱਚ ਖਿੱਲਰ ਗਏ। ਉਹਨਾਂ ਦੇ ਚਾਲ-ਚੱਲਣ ਅਤੇ ਉਹਨਾਂ ਦੇ ਕੰਮਾਂ ਅਨੁਸਾਰ, ਮੈਂ ਉਹਨਾਂ ਦਾ ਨਿਆਂ ਕੀਤਾ।

20ਜਦੋਂ ਉਹ ਕੌਮਾਂ ਦੇ ਵਿੱਚ ਜਿੱਥੇ-ਜਿੱਥੇ ਉਹ ਗਏ ਸਨ ਪਹੁੰਚੇ, ਤਾਂ ਉਹਨਾਂ ਮੇਰੇ ਪਵਿੱਤਰ ਨਾਮ ਨੂੰ ਪਲੀਤ ਕੀਤਾ, ਜਦੋਂ ਉਹ ਉਹਨਾਂ ਦੇ ਬਾਰੇ ਆਖਦੇ ਸਨ ਕਿ ਇਹ ਯਹੋਵਾਹ ਦੀ ਪਰਜਾ ਹੈ ਅਤੇ ਉਹ ਦੇ ਦੇਸ ਵਿੱਚੋਂ ਨਿੱਕਲ ਕੇ ਆਏ ਹਨ।

21ਪਰ ਮੈਨੂੰ ਆਪਣੇ ਪਵਿੱਤਰ ਨਾਮ ਦੇ ਕਾਰਨ ਚਿੰਤਾ ਹੋਈ, ਜਿਹ ਨੂੰ ਇਸਰਾਏਲ ਦੇ ਘਰਾਣੇ ਨੇ ਕੌਮਾਂ ਵਿੱਚ ਜਿੱਥੇ ਉਹ ਗਏ ਪਲੀਤ ਕੀਤਾ।

22ਇਸ ਲਈ ਤੂੰ ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਇਸਰਾਏਲ ਦੇ ਘਰਾਣੇ, ਮੈਂ ਤੁਹਾਡੀ ਲਈ ਨਹੀਂ ਸਗੋਂ ਆਪਣੇ ਪਵਿੱਤਰ ਨਾਮ ਦੇ ਲਈ, ਜਿਸ ਨੂੰ ਤੁਸੀਂ ਉਹਨਾਂ ਕੌਮਾਂ ਦੇ ਵਿੱਚ ਜਿੱਥੇ ਤੁਸੀਂ ਗਏ ਸੀ, ਪਲੀਤ ਕੀਤਾ ਇਹ ਕਰਦਾ ਹਾਂ।

23ਮੈਂ ਆਪਣੇ ਵੱਡੇ ਨਾਮ ਨੂੰ ਜਿਹੜਾ ਕੌਮਾਂ ਦੇ ਵਿੱਚ ਪਲੀਤ ਕੀਤਾ ਗਿਆ, ਜਿਹ ਨੂੰ ਤੁਸੀਂ ਉਹਨਾਂ ਦੇ ਵਿੱਚ ਪਲੀਤ ਕੀਤਾ, ਪਵਿੱਤਰ ਕਰਾਂਗਾ ਅਤੇ ਜਦੋਂ ਮੈਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਤੁਹਾਡੇ ਵਿੱਚ ਪਵਿੱਤਰ ਹੋਵਾਂਗਾ, ਤਦ ਉਹ ਕੌਮਾਂ ਜਾਣਨਗੀਆਂ ਕਿ ਮੈਂ ਯਹੋਵਾਹ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ।

24ਕਿਉਂ ਜੋ ਮੈਂ ਤੁਹਾਨੂੰ ਕੌਮਾਂ ਵਿੱਚੋਂ ਲਵਾਂਗਾ, ਸਾਰੇ ਦੇਸਾਂ ਵਿੱਚੋਂ ਤੁਹਾਨੂੰ ਇਕੱਠੇ ਕਰਾਂਗਾ ਅਤੇ ਤੁਹਾਨੂੰ ਤੁਹਾਡੀ ਭੂਮੀ ਵਿੱਚ ਲਿਆਵਾਂਗਾ।

25ਤਦ ਤੁਹਾਡੇ ਉੱਤੇ ਨਿਰਮਲ ਜਲ ਛਿੜਕਾਂਗਾ, ਤੁਸੀਂ ਸ਼ੁੱਧ ਹੋਵੋਗੇ ਅਤੇ ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਅਤੇ ਤੁਹਾਡੀਆਂ ਸਾਰੀਆਂ ਮੂਰਤੀਆਂ ਤੋਂ ਤੁਹਾਨੂੰ ਸ਼ੁੱਧ ਕਰਾਂਗਾ।

26ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ ਅਤੇ ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ। ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖ਼ਸ਼ਾਂਗਾ।

27ਮੈਂ ਆਤਮਾ ਤੁਹਾਡੇ ਵਿੱਚ ਦਿਆਂਗਾ ਅਤੇ ਤੁਹਾਨੂੰ ਆਪਣੀਆਂ ਬਿਧੀਆਂ ਉੱਤੇ ਚਲਾਵਾਂਗਾ। ਤੁਸੀਂ ਮੇਰੇ ਨਿਆਂਵਾਂ ਦੀ ਪਾਲਣਾ ਕਰੋਗੇ ਅਤੇ ਉਹਨਾਂ ਤੇ ਅਮਲ ਕਰੋਗੇ।

28ਤੁਸੀਂ ਉਸ ਦੇਸ ਵਿੱਚ ਜਿਹੜਾ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤਾ ਵੱਸੋਗੇ, ਤੁਸੀਂ ਮੇਰੀ ਪਰਜਾ ਹੋਵੋਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।

29ਮੈਂ ਤੁਹਾਨੂੰ ਤੁਹਾਡੀ ਸਾਰੀ ਅਸ਼ੁੱਧਤਾਈ ਤੋਂ ਬਚਾਵਾਂਗਾ ਅਤੇ ਮੈਂ ਅੰਨ ਮੰਗਾਵਾਂਗਾ। ਮੈਂ ਉਹ ਨੂੰ ਵਧਾਵਾਂਗਾ ਅਤੇ ਤੁਹਾਡੇ ਉੱਤੇ ਕਾਲ ਨਾ ਪਾਵਾਂਗਾ।

30ਮੈਂ ਰੁੱਖਾਂ ਦੇ ਫਲਾਂ ਨੂੰ ਅਤੇ ਖੇਤ ਦੀ ਪੈਦਾਵਾਰ ਨੂੰ ਵਾਧਾ ਬਖ਼ਸ਼ਾਂਗਾ, ਇੱਥੋਂ ਤੱਕ ਕਿ ਤੁਸੀਂ ਅੱਗੇ ਲਈ ਕੌਮਾਂ ਦੇ ਵਿੱਚ ਕਾਲ ਦੇ ਕਾਰਨ ਨਮੋਸ਼ੀ ਨਾ ਉਠਾਵੋਗੇ।

31ਤਦ ਤੁਸੀਂ ਆਪਣਿਆਂ ਬੁਰਿਆਂ ਰਾਹਾਂ ਨੂੰ ਅਤੇ ਆਪਣਿਆਂ ਕੰਮਾਂ ਨੂੰ ਚੇਤੇ ਕਰੋਗੇ, ਭਈ ਉਹ ਚੰਗੇ ਨਹੀਂ ਸਨ ਅਤੇ ਤੁਸੀਂ ਆਪਣੇ ਪਾਪਾਂ ਉੱਤੇ ਅਤੇ ਆਪਣੇ ਘਿਣਾਉਣੇ ਕੰਮਾਂ ਕਾਰਨ, ਆਪਣੀ ਨਜ਼ਰ ਵਿੱਚ ਆਪਣੇ ਆਪ ਤੋਂ ਘਿਣ ਕਰੋਗੇ।

32ਪ੍ਰਭੂ ਯਹੋਵਾਹ ਦਾ ਵਾਕ ਹੈ, ਤੁਸੀਂ ਜਾਣ ਲਓ ਕਿ ਮੈਂ ਤੁਹਾਡੇ ਲਈ ਨਹੀਂ ਕਰਦਾ ਹਾਂ, ਹੇ ਇਸਰਾਏਲ ਦੇ ਘਰਾਣੇ, ਤੁਸੀਂ ਆਪਣੇ ਰਾਹਾਂ ਦੇ ਕਾਰਨ ਸ਼ਰਮਿੰਦੇ ਹੋਵੋ ਅਤੇ ਲੱਜਿਆਵਾਨ ਹੋਵੋ।

33ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਮੈਂ ਤੁਹਾਨੂੰ ਤੁਹਾਡੇ ਸਾਰੇ ਪਾਪਾਂ ਤੋਂ ਸ਼ੁੱਧ ਕਰਾਂਗਾ, ਉਸੇ ਦਿਨ ਮੈਂ ਤੁਹਾਨੂੰ ਤੁਹਾਡੇ ਸ਼ਹਿਰਾਂ ਵਿੱਚ ਵਸਾਵਾਂਗਾ ਅਤੇ ਤੁਹਾਡੇ ਵਿਰਾਨ ਥਾਂ ਬਣਾਏ ਜਾਣਗੇ।

34ਉਹ ਵਿਰਾਨ ਧਰਤੀ ਜੋ ਸਾਰੇ ਰਾਹ ਲੰਘਦਿਆਂ ਦੀ ਨਜ਼ਰ ਵਿੱਚ ਵਿਰਾਨ ਪਈ ਸੀ, ਵਾਹੀ ਜਾਵੇਗੀ।

35ਉਹ ਆਖਣਗੇ ਕਿ ਇਹ ਧਰਤੀ ਜਿਹੜੀ ਵਿਰਾਨ ਪਈ ਹੋਈ ਸੀ ਅਦਨ ਦੇ ਬਾਗ਼ ਵਾਂਗੂੰ ਹੋ ਗਈ। ਬਰਬਾਦ, ਉੱਜੜੇ ਅਤੇ ਢਾਹੇ ਹੋਏ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਸਦੇ ਹੋ ਗਏ।

36ਤਦ ਕੌਮਾਂ ਜਿਹੜੀਆਂ ਤੁਹਾਡੇ ਆਲੇ-ਦੁਆਲੇ ਬਚੀਆਂ ਹੋਈਆਂ ਹਨ, ਜਾਣਨਗੀਆਂ ਕਿ ਮੈਂ ਯਹੋਵਾਹ ਨੇ ਢਾਹਿਆਂ ਥਾਵਾਂ ਨੂੰ ਬਣਾਇਆ ਹੈ ਅਤੇ ਉੱਜੜਿਆਂ ਵਿਰਾਨਾਂ ਨੂੰ ਫੇਰ ਲਗਾਇਆ ਹੈ। ਮੈਂ ਯਹੋਵਾਹ ਨੇ ਫ਼ਰਮਾਇਆ ਹੈ ਅਤੇ ਮੈਂ ਹੀ ਕਰਾਂਗਾ।

37ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸਰਾਏਲ ਦਾ ਘਰਾਣਾ ਮੇਰੇ ਕੋਲੋਂ ਫੇਰ ਇਹ ਪੁੱਛੇਗਾ ਭਈ ਮੈਂ ਉਹਨਾਂ ਲਈ ਇਹ ਕਰਾਂ ਕਿ ਉਹਨਾਂ ਦੇ ਆਦਮੀਆਂ ਨੂੰ ਇੱਜੜ ਵਾਂਗੂੰ ਵਾਧਾ ਦੇਵਾਂ।

38ਪਵਿੱਤਰ ਇੱਜੜ ਵਾਂਗੂੰ ਜਿਵੇਂ ਯਰੂਸ਼ਲਮ ਦਾ ਇੱਜੜ ਉਹ ਦੇ ਠਹਿਰਾਏ ਹੋਏ ਪਰਬਾਂ ਵਿੱਚ ਸੀ, ਉਸੇ ਤਰ੍ਹਾਂ ਹੀ ਉੱਜੜੇ ਸ਼ਹਿਰ ਆਦਮੀਆਂ ਦੇ ਜੱਥਿਆਂ ਨਾਲ ਭਰੇ ਹੋਣਗੇ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath