ਹਿਜ਼ਕੀਏਲ 31
1ਫੇਰ ਬਾਰਵੇਂ ਸਾਲ ਦੇ ਤੀਜੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਮਿਸਰ ਦੇ ਰਾਜਾ ਫ਼ਿਰਊਨ ਅਤੇ ਉਸ ਦੀ ਭੀੜ ਨੂੰ ਆਖ, ਤੁਸੀਂ ਆਪਣੀ ਵਡਿਆਈ ਵਿੱਚ ਕਿਹ ਦੇ ਵਰਗੇ ਹੋ?
3ਵੇਖ, ਅੱਸ਼ੂਰੀ ਲਬਾਨੋਨ ਵਿੱਚ ਦਿਆਰ ਸੀ, ਜਿਸ ਦੀਆਂ ਟਹਿਣੀਆਂ ਸੁੰਦਰ ਸਨ ਅਤੇ ਸੰਘਣੀ ਛਾਂ ਵਾਲਾ ਸੀ, ਉਹ ਦਾ ਕੱਦ ਉੱਚਾ ਸੀ ਅਤੇ ਉਹ ਦੀ ਟੀਸੀ ਸੰਘਣੀਆਂ ਟਹਿਣੀਆਂ ਵਿਚਕਾਰ ਖੜੀ ਸੀ।
4ਪਾਣੀਆਂ ਨੇ ਉਹ ਨੂੰ ਵੱਡਾ ਕੀਤਾ, ਡੂੰਘਿਆਈ ਨੇ ਉਹ ਨੂੰ ਉੱਚਾ ਕੀਤਾ। ਉਹ ਦੇ ਉੱਗੇ ਹੋਏ ਥਾਂ ਦੇ ਦੁਆਲੇ ਨਹਿਰਾਂ ਵਗਦੀਆਂ ਸਨ ਅਤੇ ਉਹ ਦੀਆਂ ਨਾਲੀਆਂ ਖੇਤ ਦੇ ਸਾਰੇ ਰੁੱਖਾਂ ਤੱਕ ਪਹੁੰਚਦੀਆਂ ਸਨ।
5ਇਸ ਲਈ ਪਾਣੀ ਬਹੁਤਾ ਫੁੱਟ ਨਿੱਕਲਣ ਕਰਕੇ ਉਸ ਦਾ ਕੱਦ ਖੇਤ ਦੇ ਸਾਰੇ ਰੁੱਖਾਂ ਨਾਲੋਂ ਉੱਚਾ ਹੋ ਗਿਆ ਅਤੇ ਉਸ ਦੀਆਂ ਟਹਿਣੀਆਂ ਬਹੁਤੀਆਂ ਤੇ ਲੰਮੀਆਂ ਹੋ ਗਈਆਂ।
6ਅਕਾਸ਼ ਦੇ ਸਾਰੇ ਪੰਛੀ ਉਹ ਦੀਆਂ ਟਹਿਣੀਆਂ ਤੇ ਆਪਣੇ ਆਲ੍ਹਣੇ ਬਣਾਉਂਦੇ ਸਨ ਅਤੇ ਉਹ ਦੀਆਂ ਡਾਲੀਆਂ ਦੇ ਹੇਠਾਂ, ਖੇਤ ਦੇ ਸਾਰੇ ਦਰਿੰਦੇ ਬੱਚਿਆਂ ਨੂੰ ਜਨਮ ਦਿੰਦੇ ਸਨ। ਸਾਰੀਆਂ ਵੱਡੀਆਂ ਕੌਮਾਂ ਉਸ ਦੇ ਪਰਛਾਵੇਂ ਵਿੱਚ ਵੱਸਦੀਆਂ ਸਨ।
7ਇਸ ਪ੍ਰਕਾਰ ਉਹ ਆਪਣੀ ਵਡਿਆਈ ਵਿੱਚ ਆਪਣੀਆਂ ਡਾਲੀਆਂ ਦੇ ਲੰਮੇ ਹੋਣ ਕਰਕੇ ਸੁੰਦਰ ਸੀ, ਕਿਉਂ ਜੋ ਉਹ ਦੀ ਜੜ੍ਹ ਪਾਣੀ ਦੇ ਬਹੁਤ ਨੇੜੇ ਸੀ।
8ਪਰਮੇਸ਼ੁਰ ਦੇ ਬਾਗ਼ ਦੇ ਦਿਆਰ ਉਹ ਨੂੰ ਲੁਕਾ ਨਾ ਸਕੇ, ਸਰੂ ਉਹ ਦੀਆਂ ਟਹਿਣੀਆਂ ਅਤੇ ਅਰਮੋਨ ਦਾ ਰੁੱਖ, ਉਹ ਦੀਆਂ ਡਾਲੀਆਂ ਦੇ ਬਰਾਬਰ ਨਾ ਸਨ ਅਤੇ ਪਰਮੇਸ਼ੁਰ ਦੇ ਬਾਗ਼ ਦਾ ਕੋਈ ਰੁੱਖ, ਸੁੰਦਰਤਾ ਵਿੱਚ ਉਸ ਵਰਗਾ ਨਹੀਂ ਸੀ।
9ਮੈਂ ਉਹ ਨੂੰ ਬਹੁਤੀਆਂ ਡਾਲੀਆਂ ਦੇ ਕੇ ਸੁੰਦਰਤਾ ਬਖ਼ਸ਼ੀ, ਇੱਥੋਂ ਤੱਕ ਕਿ ਅਦਨ ਦੇ ਬਾਗ਼ ਦੇ ਸਾਰੇ ਰੁੱਖ ਜੋ ਪਰਮੇਸ਼ੁਰ ਦੇ ਬਾਗ਼ ਵਿੱਚ ਸਨ, ਉਸ ਨਾਲ ਖਾਰ ਕਰਦੇ ਸਨ।
10ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇਸ ਲਈ ਕਿ ਉਹ ਨੇ ਆਪਣੇ ਆਪ ਨੂੰ ਉੱਚਾ ਅਤੇ ਆਪਣੀ ਟੀਸੀ ਨੂੰ ਸੰਘਣੀਆਂ ਟਹਿਣੀਆਂ ਦੇ ਵਿੱਚ ਉੱਚਾ ਕੀਤਾ ਅਤੇ ਉਹ ਦੇ ਮਨ ਵਿੱਚ ਆਪਣੀ ਉਚਾਈ ਦਾ ਘਮੰਡ ਆਇਆ।
11ਇਸ ਲਈ ਮੈਂ ਉਹ ਨੂੰ ਕੌਮਾਂ ਵਿੱਚੋਂ ਇੱਕ ਜ਼ੋਰਾਵਰ ਦੇ ਹਵਾਲੇ ਕਰਾਂਗਾ। ਜ਼ਰੂਰ ਉਹ ਉਸ ਨਾਲ ਵਰਤੇਗਾ। ਮੈਂ ਉਹ ਦੀ ਦੁਸ਼ਟਤਾ ਦੇ ਕਾਰਨ ਉਹ ਨੂੰ ਕੱਢ ਦਿੱਤਾ ਹੈ।
12ਓਪਰੇ ਲੋਕ ਜੋ ਕੌਮਾਂ ਵਿੱਚ ਭਿਆਨਕ ਹਨ, ਉਹ ਨੂੰ ਵੱਢ ਸੁੱਟਣਗੇ ਅਤੇ ਉਹ ਨੂੰ ਛੱਡ ਦੇਣਗੇ। ਪਹਾੜਾਂ ਅਤੇ ਸਾਰੀਆਂ ਵਾਦੀਆਂ ਵਿੱਚ ਉਹ ਦੀਆਂ ਟਹਿਣੀਆਂ ਡਿੱਗਣਗੀਆਂ ਅਤੇ ਧਰਤੀ ਦੀਆਂ ਸਾਰੀਆਂ ਨਹਿਰਾਂ ਦੇ ਵਿੱਚ ਉਹ ਦੀਆਂ ਡਾਲੀਆਂ ਭੰਨੀਆਂ ਜਾਣਗੀਆਂ। ਧਰਤੀ ਦੇ ਸਾਰੇ ਲੋਕ ਉਸ ਦੇ ਪਰਛਾਵੇਂ ਹੇਠੋਂ ਨਿੱਕਲ ਜਾਣਗੇ ਅਤੇ ਉਹ ਨੂੰ ਛੱਡ ਦੇਣਗੇ।
13ਅਕਾਸ਼ ਦੇ ਸਾਰੇ ਪੰਛੀ ਉਸ ਟੁੱਟੇ ਹੋਏ ਉੱਤੇ ਵੱਸਣਗੇ ਅਤੇ ਸਾਰੇ ਖੇਤ ਦੇ ਸਾਰੇ ਦਰਿੰਦੇ ਉਹ ਦੀਆਂ ਟਹਿਣੀਆਂ ਉੱਤੇ ਹੋਣਗੇ,
14ਤਾਂ ਜੋ ਪਾਣੀ ਦੇ ਸਾਰੇ ਰੁੱਖਾਂ ਵਿੱਚੋਂ ਕੋਈ ਆਪਣੀ ਉਚਾਈ ਉੱਤੇ ਆਕੜ ਨਾ ਕਰੇ ਅਤੇ ਆਪਣੀ ਟੀਸੀ ਸੰਘਣੀਆਂ ਟਹਿਣੀਆਂ ਦੇ ਵਿਚਕਾਰ ਨਾ ਰੱਖੇ। ਉਹਨਾਂ ਵਿੱਚੋਂ ਵੱਡੇ-ਵੱਡੇ ਅਤੇ ਸਾਰੇ ਪਾਣੀ ਪੀਣ ਵਾਲੇ ਰੁੱਖ ਸਿੱਧੇ ਨਾ ਖਲੋਣ, ਕਿਉਂ ਜੋ ਉਹ ਸਾਰੇ ਦੇ ਸਾਰੇ ਮੌਤ ਲਈ ਦਿੱਤੇ ਗਏ ਹਨ ਅਰਥਾਤ ਧਰਤੀ ਦੇ ਹੇਠ ਆਦਮ ਵੰਸ਼ੀਆਂ ਦੇ ਵਿਚਕਾਰ ਕਬਰ ਵਿੱਚ ਉਤਰਨਗੇ।
15ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਿਸ ਦਿਨ ਉਹ ਪਤਾਲ ਵਿੱਚ ਉਤਰਨਗੇ, ਮੈਂ ਸੋਗ ਕਰਾਵਾਂਗਾ, ਮੈਂ ਉਸ ਦੇ ਲਈ ਡੂੰਘਿਆਈ ਨੂੰ ਲੁਕਾ ਦਿਆਂਗਾ ਅਤੇ ਉਹ ਦੀਆਂ ਨਹਿਰਾਂ ਨੂੰ ਰੋਕ ਦਿਆਂਗਾ ਅਤੇ ਬਹੁਤੇ ਪਾਣੀ ਰੁਕ ਜਾਣਗੇ, ਹਾਂ, ਮੈਂ ਲਬਾਨੋਨ ਤੋਂ ਉਹ ਦੇ ਲਈ ਵਿਰਲਾਪ ਕਰਾਵਾਂਗਾ ਅਤੇ ਉਹ ਦੇ ਲਈ ਖੇਤ ਦੇ ਸਾਰੇ ਰੁੱਖ ਗ਼ਸ਼ੀਆਂ ਖਾਣਗੇ।
16ਜਿਸ ਵੇਲੇ ਮੈਂ ਉਹ ਨੂੰ ਉਹਨਾਂ ਸਾਰਿਆਂ ਦੇ ਨਾਲ ਜੋ ਕਬਰ ਵਿੱਚ ਡਿੱਗਦੇ ਹਨ ਪਤਾਲ ਵਿੱਚ ਧੱਕਾਂਗਾ, ਤਾਂ ਉਹ ਦੇ ਡਿੱਗਣ ਦੇ ਰੌਲ਼ੇ ਨਾਲ ਸਾਰੀਆਂ ਕੌਮਾਂ ਕੰਬਣਗੀਆਂ ਅਤੇ ਅਦਨ ਦੇ ਸਾਰੇ ਰੁੱਖ, ਲਬਾਨੋਨ ਦੇ ਚੁਣਵੇਂ ਚੰਗੇ ਰੁੱਖ, ਉਹ ਸਾਰੇ ਜੋ ਪਾਣੀ ਪੀਂਦੇ ਹਨ, ਧਰਤੀ ਦੇ ਪਤਾਲ ਵਿੱਚ ਸ਼ਾਂਤੀ ਪਾਉਣਗੇ।
17ਉਹ ਵੀ ਉਹ ਦੇ ਨਾਲ ਉਹਨਾਂ ਤੱਕ ਜੋ ਤਲਵਾਰ ਨਾਲ ਵੱਢੇ ਗਏ, ਪਤਾਲ ਵਿੱਚ ਉਤਰ ਜਾਣਗੇ ਅਤੇ ਉਹ ਵੀ ਜਿਹੜੇ ਉਸ ਦੀ ਬਾਂਹ ਸਨ ਅਤੇ ਕੌਮਾਂ ਦੇ ਵਿੱਚ ਉਸ ਦੀ ਛਾਂ ਹੇਠਾਂ ਵੱਸਦੇ ਸਨ।
18ਤੂੰ ਮਹਿਮਾ ਤੇ ਡੂੰਘਿਆਈ ਵਿੱਚ ਅਦਨ ਦੇ ਰੁੱਖਾਂ ਵਿੱਚੋਂ ਕਿਹ ਦੇ ਵਰਗਾ ਹੈਂ? ਪਰ ਤੂੰ ਅਦਨ ਦੇ ਰੁੱਖਾਂ ਦੇ ਨਾਲ ਧਰਤੀ ਦੇ ਪਤਾਲ ਵਿੱਚ ਧੱਕਿਆ ਜਾਵੇਂਗਾ, ਤੂੰ ਉਨਾਂ ਦੇ ਨਾਲ ਜੋ ਤਲਵਾਰ ਨਾਲ ਵੱਢੇ ਗਏ, ਬੇਸੁੰਨਤਿਆਂ ਵਿੱਚ ਪਿਆ ਰਹੇਂਗਾ, ਇਹੀ ਫ਼ਿਰਊਨ ਅਤੇ ਉਸ ਦੀ ਸਾਰੀ ਭੀੜ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath