ਹਿਜ਼ਕੀਏਲ 29
1ਦਸਵੇਂ ਸਾਲ ਦੇ ਦਸਵੇਂ ਮਹੀਨੇ ਦੀ ਬਾਰ੍ਹਾਂ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਤੂੰ ਮਿਸਰ ਦੇ ਰਾਜਾ ਫ਼ਿਰਊਨ ਦੇ ਵਿਰੁੱਧ ਅਤੇ ਉਹ ਦੇ ਅਤੇ ਸਾਰੇ ਮਿਸਰ ਦੇਸ ਦੇ ਵਿਰੁੱਧ ਆਪਣਾ ਮੂੰਹ ਕਰ ਕੇ ਭਵਿੱਖਬਾਣੀ ਕਰ,
3ਬੋਲ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਮਿਸਰ ਦੇ ਰਾਜਾ ਫ਼ਿਰਊਨ, ਵੇਖ, ਮੈਂ ਤੇਰੇ ਵਿਰੁੱਧ ਹਾਂ! ਤੂੰ ਵੱਡਾ ਜਲ ਜੰਤੂ ਹੈਂ, ਜਿਹੜਾ ਆਪਣਿਆਂ ਦਰਿਆਵਾਂ ਵਿੱਚ ਲੇਟ ਰਹਿੰਦਾ ਹੈ, ਅਤੇ ਆਖਦਾ ਹੈ ਕਿ ਮੇਰਾ ਦਰਿਆ ਨੀਲ ਮੇਰਾ ਹੀ ਹੈ, ਅਤੇ ਮੈਂ ਉਹ ਨੂੰ ਆਪਣੇ ਲਈ ਬਣਾਇਆ ਹੈ।
4ਪਰ ਮੈਂ ਤੇਰੇ ਜਬਾੜਿਆਂ ਵਿੱਚ ਕੁੰਡੀਆਂ ਪਾਵਾਂਗਾ, ਅਤੇ ਤੇਰਿਆਂ ਦਰਿਆਵਾਂ ਦੀਆਂ ਮੱਛੀਆਂ ਤੇਰੀ ਖੱਲ ਤੇ ਚਿੰਬੇੜ ਦਿਆਂਗਾ, ਨਾਲੇ ਤੈਨੂੰ ਤੇਰਿਆਂ ਦਰਿਆਵਾਂ ਵਿੱਚੋਂ ਬਾਹਰ ਧੂਹ ਕੱਢਾਂਗਾ, ਨਾਲੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਵੀ, ਜਿਹੜੀਆਂ ਤੇਰੀ ਖੱਲ ਉੱਤੇ ਚਿੰਬੜੀਆਂ ਹੋਈਆਂ ਹਨ।
5ਮੈਂ ਤੈਨੂੰ ਤੇ ਤੇਰਿਆਂ ਦਰਿਆਵਾਂ ਦੀਆਂ ਸਾਰੀਆਂ ਮੱਛੀਆਂ ਨੂੰ ਉਜਾੜ ਵਿੱਚ ਸੁੱਟ ਦਿਆਂਗਾ, ਤੂੰ ਖੁੱਲ੍ਹੇ ਖੇਤ ਵਿੱਚ ਪਿਆ ਰਹੇਂਗਾ, ਤੂੰ ਨਾ ਇੱਕ ਥਾਂ ਕੀਤਾ ਜਾਵੇਂਗਾ ਨਾ ਇਕੱਠਾ ਕੀਤਾ ਜਾਵੇਂਗਾ, ਮੈਂ ਤੈਨੂੰ ਧਰਤੀ ਦੇ ਦਰਿੰਦਿਆਂ ਅਤੇ ਅਕਾਸ਼ ਦੇ ਪੰਛੀਆਂ ਨੂੰ ਖਾਣ ਲਈ ਦਿਆਂਗਾ।
6ਮਿਸਰ ਦੇ ਸਾਰੇ ਵਾਸੀ ਜਾਣਨਗੇ ਕਿ ਮੈਂ ਯਹੋਵਾਹ ਹਾਂ, ਇਸ ਲਈ ਕਿ ਉਹ ਇਸਰਾਏਲ ਦੇ ਘਰਾਣੇ ਲਈ ਕੇਵਲ ਕਾਨੇ ਦਾ ਸਹਾਰਾ ਸਨ।
7ਜਦ ਉਹਨਾਂ ਨੇ ਤੈਨੂੰ ਹੱਥ ਵਿੱਚ ਫੜਿਆ ਤਾਂ ਤੂੰ ਟੁੱਟ ਗਿਆ ਅਤੇ ਉਹਨਾਂ ਸਾਰਿਆਂ ਦੇ ਮੋਢੇ ਫੱਟੜ ਕਰ ਦਿੱਤੇ, ਫੇਰ ਜਦੋਂ ਉਹਨਾਂ ਨੇ ਤੇਰਾ ਸਹਾਰਾ ਲਿਆ, ਤਾਂ ਤੂੰ ਟੋਟੇ-ਟੋਟੇ ਹੋ ਗਿਆ, ਅਤੇ ਉਹਨਾਂ ਸਾਰਿਆਂ ਦੇ ਲੱਕ ਹਿੱਲ ਗਏ।
8ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖ, ਮੈਂ ਇੱਕ ਤਲਵਾਰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਵਿੱਚੋਂ ਆਦਮੀਆਂ ਅਤੇ ਪਸ਼ੂਆਂ ਨੂੰ ਵੱਢ ਸੁੱਟਾਂਗਾ।
9ਮਿਸਰ ਦੇਸ ਉੱਜੜ ਜਾਵੇਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ, ਕਿਉਂ ਜੋ ਉਹ ਨੇ ਆਖਿਆ ਹੈ ਕਿ ਨਦੀ ਮੇਰੀ ਹੀ ਹੈ ਅਤੇ ਮੈਂ ਹੀ ਉਹ ਨੂੰ ਬਣਾਇਆ ਹੈ।
10ਇਸ ਲਈ ਵੇਖ, ਮੈਂ ਤੇਰਾ ਅਤੇ ਤੇਰੀਆਂ ਨਦੀਆਂ ਦਾ ਵਿਰੋਧੀ ਹਾਂ ਅਤੇ ਮਿਸਰ ਦੇਸ ਨੂੰ ਮਿਗਦੋਲ ਸਵੇਨੇਹ ਤੋਂ ਕੂਸ਼ ਦੀ ਹੱਦ ਤੱਕ ਪੂਰੀ ਤਰ੍ਹਾਂ ਉਜਾੜ ਦਿਆਂਗਾ।
11ਕਿਸੇ ਮਨੁੱਖ ਦਾ ਪੈਰ ਉਹ ਦੇ ਵਿੱਚ ਦੀ ਨਾ ਲੰਘੇਗਾ, ਨਾ ਕਿਸੇ ਪਸ਼ੂ ਦਾ ਖੁਰ ਉਹ ਦੇ ਵਿੱਚ ਲੰਘੇਗਾ, ਨਾ ਉਹ ਚਾਲ੍ਹੀ ਸਾਲ ਤੱਕ ਅਬਾਦ ਹੋਵੇਗਾ।
12ਮੈਂ ਉੱਜੜੇ ਦੇਸਾਂ ਵਿੱਚ ਮਿਸਰ ਦੇਸ ਨੂੰ ਉਜਾੜ ਦਿਆਂਗਾ ਅਤੇ ਉੱਜੜੇ ਹੋਏ ਸ਼ਹਿਰਾਂ ਵਿੱਚ ਉਹ ਦੇ ਸ਼ਹਿਰ ਚਾਲ੍ਹੀ ਸਾਲ ਤੱਕ ਉਜਾੜ ਰਹਿਣਗੇ ਅਤੇ ਮੈਂ ਮਿਸਰੀਆਂ ਨੂੰ ਕੌਮਾਂ ਵਿੱਚ ਖਿਲਾਰ ਦਿਆਂਗਾ ਅਤੇ ਦੇਸਾਂ ਵਿੱਚ ਉਹਨਾਂ ਨੂੰ ਤਿੱਤਰ-ਬਿੱਤਰ ਕਰਾਂਗਾ।
13ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਚਾਲ੍ਹੀ ਸਾਲ ਦੇ ਅੰਤ ਵਿੱਚ ਮੈਂ ਮਿਸਰੀਆਂ ਨੂੰ ਉਹਨਾਂ ਲੋਕਾਂ ਵਿੱਚੋਂ ਜਿੱਥੇ ਉਹ ਖਿੱਲਰ ਗਏ ਸਨ, ਫੇਰ ਇਕੱਠਾ ਕਰਾਂਗਾ।
14ਮੈਂ ਮਿਸਰ ਦੇ ਦੇਸ ਨਿਕਾਲੇ ਵਾਲਿਆਂ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਉਹਨਾਂ ਦੀ ਜਨਮ ਭੂਮੀ ਵਿੱਚ ਅਰਥਾਤ ਪਥਰੋਸ ਦੇ ਦੇਸ ਵਿੱਚ ਮੋੜ ਲਿਆਵਾਂਗਾ ਅਤੇ ਉੱਥੇ ਉਹਨਾਂ ਦਾ ਨਿੱਕਾ ਜਿਹਾ ਰਾਜ ਬਣੇਗਾ
15ਇਹ ਰਾਜਾਂ ਵਿੱਚੋਂ ਨਿੱਕਾ ਜਿਹਾ ਹੋਵੇਗਾ ਅਤੇ ਫੇਰ ਕੌਮਾਂ ਉੱਤੇ ਆਪਣੇ ਆਪ ਨੂੰ ਉੱਚਾ ਨਾ ਕਰ ਸਕੇਗਾ, ਕਿਉਂ ਜੋ ਮੈਂ ਉਹਨਾਂ ਨੂੰ ਨੀਵਾਂ ਕਰਾਂਗਾ, ਤਾਂ ਜੋ ਫੇਰ ਕੌਮਾਂ ਉੱਪਰ ਹਕੂਮਤ ਨਾ ਕਰਨ
16ਅਤੇ ਉਹ ਅੱਗੇ ਲਈ ਇਸਰਾਏਲ ਦੇ ਘਰਾਣੇ ਦਾ ਭਰੋਸਾ ਨਹੀਂ ਹੋਵੇਗਾ। ਜਦੋਂ ਉਹ ਉਹਨਾਂ ਦੇ ਅੰਤ ਵੱਲ ਵੇਖਣਗੇ, ਤਾਂ ਉਹਨਾਂ ਦੇ ਪਾਪ ਉਹਨਾਂ ਨੂੰ ਚੇਤੇ ਆਉਣਗੇ ਅਤੇ ਉਹ ਜਾਣਨਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ!
17ਸਤਾਈਵੇਂ ਸਾਲ ਦੇ ਪਹਿਲੇ ਮਹੀਨੇ ਦੀ ਪਹਿਲੀ ਤਾਰੀਖ਼ ਨੂੰ ਯਹੋਵਾਹ ਦਾ ਵਾਕ ਮੇਰੇ ਕੋਲ ਆਇਆ ਤੇ ਆਖਿਆ ਕਿ
18ਹੇ ਮਨੁੱਖ ਦੇ ਪੁੱਤਰ, ਬਾਬਲ ਦੇ ਰਾਜਾ ਨਬੂਕਦਨੱਸਰ ਨੇ ਆਪਣੀ ਫੌਜ ਤੋਂ ਸੂਰ ਦੀ ਵਿਰੋਧਤਾ ਵਿੱਚ ਵੱਡੀ ਸੇਵਾ ਕਰਵਾਈ ਹੈ। ਹਰੇਕ ਦਾ ਸਿਰ ਗੰਜਾ ਹੋ ਗਿਆ ਅਤੇ ਹਰੇਕ ਦਾ ਮੋਢਾ ਛਿੱਲਿਆ ਗਿਆ ਪਰ ਨਾ ਉਹ ਨੇ, ਨਾ ਉਹ ਦੀ ਫੌਜ ਨੇ ਉਸ ਸੇਵਾ ਦੇ ਬਦਲੇ ਜਿਹੜੀ ਉਹਨਾਂ ਉਹ ਦੀ ਵਿਰੋਧਤਾ ਵਿੱਚ ਕੀਤੀ ਸੀ, ਸੂਰ ਤੋਂ ਕੁਝ ਫਲ ਪ੍ਰਾਪਤ ਕੀਤਾ।
19ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਮਿਸਰ ਦਾ ਦੇਸ ਬਾਬਲ ਦੇ ਰਾਜਾ ਨਬੂਕਦਨੱਸਰ ਨੂੰ ਦੇ ਦਿਆਂਗਾ, ਉਹ ਉਸ ਦੀ ਭੀੜ ਨੂੰ ਲੈ ਜਾਵੇਗਾ ਅਤੇ ਉਸ ਨੂੰ ਲੁੱਟ ਲਵੇਗਾ, ਅਤੇ ਉਹ ਨੂੰ ਲੁੱਟ ਦਾ ਮਾਲ ਬਣਾਵੇਗਾ ਅਤੇ ਇਹ ਉਸ ਦੀ ਫੌਜ ਦੀ ਕਮਾਈ ਹੋਵੇਗੀ।
20ਮੈਂ ਮਿਸਰ ਦਾ ਦੇਸ ਉਸ ਸੇਵਾ ਦੇ ਬਦਲੇ ਜੋ ਉਸ ਕੀਤੀ ਉਹ ਨੂੰ ਦਿੱਤਾ, ਪ੍ਰਭੂ ਯਹੋਵਾਹ ਦਾ ਵਾਕ ਹੈ।
21ਮੈਂ ਉਸ ਵੇਲੇ ਇਸਰਾਏਲ ਦੇ ਘਰਾਣੇ ਦਾ ਸਿੰਗ ਉਗਾਵਾਂਗਾ ਅਤੇ ਉਹਨਾਂ ਦੇ ਵਿੱਚ ਤੇਰਾ ਮੂੰਹ ਖੋਲ੍ਹਾਂਗਾ ਅਤੇ ਉਹ ਜਾਣਨਗੇ ਕਿ ਮੈਂ ਯਹੋਵਾਹ ਹਾਂ!
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath