ਈਸਾਈ
ਪਿੱਛੇ

ਹਿਜ਼ਕੀਏਲ 27

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਤੂੰ ਸੂਰ ਉੱਤੇ ਵੈਣ ਪਾ

3ਅਤੇ ਤੂੰ ਸੂਰ ਲਈ ਆਖ ਕਿ ਤੂੰ ਜਿਹੜਾ ਸਾਗਰ ਦੇ ਲਾਂਘੇ ਤੇ ਵੱਸਿਆ ਹੋਇਆ ਹੈਂ ਅਤੇ ਬਹੁਤ ਟਾਪੂਆਂ ਲਈ ਲੋਕਾਂ ਦਾ ਵਪਾਰ ਹੈਂ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਹੇ ਸੂਰ, ਤੂੰ ਆਖਦਾ ਹੈਂ ਕਿ ਮੈਂ ਸੁੰਦਰਤਾ ਵਿੱਚ ਪੂਰਾ ਹਾਂ,

4ਤੇਰੀਆਂ ਹੱਦਾਂ ਸਾਗਰ ਦੇ ਵਿੱਚ ਹਨ ਅਤੇ ਤੇਰੇ ਬਣਾਉਣ ਵਾਲਿਆਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ ਹੈ।

5ਉਹਨਾਂ ਨੇ ਸਨੀਰ ਦੀ ਚੀਲ ਦੇ ਰੁੱਖਾਂ ਤੋਂ ਤੇਰੇ ਫੱਟੇ ਬਣਾਏ, ਅਤੇ ਲਬਾਨੋਨ ਤੋਂ ਦਿਆਰ ਲੈ ਕੇ ਤੇਰੇ ਲਈ ਮਸਤੂਲ ਬਣਾਏ।

6ਬਾਸ਼ਾਨ ਦੇ ਬਲੂਤਾਂ ਤੋਂ ਤੇਰੇ ਚੱਪੂ ਬਣਾਏ, ਅਤੇ ਤੇਰੇ ਫੱਟੇ ਕਿੱਤੀਮ ਦੇ ਟਾਪੂਆਂ ਦੇ ਸਨੌਵਰ ਤੋਂ, ਹਾਥੀ ਦੰਦ ਜੜ ਕੇ ਤਿਆਰ ਕੀਤੇ ਗਏ।

7ਤੇਰਾ ਪਾਲ ਮਿਸਰੀ ਕਸੀਦੇ ਦੇ ਮਹੀਨ ਕਤਾਨ ਦਾ ਸੀ, ਤਾਂ ਜੋ ਤੇਰੇ ਲਈ ਨਿਸ਼ਾਨ ਹੋਵੇ। ਤੇਰੀ ਚਾਨਣੀ ਅਲੀਸ਼ਾਹ ਦੇ ਟਾਪੂਆਂ ਤੋਂ ਆਈ ਸੀ, ਜੋ ਕਿਰਮਚੀ ਤੇ ਬੈਂਗਣੀ ਰੰਗ ਦੀ ਸੀ।

8ਸੀਦੋਨ ਅਤੇ ਅਰਵਦ ਦੇ ਰਹਿਣ ਵਾਲੇ ਤੇਰੇ ਮਲਾਹ ਸਨ ਅਤੇ ਹੇ ਸੂਰ, ਤੇਰੇ ਸਿਆਣੇ ਤੇਰੇ ਵਿੱਚ ਤੇਰੇ ਆਗੂ ਸਨ।

9ਗਬਾਲ ਦੇ ਬਜ਼ੁਰਗ ਅਤੇ ਸਿਆਣੇ ਤੇਰੇ ਵਿੱਚ ਸਨ, ਤੇਰੇ ਛੇਕਾਂ ਦੀ ਮੁਰੰਮਤ ਕਰਨ ਵਾਲੇ। ਸਾਗਰ ਦੇ ਸਾਰੇ ਜਹਾਜ਼ ਅਤੇ ਉਹਨਾਂ ਦੇ ਮਲਾਹ ਤੇਰੇ ਵਿੱਚ ਸਨ, ਤਾਂ ਜੋ ਤੇਰੇ ਵਪਾਰ ਦਾ ਕੰਮ ਕਰਨ।

10ਫ਼ਾਰਸ ਅਤੇ ਲੂਦ ਅਤੇ ਪੂਟ ਦੇ ਲੋਕ ਤੇਰੀ ਫੌਜ ਵਿੱਚ ਤੇਰੇ ਯੋਧੇ ਸਨ। ਉਹ ਤੇਰੇ ਵਿੱਚ ਢਾਲ਼ ਅਤੇ ਲੋਹੇ ਦੇ ਟੋਪ ਨੂੰ ਲਟਕਾਉਂਦੇ ਸਨ ਅਤੇ ਤੈਨੂੰ ਸ਼ਾਨ ਦਿੰਦੇ ਸਨ।

11ਅਰਵਦ ਦੇ ਜੁਆਨ ਤੇਰੀ ਹੀ ਫੌਜ ਦੇ ਨਾਲ ਚਾਰੇ ਪਾਸੇ ਤੇਰੀਆਂ ਕੰਧਾਂ ਉੱਤੇ ਸਨ ਅਤੇ ਸੂਰਬੀਰ ਤੇਰੇ ਬੁਰਜ਼ਾਂ ਵਿੱਚ ਸਨ, ਉਹਨਾਂ ਆਪਣੀਆਂ ਢਾਲਾਂ ਤੇਰੀਆਂ ਕੰਧਾਂ ਤੇ ਲਟਕਾਈਆਂ ਅਤੇ ਉਹਨਾਂ ਨੇ ਤੇਰੀ ਸੁੰਦਰਤਾ ਨੂੰ ਪੂਰਾ ਕੀਤਾ।

12ਤਰਸ਼ੀਸ਼ ਨੇ ਹਰ ਪ੍ਰਕਾਰ ਦੇ ਬਹੁਤੇ ਮਾਲ ਦੇ ਕਾਰਨ ਤੇਰੇ ਨਾਲ ਵਪਾਰ ਕੀਤਾ, ਉਹ ਚਾਂਦੀ, ਲੋਹਾ, ਟੀਨ ਅਤੇ ਸਿੱਕਾ ਲਿਆ ਕੇ ਤੇਰੇ ਸੌਦੇ ਦੇ ਬਦਲੇ ਵਿੱਚ ਵੇਚਦੇ ਸਨ।

13ਯਾਵਾਨ, ਤੂਬਲ ਅਤੇ ਮੇਸ਼ੇਕ, ਉਹ ਤੇਰੇ ਵਪਾਰੀ ਸਨ। ਉਹ ਤੇਰੇ ਸੌਦੇ ਲਈ ਆਦਮੀਆਂ ਦੀਆਂ ਜਾਨਾਂ ਦਾ ਅਤੇ ਪਿੱਤਲ ਦੇ ਭਾਂਡਿਆਂ ਦਾ ਵਪਾਰ ਕਰਦੇ ਸਨ।

14ਬੈਤ ਤੋਗਰਮਾਹ ਦੇ ਘਰਾਣੇ ਨੇ ਤੇਰੀ ਮੰਡੀ ਵਿੱਚ ਘੋੜਿਆਂ, ਸਵਾਰੀ ਦੇ ਘੋੜਿਆਂ ਤੇ ਖੱਚਰਾਂ ਦਾ ਵਪਾਰ ਕੀਤਾ।

15ਦਦਾਨੀ ਤੇਰੇ ਵਪਾਰੀ ਸਨ, ਬਹੁਤ ਸਾਰੇ ਟਾਪੂ ਵਪਾਰ ਦੇ ਲਈ ਤੇਰੇ ਹੱਥ ਵਿੱਚ ਸਨ। ਉਹ ਹਾਥੀ ਦੰਦ ਅਤੇ ਆਬਨੂਸ ਤੇਰੇ ਕੋਲ ਵਟਾਉਣ ਲਈ ਲਿਆਉਂਦੇ ਸਨ।

16ਤੇਰੇ ਵਿੱਚ ਕਾਰੀਗਰੀ ਬਹੁਤ ਸੀ, ਜਿਸ ਕਰਕੇ ਅਰਾਮੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਪੰਨੇ ਅਤੇ ਬੈਂਗਣੀ ਰੰਗ ਤੇ ਕਸੀਦੇ ਦੇ ਕੱਪੜੇ, ਮਹੀਨ ਕਤਾਨ, ਮੂੰਗਾ ਅਤੇ ਲਾਲ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

17ਯਹੂਦਾਹ ਅਤੇ ਇਸਰਾਏਲ ਦਾ ਦੇਸ ਉਹ ਤੇਰੇ ਵਪਾਰੀ ਸਨ, ਉਹ ਮਿੰਨੀਥ ਅਤੇ ਪਨਗ ਦੀ ਕਣਕ, ਸ਼ਹਿਦ, ਤੇਲ ਅਤੇ ਬਲਸਾਨ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

18ਦੰਮਿਸ਼ਕ ਵਾਸੀ ਤੇਰੇ ਹੱਥ ਦੇ ਕੰਮ ਦੇ ਵਾਧੇ ਕਰਕੇ ਅਤੇ ਹਰ ਪ੍ਰਕਾਰ ਦਾ ਮਾਲ ਬਹੁਤਾ ਮਿਲਣ ਕਰਕੇ ਹਲਬੋਨ ਦੀ ਮੈਅ ਅਤੇ ਚਿੱਟੀ ਉੱਨ ਦਾ ਵਪਾਰ ਤੇਰੇ ਨਾਲ ਕਰਦੇ ਸਨ।

19ਦਾਨ ਅਤੇ ਯਾਵਾਨ ਸੂਤ ਨੂੰ ਤੇਰੇ ਮਾਲ-ਮੱਤੇ ਦੇ ਬਦਲੇ ਦਿੰਦੇ ਸਨ। ਕਮਾਇਆ ਹੋਇਆ ਲੋਹਾ, ਤੱਜ ਅਤੇ ਅਗਰ ਤੇਰੇ ਸੌਦੇ ਵਿੱਚ ਸਨ।

20ਦਦਾਨ ਤੇਰਾ ਵਪਾਰੀ ਸੀ ਜੋ ਸਵਾਰੀ ਦੇ ਚਾਰ-ਜਾਮੇ ਤੇਰੇ ਹੱਥ ਵੇਚਦਾ ਸੀ।

21ਅਰਬ ਅਤੇ ਕੇਦਾਰ ਦੇ ਸਾਰੇ ਪ੍ਰਧਾਨ ਵਪਾਰ ਲਈ ਤੇਰੇ ਹੱਥ ਵਿੱਚ ਸਨ। ਉਹ ਪਹਿਲੌਠੇ ਲੇਲੇ, ਛੱਤਰੇ ਅਤੇ ਬੱਕਰੇ ਲਿਆ ਕੇ ਤੇਰੇ ਨਾਲ ਵਪਾਰ ਕਰਦੇ ਸਨ।

22ਸ਼ਬਾ ਅਤੇ ਰਾਮਾਹ ਦੇ ਵਪਾਰੀ ਤੇਰੇ ਨਾਲ ਵਪਾਰ ਕਰਦੇ ਸਨ, ਉਹ ਹਰ ਪ੍ਰਕਾਰ ਦੇ ਵਧੀਆ ਮਸਾਲੇ ਅਤੇ ਹਰ ਪ੍ਰਕਾਰ ਦੇ ਵੱਡਮੁੱਲੇ ਪੱਥਰ ਅਤੇ ਸੋਨਾ ਤੇਰੇ ਸੌਦੇ ਦੇ ਲਈ ਦਿੰਦੇ ਸਨ।

23ਹਾਰਾਨ, ਕੰਨੇਹ, ਅਦਨ ਅਤੇ ਸ਼ਬਾ ਦੇ ਵਪਾਰੀ ਅਤੇ ਅੱਸ਼ੂਰ ਅਤੇ ਕਿਲਮਦ ਤੇਰੇ ਵਪਾਰੀ ਸਨ।

24ਇਹੋ ਤੇਰੇ ਵਪਾਰੀ ਸਨ, ਜੋ ਵਧੀਆ ਕੱਪੜੇ ਅਤੇ ਬੈਂਗਣੀ ਤੇ ਕਸੀਦੇ ਦੇ ਦੁਸ਼ਾਲੇ ਅਤੇ ਕੀਮਤੀ ਪੁਸ਼ਾਕਾਂ ਦੇ ਭਰੇ ਹੋਏ ਦਿਆਰ ਦੇ ਸੰਦੂਕ ਡੋਰੀ ਨਾਲ ਕੱਸੇ ਹੋਏ ਤੇਰੀਆਂ ਮੰਡੀਆਂ ਵਿੱਚ ਵੇਚਣ ਲਈ ਲਿਆਉਂਦੇ ਸਨ।

25ਤਰਸ਼ੀਸ਼ ਦੇ ਜਹਾਜ਼ ਤੇਰੇ ਵਪਾਰ ਦੇ ਮਾਲ ਨੂੰ ਢੋਣ ਵਾਲੇ ਸਨ, ਤੂੰ ਸਾਗਰਾਂ ਦੇ ਵਿੱਚ ਭਰਿਆ ਹੋਇਆ ਅਤੇ ਬਹੁਤ ਲੱਦਿਆ ਹੋਇਆ ਸੀ।

26ਤੇਰੇ ਮਲਾਹ ਤੈਨੂੰ ਬਹੁਤਿਆਂ ਪਾਣੀਆਂ ਵਿੱਚ ਲਿਆਏ, ਪੂਰਬੀ ਪੌਣ ਨੇ ਤੈਨੂੰ ਸਾਗਰਾਂ ਦੇ ਵਿਚਕਾਰ ਤੋੜਿਆ ਹੈ।

27ਤੇਰਾ ਧਨ, ਤੇਰੀਆਂ ਵਪਾਰਕ-ਜਿਨਸਾਂ ਅਤੇ ਤੇਰੇ ਵਪਾਰ, ਤੇਰੇ ਮਲਾਹ ਅਤੇ ਤੇਰੇ ਆਗੂ, ਤੇਰੇ ਮੋਰੀਆਂ ਬੰਦ ਕਰਨ ਵਾਲੇ ਅਤੇ ਤੇਰੇ ਕੰਮਕਾਜ ਦੇ ਵਪਾਰੀ, ਤੇਰੇ ਸਾਰੇ ਯੋਧੇ ਜੋ ਤੇਰੇ ਵਿੱਚ ਹਨ ਅਤੇ ਉਸ ਸਾਰੀ ਸਭਾ ਸਣੇ ਜੋ ਤੇਰੇ ਵਿੱਚ ਹੈ, ਤੇਰੀ ਤਬਾਹੀ ਦੇ ਦਿਨ ਸਾਗਰ ਦੇ ਵਿਚਕਾਰ ਡਿੱਗਣਗੇ।

28ਤੇਰੇ ਮਲਾਹਾਂ ਦੇ ਚੀਕਣ ਦੀ ਦੁਹਾਈ ਨਾਲ, ਰੜ ਦੇ ਮੈਦਾਨ ਕੰਬਣ ਲੱਗ ਜਾਣਗੇ।

29ਸਾਰੇ ਮਾਂਝੀ, ਮਲਾਹ ਅਤੇ ਸਾਗਰ ਦੇ ਸਾਰੇ ਆਗੂ ਆਪਣੇ ਜਹਾਜ਼ਾਂ ਤੋਂ ਉਤਰ ਆਉਣਗੇ, ਉਹ ਧਰਤੀ ਤੇ ਖਲੋਣਗੇ,

30ਅਤੇ ਆਪਣੀ ਅਵਾਜ਼ ਉੱਚੀ ਕਰ ਕੇ ਤੇਰੇ ਕਾਰਨ ਚੀਕਣਗੇ, ਅਤੇ ਧਾਹਾਂ ਮਾਰ ਕੇ ਰੋਣਗੇ, ਆਪਣੇ ਸਿਰਾਂ ਤੇ ਮਿੱਟੀ ਪਾਉਣਗੇ, ਅਤੇ ਸੁਆਹ ਵਿੱਚ ਲੇਟਣਗੇ।

31ਉਹ ਤੇਰੇ ਕਾਰਨ ਸਿਰ ਮੁਨਾਉਣਗੇ ਅਤੇ ਤੱਪੜ ਪਹਿਨਣਗੇ, ਉਹ ਤੇਰੇ ਉੱਤੇ ਆਪਣੀ ਜਾਨ ਦੀ ਕੁੜੱਤਣ ਵਿੱਚ ਰੋਣਗੇ, ਅਤੇ ਕੁੜੱਤਣ ਵਿੱਚ ਸਿਆਪਾ ਕਰਨਗੇ,

32ਅਤੇ ਸਿਆਪੇ ਵਿੱਚ ਤੇਰੇ ਉੱਤੇ ਵੈਣ ਚੁੱਕਣਗੇ, ਅਤੇ ਤੇਰੇ ਉੱਤੇ ਇਸ ਤਰ੍ਹਾਂ ਰੋਣਗੇ, ਕਿ ਕੌਣ ਸੂਰ ਦੇ ਵਰਗਾ ਹੈ, ਜਿਹੜਾ ਸਾਗਰ ਦੇ ਵਿਚਕਾਰ ਨਾਸ ਹੋਇਆ?

33ਜਦੋਂ ਤੇਰਾ ਮਾਲ ਸਾਗਰਾਂ ਰਾਹੀਂ ਜਾਂਦਾ ਸੀ, ਤਾਂ ਤੂੰ ਬਹੁਤ ਸਾਰੀਆਂ ਉੱਮਤਾਂ ਨੂੰ ਰਜਾਉਂਦਾ ਸੀ, ਤੂੰ ਆਪਣੇ ਬਹੁਤੇ ਧਨ ਅਤੇ ਬਹੁਤੀਆਂ ਵਪਾਰਕ ਜਿਨਸਾਂ ਕਰਕੇ ਧਰਤੀ ਦੇ ਰਾਜਿਆਂ ਨੂੰ ਧਨੀ ਬਣਾਉਂਦਾ ਸੀ।

34ਪਰ ਹੁਣ ਤੂੰ ਪਾਣੀਆਂ ਦੀਆਂ ਡੁੰਘਿਆਈਆਂ ਵਿੱਚ ਠਾਠਾਂ ਦੇ ਮਾਰੇ ਟੁੱਟ ਗਿਆ ਹੈਂ। ਤੇਰੀਆਂ ਵਪਾਰਕ ਜਿਨਸਾਂ ਅਤੇ ਤੇਰੇ ਸਾਰੇ ਮਲਾਹ ਤੇਰੇ ਨਾਲ ਡੁੱਬ ਗਏ ਹਨ।

35ਟਾਪੂਆਂ ਦੀ ਸਾਰੀ ਵੱਸੋਂ ਤੇਰੇ ਬਾਰੇ ਹੈਰਾਨ ਹੁੰਦੀ ਹੈ, ਉਹਨਾਂ ਦੇ ਰਾਜੇ ਬਹੁਤ ਡਰਦੇ ਹਨ ਅਤੇ ਉਹਨਾਂ ਦਾ ਚਿਹਰਾ ਦੁਖੀ ਹੋ ਜਾਂਦਾ ਹੈ।

36ਲੋਕਾਂ ਵਿੱਚੋਂ ਵਪਾਰੀ ਤੈਨੂੰ ਮਿਹਣੇ ਮਾਰਨਗੇ, ਤੂੰ ਡਰ ਦਾ ਕਾਰਨ ਬਣੇਂਗਾ ਅਤੇ ਤੂੰ ਅੱਗੇ ਨੂੰ ਕਦੇ ਨਾ ਹੋਵੇਂਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath