ਈਸਾਈ
ਪਿੱਛੇ

ਹਿਜ਼ਕੀਏਲ 26

1ਗਿਆਰਵੇਂ ਸਾਲ ਵਿੱਚ ਮਹੀਨੇ ਦੇ ਪਹਿਲੇ ਦਿਨ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਇਸ ਲਈ ਕਿ ਸੂਰ ਸ਼ਹਿਰ ਨੇ ਯਰੂਸ਼ਲਮ ਉੱਤੇ “ਆਹਾ ਹਾ” ਆਖਿਆ, ਉਹ ਲੋਕਾਂ ਦਾ ਦਰਵਾਜ਼ਾ ਤੋੜ ਦਿੱਤਾ ਗਿਆ ਹੈ! ਹੁਣ ਉਹ ਮੇਰੇ ਵੱਲ ਮੁੜੇਗੀ। ਹੁਣ ਉਹ ਦੇ ਨਾਸ ਹੋਣ ਨਾਲ ਮੈਂ ਭਰਪੂਰ ਹੋਵਾਂਗਾ।

3ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ ਹੇ ਸੂਰ! ਮੈਂ ਤੇਰਾ ਵਿਰੋਧੀ ਹਾਂ ਅਤੇ ਬਹੁਤ ਸਾਰੀਆਂ ਕੌਮਾਂ ਨੂੰ ਤੇਰੇ ਉੱਤੇ ਚੜ੍ਹਾ ਲਿਆਵਾਂਗਾ, ਜਿਵੇਂ ਸਾਗਰ ਆਪਣੀਆਂ ਲਹਿਰਾਂ ਨੂੰ ਚੜ੍ਹਾਉਂਦਾ ਹੈ।

4ਉਹ ਸੂਰ ਦੀਆਂ ਕੰਧਾਂ ਨੂੰ ਢਾਹ ਦੇਣਗੇ, ਉਹ ਦੇ ਬੁਰਜ਼ਾਂ ਨੂੰ ਤੋੜ ਦੇਣਗੇ, ਮੈਂ ਉਹ ਦੀ ਮਿੱਟੀ ਤੱਕ ਖੁਰਚ ਸੁੱਟਾਂਗਾ ਅਤੇ ਉਹ ਨੂੰ ਨੰਗੀ ਚੱਟਾਨ ਬਣਾ ਛੱਡਾਂਗਾ।

5ਉਹ ਸਾਗਰ ਵਿੱਚ ਜਾਲ਼ ਸੁੱਟਣ ਦਾ ਸਥਾਨ ਹੋਵੇਗਾ, ਕਿਉਂ ਜੋ ਮੈਂ ਹੀ ਆਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਅਤੇ ਉਹ ਕੌਮਾਂ ਲਈ ਲੁੱਟ ਦਾ ਮਾਲ ਹੋਵੇਗਾ।

6ਉਹ ਦੀਆਂ ਧੀਆਂ ਜਿਹੜੀਆਂ ਖੇਤ ਵਿੱਚ ਹਨ ਤਲਵਾਰ ਨਾਲ ਵੱਢੀਆਂ ਜਾਣਗੀਆਂ ਅਤੇ ਉਹ ਜਾਨਣਗੇ ਕਿ ਮੈਂ ਯਹੋਵਾਹ ਹਾਂ!

7ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਜੋ ਰਾਜਿਆਂ ਦਾ ਰਾਜਾ ਹੈ, ਘੋੜਿਆਂ ਅਤੇ ਰੱਥਾਂ ਤੇ ਸਵਾਰਾਂ ਅਤੇ ਲੋਕਾਂ ਦੀ ਬਹੁਤ ਸਾਰੀ ਸਭਾ ਨਾਲ ਉੱਤਰ ਵਲੋਂ ਸੂਰ ਉੱਤੇ ਚੜ੍ਹਾ ਲਿਆਵਾਂਗਾ।

8ਉਹ ਤੇਰੀਆਂ ਧੀਆਂ ਨੂੰ ਤਲਵਾਰ ਨਾਲ ਖੇਤ ਵਿੱਚ ਵੱਢੇਗਾ, ਤੇਰੇ ਆਲੇ-ਦੁਆਲੇ ਮੋਰਚੇ ਬੰਨ੍ਹੇਗਾ, ਤੇਰੇ ਸਾਹਮਣੇ ਦਮਦਮਾ ਬੰਨ੍ਹੇਗਾ ਅਤੇ ਤੇਰੇ ਵਿਰੁੱਧ ਢਾਲ਼ ਚੁੱਕੇਗਾ।

9ਉਹ ਆਪਣੇ ਕਿਲ੍ਹਾ ਤੋੜ ਯੰਤਰਾਂ ਨੂੰ ਪੱਕਾ ਕਰ ਕੇ ਤੇਰੀਆਂ ਕੰਧਾਂ ਤੇ ਲਾਵੇਗਾ ਅਤੇ ਆਪਣਿਆਂ ਕੁਹਾੜਿਆਂ ਨਾਲ ਤੇਰੇ ਬੁਰਜ਼ਾਂ ਨੂੰ ਢਾਹ ਦੇਵੇਗਾ।

10ਉਹ ਦੇ ਘੋੜਿਆਂ ਦੀ ਬਹੁ-ਗਿਣਤੀ ਦੇ ਕਾਰਨ ਇੰਨ੍ਹੀ ਧੂੜ ਉੱਠੇਗੀ ਕਿ ਤੈਨੂੰ ਲੁਕਾ ਲਵੇਗੀ। ਜਦੋਂ ਉਹ ਤੇਰੇ ਫਾਟਕਾਂ ਵਿੱਚ ਵੜ ਆਵੇਗਾ, ਜਿਵੇਂ ਪਾੜ ਲਾ ਕੇ ਸ਼ਹਿਰ ਵਿੱਚ ਵੜ ਆਉਂਦੇ ਹਨ, ਤਾਂ ਸਵਾਰਾਂ, ਰੱਥਾਂ ਅਤੇ ਗੱਡੀਆਂ ਦੀ ਖੜ-ਖੜ ਨਾਲ ਤੇਰੇ ਸ਼ਹਿਰ ਦੀ ਕੰਧ ਹਿੱਲ ਜਾਵੇਗੀ।

11ਉਹ ਆਪਣੇ ਘੋੜਿਆਂ ਦੀਆਂ ਖੁਰੀਆਂ ਨਾਲ ਤੇਰੀਆਂ ਸਾਰੀਆਂ ਸੜਕਾਂ ਨੂੰ ਲਤਾੜ ਸੁੱਟੇਗਾ, ਤੇਰੇ ਲੋਕਾਂ ਨੂੰ ਤਲਵਾਰ ਨਾਲ ਵੱਢ ਸੁੱਟੇਗਾ ਅਤੇ ਤੇਰੀ ਸ਼ਕਤੀ ਦੇ ਥੰਮ੍ਹ ਧਰਤੀ ਤੇ ਡਿੱਗ ਪੈਣਗੇ।

12ਉਹ ਤੇਰੀ ਮਾਇਆ ਲੁੱਟ ਲੈਣਗੇ, ਤੇਰੇ ਵਪਾਰ ਦੇ ਮਾਲ ਨੂੰ ਲੁੱਟ ਪੁੱਟ ਲੈਣਗੇ, ਤੇਰੇ ਸ਼ਹਿਰ ਦੀਆਂ ਕੰਧਾਂ ਨੂੰ ਢਾਹ ਦੇਣਗੇ ਅਤੇ ਤੇਰੇ ਰੰਗ ਮਹਿਲਾਂ ਨੂੰ ਢਾਹ ਦੇਣਗੇ ਅਤੇ ਤੇਰੇ ਪੱਥਰ, ਕਾਠ ਅਤੇ ਤੇਰੀ ਮਿੱਟੀ ਸਾਗਰ ਵਿੱਚ ਸੁੱਟ ਦੇਣਗੇ।

13ਮੈਂ ਤੇਰੇ ਗਾਉਣ ਦੀ ਅਵਾਜ਼ ਨੂੰ ਬੰਦ ਕਰ ਦਿਆਂਗਾ ਅਤੇ ਤੇਰੀਆਂ ਬਰਬਤਾਂ ਦੀ ਅਵਾਜ਼ ਫੇਰ ਸੁਣੀ ਨਾ ਜਾਵੇਗੀ।

14ਮੈਂ ਤੈਨੂੰ ਨੰਗੀ ਚੱਟਾਨ ਬਣਾ ਦਿਆਂਗਾ, ਤੂੰ ਜਾਲ਼ਾਂ ਦੇ ਖਿਲਾਰਨ ਦਾ ਕਾਰਨ ਬਣੇਂਗਾ ਅਤੇ ਫੇਰ ਤੂੰ ਕਦੇ ਨਾ ਬਣਾਇਆ ਜਾਵੇਂਗਾ, ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।

15ਪ੍ਰਭੂ ਯਹੋਵਾਹ ਸੂਰ ਨੂੰ ਇਹ ਆਖਦਾ ਹੈ ਕਿ ਜਦੋਂ ਤੇਰੇ ਵਿੱਚ ਵੱਢਣ ਕੱਟਣ ਦਾ ਕੰਮ ਅਰੰਭ ਹੋਵੇਗਾ ਅਤੇ ਫੱਟੜ ਹਾਹਾਕਾਰ ਕਰਦੇ ਹੋਣਗੇ, ਤਾਂ ਕੀ ਟਾਪੂ ਤੇਰੇ ਡਿੱਗਣ ਦੀ ਅਵਾਜ਼ ਨਾਲ ਨਾ ਕੰਬਣਗੇ?

16ਤਦ ਸਾਗਰ ਦੇ ਸਾਰੇ ਰਾਜਕੁਮਾਰ ਆਪਣਿਆਂ ਸਿੰਘਾਸਣਾਂ ਤੋਂ ਉਤਰਨਗੇ, ਆਪਣੀਆਂ ਪੁਸ਼ਾਕਾਂ ਲਾਹ ਸੁੱਟਣਗੇ, ਕਸੀਦੇ ਦੇ ਕੱਪੜੇ ਲਾਹ ਸੁੱਟਣਗੇ, ਉਹ ਕੰਬਦੇ ਹੋਏ ਧਰਤੀ ਤੇ ਬੈਠਣਗੇ ਅਤੇ ਉਹ ਹਰ ਘੜੀ ਕੰਬਣਗੇ ਅਤੇ ਤੇਰੇ ਕਾਰਨ ਹੈਰਾਨ ਹੋਣਗੇ।

17ਉਹ ਤੇਰੇ ਉੱਤੇ ਵੈਣ ਪਾਉਣਗੇ ਅਤੇ ਤੈਨੂੰ ਆਖਣਗੇ, ਤੂੰ ਕਿਵੇਂ ਨਾਸ ਹੋਇਆ, ਜਿਹੜਾ ਸਾਗਰੀ ਦੇਸਾਂ ਵਿੱਚੋਂ ਚੰਗਾ ਵੱਸਿਆ ਹੋਇਆ ਤੇ ਪ੍ਰਸਿੱਧ ਸ਼ਹਿਰ ਸੀ, ਜਿਹੜਾ ਸਾਗਰਾਂ ਵਿੱਚ ਤਕੜਾ ਸੀ, ਉਹ ਤੇ ਉਹ ਦੇ ਵਸਨੀਕ, ਜਿਹਨਾਂ ਨੂੰ ਉਹ ਦੇ ਸਾਰਿਆਂ ਵਸਨੀਕਾਂ ਉੱਤੇ ਆਪਣਾ ਡਰ ਪਾਉਣ ਨੂੰ ਦਿੱਤਾ!

18ਹੁਣ ਟਾਪੂ ਤੇਰੇ ਡਿੱਗਣ ਦੇ ਦਿਨ ਕੰਬਣਗੇ, ਹਾਂ! ਸਾਗਰ ਦੇ ਸਾਰੇ ਟਾਪੂ ਤੇਰੇ ਜਾਣ ਤੋਂ ਦੁੱਖੀ ਹੋਣਗੇ।

19ਪ੍ਰਭੂ ਯਹੋਵਾਹ ਇਹ ਆਖਦਾ ਹੈ, ਜਦੋਂ ਮੈਂ ਤੈਨੂੰ ਉਹਨਾਂ ਸ਼ਹਿਰਾਂ ਵਰਗਾ ਜਿਹੜੇ ਵੱਸਦੇ ਨਹੀਂ ਹਨ, ਉਜਾੜ ਸ਼ਹਿਰ ਬਣਾ ਦਿਆਂਗਾ, ਜਦੋਂ ਮੈਂ ਤੇਰੇ ਉੱਤੇ ਡੂੰਘਿਆਈ ਲਿਆਵਾਂਗਾ ਅਤੇ ਜਦੋਂ ਬਹੁਤੇ ਪਾਣੀ ਤੈਨੂੰ ਢੱਕ ਲੈਣਗੇ।

20ਤਦ ਮੈਂ ਉਹਨਾਂ ਲੋਕਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਪ੍ਰਾਚੀਨ ਸਮੇਂ ਦੇ ਲੋਕਾਂ ਕੋਲ, ਤੈਨੂੰ ਉਤਾਰ ਦਿਆਂਗਾ ਅਤੇ ਉਹਨਾਂ ਨਾਲ ਜਿਹੜੇ ਪਤਾਲ ਵਿੱਚ ਉਤਰ ਜਾਂਦੇ ਹਨ, ਮੈਂ ਤੈਨੂੰ ਹੇਠਲੀ ਦੁਨੀਆ ਵਿੱਚ ਵਸਾਵਾਂਗਾ, ਪੁਰਾਣੀਆਂ ਵਿਰਾਨੀਆਂ ਵਿੱਚ, ਤਾਂ ਜੋ ਤੂੰ ਵਸਾਇਆ ਨਾ ਜਾਵੇਂ ਅਤੇ ਜੀਉਂਦਿਆਂ ਦੀ ਧਰਤੀ ਵਿੱਚ ਪ੍ਰਤਾਪ ਦਿਆਂਗਾ।

21ਮੈਂ ਤੈਨੂੰ ਭਿਆਨਕ ਬਣਾਵਾਂਗਾ ਅਤੇ ਤੂੰ ਨਾ ਹੋਵੇਂਗਾ। ਭਾਵੇਂ ਤੂੰ ਬਹਾਲ ਕੀਤਾ ਜਾਵੇਂ, ਤੂੰ ਕਿੱਧਰੇ ਸਦਾ ਤੱਕ ਨਾ ਲੱਭੇਂਗਾ, ਪ੍ਰਭੂ ਯਹੋਵਾਹ ਦਾ ਵਾਕ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath