ਹਿਜ਼ਕੀਏਲ 24
1ਫੇਰ ਨੌਵੇਂ ਸਾਲ ਦੇ ਦਸਵੇਂ ਮਹੀਨੇ ਦੀ ਦਸ ਤਾਰੀਖ਼ ਨੂੰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਅੱਜ ਦੇ ਦਿਨ ਹਾਂ, ਇਸੇ ਦਿਨ ਦਾ ਨਾਮ ਲਿਖ ਲੈ ਕਿ ਬਾਬਲ ਦੇ ਰਾਜੇ ਨੇ ਠੀਕ ਇਸੇ ਦਿਨ ਯਰੂਸ਼ਲਮ ਉੱਤੇ ਘੇਰਾ ਪਾਇਆ।
3ਇਸ ਵਿਦਰੋਹੀ ਘਰਾਣੇ ਦੇ ਲਈ ਇੱਕ ਕਹਾਉਤ ਕਹਿ ਅਤੇ ਤੂੰ ਇਹਨਾਂ ਨੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਕੜਾਹਾ ਚੜ੍ਹਾ ਦੇ, ਹਾਂ, ਉਹ ਨੂੰ ਚਾੜ੍ਹ, ਤੇ ਉਸ ਵਿੱਚ ਪਾਣੀ ਭਰ ਦੇ,
4ਇਹ ਦੇ ਵਿੱਚ ਟੋਟੇ ਇਕੱਠੇ ਕਰ, ਹਰੇਕ ਚੰਗਾ ਟੁੱਕੜਾ ਅਰਥਾਤ ਪੱਟ, ਮੋਢੇ, ਹਰ ਇੱਕ ਚੰਗਾ ਟੁੱਕੜਾ ਅਤੇ ਚੁਣਵੀਆਂ ਹੱਡੀਆਂ ਉਸ ਵਿੱਚ ਭਰ ਦੇ,
5ਅਤੇ ਇੱਜੜ ਵਿੱਚੋਂ ਚੁਣ-ਚੁਣ ਕੇ ਲੈ, ਅਤੇ ਉਹ ਦੇ ਹੇਠਾਂ ਹੱਡੀਆਂ ਦਾ ਢੇਰ ਲਾ ਦੇ, ਅਤੇ ਚੰਗੀ ਤਰ੍ਹਾਂ ਉਬਾਲ, ਤਾਂ ਜੋ ਉਹ ਦੀਆਂ ਹੱਡੀਆਂ ਉਸ ਵਿੱਚ ਚੰਗੀ ਤਰ੍ਹਾਂ ਉੱਬਲ ਜਾਣ।
6ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਉਸ ਖੂਨੀ ਸ਼ਹਿਰ ਉੱਤੇ ਅਫ਼ਸੋਸ ਅਤੇ ਉਸ ਕੜਾਹੇ ਉੱਤੇ ਜਿਸ ਵਿੱਚ ਜੰਗਾਲ ਲੱਗਾ ਹੈ ਅਤੇ ਉਹ ਦਾ ਜੰਗਾਲ ਲਾਹਿਆ ਨਹੀਂ ਗਿਆ। ਇੱਕ-ਇੱਕ ਟੁੱਕੜਾ ਕਰਕੇ ਉਸ ਵਿੱਚੋਂ ਕੱਢ ਅਤੇ ਉਸ ਉੱਤੇ ਪਰਚੀਆਂ ਨਾ ਪਾਈਆਂ ਜਾਣ।
7ਕਿਉਂ ਜੋ ਉਹ ਦਾ ਲਹੂ ਉਹ ਦੇ ਵਿੱਚ ਹੈ। ਉਸ ਨੇ ਉਹ ਨੂੰ ਸੁੱਕੀ ਚੱਟਾਨ ਤੇ ਰੱਖਿਆ, ਧਰਤੀ ਤੇ ਨਹੀਂ ਡੋਲ੍ਹਿਆ ਕਿ ਮਿੱਟੀ ਵਿੱਚ ਢੱਕਿਆ ਜਾਏ।
8ਇਸ ਲਈ ਕਿ ਉਹ ਕਹਿਰ ਨੂੰ ਚੜ੍ਹਾਵੇ, ਤਾਂ ਕਿ ਬਦਲਾ ਲਿਆ ਜਾਵੇ, ਮੈਂ ਉਹ ਦਾ ਲਹੂ ਸੁੱਕੀ ਚੱਟਾਨ ਤੇ ਰੱਖਿਆ, ਤਾਂ ਜੋ ਉਹ ਢੱਕਿਆ ਨਾ ਜਾਵੇ।
9ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਖੂਨੀ ਸ਼ਹਿਰ ਉੱਤੇ ਹਾਏ ਹਾਏ! ਮੈਂ ਵੀ ਵੱਡਾ ਢੇਰ ਲਾਵਾਂਗਾ।
10ਲੱਕੜਾਂ ਦਾ ਢੇਰ ਲਾ ਅਤੇ ਅੱਗ ਭੜਕਾ, ਮਾਸ ਨੂੰ ਚੰਗੀ ਤਰ੍ਹਾਂ ਉਬਾਲ, ਤਰੀ ਨੂੰ ਸੰਘਣਾ ਕਰ ਅਤੇ ਹੱਡੀਆਂ ਸਾੜੀਆਂ ਜਾਣ।
11ਤਦ ਉਹ ਨੂੰ ਖ਼ਾਲੀ ਕਰ ਕੇ ਅੰਗਿਆਰਿਆਂ ਤੇ ਰੱਖ, ਤਾਂ ਜੋ ਉਹ ਦਾ ਪਿੱਤਲ ਗਰਮ ਹੋਵੇ ਅਤੇ ਪਿਘਲ ਜਾਵੇ। ਉਸ ਦੇ ਅੰਦਰ ਦੀ ਮੈਲ਼ ਸੜ ਜਾਵੇ ਅਤੇ ਉਹ ਦਾ ਜੰਗਾਲ ਸੜ ਜਾਵੇ।
12ਉਹ ਸਖ਼ਤ ਮਿਹਨਤ ਤੋਂ ਥੱਕ ਗਈ, ਪਰ ਉਹ ਦਾ ਬਹੁਤਾ ਜੰਗਾਲ ਉਸ ਵਿੱਚੋਂ ਦੂਰ ਨਹੀਂ ਹੋਇਆ। ਅੱਗ ਨਾਲ ਵੀ ਉਹ ਦਾ ਜੰਗਾਲ ਦੂਰ ਨਹੀਂ ਹੁੰਦਾ।
13ਤੇਰੀ ਗੰਦਗੀ ਵਿੱਚ ਲੁੱਚਪੁਣਾ ਹੈ ਕਿਉਂ ਜੋ ਮੈਂ ਤੈਨੂੰ ਸਾਫ਼ ਕਰਨਾ ਚਾਹੁੰਦਾ ਸੀ, ਪਰ ਤੂੰ ਪਾਕ ਹੋਣਾ ਨਹੀਂ ਚਾਹੁੰਦੀ। ਤੂੰ ਆਪਣੀ ਗੰਦਗੀ ਤੋਂ ਫੇਰ ਸਾਫ਼ ਨਹੀਂ ਹੋਵੇਂਗੀ, ਜਦ ਤੱਕ ਕਿ ਮੈਂ ਆਪਣਾ ਕਹਿਰ ਤੇਰੇ ਉੱਤੇ ਪੂਰਾ ਨਾ ਕਰ ਚੁੱਕਾਂ।
14ਮੈਂ ਯਹੋਵਾਹ ਨੇ ਇਹ ਆਖਿਆ ਹੈ। ਅਜਿਹਾ ਹੋਵੇਗਾ ਅਤੇ ਮੈਂ ਇਹ ਨੂੰ ਕਰਾਂਗਾ, ਮੈਂ ਨਾ ਮੁੜਾਂਗਾ, ਮੈਂ ਨਾ ਛੱਡਾਂਗਾ, ਨਾ ਪਛਤਾਵਾਂਗਾ, ਤੇਰੇ ਮਾਰਗਾਂ ਅਤੇ ਤੇਰੇ ਕੰਮਾਂ ਦੇ ਅਨੁਸਾਰ ਉਹ ਤੇਰਾ ਨਿਆਂ ਕਰਨਗੇ, ਪ੍ਰਭੂ ਯਹੋਵਾਹ ਦਾ ਵਾਕ ਹੈ।
15ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
16ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਤੇਰੀਆਂ ਅੱਖਾਂ ਦੀ ਪ੍ਰੀਤਮਾ ਨੂੰ ਇੱਕ ਹੀ ਸੱਟ ਨਾਲ ਤੇਰੇ ਤੋਂ ਲੈ ਲਵਾਂਗਾ, ਤੂੰ ਨਾ ਸੋਗ ਕਰੀਂ, ਨਾ ਰੋਈਂ ਅਤੇ ਨਾ ਹੰਝੂ ਵਹਾਈਂ।
17ਚੁੱਪ-ਚੁੱਪੀਤੇ ਹੌਂਕੇ ਭਰੀਂ, ਮੁਰਦੇ ਉੱਤੇ ਨਾ ਰੋਈਂ, ਸਿਰ ਉੱਤੇ ਆਪਣੀ ਪਗੜੀ ਬੰਨ੍ਹੀਂ ਅਤੇ ਪੈਰਾਂ ਵਿੱਚ ਜੁੱਤੀ ਪਾਈ ਅਤੇ ਆਪਣੇ ਬੁੱਲ੍ਹਾਂ ਨੂੰ ਨਾ ਢੱਕੀਂ ਅਤੇ ਮਨੁੱਖਾਂ ਦੀ ਰੋਟੀ ਨਾ ਖਾਈਂ।
18ਇਸ ਲਈ ਮੈਂ ਸਵੇਰੇ ਲੋਕਾਂ ਨਾਲ ਗੱਲ ਕੀਤੀ ਅਤੇ ਸ਼ਾਮ ਵੇਲੇ ਮੇਰੀ ਪਤਨੀ ਮਰ ਗਈ, ਅਤੇ ਸਵੇਰੇ ਮੈਂ ਉਹੀ ਕੀਤਾ ਜਿਵੇਂ ਮੈਨੂੰ ਹੁਕਮ ਮਿਲਿਆ ਸੀ।
19ਇਸ ਲਈ ਲੋਕਾਂ ਨੇ ਮੈਨੂੰ ਆਖਿਆ ਕਿ ਜੋ ਤੂੰ ਕਰਦਾ ਹੈਂ, ਸਾਨੂੰ ਨਹੀਂ ਦੱਸੇਂਗਾ ਕਿ ਇਹਨਾਂ ਗੱਲਾਂ ਦਾ ਸਾਡੇ ਨਾਲ ਕੀ ਸੰਬੰਧ ਹੈ?
20ਇਸ ਲਈ ਮੈਂ ਉਹਨਾਂ ਨੂੰ ਆਖਿਆ ਕਿ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
21ਇਸਰਾਏਲ ਦੇ ਘਰਾਣੇ ਨੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਵੇਖੋ! ਮੈਂ ਆਪਣੇ ਪਵਿੱਤਰ ਸਥਾਨ ਨੂੰ ਜਿਹੜਾ ਤੁਹਾਡੀ ਸ਼ਕਤੀ ਦਾ ਮਾਣ ਅਤੇ ਤੁਹਾਡੀਆਂ ਅੱਖਾਂ ਲਈ ਪਿਆਰਾ ਹੈ, ਜਿਸ ਲਈ ਤੁਹਾਡੀ ਜਾਨ ਤਰਸਦੀ ਹੈ, ਭਰਿਸ਼ਟ ਕਰਾਂਗਾ ਅਤੇ ਤੁਹਾਡੇ ਪੁੱਤਰਾਂ ਤੇ ਧੀਆਂ ਜਿਹਨਾਂ ਨੂੰ ਤੁਸੀਂ ਪਿੱਛੇ ਛੱਡ ਆਏ ਹੋ, ਤਲਵਾਰ ਨਾਲ ਡਿੱਗਣਗੇ।
22ਤੁਸੀਂ ਇਸ ਤਰ੍ਹਾਂ ਹੀ ਕਰੋਗੇ ਜਿਵੇਂ ਮੈਂ ਕੀਤਾ। ਤੁਸੀਂ ਆਪਣੇ ਬੁੱਲ੍ਹਾਂ ਨੂੰ ਨਾ ਢੱਕੋਗੇ ਅਤੇ ਮਨੁੱਖਾਂ ਦੀ ਰੋਟੀ ਨਾ ਖਾਓਗੇ।
23ਤੁਹਾਡੀਆਂ ਪਗੜੀਆਂ ਤੁਹਾਡੇ ਸਿਰਾਂ ਉੱਤੇ ਅਤੇ ਤੁਹਾਡੀਆਂ ਜੁੱਤੀਆਂ ਤੁਹਾਡੇ ਪੈਰਾਂ ਵਿੱਚ ਹੋਣਗੀਆਂ ਅਤੇ ਨਾ ਤੁਸੀਂ ਸੋਗ ਕਰੋਗੇ, ਪਰ ਆਪਣੇ ਪਾਪਾਂ ਵਿੱਚ ਪਿਘਲਦੇ ਰਹੋਗੇ, ਅਤੇ ਇੱਕ ਦੂਜੇ ਲਈ ਧਾਹਾਂ ਮਾਰੋਗੇ।
24ਸੋ ਹਿਜ਼ਕੀਏਲ ਤੁਹਾਡੇ ਲਈ ਇੱਕ ਨਿਸ਼ਾਨ ਹੈ। ਸਾਰਾ ਕੁਝ ਜੋ ਉਸ ਕੀਤਾ, ਤੁਸੀਂ ਵੀ ਕਰੋਗੇ ਅਤੇ ਜਦੋਂ ਇਹ ਗੱਲਾਂ ਹੋਣਗੀਆਂ ਤਾਂ ਤੁਸੀਂ ਜਾਣੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ!
25ਹੇ ਮਨੁੱਖ ਦੇ ਪੁੱਤਰ, ਜਿਸ ਦਿਨ ਮੈਂ ਉਹਨਾਂ ਤੋਂ ਉਹਨਾਂ ਦੀ ਸ਼ਕਤੀ, ਖੁਸ਼ੀ ਅਤੇ ਪਰਤਾਪ, ਉਹਨਾਂ ਦੀਆਂ ਅੱਖਾਂ ਦੀ ਪ੍ਰੀਤਮਾ ਅਤੇ ਉਹਨਾਂ ਦੇ ਮਨਮੋਹਣੇ ਧੀਆਂ ਪੁੱਤਰ ਲੈ ਲਵਾਂਗਾ।
26ਉਸ ਦਿਨ ਜਿਹੜਾ ਬਚ ਗਿਆ, ਉਹ ਤੇਰੇ ਕੋਲ ਆਵੇਗਾ ਕਿ ਤੇਰੇ ਕੰਨ ਵਿੱਚ ਖ਼ਬਰ ਸੁਣਾਵੇ।
27ਉਸ ਦਿਨ ਉਸ ਬਚੇ ਹੋਏ ਲਈ ਤੇਰਾ ਮੂੰਹ ਖੁੱਲ੍ਹ ਜਾਵੇਗਾ ਅਤੇ ਤੂੰ ਬੋਲੇਂਗਾ ਅਤੇ ਫੇਰ ਗੂੰਗਾ ਨਾ ਰਹੇਂਗਾ, ਇਸ ਲਈ ਤੂੰ ਉਹਨਾਂ ਲਈ ਇੱਕ ਨਿਸ਼ਾਨ ਹੋਵੇਂਗਾ ਅਤੇ ਉਹ ਜਾਣਗੇ ਕਿ ਮੈਂ ਯਹੋਵਾਹ ਹਾਂ!
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath