ਹਿਜ਼ਕੀਏਲ 1
1ਤੀਹਵੇਂ ਸਾਲ ਦੇ ਚੌਥੇ ਮਹੀਨੇ ਦੀ ਪੰਜ ਤਾਰੀਖ਼ ਨੂੰ ਇਸ ਤਰ੍ਹਾਂ ਹੋਇਆ ਕਿ ਜਦ ਮੈਂ ਕਬਾਰ ਨਹਿਰ ਉੱਤੇ ਗੁਲਾਮਾਂ ਦੇ ਵਿਚਕਾਰ ਸੀ, ਤਾਂ ਅਕਾਸ਼ ਖੁੱਲ੍ਹ ਗਏ ਅਤੇ ਮੈਂ ਪਰਮੇਸ਼ੁਰ ਦੇ ਦਰਸ਼ਣ ਦੇਖੇ।
2ਉਸ ਮਹੀਨੇ ਦੀ ਪੰਜ ਤਾਰੀਖ਼ ਨੂੰ ਯਹੋਯਾਕੀਨ ਰਾਜੇ ਦੀ ਗੁਲਾਮੀ ਦੇ ਪੰਜਵੇਂ ਸਾਲ ਵਿੱਚ
3ਯਹੋਵਾਹ ਦਾ ਬਚਨ, ਬੂਜ਼ੀ ਦੇ ਪੁੱਤਰ ਹਿਜ਼ਕੀਏਲ ਜਾਜਕ ਕੋਲ ਆਇਆ, ਜੋ ਕਸਦੀਆਂ ਦੇ ਦੇਸ ਵਿੱਚ ਕਬਾਰ ਨਹਿਰ ਉੱਤੇ ਸੀ ਅਤੇ ਉੱਥੇ ਯਹੋਵਾਹ ਦਾ ਹੱਥ ਉਸ ਦੇ ਉੱਤੇ ਸੀ।
4ਜਦੋਂ ਮੈਂ ਵੇਖਿਆ ਤਾਂ ਵੇਖੋ, ਉੱਤਰ ਵੱਲੋਂ ਵੱਡੀ ਹਨੇਰੀ ਆਈ, ਇੱਕ ਵੱਡਾ ਬੱਦਲ ਜੋ ਅੱਗ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਦੁਆਲੇ ਚਮਕ ਸੀ, ਅਤੇ ਉਸ ਦੇ ਵਿਚਾਲਿਓਂ ਪਿੱਤਲ ਵਰਗੀ ਕੋਈ ਚਮਕਦੀ ਹੋਈ ਚੀਜ਼ ਦਿਖਾਈ ਦਿੱਤੀ।
5ਉਸ ਵਿੱਚ ਚਾਰ ਜੀਵ ਸਨ ਅਤੇ ਉਹਨਾਂ ਦਾ ਰੂਪ ਇਹ ਸੀ: ਉਹ ਮਨੁੱਖ ਵਰਗੇ ਸਨ,
6ਹਰੇਕ ਦੇ ਚਾਰ ਮੂੰਹ ਅਤੇ ਚਾਰ ਖੰਭ ਸਨ
7ਅਤੇ ਉਹਨਾਂ ਦੇ ਪੈਰ ਸਿੱਧੇ ਸਨ ਅਤੇ ਉਹਨਾਂ ਦੇ ਪੈਰਾਂ ਦੀਆਂ ਤਲੀਆਂ ਵੱਛੇ ਦੇ ਪੈਰਾਂ ਦੀਆਂ ਤਲੀਆਂ ਵਰਗੀਆਂ ਸਨ ਅਤੇ ਉਹ ਮਾਂਜੇ ਹੋਏ ਪਿੱਤਲ ਵਾਂਗੂੰ ਚਮਕਦੇ ਸਨ।
8ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਸਨ ਅਤੇ ਚਾਰਾਂ ਦੇ ਚਿਹਰੇ ਅਤੇ ਖੰਭ ਇਸ ਤਰ੍ਹਾਂ ਸਨ
9ਕਿ ਉਹਨਾਂ ਦੇ ਖੰਭ ਇੱਕ ਦੂਜੇ ਨਾਲ ਜੁੜੇ ਹੋਏ ਸਨ। ਉਹ ਤੁਰਦੇ ਹੋਏ ਮੁੜਦੇ ਨਹੀਂ ਸਨ, ਉਹ ਸਾਰੇ ਸਿੱਧੇ ਆਪਣੇ ਮੂੰਹਾਂ ਦੀ ਸੇਧ ਵਿੱਚ ਚੱਲਦੇ ਸਨ।
10ਉਹਨਾਂ ਦੇ ਚਿਹਰੇ ਮਨੁੱਖ ਦੇ ਚਿਹਰੇ ਵਰਗੇ ਸਨ, ਉਹਨਾਂ ਚਾਰਾਂ ਦੇ ਸੱਜੇ ਪਾਸੇ ਬੱਬਰ ਸ਼ੇਰ ਦੇ ਚਿਹਰੇ ਸਨ, ਉਹਨਾਂ ਚਾਰਾਂ ਦੇ ਖੱਬੇ ਪਾਸੇ ਬਲ਼ਦ ਦੇ ਚਿਹਰੇ ਸਨ ਅਤੇ ਉਹਨਾਂ ਪਿੱਛਲੇ ਪਾਸੇ ਉਕਾਬ ਦੇ ਚਿਹਰੇ ਸਨ।
11ਉਹਨਾਂ ਦੇ ਚਿਹਰੇ ਅਤੇ ਉਹਨਾਂ ਦੇ ਖੰਭ ਉੱਪਰੋਂ ਅੱਡ ਅੱਡ ਸਨ, ਹਰੇਕ ਦੇ ਦੋ ਖੰਭ ਦੂਜੇ ਦੇ ਦੋ ਖੰਭਾਂ ਨਾਲ ਜੁੜੇ ਹੋਏ ਸਨ ਅਤੇ ਬਾਕੀ ਦੋ-ਦੋ ਖੰਭਾਂ ਨਾਲ ਉਹਨਾਂ ਦਾ ਸਰੀਰ ਢੱਕਿਆ ਹੋਇਆ ਸੀ।
12ਉਹਨਾਂ ਵਿੱਚੋਂ ਹਰੇਕ ਸਿੱਧਾ ਆਪਣੇ ਚਿਹਰੇ ਦੀ ਸੇਧ ਵਿੱਚ ਤੁਰਦਾ ਸੀ, ਜਿੱਧਰ ਜਾਣ ਨੂੰ ਆਤਮਾ ਅਗਵਾਈ ਕਰਦਾ ਸੀ, ਉਹ ਜਾਂਦੇ ਸਨ ਅਤੇ ਉਹ ਤੁਰਦੇ ਹੋਏ ਮੁੜਦੇ ਨਹੀਂ ਸਨ।
13ਉਹਨਾਂ ਜੀਵਾਂ ਦਾ ਰੂਪ ਅੱਗ ਦੇ ਭੱਖਦੇ ਹੋਏ ਕੋਲਿਆਂ ਅਤੇ ਮਸ਼ਾਲਾਂ ਵਰਗਾ ਸੀ, ਇੱਕ ਚਮਕਦੀ ਹੋਈ ਅੱਗ ਜੀਵਾਂ ਦੇ ਵਿਚਾਲੇ ਇੱਧਰ-ਉੱਧਰ ਆਉਂਦੀ ਜਾਂਦੀ ਸੀ ਅਤੇ ਉਸ ਅੱਗ ਵਿੱਚੋਂ ਬਿਜਲੀ ਨਿੱਕਲਦੀ ਸੀ।
14ਜੀਵਾਂ ਦਾ ਦੌੜਨਾ ਅਤੇ ਮੁੜਨਾ ਬਿਜਲੀ ਵਾਂਗੂੰ ਦਿਖਾਈ ਦਿੰਦਾ ਸੀ।
15ਮੈਂ ਉਹਨਾਂ ਜੀਵਾਂ ਨੂੰ ਵੇਖਿਆ ਤਾਂ ਵੇਖੋ, ਕਿ ਉਹਨਾਂ ਚਾਰਾਂ ਜੀਵਾਂ ਦੇ ਹਰ ਚਿਹਰੇ ਦੇ ਕੋਲ ਧਰਤੀ ਉੱਤੇ ਇੱਕ-ਇੱਕ ਪਹੀਆ ਸੀ।
16ਉਹਨਾਂ ਪਹੀਆਂ ਦਾ ਰੂਪ ਅਤੇ ਬਣਾਵਟ ਇਹ ਸੀ: ਹਰੇਕ ਪਹੀਆ ਪੁਖਰਾਜ ਵਾਂਗੂੰ ਚਮਕਦਾ ਸੀ ਅਤੇ ਉਹ ਚਾਰੇ ਇੱਕੋ ਜਿਹੇ ਸਨ; ਉਹ ਇਸ ਤਰ੍ਹਾਂ ਦਿਖਾਈ ਦਿੰਦੇ ਸਨ ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਵਿੱਚ ਹੋਵੇ।
17ਜਦੋਂ ਪਹੀਏ ਚੱਲਦੇ ਸਨ, ਉਹ ਕਿਸੇ ਵੀ ਦਿਸ਼ਾ ਦੇ ਵਿੱਚ ਚੱਲਦੇ ਹੋਏ, ਕਿਸੇ ਹੋਰ ਦਿਸ਼ਾ ਦੇ ਵਿੱਚ ਮੁੜਦੇ ਨਹੀਂ ਸਨ।
18ਉਹਨਾਂ ਦੇ ਚੱਕੇ ਵੱਡੇ ਉੱਚੇ ਤੇ ਡਰਾਉਣੇ ਸਨ, ਅਤੇ ਉਹਨਾਂ ਚਾਰਾਂ ਚੱਕਿਆਂ ਦੇ ਦੁਆਲੇ ਅੱਖਾਂ ਹੀ ਅੱਖਾਂ ਸਨ।
19ਜਦੋਂ ਉਹ ਜੀਵ ਤੁਰਦੇ ਸਨ, ਤਾਂ ਉਹਨਾਂ ਦੇ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਉਹ ਜੀਵ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਪਹੀਏ ਵੀ ਚੁੱਕੇ ਜਾਂਦੇ ਸਨ।
20ਜਿੱਥੇ ਕਿਤੇ ਆਤਮਾ ਜਾਣਾ ਚਾਹੁੰਦਾ ਸੀ, ਉਹ ਜਾਂਦੇ ਸਨ। ਪਹੀਏ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਵਿੱਚ ਸੀ।
21ਜਦੋਂ ਜੀਵ ਤੁਰਦੇ ਸਨ, ਤਾਂ ਪਹੀਏ ਵੀ ਚੱਲਦੇ ਸਨ ਅਤੇ ਜਦੋਂ ਜੀਵ ਰੁੱਕਦੇ ਸਨ, ਤਾਂ ਪਹੀਏ ਵੀ ਰੁੱਕ ਜਾਂਦੇ ਸਨ ਅਤੇ ਜਦੋਂ ਉਹ ਧਰਤੀ ਤੋਂ ਚੁੱਕੇ ਜਾਂਦੇ ਸਨ, ਤਾਂ ਉਹ ਪਹੀਏ ਵੀ ਉਹਨਾਂ ਦੇ ਨਾਲ ਚੁੱਕੇ ਜਾਂਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਪਹੀਆਂ ਦੇ ਵਿੱਚ ਸੀ।
22ਜੀਵਾਂ ਦੇ ਸਿਰ ਉੱਤੇ ਅੰਬਰ ਸੀ, ਉਹ ਬਲੌਰ ਦੇ ਰੰਗ ਵਰਗਾ ਸੀ ਅਤੇ ਉਹਨਾਂ ਦੇ ਸਿਰਾਂ ਦੇ ਉੱਪਰ ਤਾਣਿਆ ਹੋਇਆ ਸੀ।
23ਉਸ ਅੰਬਰ ਦੇ ਹੇਠਾਂ ਉਹਨਾਂ ਦੇ ਖੰਭ ਇੱਕ ਦੂਜੇ ਦੀ ਸੇਧ ਵਿੱਚ ਸਨ, ਹਰੇਕ ਦੇ ਦੋਵਾਂ ਖੰਭਾ ਨਾਲ ਉਹਨਾਂ ਦਾ ਇੱਕ ਪਾਸਾ ਢੱਕਿਆ ਹੋਇਆ ਸੀ ਅਤੇ ਦੋਵਾਂ ਨਾਲ ਉਹਨਾਂ ਦੇ ਸਰੀਰ ਦਾ ਦੂਜਾ ਪਾਸਾ ਢੱਕਿਆ ਹੋਇਆ ਸੀ।
24ਜਦੋਂ ਉਹ ਤੁਰਦੇ ਸਨ, ਤਾਂ ਉਹਨਾਂ ਦੇ ਖੰਭਾਂ ਦੀ ਅਵਾਜ਼ ਬਹੁਤੇ ਪਾਣੀਆਂ ਦੀ ਅਵਾਜ਼ ਵਰਗੀ, ਸਰਬ ਸ਼ਕਤੀਮਾਨ ਦੀ ਅਵਾਜ਼ ਵਰਗੀ ਅਤੇ ਸੈਨਾਂ ਦੀ ਅਵਾਜ਼ ਵਰਗੀ ਸੀ। ਜਦੋਂ ਉਹ ਰੁੱਕਦੇ ਸਨ ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ।
25ਉਸ ਅੰਬਰ ਵਿੱਚੋਂ ਜਿਹੜਾ ਉਹਨਾਂ ਦੇ ਸਿਰਾਂ ਉੱਤੇ ਸੀ, ਇੱਕ ਅਵਾਜ਼ ਆਉਂਦੀ ਸੀ ਅਤੇ ਜਦੋਂ ਉਹ ਖੜ੍ਹੇ ਹੁੰਦੇ ਸਨ, ਤਾਂ ਆਪਣੇ ਖੰਭਾਂ ਨੂੰ ਲਮਕਾ ਲੈਂਦੇ ਸਨ।
26ਜੋ ਅੰਬਰ ਉਹਨਾਂ ਦੇ ਸਿਰ ਉੱਪਰ ਸੀ, ਉਸ ਉੱਤੇ ਨੀਲਮ ਪੱਥਰ ਦਾ ਬਣਿਆ ਹੋਇਆ, ਕੁਝ ਸਿੰਘਾਸਣ ਜਿਹਾ ਸੀ ਅਤੇ ਉਸ ਸਿੰਘਾਸਣ ਦੇ ਉੱਤੇ ਮਨੁੱਖ ਜਿਹਾ ਕੋਈ ਰੂਪ ਦਿਖਾਈ ਦਿੰਦਾ ਸੀ।
27ਮੈਂ ਉਸ ਦੇ ਲੱਕ ਤੋਂ ਲੈ ਕੇ ਉੱਤੇ ਤੱਕ ਚਮਕਦੇ ਹੋਏ ਪਿੱਤਲ ਜਿਹਾ ਅੱਗ ਦੇ ਰੂਪ ਵਰਗਾ, ਉਹ ਦੇ ਵਿਚਕਾਰ ਅਤੇ ਦੁਆਲੇ ਵੇਖਿਆ ਅਤੇ ਉਹ ਦੇ ਲੱਕ ਤੋਂ ਲੈ ਕੇ ਥੱਲੇ ਤੱਕ ਮੈਂ ਅੱਗ ਦਾ ਰੂਪ ਵੇਖਿਆ ਅਤੇ ਉਹ ਦੇ ਦੁਆਲੇ ਚਾਰੋਂ ਪਾਸੇ ਚਮਕ ਸੀ।
28ਜਿਵੇਂ ਵਰਖਾ ਦੇ ਦਿਨ ਬੱਦਲ ਵਿੱਚ ਧਣੁੱਖ ਦਿਖਾਈ ਦਿੰਦਾ ਹੈ ਉਸੇ ਤਰ੍ਹਾਂ ਚਾਰੇ ਪਾਸੇ ਦਾ ਪਰਕਾਸ਼ ਦਿਖਾਈ ਦਿੰਦਾ ਸੀ। ਇਹ ਯਹੋਵਾਹ ਦੇ ਪਰਤਾਪ ਦਾ ਪਰਕਾਸ਼ ਜਿਹਾ ਸੀ, ਉਸ ਨੂੰ ਵੇਖਦੇ ਹੀ ਮੈਂ ਮੂਧੇ ਮੂੰਹ ਡਿੱਗਿਆ ਅਤੇ ਮੈਂ ਇੱਕ ਅਵਾਜ਼ ਸੁਣੀ, ਜਿਵੇਂ ਕੋਈ ਗੱਲਾਂ ਕਰਦਾ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath