ਹਿਜ਼ਕੀਏਲ 17
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
2ਹੇ ਮਨੁੱਖ ਦੇ ਪੁੱਤਰ, ਇੱਕ ਬੁਝਾਰਤ ਬੁੱਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਇੱਕ ਕਹਾਵਤ ਆਖ।
3ਆਖ, ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੀਆਂ ਬਾਹਾਂ ਸਨ, ਜੋ ਰੰਗ-ਬਿਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ, ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਆਰ ਰੁੱਖ ਦੀ ਟੀਸੀ ਲਈ।
4ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਕਰਨ ਵਾਲੇ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ।
5ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ। ਉਸ ਨੇ ਉਹ ਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਰੁੱਖ ਵਾਂਗੂੰ ਲਾਇਆ।
6ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀਧਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆਂ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ, ਸੋ ਉਹ ਅੰਗੂਰੀ ਬੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਪੱਤੀਆਂ ਵਧੀਆਂ।
7ਇੱਕ ਹੋਰ ਵੱਡਾ ਉਕਾਬ ਸੀ, ਜਿਸ ਦੇ ਖੰਭ ਵੱਡੇ ਅਤੇ ਵਾਲ਼ ਬਹੁਤ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਨੇ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ, ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ, ਤਾਂ ਜੋ ਉਕਾਬ ਉਸ ਨੂੰ ਸਿੰਜੇ।
8ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ, ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ, ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ।
9ਤੂੰ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕੀ ਇਹ ਖੁਸ਼ਹਾਲ ਹੋਵੇਗੀ? ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪੱਤੇ ਸੁੱਕ ਜਾਣ? ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਅਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ।
10ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਹਵਾ ਲੱਗਦਿਆਂ ਹੀ ਇਹ ਪੂਰੀ ਤਰ੍ਹਾਂ ਨਾਲ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ।
11ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ
12ਇਸ ਵਿਦਰੋਹੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਹਨਾਂ ਗੱਲਾਂ ਦਾ ਅਰਥ ਨਹੀਂ ਜਾਣਦੇ? ਉਹਨਾਂ ਨੂੰ ਆਖ ਕਿ ਵੇਖੋ, ਬਾਬਲ ਦੇ ਰਾਜੇ ਨੇ ਯਰੂਸ਼ਲਮ ਉੱਤੇ ਹਮਲਾ ਕੀਤਾ, ਉਸ ਦੇ ਰਾਜੇ ਨੂੰ ਅਤੇ ਉਸ ਦੇ ਹਾਕਮਾਂ ਨੂੰ ਫੜ੍ਹ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ।
13ਉਹ ਨੇ ਸ਼ਾਹੀ ਵੰਸ਼ ਵਿੱਚੋਂ ਇੱਕ ਨੂੰ ਲੈ ਕੇ ਉਸ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸਹੁੰ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ,
14ਤਾਂ ਜੋ ਉਹ ਰਾਜ ਪੂਰੀ ਤਰ੍ਹਾਂ ਅਧੀਨ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ, ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜਾ ਰਹੇ।
15ਪਰ ਉਹ ਨੇ ਬਹੁਤ ਸਾਰੇ ਮਨੁੱਖ ਤੇ ਘੋੜੇ ਲੈਣ ਲਈ ਮਿਸਰ ਵਿੱਚ ਸੰਦੇਸ਼ਵਾਹਕ ਭੇਜ ਕੇ ਉਸ ਦੇ ਵਿਰੁੱਧ ਵਿਦਰੋਹੀ ਹੋ ਗਿਆ। ਕੀ ਉਹ ਸਫ਼ਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ?
16ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸਹੁੰ! ਉਹ ਉਸੇ ਥਾਂ ਜਿੱਥੇ ਉਸ ਰਾਜੇ ਦਾ ਵਾਸ ਹੈ, ਜਿਸ ਨੇ ਉਹ ਨੂੰ ਰਾਜਾ ਬਣਾਇਆ, ਜਿਸ ਦੀ ਸਹੁੰ ਨੂੰ ਉਸ ਨੇ ਤੁੱਛ ਜਾਣਿਆ ਅਤੇ ਜਿਹੜਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ।
17ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈ ਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸਕੇਗਾ, ਜਦੋਂ ਬਾਬੁਲ ਦੇ ਲੋਕ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ।
18ਕਿਉਂ ਜੋ ਉਸ ਨੇ ਸਹੁੰ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ, ਇਸ ਲਈ ਉਹ ਬਚ ਨਹੀਂ ਸਕੇਗਾ।
19ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਉਹ ਮੇਰੀ ਹੀ ਸਹੁੰ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜ਼ਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ
20ਅਤੇ ਮੈਂ ਆਪਣਾ ਜਾਲ਼ ਉਹ ਦੇ ਉੱਤੇ ਪਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ, ਉਹ ਦੀ ਬੇਈਮਾਨੀ ਦੇ ਬਾਰੇ ਉੱਥੇ ਉਸ ਦੇ ਕੋਲੋਂ ਪੁੱਛ-ਗਿੱਛ ਕਰਾਂਗਾ।
21ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਉਹ ਸਾਰੀਆਂ ਦਿਸ਼ਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ, ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ।
22ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਕਰੂੰਬਲ ਸਿਰ ਉੱਤੋਂ ਕੱਟ ਲਵਾਂਗਾ ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋਟੀ ਤੇ ਲਾਵਾਂਗਾ।
23ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਉੱਤੇ ਲਾਵਾਂਗਾ ਅਤੇ ਉਹ ਕਰੂੰਬਲਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪ੍ਰਕਾਰ ਦੇ ਖੰਭ ਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਉਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ।
24ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ। ਮੈਂ ਯਹੋਵਾਹ ਨੇ ਆਖਿਆ ਅਤੇ ਕਰ ਵਿਖਾਇਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath