ਈਸਾਈ
ਪਿੱਛੇ

ਹਿਜ਼ਕੀਏਲ 16

1ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਨੂੰ ਉਹ ਦੇ ਘਿਣਾਉਣੇ ਕੰਮਾਂ ਦੇ ਬਾਰੇ ਦੱਸ

3ਅਤੇ ਤੂੰ ਆਖ, ਪ੍ਰਭੂ ਯਹੋਵਾਹ ਯਰੂਸ਼ਲਮ ਨੂੰ ਇਸ ਤਰ੍ਹਾਂ ਕਹਿੰਦਾ ਹੈ ਕਿ ਤੇਰੀ ਜਨਮ ਭੂਮੀ ਕਨਾਨ ਦੀ ਧਰਤੀ ਸੀ। ਤੇਰਾ ਪਿਤਾ ਅਮੋਰੀ ਸੀ ਅਤੇ ਤੇਰੀ ਮਾਤਾ ਹਿੱਤੀ ਸੀ।

4ਤੇਰਾ ਜਨਮ ਇਸ ਤਰ੍ਹਾਂ ਹੋਇਆ ਕਿ ਜਿਸ ਦਿਨ ਤੂੰ ਜਨਮ ਲਿਆ ਨਾ ਤੇਰਾ ਨਾੜੂ ਕੱਟਿਆ ਗਿਆ, ਨਾ ਤੈਨੂੰ ਪਾਣੀ ਨਾਲ ਨਵ੍ਹਾ ਕੇ ਸਾਫ਼ ਕੀਤਾ ਗਿਆ, ਨਾ ਤੇਰੇ ਉੱਤੇ ਲੂਣ ਮਲਿਆ ਗਿਆ ਅਤੇ ਤੂੰ ਪੋਤੜਿਆਂ ਵਿੱਚ ਲਪੇਟੀ ਨਾ ਗਈ।

5ਕਿਸੇ ਅੱਖ ਨੇ ਤੇਰੇ ਤੇ ਤਰਸ ਨਾ ਕੀਤਾ ਅਤੇ ਮਿਹਰਬਾਨੀ ਨਾ ਕੀਤੀ, ਤਾਂ ਜੋ ਇਹਨਾਂ ਕੰਮਾਂ ਵਿੱਚੋਂ ਤੇਰੇ ਲਈ ਇੱਕ ਵੀ ਕੰਮ ਕੀਤਾ ਜਾਂਦਾ, ਸਗੋਂ ਤੂੰ ਆਪਣੇ ਜਨਮ ਦੇ ਦਿਨ ਬਾਹਰ ਮੈਦਾਨ ਵਿੱਚ ਸੁੱਟ ਦਿੱਤੀ ਗਈ, ਕਿਉਂ ਜੋ ਤੇਰੇ ਤੋਂ ਘਿਰਣਾ ਕਰਦੇ ਸਨ।

6ਜਦੋਂ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਤੇਰੇ ਲਹੂ ਵਿੱਚ ਲਿੱਬੜਿਆ ਹੋਇਆ ਵੇਖਿਆ ਅਤੇ ਮੈਂ ਤੈਨੂੰ ਆਖਿਆ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ! ਹਾਂ ਮੈਂ ਤੈਨੂੰ ਹੀ ਕਿਹਾ ਕਿ ਤੂੰ ਜੋ ਲਹੂ ਵਿੱਚ ਲਿਬੜੀ ਹੋਈ ਹੈਂ, ਜੀਉਂਦੀ ਰਹਿ!

7ਮੈਂ ਤੈਨੂੰ ਖੇਤ ਦੇ ਪੌਦਿਆਂ ਵਾਂਗੂੰ ਵਧਾਇਆ, ਇਸ ਲਈ ਤੂੰ ਵਧੀ ਅਤੇ ਮੁਟਿਆਰ ਹੋਈ ਅਤੇ ਸੁੰਦਰ ਜੋਬਨ ਵਾਲੀ ਬਣੀ, ਤੇਰੀਆਂ ਛਾਤੀਆਂ ਸੁਡੌਲ ਹੋ ਗਈਆਂ ਅਤੇ ਤੇਰੇ ਵਾਲ਼ ਵਧੇ, ਪਰ ਤੂੰ ਨੰਗੀ ਧੜੰਗੀ ਸੀ।

8ਫੇਰ ਜਦ ਮੈਂ ਤੇਰੇ ਕੋਲੋਂ ਲੰਘਿਆ ਅਤੇ ਤੈਨੂੰ ਵੇਖਿਆ, ਤਾਂ ਵੇਖੋ, ਤੇਰੇ ਲਈ ਪ੍ਰੇਮ ਦਾ ਸਮਾਂ ਆ ਗਿਆ ਸੀ। ਇਸ ਲਈ ਮੈਂ ਆਪਣਾ ਕੱਪੜਾ ਤੇਰੇ ਉੱਤੇ ਪਾਇਆ ਅਤੇ ਤੇਰੇ ਨੰਗੇਜ਼ ਨੂੰ ਢੱਕਿਆ, ਹਾਂ, ਸਹੁੰ ਖਾ ਕੇ ਤੇਰੇ ਨਾਲ ਨੇਮ ਬੰਨ੍ਹਿਆ ਅਤੇ ਤੂੰ ਮੇਰੀ ਹੋ ਗਈ, ਪ੍ਰਭੂ ਯਹੋਵਾਹ ਦਾ ਵਾਕ ਹੈ।

9ਫੇਰ ਮੈਂ ਤੈਨੂੰ ਪਾਣੀ ਨਾਲ ਨਹਿਲਾ ਕੇ ਤੇਰੇ ਉੱਤੋਂ ਲਹੂ ਨੂੰ ਪੂਰੀ ਤਰ੍ਹਾਂ ਦੇ ਨਾਲ ਧੋ ਸੁੱਟਿਆ ਅਤੇ ਤੇਰੇ ਉੱਪਰ ਤੇਲ ਮਲਿਆ।

10ਮੈਂ ਤੈਨੂੰ ਕਸੀਦਾਕਾਰੀ ਵਾਲੇ ਕੱਪੜੇ ਪਵਾਏ ਅਤੇ ਚਮੜੇ ਦੀ ਜੁੱਤੀ ਪਵਾਈ, ਵਧੀਆ ਕਤਾਨ ਦੀ ਤੇਰੀ ਪੇਟੀ ਬਣਵਾਈ ਅਤੇ ਤੈਨੂੰ ਰੇਸ਼ਮ ਨਾਲ ਢੱਕਿਆ।

11ਮੈਂ ਤੈਨੂੰ ਗਹਿਣਿਆਂ ਨਾਲ ਸਜਾਇਆ, ਤੇਰੇ ਹੱਥਾਂ ਵਿੱਚ ਕੜੇ ਪਾਏ ਅਤੇ ਤੇਰੇ ਗਲ਼ ਵਿੱਚ ਹਾਰ ਪਾਇਆ।

12ਮੈਂ ਤੇਰੇ ਨੱਕ ਵਿੱਚ ਨੱਥ ਪਾਈ, ਤੇਰੇ ਕੰਨਾਂ ਵਿੱਚ ਵਾਲੀਆਂ ਪਾਈਆਂ ਅਤੇ ਇੱਕ ਸੁੰਦਰ ਤਾਜ ਤੇਰੇ ਸਿਰ ਉੱਤੇ ਰੱਖਿਆ।

13ਤੂੰ ਸੋਨੇ, ਚਾਂਦੀ ਨਾਲ ਸੁੰਦਰ ਬਣ ਗਈ ਅਤੇ ਤੇਰੇ ਕੱਪੜੇ ਕਤਾਨੀ, ਰੇਸ਼ਮੀ ਅਤੇ ਕਸੀਦਾਕਾਰੀ ਦੇ ਸਨ ਅਤੇ ਤੂੰ ਮੈਦਾ, ਸ਼ਹਿਦ ਤੇ ਤੇਲ ਖਾਂਦੀ ਸੀ। ਤੂੰ ਬਹੁਤ ਸੁੰਦਰ ਸੀ ਅਤੇ ਤੂੰ ਰਾਣੀ ਬਣ ਗਈ।

14ਤੇਰੀ ਸੁੰਦਰਤਾ ਦੀ ਚਰਚਾ ਕੌਮਾਂ ਵਿੱਚ ਹੋ ਗਈ ਹੈ ਕਿ ਤੂੰ ਮੇਰੇ ਉਸ ਪਰਤਾਪ ਨਾਲ ਜੋ ਮੈਂ ਤੈਨੂੰ ਬਖ਼ਸ਼ਿਆ ਸੀ, ਸੰਪੂਰਨ ਹੋ ਗਈ, ਪ੍ਰਭੂ ਯਹੋਵਾਹ ਦਾ ਵਾਕ ਹੈ।

15ਪਰ ਤੂੰ ਆਪਣੀ ਸੁੰਦਰਤਾ ਤੇ ਭਰੋਸਾ ਕੀਤਾ ਅਤੇ ਆਪਣੀ ਮਸ਼ਹੂਰੀ ਕਰਕੇ ਵਿਭਚਾਰ ਕਰਨ ਲੱਗੀ। ਹਰੇਕ ਦੇ ਨਾਲ ਜਿਹੜਾ ਤੇਰੇ ਨੇੜਿਓਂ ਲੰਘਿਆ, ਉਸੇ ਨਾਲ ਤੂੰ ਵਿਭਚਾਰ ਕਰਕੇ ਤੂੰ ਉਸੇ ਦੀ ਹੀ ਬਣ ਗਈ।

16ਤੂੰ ਆਪਣੇ ਕੱਪੜੇ ਲੈ ਕੇ ਅਤੇ ਕਈ ਪ੍ਰਕਾਰ ਦੇ ਰੰਗਾਂ ਨਾਲ ਉੱਚੇ ਸਥਾਨਾਂ ਨੂੰ ਸਜਾਇਆ ਅਤੇ ਉਹਨਾਂ ਉੱਚੇ ਸਥਾਨਾਂ ਉੱਤੇ ਅਜਿਹੇ ਵਿਭਚਾਰ ਕੀਤੇ, ਜੋ ਨਾ ਕਦੀ ਹੋਏ ਤੇ ਨਾ ਹੋਣਗੇ।

17ਤੂੰ ਮੇਰੇ ਸੋਨੇ, ਚਾਂਦੀ ਦੇ ਕੀਮਤੀ ਗਹਿਣਿਆਂ ਤੋਂ ਜੋ ਮੈਂ ਤੈਨੂੰ ਦਿੱਤੇ ਸਨ, ਆਪਣੇ ਲਈ ਮਰਦਾਂ ਦੀਆਂ ਮੂਰਤੀਆਂ ਬਣਾਈਆਂ ਅਤੇ ਉਹਨਾਂ ਨਾਲ ਵਿਭਚਾਰ ਕੀਤਾ।

18ਕਸੀਦਾਕਾਰੀ ਦੇ ਕੱਪੜੇ ਉਹਨਾਂ ਨੂੰ ਪਵਾਏ ਅਤੇ ਮੇਰਾ ਤੇਲ ਅਤੇ ਧੂਫ਼ ਉਹਨਾਂ ਦੇ ਸਾਹਮਣੇ ਰੱਖਿਆ।

19ਮੇਰੀ ਰੋਟੀ ਜੋ ਮੈਂ ਤੈਨੂੰ ਦਿੱਤੀ ਅਰਥਾਤ ਮੈਦਾ, ਤੇਲ ਤੇ ਸ਼ਹਿਦ ਜੋ ਮੈਂ ਤੈਨੂੰ ਖੁਆਉਂਦਾ ਸੀ, ਤੂੰ ਉਹਨਾਂ ਦੇ ਸਾਹਮਣੇ ਸੁਗੰਧੀ ਦੇ ਲਈ ਰੱਖਿਆ, ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਇਸੇ ਤਰ੍ਹਾਂ ਹੀ ਹੋਇਆ ਹੈ।

20ਤੂੰ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਜਿਹਨਾਂ ਨੂੰ ਤੂੰ ਮੇਰੇ ਲਈ ਜਨਮ ਦਿੱਤਾ ਸੀ, ਲੈ ਕੇ ਉਹਨਾਂ ਅੱਗੇ ਬਲੀਦਾਨ ਕੀਤਾ, ਤਾਂ ਜੋ ਉਹ ਉਹਨਾਂ ਨੂੰ ਖਾ ਜਾਣ! ਕੀ ਤੇਰੀ ਜ਼ਨਾਹਕਾਰੀ ਕੋਈ ਨਿੱਕੀ ਗੱਲ ਸੀ?

21ਕਿ ਤੂੰ ਮੇਰੇ ਪੁੱਤਰਾਂ ਨੂੰ ਵੀ ਵੱਢਿਆ ਅਤੇ ਉਹਨਾਂ ਨੂੰ ਅੱਗ ਦੇ ਵਿੱਚੋਂ ਦੀ ਲੰਘਾਉਣ ਲਈ ਦਿੱਤਾ।

22ਤੂੰ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਅਤੇ ਵਿਭਚਾਰ ਕਰਦੇ ਹੋਏ, ਆਪਣੇ ਬਚਪਨ ਦੇ ਦਿਨਾਂ ਨੂੰ ਕਦੇ ਵੀ ਯਾਦ ਨਾ ਕੀਤਾ, ਜਦੋਂ ਤੂੰ ਨੰਗੀ ਧੜੰਗੀ ਤੇ ਆਪਣੇ ਲਹੂ ਵਿੱਚ ਲਿੱਬੜੀ ਹੋਈ ਸੀ।

23ਇਸ ਤਰ੍ਹਾਂ ਹੋਇਆ ਕਿ ਇਹਨਾਂ ਸਾਰੀਆਂ ਬੁਰਿਆਈਆਂ ਤੋਂ ਬਾਅਦ - ਤੇਰੇ ਉੱਤੇ ਹਾਏ ਹਾਏ! - ਪ੍ਰਭੂ ਯਹੋਵਾਹ ਦਾ ਵਾਕ ਹੈ

24ਕਿ ਤੂੰ ਆਪਣੇ ਲਈ ਗੁੰਬਦ ਬਣਾਇਆ ਅਤੇ ਹਰੇਕ ਚੌਂਕ ਵਿੱਚ ਉੱਚਾ ਸਥਾਨ ਤਿਆਰ ਕੀਤਾ।

25ਤੂੰ ਰਾਹ ਦੇ ਹਰ ਖੂੰਜੇ ਉੱਤੇ ਆਪਣਾ ਉੱਚਾ ਸਥਾਨ ਬਣਾਇਆ ਅਤੇ ਆਪਣੀ ਸੁੰਦਰਤਾ ਨੂੰ ਘਿਰਣਾ ਯੋਗ ਕੀਤਾ, ਅਤੇ ਹਰੇਕ ਲੰਘਣ ਵਾਲੇ ਰਾਹੀ ਦੇ ਅੱਗੇ ਤੂੰ ਆਪਣੇ ਪੈਰ ਖਿਲਾਰੇ ਅਤੇ ਆਪਣੇ ਵਿਭਚਾਰ ਨੂੰ ਵਧਾਇਆ।

26ਤੂੰ ਆਪਣੇ ਗੁਆਂਢੀ ਮਿਸਰੀਆਂ ਦੇ ਨਾਲ ਜੋ ਮੋਟੇ ਡਾਢੇ ਸਨ ਵਿਭਚਾਰ ਕੀਤਾ ਅਤੇ ਆਪਣੇ ਬਹੁਤੇ ਵਿਭਚਾਰ ਕਰਕੇ ਮੈਨੂੰ ਕ੍ਰੋਧਿਤ ਕੀਤਾ।

27ਇਸ ਲਈ ਵੇਖ! ਮੈਂ ਤੇਰੇ ਉੱਤੇ ਹੱਥ ਚੁੱਕਿਆ ਅਤੇ ਤੇਰੇ ਭੋਜਨ ਨੂੰ ਘੱਟ ਕਰ ਦਿੱਤਾ। ਤੈਨੂੰ ਤੇਰੀਆਂ ਦੁਸ਼ਮਣ ਫ਼ਲਿਸਤੀਆਂ ਦੀਆਂ ਧੀਆਂ ਦੇ ਅਧੀਨ ਕਰ ਦਿੱਤਾ ਜਿਹੜੀਆਂ, ਤੇਰੇ ਲੁੱਚਪੁਣੇ ਤੋਂ ਸ਼ਰਮਿੰਦਿਆਂ ਹੁੰਦੀਆਂ ਹਨ।

28ਫੇਰ ਅੱਸ਼ੂਰੀਆਂ ਨਾਲ ਵਿਭਚਾਰ ਕੀਤਾ ਕਿਉਂ ਜੋ ਤੂੰ ਰੱਜਦੀ ਨਹੀਂ ਸੀ, ਹਾਂ, ਤੂੰ ਉਹਨਾਂ ਨਾਲ ਵੀ ਵਿਭਚਾਰ ਕੀਤਾ, ਪਰ ਤੂੰ ਨਾ ਰੱਜੀ।

29ਤੂੰ ਕਸਦੀਆਂ ਦੇ ਦੇਸ ਤੱਕ ਆਪਣੇ ਵਿਭਚਾਰ ਨੂੰ ਖਿਲਾਰਿਆ ਪਰ ਇਸ ਨਾਲ ਵੀ ਤੂੰ ਨਾ ਰੱਜੀ।

30ਪ੍ਰਭੂ ਯਹੋਵਾਹ ਦਾ ਵਾਕ ਹੈ ਕਿ ਤੇਰਾ ਮਨ ਕਿੰਨ੍ਹਾਂ ਨਿਰਬਲ ਹੈ ਕਿ ਤੂੰ ਇਹ ਸਭ ਕੁਝ ਕਰਦੀ ਹੈਂ, ਜੋ ਇੱਕ ਬੇਸ਼ਰਮ ਅਤੇ ਵੇਸਵਾ ਦਾ ਕੰਮ ਹੈ।

31ਇਸ ਲਈ ਕਿ ਤੂੰ ਹਰੇਕ ਸੜਕ ਦੇ ਸਿਰੇ ਤੇ ਆਪਣਾ ਗੁੰਬਦ ਬਣਾਉਂਦੀ ਹੈਂ ਅਤੇ ਹਰੇਕ ਚੌਂਕ ਵਿੱਚ ਆਪਣਾ ਉੱਚਾ ਸਥਾਨ ਤਿਆਰ ਕਰਦੀ ਹੈ, ਤੂੰ ਅਸਲ ਵਿੱਚ ਇੱਕ ਵੇਸਵਾ ਨਹੀਂ ਹੈਂ, ਕਿਉਂ ਜੋ ਆਪਣੇ ਕੰਮ ਲਈ ਖਰਚਾ ਨਹੀਂ ਲੈਂਦੀ।

32ਤੂੰ ਵਿਭਚਾਰਨ ਇਸਰਤੀ ਹੈਂ, ਜਿਹੜੀ ਆਪਣੇ ਪਤੀ ਦੇ ਥਾਂ ਓਪਰੇ ਨੂੰ ਕਬੂਲ ਕਰਦੀ ਹੈ!

33ਲੋਕ ਸਾਰੀਆਂ ਵੇਸਵਾਵਾਂ ਨੂੰ ਤੋਹਫ਼ੇ ਦਿੰਦੇ ਹਨ, ਪਰ ਤੂੰ ਆਪਣੇ ਮਿੱਤਰਾਂ ਨੂੰ ਤੋਹਫ਼ੇ ਅਤੇ ਰਿਸ਼ਵਤ ਦਿੰਦੀ ਹੈਂ, ਤਾਂ ਜੋ ਉਹ ਚੁਫ਼ੇਰਿਓਂ ਤੇਰੇ ਕੋਲ ਆਉਣ ਅਤੇ ਤੇਰੇ ਨਾਲ ਵਿਭਚਾਰ ਕਰਨ।

34ਤੂੰ ਵਿਭਚਾਰ ਵਿੱਚ ਹੋਰਨਾਂ ਔਰਤਾਂ ਦੇ ਵਾਂਗੂੰ ਨਹੀਂ, ਕਿਉਂ ਜੋ ਵਿਭਚਾਰ ਦੇ ਲਈ ਤੇਰੇ ਪਿੱਛੇ ਕੋਈ ਨਹੀਂ ਆਉਂਦਾ, ਤੂੰ ਪੈਸੇ ਨਹੀਂ ਲੈਂਦੀ ਸਗੋਂ ਆਪ ਦਿੰਦੀ ਹੈਂ, ਸੋ ਤੂੰ ਓਪਰੀ ਹੈਂ!

35ਇਸ ਲਈ ਹੇ ਵਿਭਚਾਰਨ! ਤੂੰ ਯਹੋਵਾਹ ਦਾ ਬਚਨ ਸੁਣ

36ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਕਿਉਂਕਿ ਤੂੰ ਆਪਣੀ ਲਾਲਸਾ ਨੂੰ ਵਧਾਇਆ ਅਤੇ ਆਪਣਾ ਨੰਗੇਜ਼ ਆਪਣੇ ਵਿਭਚਾਰ ਦੇ ਕਾਰਨ, ਤੂੰ ਆਪਣੇ ਯਾਰਾਂ ਅੱਗੇ ਖੋਲ੍ਹ ਦਿੱਤਾ ਅਤੇ ਆਪਣੀਆਂ ਸਾਰੀਆਂ ਘਿਣਾਉਣੀਆਂ ਮੂਰਤਾਂ ਦੇ ਕਾਰਨ ਅਤੇ ਤੇਰੇ ਬੱਚਿਆਂ ਦੇ ਲਹੂ ਦੇ ਕਾਰਨ ਜੋ ਤੂੰ ਉਹਨਾਂ ਦੇ ਅੱਗੇ ਚੜ੍ਹਾਇਆ,

37ਇਸ ਲਈ ਵੇਖ, ਮੈਂ ਤੇਰੇ ਸਾਰੇ ਯਾਰਾਂ ਨੂੰ ਜਿਹਨਾਂ ਨਾਲ ਤੂੰ ਸੰਬੰਧ ਬਣਾਏ, ਉਹਨਾਂ ਸਾਰਿਆਂ ਨੂੰ ਜਿਹਨਾਂ ਨੂੰ ਤੂੰ ਪਿਆਰ ਕਰਦੀ ਸੀ ਅਤੇ ਉਹਨਾਂ ਸਾਰਿਆਂ ਨਾਲ ਜਿਹਨਾਂ ਨਾਲ ਤੂੰ ਵੈਰ ਰੱਖਦੀ ਸੀ, ਇਕੱਠਿਆਂ ਕਰਾਂਗਾ, ਮੈਂ ਉਹਨਾਂ ਨੂੰ ਚਾਰੇ ਪਾਸੇ ਤੋਂ ਤੇਰੀ ਵਿਰੋਧਤਾ ਲਈ ਇਕੱਠਿਆਂ ਕਰਾਂਗਾ। ਉਹਨਾਂ ਦੇ ਸਾਹਮਣੇ ਤੇਰਾ ਪੜਦਾ ਖੋਲ੍ਹਾਂਗਾ, ਤਾਂ ਜੋ ਉਹ ਤੇਰੇ ਸਾਰੇ ਨੰਗੇਜ਼ ਨੂੰ ਵੇਖਣ।

38ਮੈਂ ਤੇਰਾ ਨਿਆਂ ਕਰਾਂਗਾ, ਜਿਵੇਂ ਵਿਭਚਾਰਨ ਔਰਤ ਦਾ ਅਤੇ ਲਹੂ ਵਗਦੀ ਔਰਤ ਦਾ ਨਿਆਂ ਕੀਤਾ ਜਾਂਦਾ ਹੈ ਅਤੇ ਮੈਂ ਕਹਿਰ ਅਤੇ ਅਣਖ ਦਾ ਲਹੂ ਤੇਰੇ ਉੱਤੇ ਲਿਆਵਾਂਗਾ।

39ਮੈਂ ਤੈਨੂੰ ਉਹਨਾਂ ਦੇ ਹੱਥ ਵਿੱਚ ਦਿਆਂਗਾ, ਉਹ ਤੇਰਾ ਗੁੰਬਦ ਢਾਹ ਸੁੱਟਣਗੇ, ਤੇਰੇ ਉੱਚੇ ਸਥਾਨ ਤੋੜ ਦੇਣਗੇ ਅਤੇ ਤੇਰੇ ਕੱਪੜੇ ਲਾਹ ਲੈਣਗੇ, ਨਾਲੇ ਤੇਰੇ ਕੀਮਤੀ ਗਹਿਣੇ ਖੋਹ ਲੈਣਗੇ ਅਤੇ ਤੈਨੂੰ ਨੰਗੀ ਧੜੰਗੀ ਕਰਕੇ ਛੱਡ ਜਾਣਗੇ।

40ਉਹ ਤੇਰੇ ਵਿਰੁੱਧ ਇੱਕ ਭੀੜ ਚੜ੍ਹਾ ਲਿਆਉਣਗੇ, ਤੈਨੂੰ ਪੱਥਰਾਂ ਨਾਲ ਮਾਰ ਸੁੱਟਣਗੇ ਅਤੇ ਆਪਣੀਆਂ ਤਲਵਾਰਾਂ ਨਾਲ ਤੈਨੂੰ ਵਿੰਨ੍ਹ ਸੁੱਟਣਗੇ।

41ਉਹ ਤੇਰੇ ਘਰਾਂ ਨੂੰ ਅੱਗ ਨਾਲ ਫੂਕ ਦੇਣਗੇ, ਬਹੁਤ ਸਾਰੀਆਂ ਔਰਤਾਂ ਦੀ ਨਿਗਾਹ ਵਿੱਚ ਤੈਨੂੰ ਸਜ਼ਾ ਦੇਣਗੇ, ਮੈਂ ਤੈਨੂੰ ਵਿਭਚਾਰ ਤੋਂ ਰੋਕ ਦਿਆਂਗਾ ਅਤੇ ਤੂੰ ਫੇਰ ਕਿਸੇ ਹੋਰ ਨੂੰ ਖਰਚੀ ਨਾ ਦੇਵੇਂਗੀ।

42ਤਦ ਮੇਰਾ ਕਹਿਰ ਤੇਰੇ ਉੱਤੋਂ ਸ਼ਾਂਤ ਹੋ ਜਾਵੇਗਾ ਅਤੇ ਮੇਰਾ ਕ੍ਰੋਧ ਤੇਰੇ ਉੱਤੋਂ ਹੱਟ ਜਾਵੇਗਾ, ਮੈਂ ਸ਼ਾਂਤੀ ਪਾਵਾਂਗਾ ਅਤੇ ਫੇਰ ਕ੍ਰੋਧ ਨਹੀਂ ਕਰਾਂਗਾ।

43ਕਿਉਂ ਜੋ ਤੂੰ ਆਪਣੀ ਜੁਆਨੀ ਦੇ ਦਿਨਾਂ ਨੂੰ ਯਾਦ ਨਾ ਕੀਤਾ ਅਤੇ ਇਹਨਾਂ ਸਾਰੀਆਂ ਗੱਲਾਂ ਨਾਲ ਮੈਨੂੰ ਕ੍ਰੋਧਿਤ ਕੀਤਾ, ਇਸ ਲਈ ਪ੍ਰਭੂ ਯਹੋਵਾਹ ਦਾ ਵਾਕ ਹੈ, ਵੇਖ, ਮੈਂ ਤੇਰੇ ਕੁਰਾਹੇ ਪੈਣ ਦਾ ਫਲ ਤੈਨੂੰ ਦਿਆਂਗਾ ਅਤੇ ਤੂੰ ਅੱਗੇ ਲਈ ਆਪਣੇ ਸਾਰੇ ਘਿਣਾਉਣੇ ਕੰਮਾਂ ਨੂੰ ਲੁੱਚਪੁਣੇ ਨਾਲ ਕਰਦੀ ਹੀ ਨਾ ਜਾਵੇਂਗੀ।

44ਵੇਖ, ਸਾਰੇ ਕਹਾਉਤਾਂ ਆਖਣ ਵਾਲੇ ਤੇਰੇ ਵਿਰੁੱਧ ਇਹ ਕਹਾਵਤ ਆਖਣਗੇ ਕਿ “ਜਿਹੀ ਮਾਂ ਤੇਹੀ ਧੀ।”

45ਤੂੰ ਆਪਣੀ ਉਸ ਮਾਂ ਦੀ ਧੀ ਹੈਂ, ਜਿਹੜੀ ਆਪਣੇ ਪਤੀ ਅਤੇ ਆਪਣੇ ਬੱਚਿਆਂ ਤੋਂ ਘਿਣ ਕਰਦੀ ਸੀ ਅਤੇ ਤੂੰ ਆਪਣੀਆਂ ਉਹਨਾਂ ਭੈਣਾਂ ਦੀ ਭੈਣ ਹੈਂ, ਜਿਹੜੀਆਂ ਆਪਣੇ ਪਤੀਆਂ ਅਤੇ ਬੱਚਿਆਂ ਤੋਂ ਘਿਣ ਕਰਦੀਆਂ ਸਨ, ਤੇਰੀ ਮਾਂ ਹਿੱਤੀ ਅਤੇ ਤੇਰਾ ਪਿਓ ਅਮੋਰੀ ਸੀ।

46ਤੇਰੀ ਵੱਡੀ ਭੈਣ ਸਾਮਰਿਯਾ ਹੈ, ਜੋ ਤੇਰੇ ਖੱਬੇ ਪਾਸੇ ਵੱਸਦੀ ਹੈ, ਉਹ ਅਤੇ ਉਹ ਦੀਆਂ ਧੀਆਂ, ਅਤੇ ਤੇਰੀ ਛੋਟੀ ਭੈਣ ਜੋ ਤੇਰੇ ਸੱਜੇ ਪਾਸੇ ਵੱਸਦੀ ਹੈ, ਸਦੂਮ ਅਤੇ ਉਸ ਦੀਆਂ ਧੀਆਂ ਹਨ।

47ਪਰ ਤੂੰ ਕੇਵਲ ਉਹਨਾਂ ਦੇ ਰਾਹਾਂ ਉੱਤੇ ਨਹੀਂ ਤੁਰ੍ਹੀ ਅਤੇ ਕੇਵਲ ਉਹਨਾਂ ਵਰਗੇ ਘਿਣਾਉਣੇ ਕੰਮ ਨਹੀਂ ਕੀਤੇ, ਜਾਣੋ ਇਹ ਤਾਂ ਇੱਕ ਨਿੱਕੀ ਜਿਹੀ ਗੱਲ ਸੀ, ਸਗੋਂ ਤੂੰ ਉਹਨਾਂ ਨਾਲੋਂ ਆਪਣਿਆਂ ਸਾਰਿਆਂ ਮਾਰਗਾਂ ਵਿੱਚ ਬਹੁਤ ਭੈੜੀ ਨਿੱਕਲੀ।

48ਪ੍ਰਭੂ ਯਹੋਵਾਹ ਦਾ ਵਾਕ ਹੈ, ਮੈਨੂੰ ਆਪਣੀ ਜਾਨ ਦੀ ਸਹੁੰ, ਕਿ ਤੇਰੀ ਭੈਣ ਸਦੂਮ ਨੇ ਇਸ ਤਰ੍ਹਾਂ ਨਹੀਂ ਕੀਤਾ, ਨਾ ਉਹ ਨੇ, ਨਾ ਉਹਨਾਂ ਦੀਆਂ ਧੀਆਂ ਨੇ, ਜਿਹਾ ਤੂੰ ਅਤੇ ਤੇਰੀਆਂ ਧੀਆਂ ਨੇ ਕੀਤਾ ਹੈ।

49ਵੇਖ, ਤੇਰੀ ਭੈਣ ਸਦੂਮ ਦਾ ਅਪਰਾਧ ਇਹ ਸੀ ਕਿ ਉਹ ਆਪਣੀਆਂ ਧੀਆਂ ਸਮੇਤ ਘਮੰਡ ਕਰਦੀ, ਬੇਪਰਵਾਹ ਸੀ ਅਤੇ ਬਿਨਾਂ ਚਿੰਤਾ ਤੋਂ ਰਹਿੰਦੀ ਸੀ, ਪਰ ਉਹਨਾਂ ਨੇ ਗ਼ਰੀਬ ਤੇ ਲੋੜਵੰਦ ਨੂੰ ਸਹਾਰਾ ਨਾ ਦਿੱਤਾ।

50ਉਹ ਹੰਕਾਰਨਾਂ ਸਨ ਅਤੇ ਉਹਨਾਂ ਨੇ ਮੇਰੇ ਸਾਹਮਣੇ ਘਿਣਾਉਣੇ ਕੰਮ ਕੀਤੇ, ਇਸ ਲਈ ਜਦੋਂ ਮੈਂ ਵੇਖਿਆ ਤਾਂ ਉਹਨਾਂ ਨੂੰ ਦੂਰ ਕਰ ਦਿੱਤਾ।

51ਸਾਮਰਿਯਾ ਨੇ ਤੇਰੇ ਨਾਲੋਂ ਅੱਧੇ ਪਾਪ ਵੀ ਨਹੀਂ ਕੀਤੇ, ਪਰ ਤੂੰ ਉਹਨਾਂ ਦੇ ਨਾਲੋਂ ਬਹੁਤ ਘਿਣਾਉਣੇ ਕੰਮ ਕੀਤੇ ਹਨ, ਇਸ ਲਈ ਤੇਰੇ ਨਾਲੋਂ ਤੇਰੀਆਂ ਭੈਣਾਂ ਨਿਰਦੋਸ਼ੀ ਹਨ।

52ਇਸ ਲਈ ਤੂੰ ਆਪ ਜੋ ਆਪਣੀਆਂ ਭੈਣਾਂ ਨੂੰ ਦੋਸ਼ਣਾਂ ਦੱਸਦੀ ਹੈਂ, ਇਹਨਾਂ ਪਾਪਾਂ ਦੇ ਕਾਰਨ ਜੋ ਤੂੰ ਕੀਤੇ, ਜੋ ਉਹਨਾਂ ਦੇ ਪਾਪਾਂ ਨਾਲੋਂ ਬਹੁਤ ਘਿਣਾਉਣੇ ਹਨ, ਤੂੰ ਸ਼ਰਮਿੰਦੀ ਹੋ। ਉਹ ਤੇਰੇ ਨਾਲੋਂ ਧਰਮੀ ਹਨ, ਇਸ ਲਈ ਤੂੰ ਸ਼ਰਮਿੰਦੀ ਹੋ ਅਤੇ ਸ਼ਰਮ ਕਰ ਕਿਉਂ ਜੋ ਤੇਰੀਆਂ ਭੈਣਾਂ ਤੇਰੇ ਨਾਲੋਂ ਧਰਮੀ ਜਾਪਦੀਆਂ ਹਨ।

53ਮੈਂ ਉਹਨਾਂ ਦੀ ਗੁਲਾਮੀ ਨੂੰ ਖ਼ਤਮ ਕਰ ਦਿਆਂਗਾ ਅਰਥਾਤ ਸਦੂਮ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ, ਸਾਮਰਿਯਾ ਅਤੇ ਉਸ ਦੀਆਂ ਧੀਆਂ ਦੀ ਗੁਲਾਮੀ ਨੂੰ ਅਤੇ ਉਹਨਾਂ ਦੇ ਵਿੱਚ ਤੇਰੇ ਗੁਲਾਮਾਂ ਦੀ ਗੁਲਾਮੀ ਨੂੰ,

54ਤਾਂ ਜੋ ਤੂੰ ਆਪਣੀ ਨਮੋਸ਼ੀ ਆਪ ਚੁੱਕੇ ਅਤੇ ਆਪਣੇ ਸਾਰੇ ਕੰਮਾਂ ਤੋਂ ਸ਼ਰਮਿੰਦੀ ਹੋਵੇ, ਕਿਉਂ ਜੋ ਇਹ ਉਹਨਾਂ ਲਈ ਤਸੱਲੀ ਦਾ ਕਾਰਨ ਹੋਵੇਗਾ।

55ਤੇਰੀਆਂ ਭੈਣਾਂ ਸਦੂਮ ਅਤੇ ਸਾਮਰਿਯਾ ਆਪਣੀਆਂ-ਆਪਣੀਆਂ ਧੀਆਂ ਸਮੇਤ ਮੁੜ ਪਹਿਲੀ ਹਾਲਤ ਤੇ ਆ ਜਾਣਗੀਆਂ, ਤੂੰ ਅਤੇ ਤੇਰੀਆਂ ਧੀਆਂ ਮੁੜ ਆਪਣੀ ਪਹਿਲੀ ਹਾਲਤ ਤੇ ਆ ਜਾਣਗੀਆਂ।

56ਤੂੰ ਆਪਣੇ ਘਮੰਡ ਦੇ ਦਿਨਾਂ ਵਿੱਚ ਆਪਣੀ ਭੈਣ ਸਦੂਮ ਦਾ ਨਾਮ ਆਪਣੇ ਮੂੰਹ ਨਾਲ ਨਹੀਂ ਲੈਂਦੀ ਸੀ।

57ਜਦ ਤੱਕ ਤੇਰੀ ਬੁਰਾਈ ਪਰਗਟ ਨਹੀਂ ਹੋਈ, ਜਦੋਂ ਅਰਾਮ ਦੀਆਂ ਧੀਆਂ ਨੇ ਅਤੇ ਉਹਨਾਂ ਸਾਰੀਆਂ ਨੇ ਜੋ ਉਹਨਾਂ ਦੇ ਆਲੇ-ਦੁਆਲੇ ਸਨ ਤੈਨੂੰ ਨਫ਼ਰਤ ਕੀਤੀ ਅਤੇ ਫ਼ਲਿਸਤੀਆਂ ਦੀਆਂ ਧੀਆਂ ਨੇ ਚਾਰੇ ਪਾਸਿਓਂ ਤੋਂ ਤੈਨੂੰ ਬੁਰਾ ਆਖਿਆ।

58ਯਹੋਵਾਹ ਦਾ ਵਾਕ ਹੈ, ਤੂੰ ਆਪਣੇ ਲੁੱਚਪੁਣੇ ਨੂੰ ਅਤੇ ਘਿਰਣਾ ਜੋਗ ਕੰਮਾਂ ਨੂੰ ਚੁੱਕਿਆ ਹੈ।

59ਕਿਉਂ ਜੋ ਪ੍ਰਭੂ ਯਹੋਵਾਹ ਇਹ ਆਖਦਾ ਹੈ, ਮੈਂ ਤੇਰੇ ਨਾਲ ਇਹੋ ਜਿਹਾ ਵਰਤਾਓ ਕਰਾਂਗਾ ਜਿਹੋ ਜਿਹੇ ਕੰਮ ਤੂੰ ਕੀਤੇ, ਇਸ ਲਈ ਕਿ ਤੂੰ ਨੇਮ ਦੇ ਤੋੜਨ ਵਿੱਚ ਸਹੁੰ ਨੂੰ ਤੁੱਛ ਸਮਝਿਆ,

60ਤਾਂ ਵੀ ਮੈਂ ਆਪਣੇ ਉਸ ਨੇਮ ਨੂੰ ਜੋ ਤੇਰੀ ਜੁਆਨੀ ਦੇ ਦਿਨਾਂ ਵਿੱਚ ਤੇਰੇ ਨਾਲ ਸੀ, ਚੇਤੇ ਰੱਖਾਂਗਾ ਅਤੇ ਸਦਾ ਦਾ ਨੇਮ ਤੇਰੇ ਨਾਲ ਕਾਇਮ ਕਰਾਂਗਾ।

61ਜਦੋਂ ਤੂੰ ਆਪਣੀ ਛੋਟੀ ਤੇ ਵੱਡੀ ਭੈਣ ਨੂੰ ਆਪਣੇ ਨਾਲ ਮਿਲਾਵੇਂਗੀ, ਤਦ ਤੂੰ ਆਪਣੀਆਂ ਪਿੱਛਲੀਆਂ ਚਾਲਾਂ ਨੂੰ ਚੇਤੇ ਕਰਕੇ ਸ਼ਰਮਿੰਦੀ ਹੋਵੇਂਗੀ ਅਤੇ ਮੈਂ ਉਹਨਾਂ ਨੂੰ ਧੀਆਂ ਕਰਕੇ ਤੈਨੂੰ ਦਿਆਂਗਾ, ਪਰ ਇਹ ਤੇਰੇ ਨੇਮ ਦੇ ਅਨੁਸਾਰ ਨਹੀਂ ਹੈ।

62ਮੈਂ ਆਪਣਾ ਨੇਮ ਤੇਰੇ ਨਾਲ ਬੰਨ੍ਹਾਂਗਾ ਅਤੇ ਤੂੰ ਜਾਣੇਗੀ ਕਿ ਯਹੋਵਾਹ ਮੈਂ ਹਾਂ,

63ਤਾਂ ਜੋ ਤੂੰ ਚੇਤੇ ਕਰਕੇ ਸ਼ਰਮ ਕਰੇਂ ਅਤੇ ਸ਼ਰਮ ਦੇ ਮਾਰੇ ਫੇਰ ਕਦੇ ਆਪਣਾ ਮੂੰਹ ਨਾ ਖੋਲ੍ਹੇਂ, ਜਦੋਂ ਕਿ ਮੈਂ ਸਭੋ ਕੁਝ ਜੋ ਤੂੰ ਕੀਤਾ ਹੈ ਮਾਫ਼ ਕਰ ਦਿਆਂ, ਪ੍ਰਭੂ ਯਹੋਵਾਹ ਦਾ ਵਾਕ ਹੈ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath