ਈਸਾਈ
ਪਿੱਛੇ

ਹਿਜ਼ਕੀਏਲ 13

1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

2ਹੇ ਮਨੁੱਖ ਦੇ ਪੁੱਤਰ, ਇਸਰਾਏਲ ਦੇ ਨਬੀ ਜਿਹੜੇ ਭਵਿੱਖਬਾਣੀ ਕਰਦੇ ਹਨ, ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ ਅਤੇ ਜੋ ਆਪਣੇ ਹੀ ਮਨ ਤੋਂ ਭਵਿੱਖਬਾਣੀ ਕਰਦੇ ਹਨ ਤੂੰ ਉਹਨਾਂ ਨੂੰ ਆਖ, ਕਿ ਯਹੋਵਾਹ ਦਾ ਬਚਨ ਸੁਣੋ!

3ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੂਰਖ ਨਬੀਆਂ ਉੱਤੇ ਹਾਏ ਹਾਏ! ਜਿਹੜੇ ਆਪਣੇ ਹੀ ਆਤਮਾ ਮਗਰ ਚੱਲਦੇ ਹਨ ਅਤੇ ਉਹਨਾਂ ਨੇ ਕੁਝ ਨਹੀਂ ਵੇਖਿਆ।

4ਹੇ ਇਸਰਾਏਲ, ਤੁਹਾਡੇ ਨਬੀ ਉਹਨਾਂ ਲੂੰਬੜੀਆਂ ਵਰਗੇ ਸਨ, ਜਿਹੜੀਆਂ ਉਜਾੜਾਂ ਵਿੱਚ ਰਹਿੰਦੀਆਂ ਹਨ।

5ਤੁਸੀਂ ਪਹਾੜਾਂ ਉੱਤੇ ਨਹੀਂ ਗਏ, ਨਾ ਤੁਸੀਂ ਇਸਰਾਏਲ ਦੇ ਘਰਾਣੇ ਲਈ ਕੰਧ ਬਣਾਈ ਹੈ, ਤਾਂ ਜੋ ਤੁਸੀਂ ਯਹੋਵਾਹ ਦੇ ਦਿਨ ਲੜਾਈ ਵਿੱਚ ਖੜ੍ਹੇ ਹੋ ਸਕੋ।

6ਉਹਨਾਂ ਨੇ ਝੂਠੇ ਦਰਸ਼ਣ ਵੇਖੇ ਅਤੇ ਝੂਠੀਆਂ ਭਵਿੱਖਬਾਣੀਆਂ ਕੀਤੀਆਂ ਹਨ, ਜੋ ਆਖਦੇ ਹਨ ਕਿ ਯਹੋਵਾਹ ਦਾ ਵਾਕ ਹੈ ਭਾਵੇਂ ਯਹੋਵਾਹ ਨੇ ਉਹਨਾਂ ਨੂੰ ਨਹੀਂ ਭੇਜਿਆ ਅਤੇ ਉਹ ਲੋਕਾਂ ਨੂੰ ਆਸ ਦਿਵਾਉਂਦੇ ਹਨ ਕਿ ਉਹਨਾਂ ਦੀ ਗੱਲ ਕਾਇਮ ਹੋ ਜਾਵੇਗੀ।

7ਕੀ ਤੁਸੀਂ ਝੂਠਾ ਦਰਸ਼ਣ ਨਹੀਂ ਵੇਖਿਆ? ਕੀ ਤੁਸੀਂ ਝੂਠੀ ਭਵਿੱਖਬਾਣੀ ਨਹੀਂ ਕੀਤੀ? ਕਿਉਂ ਜੋ ਤੁਸੀਂ ਆਖਦੇ ਹੋ ਕਿ ਯਹੋਵਾਹ ਦਾ ਵਾਕ ਹੈ, ਭਾਵੇਂ ਮੈਂ ਨਹੀਂ ਆਖਿਆ।

8ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਤੁਸੀਂ ਝੂਠੀਆਂ ਗੱਲਾਂ ਜੋ ਆਖੀਆਂ ਹਨ ਅਤੇ ਝੂਠ ਜੋ ਵੇਖਿਆ ਹੈ, ਇਸ ਲਈ ਵੇਖੋ, ਮੈਂ ਤੁਹਾਡਾ ਵਿਰੋਧੀ ਹਾਂ, ਪ੍ਰਭੂ ਯਹੋਵਾਹ ਦਾ ਵਾਕ ਹੈ।

9ਮੇਰਾ ਹੱਥ ਉਹਨਾਂ ਨਬੀਆਂ ਦੇ ਵਿਰੁੱਧ ਹੋਵੇਗਾ, ਜਿਹੜੇ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੀਆਂ ਭਵਿੱਖਬਾਣੀਆਂ ਕਰਦੇ ਹਨ। ਨਾ ਉਹ ਮੇਰੇ ਲੋਕਾਂ ਦੇ ਜੱਥੇ ਵਿੱਚ ਮਿਲਣਗੇ, ਨਾ ਇਸਰਾਏਲ ਦੇ ਘਰਾਣੇ ਦੀ ਪੋਥੀ ਵਿੱਚ ਲਿਖੇ ਜਾਣਗੇ, ਨਾ ਉਹ ਇਸਰਾਏਲ ਦੀ ਭੂਮੀ ਵਿੱਚ ਵੜਨਗੇ ਅਤੇ ਤੁਸੀਂ ਜਾਣ ਲਵੋਗੇ ਕਿ ਮੈਂ ਪ੍ਰਭੂ ਯਹੋਵਾਹ ਹਾਂ।

10ਇਸ ਕਾਰਨ ਕਿ ਉਹਨਾਂ ਨੇ ਮੇਰੇ ਲੋਕਾਂ ਨੂੰ ਇਹ ਆਖ ਕੇ ਕੁਰਾਹੇ ਪਾਇਆ ਹੈ ਕਿ ਸੁੱਖ ਹੈ ਜਦੋਂ ਕਿ ਸੁੱਖ ਨਹੀਂ ਹੈ ਅਤੇ ਜਦੋਂ ਕੋਈ ਕੰਧ ਬਣਾਉਂਦਾ ਹੈ ਤਾਂ ਉਹ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ।

11ਤੂੰ ਉਹਨਾਂ ਨੂੰ ਜੋ ਉਸ ਉੱਤੇ ਕੱਚੀ ਲਿਪਾਈ ਕਰਦੇ ਹਨ ਆਖ, ਉਹ ਡਿੱਗ ਪਏਗੀ ਕਿਉਂ ਜੋ ਮੋਹਲੇਧਾਰ ਵਰਖਾ ਪਵੇਗੀ ਅਤੇ ਵੱਡੇ-ਵੱਡੇ ਗੜੇ ਪੈਣਗੇ ਅਤੇ ਹਨੇਰੀ ਉਹ ਨੂੰ ਡੇਗ ਦੇਵੇਗੀ।

12ਜਦੋਂ ਉਹ ਕੰਧ ਡਿੱਗੇਗੀ ਤਾਂ ਕੀ ਲੋਕ ਤੁਹਾਡੇ ਤੋਂ ਨਾ ਪੁੱਛਣਗੇ ਕਿ ਉਹ ਲਿਪਾਈ ਕਿੱਥੇ ਹੈ, ਜਿਹੜੀ ਤੁਸੀਂ ਉਸ ਉੱਤੇ ਕੀਤੀ ਸੀ?

13ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਮੈਂ ਆਪਣੇ ਕਹਿਰ ਦੇ ਜ਼ੋਰ ਦੀ ਹਨੇਰੀ ਨਾਲ ਉਹ ਨੂੰ ਭੰਨ ਸੁੱਟਾਂਗਾ, ਮੇਰੇ ਕਹਿਰ ਕਰਕੇ ਛਮ-ਛਮ ਵਰਖਾ ਵਰ੍ਹੇਗੀ ਅਤੇ ਮੇਰੇ ਕਹਿਰ ਦੇ ਵੱਡੇ ਗੜੇ ਪੈਣਗੇ, ਤਾਂ ਜੋ ਉਹ ਨੂੰ ਪੂਰੀ ਤਰ੍ਹਾਂ ਨਾਸ ਕਰ ਦੇਣ।

14ਇਸ ਲਈ ਮੈਂ ਉਸ ਕੰਧ ਨੂੰ ਜਿਸ ਉੱਤੇ ਤੁਸੀਂ ਕੱਚੀ ਲਿਪਾਈ ਕੀਤੀ ਸੀ, ਤੋੜ ਸੁੱਟਾਂਗਾ ਅਤੇ ਧਰਤੀ ਤੇ ਢਾਹ ਦਿਆਂਗਾ ਇੱਥੋਂ ਤੱਕ ਕਿ ਉਹ ਦੀਆਂ ਨੀਹਾਂ ਨੰਗੀਆਂ ਹੋ ਜਾਣਗੀਆਂ, ਹਾਂ, ਉਹ ਡਿੱਗੇਗੀ, ਅਤੇ ਤੁਸੀਂ ਉਸੇ ਵਿੱਚ ਮਾਰੇ ਜਾਓਗੇ, ਤਦ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ!

15ਮੈਂ ਆਪਣਾ ਕਹਿਰ ਉਸ ਕੰਧ ਉੱਤੇ ਅਤੇ ਉਹਨਾਂ ਉੱਤੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ, ਪੂਰਾ ਕਰਾਂਗਾ। ਤਦ ਮੈਂ ਤੁਹਾਨੂੰ ਆਖਾਂਗਾ ਕਿ ਨਾ ਕੰਧ ਰਹੀ ਅਤੇ ਨਾ ਉਹ ਰਹੇ ਜਿਹਨਾਂ ਨੇ ਉਸ ਉੱਤੇ ਕੱਚੀ ਲਿਪਾਈ ਕੀਤੀ।

16ਅਰਥਾਤ ਇਸਰਾਏਲ ਦੇ ਨਬੀ ਜਿਹੜੇ ਯਰੂਸ਼ਲਮ ਦੇ ਬਾਰੇ ਭਵਿੱਖਬਾਣੀ ਕਰਦੇ ਹਨ ਅਤੇ ਉਸ ਦੀ ਸੁੱਖ-ਸਾਂਦ ਦੇ ਦਰਸ਼ਣ ਵੇਖਦੇ ਹਨ, ਜਦੋਂ ਕਿ ਸੁੱਖ ਨਹੀਂ ਹੈ, ਪ੍ਰਭੂ ਯਹੋਵਾਹ ਦਾ ਵਾਕ ਹੈ।

17ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲੋਕਾਂ ਦੀਆਂ ਧੀਆਂ ਵੱਲ ਜਿਹੜੀਆਂ ਮਨ ਘੜਤ ਗੱਲਾਂ ਬਣਾ ਕੇ ਭਵਿੱਖਬਾਣੀ ਕਰਦੀਆਂ ਹਨ, ਮੂੰਹ ਮੋੜ ਅਤੇ ਉਹਨਾਂ ਦੇ ਵਿਰੁੱਧ ਭਵਿੱਖਬਾਣੀ ਕਰ

18ਅਤੇ ਆਖ ਕਿ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਤੁਹਾਡੇ ਉੱਤੇ ਅਫ਼ਸੋਸ! ਜੋ ਕੂਹਣੀਆਂ ਦੇ ਉੱਤੇ ਗੱਦੀਆਂ ਸੀਉਂਦੀਆਂ ਹੋ ਅਤੇ ਹਰ ਕੱਦ ਦੇ ਅਨੁਸਾਰ ਸਿਰ ਦੇ ਲਈ ਬੁਰਕੇ ਬਣਾਉਂਦੀਆਂ ਹੋ, ਤਾਂ ਜੋ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋ। ਕੀ ਤੁਸੀਂ ਮੇਰੇ ਲੋਕਾਂ ਦੀਆਂ ਜਾਨਾਂ ਦਾ ਸ਼ਿਕਾਰ ਕਰੋਗੀਆਂ? ਅਤੇ ਆਪਣੀ ਜਾਨ ਬਚਾਓਗੀਆਂ?

19ਤੁਸੀਂ ਮੁੱਠ ਕੁ ਜੌਂਵਾਂ ਲਈ ਅਤੇ ਰੋਟੀ ਦੇ ਟੁੱਕੜਿਆਂ ਲਈ ਮੈਨੂੰ ਮੇਰੇ ਲੋਕਾਂ ਵਿੱਚ ਭਰਿਸ਼ਟ ਕੀਤਾ ਹੈ, ਤਾਂ ਜੋ ਤੁਸੀਂ ਉਹਨਾਂ ਜਾਨਾਂ ਨੂੰ ਮਾਰ ਸੁੱਟੋ, ਜੋ ਮਰਨ ਦੇ ਲਾਇਕ ਨਹੀਂ ਹਨ ਅਤੇ ਉਹਨਾਂ ਨੂੰ ਜੀਉਂਦਿਆਂ ਰੱਖੋ ਜਿਹੜੀਆਂ ਜੀਉਣ ਦੇ ਲਾਇਕ ਨਹੀਂ ਕਿਉਂ ਜੋ ਤੁਸੀਂ ਮੇਰੇ ਲੋਕਾਂ ਨਾਲ ਜਿਹੜੇ ਝੂਠ ਸੁਣਨ ਵਾਲੇ ਹਨ ਝੂਠ ਬੋਲਦੀਆਂ ਹੋ।

20ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ ਕਿ ਵੇਖੋ, ਮੈਂ ਤੁਹਾਡੀਆਂ ਗੱਦੀਆਂ ਦੇ ਵਿਰੁੱਧ ਹਾਂ, ਜਿਹਨਾਂ ਨਾਲ ਤੁਸੀਂ ਜਾਨਾਂ ਨੂੰ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ ਅਤੇ ਮੈਂ ਉਹਨਾਂ ਨੂੰ ਤੁਹਾਡੀਆਂ ਕੂਹਣੀਆਂ ਤੋਂ ਪਾੜ ਸੁੱਟਾਂਗਾ ਅਤੇ ਉਹਨਾਂ ਜਾਨਾਂ ਨੂੰ ਜਿਹਨਾਂ ਨੂੰ ਤੁਸੀਂ ਪੰਛੀਆਂ ਵਾਂਗੂੰ ਫਾਹ ਲੈਂਦੀਆਂ ਹੋ, ਛੁਡਾ ਦਿਆਂਗਾ।

21ਮੈਂ ਤੁਹਾਡੇ ਬੁਰਕਿਆਂ ਨੂੰ ਵੀ ਪਾੜਾਂਗਾ, ਅਤੇ ਆਪਣੀ ਪਰਜਾ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ ਅਤੇ ਫੇਰ ਕਦੀ ਤੁਹਾਡਾ ਵੱਸ ਨਹੀਂ ਚੱਲੇਗਾ ਕਿ ਉਹਨਾਂ ਨੂੰ ਫਾਹ ਸਕੋ ਅਤੇ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ!

22ਇਸ ਲਈ ਕਿ ਤੁਸੀਂ ਝੂਠ ਮਾਰ ਕੇ ਧਰਮੀ ਦੇ ਦਿਲ ਨੂੰ ਉਦਾਸ ਕੀਤਾ ਹੈ, ਜਿਹ ਨੂੰ ਮੈਂ ਦੁੱਖੀ ਨਹੀਂ ਕੀਤਾ ਅਤੇ ਤੁਸੀਂ ਦੁਸ਼ਟ ਦੇ ਹੱਥ ਨੂੰ ਤਕੜਾ ਕੀਤਾ, ਤਾਂ ਜੋ ਉਹ ਆਪਣੀ ਜਾਨ ਬਚਾਉਣ ਲਈ ਆਪਣੇ ਬੁਰੇ ਰਾਹ ਤੋਂ ਨਾ ਮੁੜੇ।

23ਇਸ ਲਈ ਅੱਗੇ ਤੋਂ ਨਾ ਤੁਸੀਂ ਫੋਕੇ ਦਰਸ਼ਣ ਵੇਖੋਗੀਆਂ ਅਤੇ ਨਾ ਭਵਿੱਖਬਾਣੀ ਕਰੋਗੀਆਂ, ਕਿਉਂ ਜੋ ਮੈਂ ਆਪਣੀ ਪਰਜਾ ਨੂੰ ਤੁਹਾਡੇ ਹੱਥੋਂ ਛੁਡਾਵਾਂਗਾ, ਤਾਂ ਤੁਸੀਂ ਜਾਣੋਗੀਆਂ ਕਿ ਮੈਂ ਯਹੋਵਾਹ ਹਾਂ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath