ਹਿਜ਼ਕੀਏਲ 10
1ਤਦੋਂ ਮੈਂ ਵੇਖਿਆ ਅਤੇ ਵੇਖੋ, ਉਸ ਅੰਬਰ ਵਿੱਚ ਜੋ ਕਰੂਬੀਆਂ ਦੇ ਸਿਰ ਉੱਤੇ ਸੀ, ਇੱਕ ਵਸਤੂ ਨੀਲਮ ਵਰਗੀ ਦਿਖਾਈ ਦਿੱਤੀ ਅਤੇ ਉਸ ਦੀ ਬਣਾਵਟ ਸਿੰਘਾਸਣ ਵਰਗੀ ਸੀ।
2ਉਹ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਆਖਿਆ ਕਿ ਉਹਨਾਂ ਘੁੰਮਣ ਵਾਲੇ ਪਹੀਆਂ ਦੇ ਅੰਦਰ ਜਾ, ਜੋ ਕਰੂਬੀਆਂ ਦੇ ਥੱਲੇ ਹਨ ਅਤੇ ਅੱਗ ਦੇ ਅੰਗਿਆਰੇ ਜਿਹੜੇ ਕਰੂਬੀਆਂ ਦੇ ਵਿਚਾਲੇ ਹਨ ਮੁੱਠ ਭਰ ਕੇ ਚੁੱਕ ਅਤੇ ਸ਼ਹਿਰ ਦੇ ਉੱਪਰ ਖਿਲਾਰ ਦੇ, ਤਾਂ ਉਹ ਮੇਰੇ ਵੇਖਦਿਆਂ ਅੰਦਰ ਗਿਆ।
3ਜਦੋਂ ਉਹ ਮਨੁੱਖ ਅੰਦਰ ਗਿਆ, ਤਦ ਕਰੂਬੀ ਭਵਨ ਦੇ ਸੱਜੇ ਪਾਸੇ ਖਲੋਤੇ ਸਨ ਅਤੇ ਅੰਦਰਲਾ ਵੇਹੜਾ ਬੱਦਲ ਨਾਲ ਭਰ ਗਿਆ।
4ਤਦ ਯਹੋਵਾਹ ਦਾ ਤੇਜ ਕਰੂਬੀਆਂ ਦੇ ਉੱਤੋਂ ਉੱਚਾ ਹੋ ਕੇ ਭਵਨ ਦੀ ਡਿਉੜੀ ਤੇ ਆਇਆ, ਭਵਨ ਬੱਦਲ ਨਾਲ ਭਰ ਗਿਆ ਅਤੇ ਵੇਹੜਾ ਯਹੋਵਾਹ ਦੇ ਤੇਜ ਦੇ ਚਾਨਣ ਨਾਲ ਭਰ ਗਿਆ।
5ਤਦ ਕਰੂਬੀਆਂ ਦੇ ਖੰਭਾਂ ਦੀ ਅਵਾਜ਼ ਬਾਹਰ ਦੇ ਵੇਹੜੇ ਤੱਕ ਸੁਣਾਈ ਦਿੰਦੀ ਸੀ, ਜਿਵੇਂ ਸਰਬ ਸ਼ਕਤੀਮਾਨ ਦੀ ਅਵਾਜ਼ ਹੋਵੇ, ਜਦੋਂ ਉਹ ਬਚਨ ਕਰਦਾ ਹੈ।
6ਅਜਿਹਾ ਹੋਇਆ ਕਿ ਜਦੋਂ ਉਸ ਨੇ ਉਸ ਮਨੁੱਖ ਨੂੰ ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ, ਹੁਕਮ ਦਿੱਤਾ ਕਿ ਉਹ ਘੁੰਮਣ ਵਾਲੇ ਪਹੀਆਂ ਦੇ ਅੰਦਰੋਂ ਅਤੇ ਕਰੂਬੀਆਂ ਦੇ ਵਿਚਕਾਰੋਂ ਅੱਗ ਲਵੇ, ਤਦ ਉਹ ਅੰਦਰ ਗਿਆ ਅਤੇ ਇੱਕ ਪਹੀਏ ਦੇ ਕੋਲ ਜਾ ਕੇ ਖੜ੍ਹਾ ਹੋ ਗਿਆ।
7ਕਰੂਬੀਆਂ ਵਿੱਚੋਂ ਇੱਕ ਕਰੂਬੀ ਨੇ ਆਪਣਾ ਹੱਥ ਉਸ ਅੱਗ ਵੱਲ ਵਧਾਇਆ ਜੋ ਕਰੂਬੀਆਂ ਦੇ ਵਿਚਾਲੇ ਸੀ ਅਤੇ ਅੱਗ ਲੈ ਕੇ ਉਸ ਮਨੁੱਖ ਦੇ ਹੱਥਾਂ ਤੇ ਰੱਖੀ, ਜਿਸ ਨੇ ਕਤਾਨੀ ਕੱਪੜੇ ਪਾਏ ਹੋਏ ਸਨ ਅਤੇ ਉਹ ਲੈ ਕੇ ਬਾਹਰ ਚਲਿਆ ਗਿਆ।
8ਕਰੂਬੀਆਂ ਦੇ ਵਿਚਾਲੇ ਉਹਨਾਂ ਦੇ ਖੰਭਾਂ ਦੇ ਹੇਠਾਂ ਮਨੁੱਖ ਦੇ ਹੱਥ ਵਰਗਾ ਕੁਝ ਦਿਖਾਈ ਦਿੰਦਾ ਸੀ।
9ਮੈਂ ਵੇਖਿਆ ਤਾਂ ਵੇਖੋ, ਚਾਰ ਪਹੀਏ ਕਰੂਬੀਆਂ ਦੇ ਆਲੇ-ਦੁਆਲੇ ਸਨ। ਇੱਕ ਕਰੂਬੀ ਦੇ ਲਾਗੇ ਦੂਜਾ ਪਹੀਆ ਸੀ ਅਤੇ ਉਹਨਾਂ ਪਹੀਆਂ ਦਾ ਰੰਗ ਵੇਖਣ ਵਿੱਚ ਸੁਨਹਿਰੇ ਪੱਥਰ ਵਾਂਗੂੰ ਸੀ।
10ਉਹਨਾਂ ਦਾ ਰੂਪ ਇੱਕੋ ਜਿਹਾ ਸੀ, ਜਿਵੇਂ ਇੱਕ ਪਹੀਆ ਦੂਸਰੇ ਪਹੀਏ ਦੇ ਅੰਦਰ ਹੋਵੇ।
11ਜਦੋਂ ਉਹ ਚੱਲਦੇ ਸਨ ਤਾਂ ਆਪਣੇ ਚਾਰੇ ਪਾਸੇ ਤੁਰਦੇ ਸਨ, ਉਹ ਤੁਰਦੇ ਹੋਏ ਮੁੜਦੇ ਨਹੀਂ ਸਨ। ਜਿਸ ਪਾਸੇ ਵੱਲ ਉਹਨਾਂ ਦਾ ਸਿਰ ਹੁੰਦਾ ਸੀ ਉਸੇ ਪਾਸੇ ਵੱਲ ਉਹ ਦੇ ਪਿੱਛੇ-ਪਿੱਛੇ ਜਾਂਦੇ ਸਨ। ਉਹ ਤੁਰਦਿਆਂ ਹੋਇਆ ਮੁੜਦੇ ਨਹੀਂ ਸਨ।
12ਉਹਨਾਂ ਦੇ ਸਾਰੇ ਸਰੀਰ, ਪਿੱਠ, ਹੱਥਾਂ, ਖੰਭਾਂ ਅਤੇ ਉਹਨਾਂ ਪਹੀਆਂ ਵਿੱਚ ਆਸੇ ਪਾਸੇ ਅੱਖਾਂ ਹੀ ਅੱਖਾਂ ਸਨ ਅਰਥਾਤ ਉਹਨਾਂ ਚਾਰਾਂ ਪਹੀਆਂ ਵਿੱਚ।
13ਇਹਨਾਂ ਪਹੀਆਂ ਨੂੰ ਮੇਰੇ ਸੁਣਦਿਆਂ “ਘੁੰਮਣ ਵਾਲੇ ਪਹੀਏ” ਆਖਿਆ ਗਿਆ
14ਅਤੇ ਹਰ ਇੱਕ ਦੇ ਚਾਰ ਚਿਹਰੇ ਸਨ, ਪਹਿਲਾ ਚਿਹਰਾ ਕਰੂਬੀ ਦਾ ਚਿਹਰਾ, ਦੂਜਾ ਚਿਹਰਾ ਮਨੁੱਖ ਦਾ ਚਿਹਰਾ, ਤੀਜਾ ਚਿਹਰਾ ਬੱਬਰ ਸ਼ੇਰ ਦਾ ਅਤੇ ਚੌਥਾ ਚਿਹਰਾ ਉਕਾਬ ਦਾ ਸੀ।
15ਕਰੂਬੀ ਉੱਚੇ ਚੜ੍ਹੇ, ਇਹ ਉਹ ਜੀਵ ਸੀ, ਜਿਹੜਾ ਮੈਂ ਕਬਾਰ ਨਹਿਰ ਦੇ ਕੋਲ ਵੇਖਿਆ ਸੀ।
16ਜਦੋਂ ਕਰੂਬੀ ਚੱਲਦੇ ਸਨ ਤਾਂ ਪਹੀਏ ਵੀ ਉਹਨਾਂ ਦੇ ਨਾਲ-ਨਾਲ ਚੱਲਦੇ ਸਨ, ਅਤੇ ਜਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ ਤਾਂ ਜੋ ਧਰਤੀ ਤੋਂ ਉੱਤੇ ਨੂੰ ਉੱਡਣ, ਤਾਂ ਉਹ ਪਹੀਏ ਉਹਨਾਂ ਨਾਲ ਹੀ ਰਹਿੰਦੇ ਸਨ।
17ਜਦ ਉਹ ਖੜ੍ਹੇ ਹੁੰਦੇ ਸਨ ਤਾਂ ਇਹ ਵੀ ਖੜ੍ਹੇ ਹੁੰਦੇ ਸਨ ਅਤੇ ਜਦੋਂ ਉਹ ਉਤਾਹਾਂ ਨੂੰ ਉੱਡਦੇ ਸਨ ਤਾਂ ਇਹ ਵੀ ਉਹਨਾਂ ਨਾਲ ਉਤਾਹਾਂ ਨੂੰ ਚੜ੍ਹਦੇ ਸਨ, ਕਿਉਂ ਜੋ ਜੀਵਾਂ ਦਾ ਆਤਮਾ ਉਹਨਾਂ ਵਿੱਚ ਸੀ।
18ਯਹੋਵਾਹ ਦਾ ਤੇਜ ਘਰ ਦੀ ਡਿਉੜੀ ਉੱਤੋਂ ਉੱਠ ਕੇ ਕਰੂਬੀਆਂ ਦੇ ਉੱਪਰ ਆ ਕੇ ਠਹਿਰ ਗਿਆ।
19ਤਦ ਕਰੂਬੀਆਂ ਨੇ ਆਪਣੇ ਖੰਭ ਚੁੱਕੇ, ਮੇਰੇ ਵੇਖਦਿਆਂ ਧਰਤੀ ਤੋਂ ਉੱਚੇ ਉੱਠੇ ਅਤੇ ਚਲੇ ਗਏ। ਪਹੀਏ ਉਹਨਾਂ ਦੇ ਨਾਲ-ਨਾਲ ਸਨ ਅਤੇ ਉਹ ਯਹੋਵਾਹ ਦੇ ਭਵਨ ਦੇ ਪੂਰਬੀ ਫਾਟਕ ਦੇ ਦਰਵਾਜ਼ੇ ਉੱਤੇ ਖੜ੍ਹੇ ਹੋ ਗਏ, ਤਾਂ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਉਹਨਾਂ ਉੱਤੇ ਸੀ।
20ਇਹ ਉਹ ਜੰਤੂ ਹੈ, ਜਿਹੜਾ ਮੈਂ ਇਸਰਾਏਲ ਦੇ ਪਰਮੇਸ਼ੁਰ ਦੇ ਥੱਲੇ ਕਬਾਰ ਨਹਿਰ ਦੇ ਕੰਢੇ ਤੇ ਵੇਖਿਆ ਸੀ ਅਤੇ ਮੈਂ ਜਾਣਿਆ ਕਿ ਇਹ ਕਰੂਬੀ ਹਨ।
21ਹਰੇਕ ਦੇ ਚਾਰ ਚਿਹਰੇ ਸਨ ਅਤੇ ਚਾਰ ਖੰਭ ਅਤੇ ਉਹਨਾਂ ਦੇ ਖੰਭਾਂ ਦੇ ਥੱਲੇ ਮਨੁੱਖ ਦਾ ਹੱਥ ਜਿਹਾ ਸੀ।
22ਉਹਨਾਂ ਦੇ ਚਿਹਰਿਆਂ ਦਾ ਰੂਪ ਓਹੋ ਹੀ ਹੈ ਜੋ ਮੈਂ ਕਬਾਰ ਨਹਿਰ ਦੇ ਉੱਤੇ ਵੇਖੇ ਸਨ, ਅਰਥਾਤ ਉਹਨਾਂ ਦਾ ਰੂਪ ਅਤੇ ਉਹ ਆਪ। ਉਹ ਸਾਰੇ ਸਿੱਧੇ ਅੱਗੇ ਹੀ ਅੱਗੇ ਤੁਰਦੇ ਜਾਂਦੇ ਸਨ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath