ਈਸਾਈ
ਪਿੱਛੇ

ਕੂਚ 39

1ਉਨ੍ਹਾਂ ਨੇ ਮਹੀਨ ਉਣਤੀ ਦਾ ਨੀਲਾ ਬੈਂਗਣੀ ਅਤੇ ਕਿਰਮਚੀ ਬਸਤਰ ਪਵਿੱਤਰ ਸਥਾਨ ਦੀ ਉਪਾਸਨਾ ਲਈ ਬਣਾਇਆ ਅਤੇ ਹਾਰੂਨ ਲਈ ਪਵਿੱਤਰ ਬਸਤਰ ਬਣਾਏ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

2ਅਤੇ ਉਸ ਨੇ ਏਫ਼ੋਦ ਨੂੰ ਸੋਨੇ, ਨੀਲੇ ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਇਆ।

3ਫੇਰ ਉਨ੍ਹਾਂ ਨੇ ਸੋਨੇ ਨੂੰ ਕੁੱਟ ਕੇ ਪਤਲੇ-ਪਤਲੇ ਪੱਤ੍ਰ ਬਣਾਏ ਅਤੇ ਉਨ੍ਹਾਂ ਤੋਂ ਬਰੀਕ ਤਾਰਾਂ ਬਣਾਈਆਂ ਅਤੇ ਉਸ ਨੂੰ ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਕਤਾਨ ਵਿੱਚ ਕਾਰੀਗਰੀ ਨਾਲ ਉਣਿਆ।

4ਉਨ੍ਹਾਂ ਨੇ ਮੋਢਿਆਂ ਦੀਆਂ ਕਤਰਾਂ ਬਣਾ ਕੇ ਜੋੜੀਆਂ ਅਤੇ ਉਹ ਉਸ ਦੇ ਦੋਹਾਂ ਸਿਰਿਆਂ ਨਾਲ ਜੁੜ ਗਈਆਂ।

5ਕਾਰੀਗਰੀ ਨਾਲ ਕੱਢਿਆ ਹੋਇਆ ਪਟਕਾ ਜਿਹੜਾ ਉਹ ਦੇ ਉੱਤੇ ਕੱਸਣ ਲਈ ਸੀ ਉਸ ਦੇ ਕੰਮ ਅਨੁਸਾਰ ਉਸੇ ਤੋਂ ਸੀ ਅਰਥਾਤ ਸੋਨੇ ਅਤੇ ਨੀਲੇ ਬੈਂਗਣੀ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਸੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

6ਉਨ੍ਹਾਂ ਨੇ ਸੁਲੇਮਾਨੀ ਪੱਥਰ ਸੋਨੇ ਦੇ ਖ਼ਾਨਿਆਂ ਵਿੱਚ ਪਾਉਣ ਲਈ ਛਾਪ ਦੀ ਉੱਕਰਾਈ ਵਾਂਗੂੰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਉੱਕਰ ਕੇ ਬਣਾਏ।

7ਉਸ ਨੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਰੱਖਿਆ ਤਾਂ ਜੋ ਇਸਰਾਏਲ ਦੇ ਪੁੱਤਰਾਂ ਦੀ ਯਾਦਗਿਰੀ ਦੇ ਪੱਥਰ ਹੋਣ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

8ਉਸ ਨੇ ਸੀਨਾ ਬੰਦ ਨੂੰ ਏਫ਼ੋਦ ਦੇ ਕੰਮ ਵਾਂਗੂੰ ਕਾਰੀਗਰੀ ਦੀ ਬਣਤ ਦਾ ਅਰਥਾਤ ਸੋਨੇ, ਨੀਲੇ, ਬੈਂਗਣੀ ਅਤੇ ਕਿਰਮਚੀ ਮਹੀਨ ਉਣੇ ਹੋਏ ਕਤਾਨ ਦਾ ਬਣਾਇਆ।

9ਉਨ੍ਹਾਂ ਨੇ ਸੀਨੇ ਬੰਦ ਨੂੰ ਚੌਰਸ ਅਤੇ ਦੋਹਰਾ ਬਣਾਇਆ। ਉਸ ਦੀ ਲੰਬਾਈ ਇੱਕ ਗਿੱਠ ਅਤੇ ਉਸ ਦੀ ਚੌੜਾਈ ਇੱਕ ਗਿੱਠ ਅਤੇ ਉਹ ਦੋਹਰਾ ਸੀ।

10ਉਨ੍ਹਾਂ ਨੇ ਉਸ ਵਿੱਚ ਪੱਥਰ ਦੀਆਂ ਚਾਰ ਪਾਲਾਂ ਬਣਾਈਆਂ। ਇੱਕ ਪਾਲ ਵਿੱਚ ਲਾਲ ਅਕੀਕ, ਸੁਨਹਿਲਾ, ਅਤੇ ਜ਼ਬਰਜਦ ਇਹ ਪਹਿਲੀ ਪਾਲ ਸੀ।

11ਦੂਜੀ ਪਾਲ ਵਿੱਚ ਪੰਨਾ, ਨੀਲਮ, ਦੁਧੀਯਾ ਬਿਲੌਰ

12ਤੀਜੀ ਪਾਲ ਵਿੱਚ ਜ਼ਕਰਨ, ਹਰੀ ਅਕੀਕ, ਕਟੈਹਿਲਾ

13ਚੌਥੀ ਪਾਲ ਵਿੱਚ ਬੈਰੂਜ਼, ਸੁਲੇਮਾਨੀ ਅਤੇ ਯਸ਼ਬ, ਇਹ ਆਪੋ ਆਪਣੇ ਖ਼ਾਨਿਆਂ ਵਿੱਚ ਸੋਨੇ ਨਾਲ ਜੁੜੇ ਹੋਏ ਸਨ।

14ਅਤੇ ਉਹ ਪੱਥਰ ਇਸਰਾਏਲ ਦੇ ਪੁੱਤਰਾਂ ਦੇ ਨਾਮਾਂ ਅਨੁਸਾਰ ਸਨ ਅਰਥਾਤ ਉਨ੍ਹਾਂ ਦੇ ਬਾਰਾਂ ਨਾਮਾਂ ਦੇ ਅਨੁਸਾਰ ਛਾਪ ਦੀ ਉੱਕਰਾਈ ਵਾਂਗੂੰ ਹਰ ਇੱਕ ਦੇ ਨਾਮ ਦੇ ਅਨੁਸਾਰ ਉਹ ਬਾਰਾਂ ਗੋਤਾਂ ਲਈ ਸਨ।

15ਉਨ੍ਹਾਂ ਨੇ ਸੀਨੇ ਬੰਦ ਉੱਤੇ ਖ਼ਾਲਸ ਸੋਨੇ ਦੀ ਜੰਜ਼ੀਰੀ ਰੱਸਿਆਂ ਵਾਂਗੂੰ ਗੁੰਦੇ ਹੋਏ ਕੰਮ ਦੀ ਬਣਾਈ।

16ਉਨ੍ਹਾਂ ਨੇ ਸੋਨੇ ਦੇ ਖ਼ਾਨੇ ਅਤੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਨ੍ਹਾਂ ਨੇ ਉਹ ਦੋਨੋਂ ਕੜੇ ਸੀਨੇ ਬੰਦ ਦੇ ਸਿਰਿਆਂ ਵਿੱਚ ਪਾਏ।

17ਉਨ੍ਹਾਂ ਨੇ ਦੋ ਗੁੰਦੀਆਂ ਹੋਈਆਂ ਸੋਨੇ ਦੀਆਂ ਜੰਜ਼ੀਰੀਆਂ ਸੀਨੇ ਬੰਦ ਦੇ ਸਿਰਿਆਂ ਉੱਤੇ ਦੋਹਾਂ ਕੜਿਆਂ ਵਿੱਚ ਪਾਈਆਂ

18ਅਤੇ ਦੂਜੇ ਦੋਵੇਂ ਸਿਰੇ ਗੁੰਦੀਆਂ ਹੋਈਆਂ ਜੰਜ਼ੀਰੀਆਂ ਦੇ ਦੋਹਾਂ ਖ਼ਾਨਿਆਂ ਉੱਤੇ ਰੱਖੇ ਅਤੇ ਉਨ੍ਹਾਂ ਨੂੰ ਏਫ਼ੋਦ ਦੇ ਮੋਢਿਆਂ ਦੀਆਂ ਕਤਰਾਂ ਉੱਤੇ ਅਗਲੇ ਪਾਸੇ ਰੱਖਿਆ।

19ਉਨ੍ਹਾਂ ਨੇ ਸੋਨੇ ਦੇ ਦੋ ਕੜੇ ਬਣਾਏ ਅਤੇ ਉਨ੍ਹਾਂ ਨੂੰ ਸੀਨੇ ਬੰਦ ਦੇ ਦੋਹਾਂ ਸਿਰਿਆਂ ਵਿੱਚ ਪਾਇਆ ਜਿਹੜੇ ਏਫ਼ੋਦ ਦੀ ਕਿਨਾਰੀ ਦੇ ਅੰਦਰਲੇ ਪਾਸੇ ਸਨ।

20ਉਨ੍ਹਾਂ ਨੇ ਸੋਨੇ ਦੇ ਦੋ ਹੋਰ ਕੜੇ ਬਣਾਏ ਅਤੇ ਉਨ੍ਹਾਂ ਨੂੰ ਏਫ਼ੋਦ ਦੀਆਂ ਦੋਹਾਂ ਕਤਰਾਂ ਉੱਤੇ ਅਗਲੇ ਪਾਸੇ ਹੇਠਲੀ ਵੱਲ ਸੀਣ ਦੇ ਨੇੜੇ ਏਫ਼ੋਦ ਦੇ ਕਾਰੀਗਰੀ ਨਾਲ ਕੱਢੇ ਹੋਏ ਪਟਕੇ ਦੇ ਉੱਤੇ ਰੱਖਿਆ।

21ਤਾਂ ਉਨ੍ਹਾਂ ਨੇ ਸੀਨੇ ਬੰਦ ਉਸ ਦੇ ਕੜਿਆਂ ਨਾਲ ਏਫ਼ੋਦ ਦੇ ਕੜਿਆਂ ਵਿੱਚ ਨੀਲੇ ਰੰਗ ਦੀ ਰੱਸੀ ਨਾਲ ਅਜਿਹਾ ਬੰਨ੍ਹਿਆ ਕਿ ਉਹ ਏਫ਼ੋਦ ਦੇ ਕੱਢੇ ਹੋਏ ਪਟਕੇ ਦੇ ਉੱਤੇ ਰਹੇ ਅਤੇ ਸੀਨੇ ਬੰਦ ਏਫ਼ੋਦ ਦੇ ਉੱਤੇ ਨਾ ਖੁਲ੍ਹੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

22ਉਸ ਨੇ ਏਫ਼ੋਦ ਦਾ ਚੋਗਾ ਸਾਰਾ ਨੀਲੇ ਰੰਗ ਦਾ ਅਤੇ ਬੁਣਤ ਦਾ ਬਣਾਇਆ

23ਅਤੇ ਚੋਗੇ ਦੇ ਵਿਚਕਾਰ ਸੰਜੋ ਦੇ ਛੇਕ ਵਰਗਾ ਛੇਕ ਰੱਖਿਆ ਅਤੇ ਛੇਕ ਦੇ ਚੁਫ਼ੇਰੇ ਇੱਕ ਬੰਨੀ ਬਣਾਈ ਤਾਂ ਜੋ ਉਹ ਨਾ ਪਾਟੇ।

24ਉਨ੍ਹਾਂ ਨੇ ਉਸ ਦੇ ਪੱਲੇ ਦੇ ਹੇਠਲੇ ਘੇਰੇ ਉੱਤੇ ਨੀਲੇ ਬੈਂਗਣੀ ਅਤੇ ਕਿਰਮਚੀ ਕਤਾਨ ਦੇ ਅਨਾਰ ਬਣਾਏ।

25ਅਨਾਰਾਂ ਦੇ ਵਿਚਕਾਰ ਅਤੇ ਆਲੇ-ਦੁਆਲੇ ਖ਼ਾਲਸ ਸੋਨੇ ਦੇ ਘੁੰਗਰੂ ਚੋਗੇ ਦੇ ਹੇਠਲੇ ਪੱਲੇ ਉੱਤੇ ਪਾਏ

26ਅਰਥਾਤ ਸੋਨੇ ਦਾ ਇੱਕ ਘੁੰਗਰੂ ਅਤੇ ਇੱਕ ਅਨਾਰ ਫੇਰ ਇੱਕ ਘੁੰਗਰੂ ਅਤੇ ਇੱਕ ਅਨਾਰ ਚੋਗੇ ਦੇ ਹੇਠਲੇ ਪੱਲੇ ਦੇ ਘੇਰੇ ਉੱਤੇ ਸੀ ਅਤੇ ਇਹ ਉਪਾਸਨਾ ਲਈ ਸੀ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

27ਉਨ੍ਹਾਂ ਦੇ ਹਾਰੂਨ ਅਤੇ ਉਸ ਦੇ ਪੁੱਤਰਾਂ ਲਈ ਮਹੀਨ ਕਤਾਨ ਦੇ ਕੁੜਤੇ ਬੁਣਤ ਦੇ ਬਣਾਏ

28ਅਤੇ ਮਹੀਨ ਕਤਾਨ ਦੀ ਪਗੜੀ, ਮਹੀਨ ਕਤਾਨ ਦਾ ਅਮਾਮਾ ਅਤੇ ਮਹੀਨ ਕਤਾਨ ਦੀਆਂ ਉਣੀਆਂ ਹੋਈਆਂ ਕੱਛਾਂ ਬਣਾਈਆਂ

29ਅਤੇ ਮਹੀਨ ਕਤਾਨ ਦਾ ਉਣਿਆ ਹੋਇਆ ਨੀਲਾ ਬੈਂਗਣੀ ਅਤੇ ਕਿਰਮਚੀ ਪਟਕਾ ਕਸੀਦੇਕਾਰੀ ਦੇ ਕੰਮ ਦਾ ਬਣਾਇਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

30ਉਨ੍ਹਾਂ ਨੇ ਮੱਥੇ ਲਈ ਪਵਿੱਤਰ ਚਮਕੀਲਾ ਪੱਤਰ ਖ਼ਾਲਸ ਸੋਨੇ ਦਾ ਬਣਾਇਆ ਅਤੇ ਉਸ ਦੇ ਉੱਤੇ ਉਨ੍ਹਾਂ ਨੇ ਲਿਖਤ ਛਾਪ ਦੀ ਉੱਕਰਾਈ ਵਾਂਗੂੰ ਲਿਖੀ “ਯਹੋਵਾਹ ਲਈ ਪਵਿੱਤਰਤਾਈ”

31ਉਨ੍ਹਾਂ ਨੇ ਉਸ ਵਿੱਚ ਨੀਲੀ ਡੋਰ ਪਾਈ ਤਾਂ ਜੋ ਉਹ ਅਮਾਮੇ ਦੇ ਉੱਤੇ ਬੰਨ੍ਹਿਆ ਜਾਵੇ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।

32ਸੋ ਡੇਰੇ ਦੀ ਮੰਡਲੀ ਦੇ ਤੰਬੂ ਦਾ ਸਾਰਾ ਕੰਮ ਪੂਰਾ ਹੋਇਆ ਅਤੇ ਇਸ ਤਰ੍ਹਾਂ ਇਸਰਾਏਲੀਆਂ ਨੇ ਸਾਰਾ ਕੁਝ ਕੀਤਾ। ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਕੀਤਾ।

33ਤਾਂ ਉਹ ਡੇਰਾ ਮੂਸਾ ਕੋਲ ਲਿਆਏ ਅਰਥਾਤ ਤੰਬੂ ਅਤੇ ਉਸ ਦਾ ਸਾਰਾ ਸਮਾਨ, ਉਸ ਦੀਆਂ ਕੁੰਡੀਆਂ, ਉਸ ਦੇ ਫੱਟੇ, ਉਸ ਦੇ ਹੋੜੇ, ਉਸ ਦੀਆਂ ਥੰਮ੍ਹੀਆਂ, ਅਤੇ ਉਸ ਦੀਆਂ ਚੀਥੀਆਂ

34ਅਤੇ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਢੱਕਣ ਅਤੇ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਢੱਕਣ ਅਤੇ ਓਟ ਦਾ ਪਰਦਾ

35ਸਾਖੀ ਦਾ ਸੰਦੂਕ ਚੋਬਾਂ ਸਣੇ ਅਤੇ ਪ੍ਰਾਸਚਿਤ ਦਾ ਸਰਪੋਸ਼

36ਮੇਜ਼ ਅਤੇ ਉਸ ਦੇ ਸਾਰੇ ਭਾਂਡੇ ਅਤੇ ਹਜ਼ੂਰੀ ਦੀ ਰੋਟੀ

37ਖ਼ਾਲਸ ਸ਼ਮਾਦਾਨ ਉਸ ਦੇ ਦੀਵਿਆਂ ਸਣੇ ਜਿਨ੍ਹਾਂ ਦੀਵਿਆਂ ਨੂੰ ਸੁਆਰਨਾ ਸੀ ਅਤੇ ਉਸ ਦਾ ਸਾਰਾ ਸਮਾਨ ਅਤੇ ਚਾਨਣ ਲਈ ਤੇਲ

38ਸੋਨੇ ਦੀ ਜਗਵੇਦੀ ਅਤੇ ਮਸਹ ਕਰਨ ਦਾ ਤੇਲ ਅਤੇ ਸੁਗੰਧੀ ਧੂਪ ਅਤੇ ਡੇਰੇ ਦੇ ਦਰਵਾਜ਼ੇ ਦੀ ਓਟ

39ਪਿੱਤਲ ਦੀ ਜਗਵੇਦੀ ਅਤੇ ਉਸ ਦੀ ਪਿੱਤਲ ਦੀ ਝੰਜਰੀ ਉਸ ਦੀਆਂ ਚੋਬਾਂ ਸਣੇ ਅਤੇ ਉਸ ਦਾ ਸਾਰਾ ਸਮਾਨ, ਹੌਦ ਅਤੇ ਉਸ ਦੀ ਚੌਂਕੀ

40ਵਿਹੜੇ ਦੀਆਂ ਕਨਾਤਾਂ ਉਸ ਦੀਆਂ ਥੰਮ੍ਹੀਆਂ ਅਤੇ ਉਸ ਦੀਆਂ ਚੀਥੀਆਂ ਅਤੇ ਵਿਹੜੇ ਦੇ ਫਾਟਕ ਦੀ ਓਟ ਅਤੇ ਉਸ ਦੀਆਂ ਲਾਸਾਂ ਅਤੇ ਉਸ ਦੀਆਂ ਕੀਲੀਆਂ ਅਤੇ ਡੇਰੇ ਦੀ ਮੰਡਲੀ ਦੇ ਤੰਬੂ ਦੀ ਉਪਾਸਨਾ ਦਾ ਸਾਰਾ ਸਮਾਨ

41ਅਤੇ ਪਵਿੱਤਰ ਸਥਾਨ ਵਿੱਚ ਉਪਾਸਨਾ ਲਈ ਮਹੀਨ ਉਣਿਆ ਹੋਇਆ ਬਸਤਰ ਅਰਥਾਤ ਹਾਰੂਨ ਜਾਜਕ ਦੇ ਪਵਿੱਤਰ ਬਸਤਰ ਅਤੇ ਉਸ ਦੇ ਪੁੱਤਰਾਂ ਦੇ ਬਸਤਰ ਕਿ ਉਹ ਜਾਜਕਾਈ ਦਾ ਕੰਮ ਕਰਨ।

42ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਤਿਵੇਂ ਹੀ ਇਸਰਾਏਲੀਆਂ ਨੇ ਸਾਰਾ ਕੰਮ ਕੀਤਾ।

43ਮੂਸਾ ਨੇ ਇਸ ਸਾਰੇ ਕੰਮ ਨੂੰ ਡਿੱਠਾ ਅਤੇ ਵੇਖੋ ਉਨ੍ਹਾਂ ਨੇ ਉਹ ਨੂੰ ਪੂਰਾ ਕਰ ਦਿੱਤਾ ਸੀ। ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਸੀ ਉਨ੍ਹਾਂ ਨੇ ਤਿਵੇਂ ਹੀ ਬਣਾਇਆ ਸੋ ਮੂਸਾ ਨੇ ਉਨ੍ਹਾਂ ਨੂੰ ਅਸੀਸ ਦਿੱਤੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath