ਈਸਾਈ
ਪਿੱਛੇ

ਕੂਚ 30

1ਤੂੰ ਧੂਪ ਧੁਖਾਉਣ ਲਈ ਇੱਕ ਜਗਵੇਦੀ ਬਣਾਈਂ ਅਤੇ ਤੂੰ ਉਹ ਨੂੰ ਸ਼ਿੱਟੀਮ ਦੀ ਲੱਕੜੀ ਤੋਂ ਬਣਾਈਂ।

2ਉਸ ਦੀ ਲੰਬਾਈ ਇੱਕ ਹੱਥ ਉਸ ਦੀ ਚੌੜਾਈ ਇੱਕ ਹੱਥ ਅਤੇ ਉਹ ਚੌਰਸ ਹੋਵੇ। ਉਸ ਦੀ ਉਚਾਈ ਦੋ ਹੱਥ ਅਤੇ ਉਸ ਦੇ ਸਿੰਙ ਉਸੇ ਤੋਂ ਹੋਣ।

3ਤੂੰ ਉਹ ਨੂੰ ਖ਼ਾਲਸ ਸੋਨੇ ਨਾਲ ਮੜ੍ਹੀਂ ਅਰਥਾਤ ਉਹ ਦਾ ਉੱਪਰਲਾ ਪਾਸਾ ਅਤੇ ਉਹ ਦੇ ਚੁਫ਼ੇਰੇ ਦੇ ਪਾਸੇ ਅਤੇ ਉਹ ਦੇ ਸਿੰਙ, ਤੂੰ ਉਹ ਦੇ ਚੁਫ਼ੇਰੇ ਇੱਕ ਸੋਨੇ ਦੀ ਬਨੇਰੀ ਬਣਾਈਂ।

4ਤੂੰ ਉਹ ਦੇ ਲਈ ਸੋਨੇ ਦੇ ਦੋ ਕੜੇ ਉਸ ਦੀ ਬਨੇਰੀ ਦੇ ਹੇਠ ਉਸ ਦੇ ਦੋਹਾਂ ਪੱਲਿਆਂ ਉੱਤੇ ਉਸ ਦੇ ਦੋਹੀਂ ਪਾਸੀਂ ਬਣਾਈਂ। ਉਹ ਉਸ ਦੇ ਚੁੱਕਣ ਲਈ ਚੋਬਾਂ ਦੇ ਥਾਂ ਹੋਣ।

5ਤੂੰ ਚੋਬਾਂ ਸ਼ਿੱਟੀਮ ਦੀ ਲੱਕੜੀ ਦੀਆਂ ਬਣਾਈਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹੀਂ।

6ਤੂੰ ਉਹ ਨੂੰ ਪਰਦੇ ਦੇ ਅੱਗੇ ਜਿਹੜਾ ਸਾਖੀ ਦੇ ਸੰਦੂਕ ਦੇ ਕੋਲ ਹੈ ਪ੍ਰਾਸਚਿਤ ਦੇ ਸਰਪੋਸ਼ ਦੇ ਅੱਗੇ ਜਿਹੜਾ ਸਾਖੀ ਉੱਤੇ ਹੈ ਰੱਖੀਂ ਜਿੱਥੇ ਮੈਂ ਤੇਰੇ ਨਾਲ ਮਿਲਾਂਗਾ।

7ਅਤੇ ਹਾਰੂਨ ਉਸ ਉੱਤੇ ਸੁਗੰਧੀ ਧੂਪ ਹਰ ਸਵੇਰੇ ਦੇ ਸਮੇਂ ਧੁਖਾਵੇ। ਜਦ ਉਹ ਦੀਵਿਆਂ ਨੂੰ ਸੁਆਰੇ ਤਦ ਉਹ ਇਹ ਧੁਖਾਵੇ।

8ਜਦ ਹਾਰੂਨ ਦੀਵਿਆਂ ਨੂੰ ਸ਼ਾਮ ਦੇ ਵੇਲੇ ਜਗਾਵੇ ਤਦ ਉਹ ਤੁਹਾਡੀਆਂ ਪੀੜ੍ਹੀਆਂ ਤੱਕ ਸਦਾ ਲਈ ਯਹੋਵਾਹ ਦੇ ਸਨਮੁਖ ਧੂਪ ਧੁਖਾਵੇ।

9ਤੁਸੀਂ ਉਸ ਉੱਤੇ ਨਾ ਓਪਰਾ ਧੂਪ ਨਾ ਹੋਮ ਦੀ ਬਲੀ ਨਾ ਮੈਦੇ ਦੀ ਭੇਟ ਚੜ੍ਹਾਇਓ ਅਤੇ ਨਾ ਉਸ ਉੱਤੇ ਪੀਣ ਦੀ ਭੇਟ ਡੋਲ੍ਹਿਓ

10ਅਤੇ ਹਾਰੂਨ ਉਸ ਦੇ ਸਿੰਗਾਂ ਉੱਤੇ ਵਰ੍ਹੇ ਵਿੱਚ ਇੱਕ ਵਾਰੀ ਪ੍ਰਾਸਚਿਤ ਕਰੇ ਅਤੇ ਪ੍ਰਾਸਚਿਤ ਦੇ ਪਾਪ ਦੀ ਭੇਟ ਦੇ ਲਹੂ ਤੋਂ ਲੈ ਕੇ ਸਾਲ ਵਿੱਚ ਇੱਕ ਵਾਰ ਤੁਹਾਡੀਆਂ ਪੀੜ੍ਹੀਆਂ ਤੱਕ ਪ੍ਰਾਸਚਿਤ ਕਰੇ। ਇਹ ਯਹੋਵਾਹ ਲਈ ਬਹੁਤ ਪਵਿੱਤਰ ਹੈ।

11ਯਹੋਵਾਹ ਮੂਸਾ ਨੂੰ ਬੋਲਿਆ ਕਿ

12ਜਦ ਤੂੰ ਇਸਰਾਏਲੀਆਂ ਦੀ ਗਿਣਤੀ ਉਨ੍ਹਾਂ ਦੇ ਸ਼ੁਮਾਰ ਅਨੁਸਾਰ ਕਰੇਂ ਤਾਂ ਹਰ ਮਨੁੱਖ ਆਪਣੇ ਪ੍ਰਾਣਾਂ ਲਈ ਯਹੋਵਾਹ ਨੂੰ ਜਦ ਉਨ੍ਹਾਂ ਦੀ ਗਿਣਤੀ ਹੋਵੇ ਨਿਸਤਾਰੇ ਦਾ ਮੁੱਲ ਦੇਵੇ ਤਾਂ ਜੋ ਉਨ੍ਹਾਂ ਵਿੱਚ ਕੋਈ ਬਵਾ ਨਾ ਪਵੇ ਜਦ ਤੂੰ ਉਨ੍ਹਾਂ ਦੀ ਗਿਣਤੀ ਕਰੇਂ।

13ਸਾਰੇ ਜਿਹੜੇ ਗਿਣਿਆ ਹੋਇਆਂ ਵਿੱਚ ਰਲਣ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਅੱਧਾ ਸ਼ਕਲ ਦੇਣ (ਸ਼ਕਲ ਵਿੱਚ ਵੀਹ ਜੀਰੇ ਹਨ) ਸੋ ਇਹ ਅੱਠ ਆਨੇ ਯਹੋਵਾਹ ਲਈ ਚੁੱਕਣ ਦੀ ਭੇਟ ਹੋਵੇਗੀ।

14ਸਾਰੇ ਜਿਹੜੇ ਗਿਣਿਆ ਹੋਇਆਂ ਵਿੱਚ ਰਲਣ ਵੀਹ ਸਾਲ ਦੇ ਅਤੇ ਉੱਤੇ ਦੇ ਹੋਣ ਯਹੋਵਾਹ ਨੂੰ ਚੁੱਕਣ ਦੀ ਭੇਟ ਦੇਣ।

15ਤਾਂ ਧਨੀ ਅੱਠ ਆਨੇ ਤੋਂ ਵੱਧ ਅਤੇ ਕੰਗਾਲ ਉਸ ਤੋਂ ਘੱਟ ਨਾ ਦੇਣ ਜਦ ਤੁਹਾਡੇ ਪ੍ਰਾਣਾਂ ਦੇ ਪ੍ਰਾਸਚਿਤ ਲਈ ਯਹੋਵਾਹ ਦੀ ਚੁੱਕਣ ਦੀ ਭੇਟ ਦੇਣ।

16ਸੋ ਤੂੰ ਇਸਰਾਏਲੀਆਂ ਤੋਂ ਪ੍ਰਾਸਚਿਤ ਦੀ ਚਾਂਦੀ ਲੈ ਕੇ ਉਹ ਨੂੰ ਮੰਡਲੀ ਦੇ ਤੰਬੂ ਦੇ ਕੰਮ ਲਈ ਵਰਤੀਂ ਅਤੇ ਉਹ ਇਸਰਾਏਲੀਆਂ ਲਈ ਯਹੋਵਾਹ ਅੱਗੇ ਇੱਕ ਯਾਦਗਿਰੀ ਹੋਵੇ ਤਾਂ ਜੋ ਤੁਹਾਡਿਆਂ ਪ੍ਰਾਣਾਂ ਲਈ ਪ੍ਰਾਸਚਿਤ ਹੋਵੇ।

17ਯਹੋਵਾਹ ਨੇ ਮੂਸਾ ਨੂੰ ਆਖਿਆ ਕਿ

18ਤੂੰ ਧੋਣ ਲਈ ਪਿੱਤਲ ਦਾ ਇੱਕ ਹੌਦ ਅਤੇ ਉਹ ਦੇ ਲਈ ਪਿੱਤਲ ਦੀ ਇੱਕ ਚੌਂਕੀ ਬਣਾਈਂ ਅਤੇ ਮੰਡਲੀ ਦੇ ਤੰਬੂ ਅਤੇ ਜਗਵੇਦੀ ਦੇ ਵਿਚਕਾਰ ਉਹ ਨੂੰ ਰੱਖੀਂ ਅਤੇ ਉਸ ਵਿੱਚ ਪਾਣੀ ਭਰੀਂ।

19ਉਸ ਵਿੱਚ ਹਾਰੂਨ ਅਤੇ ਉਸ ਦੇ ਪੁੱਤਰ ਆਪਣੇ ਹੱਥ-ਪੈਰ ਧੋਣ

20ਜਦ ਉਹ ਮੰਡਲੀ ਦੇ ਤੰਬੂ ਵਿੱਚ ਅਥਵਾ ਜਦ ਉਹ ਜਗਵੇਦੀ ਦੇ ਨੇੜੇ ਉਪਾਸਨਾ ਲਈ ਆਉਣ ਕਿ ਯਹੋਵਾਹ ਲਈ ਅੱਗ ਦੀ ਭੇਟ ਧੁਖਾਉਣ ਤਾਂ ਪਾਣੀ ਨਾਲ ਧੋਣ ਕਿ ਉਹ ਨਾ ਮਰਨ।

21ਉਹ ਆਪਣੇ ਹੱਥ-ਪੈਰ ਧੋਣ ਕਿ ਉਹ ਨਾ ਮਰਨ ਅਤੇ ਉਹ ਉਨ੍ਹਾਂ ਲਈ ਸਦਾ ਦੀ ਬਿਧੀ ਹੋਵੇ ਅਰਥਾਤ ਉਸ ਲਈ ਅਤੇ ਉਸ ਦੀ ਅੰਸ ਲਈ ਉਨ੍ਹਾਂ ਦੀ ਪੀੜ੍ਹੀਓਂ ਪੀੜ੍ਹੀ ਤੱਕ।

22ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ ਕਿ

23ਤੂੰ ਵਧੀਆ ਮਸਾਲਾ ਲਵੀਂ ਅਰਥਾਤ ਪਤਲਾ ਮੁਰ ਪੰਜ ਸੌ ਸ਼ਕਲ ਅਤੇ ਸੁਗੰਧ ਲਈ ਦਾਲਚੀਨੀ ਉਸ ਤੋਂ ਅੱਧੀ ਅਰਥਾਤ ਢਾਈ ਸੌ ਸ਼ਕਲ ਅਤੇ ਸੁਗੰਧ ਵਾਲੀ ਕੁਸ਼ਾ ਢਾਈ ਸੌ ਸ਼ਕਲ

24ਅਤੇ ਤੱਜ ਪੰਜ ਸੌ ਸ਼ਕਲ ਪਵਿੱਤਰ ਸਥਾਨ ਦੇ ਸ਼ਕਲ ਅਨੁਸਾਰ ਅਤੇ ਜ਼ੈਤੂਨ ਦਾ ਤੇਲ ਇੱਕ ਹੀਨ

25ਅਤੇ ਤੂੰ ਉਹ ਨੂੰ ਮਸਹ ਕਰਨ ਦਾ ਪਵਿੱਤਰ ਤੇਲ ਗਾਂਧੀ ਦੀ ਕਾਰੀਗਰੀ ਅਤੇ ਮਿਲੀਆਂ ਹੋਈਆਂ ਸੁਗੰਧਾਂ ਨਾਲ ਬਣਾਈਂ। ਉਹ ਇੱਕ ਮਲਣ ਦਾ ਪਵਿੱਤਰ ਤੇਲ ਹੋਵੇ।

26ਤੂੰ ਉਸ ਨਾਲ ਮੰਡਲੀ ਦੇ ਤੰਬੂ ਨੂੰ ਅਤੇ ਸਾਖੀ ਦੇ ਸੰਦੂਕ ਨੂੰ ਮਲੀਂ।

27ਨਾਲੇ ਮੇਜ਼ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਸ਼ਮਾਦਾਨ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਧੂਪ ਦੀ ਜਗਵੇਦੀ ਨੂੰ

28ਅਤੇ ਹੋਮ ਦੀ ਜਗਵੇਦੀ ਨੂੰ ਅਤੇ ਉਸ ਦੇ ਸਾਰੇ ਸਮਾਨ ਨੂੰ ਅਤੇ ਹੌਦ ਅਤੇ ਉਸ ਦੀ ਚੌਂਕੀ ਨੂੰ।

29ਤੂੰ ਉਨ੍ਹਾਂ ਨੂੰ ਪਵਿੱਤਰ ਕਰੀਂ ਕਿ ਉਹ ਬਹੁਤ ਪਵਿੱਤਰ ਹੋਣ ਅਤੇ ਜੋ ਕੁਝ ਉਨ੍ਹਾਂ ਨੂੰ ਲੱਗੇ ਪਵਿੱਤਰ ਹੋਵੇਗਾ।

30ਤਾਂ ਤੂੰ ਹਾਰੂਨ ਅਤੇ ਉਸ ਦੇ ਪੁੱਤਰਾਂ ਨੂੰ ਮਸਹ ਕਰ ਕੇ ਪਵਿੱਤਰ ਕਰੀਂ ਤਾਂ ਜੋ ਉਹ ਮੇਰੀ ਜਾਜਕਾਈ ਦੀ ਉਪਾਸਨਾ ਕਰਨ।

31ਅਤੇ ਤੂੰ ਇਸਰਾਏਲੀਆਂ ਨੂੰ ਆਖੀਂ ਕਿ ਇਹ ਮਲਣ ਦਾ ਪਵਿੱਤਰ ਤੇਲ ਮੇਰੇ ਲਈ ਤੁਹਾਡੀਆਂ ਪੀੜ੍ਹੀਆਂ ਤੱਕ ਹੋਵੇ।

32ਇਹ ਆਦਮੀ ਦੇ ਪਿੰਡੇ ਉੱਤੇ ਨਹੀਂ ਲਾਈਦਾ ਅਤੇ ਉਸ ਦੀ ਸਮੱਗਰੀ ਤੋਂ ਹੋਰ ਕਿਸੇ ਪ੍ਰਕਾਰ ਦਾ ਤੇਲ ਤੁਸੀਂ ਨਾ ਬਣਾਇਓ। ਇਹ ਪਵਿੱਤਰ ਹੈ ਅਤੇ ਤੁਹਾਡੇ ਲਈ ਪਵਿੱਤਰ ਰਹੇ।

33ਜਿਹੜਾ ਮਨੁੱਖ ਉਸ ਵਰਗੀ ਮਿਲਾਵਟ ਕਰੇ ਅਤੇ ਉਸ ਵਿੱਚੋਂ ਕਿਸੇ ਓਪਰੇ ਉੱਤੇ ਚੋਵੇ ਉਹ ਆਪਣੇ ਲੋਕਾਂ ਵਿੱਚੋਂ ਛੇਕਿਆ ਜਾਵੇ।

34ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਆਪਣੇ ਲਈ ਮੁਰ ਵਾਲਾ ਮਸਾਲਾ ਲਈਂ ਅਰਥਾਤ ਮੁਰ ਮਸਤਕੀ ਅਤੇ ਲੌਨ ਅਤੇ ਖ਼ਾਲਸ ਲੁਬਾਨ - ਇਹ ਇੱਕੋ ਵਜ਼ਨ ਦੇ ਹੋਣ।

35ਤੂੰ ਉਹ ਨੂੰ ਸੁਗੰਧ ਵਾਲੀ ਧੂਪ ਗਾਂਧੀ ਦੀ ਕਾਰੀਗਰੀ ਦੀ ਬਣਾਈਂ। ਸਲੂਣੀ ਨਿਰੋਲ ਅਤੇ ਪਵਿੱਤਰ ਹੋਵੇ।

36ਤੂੰ ਉਸ ਵਿੱਚੋਂ ਕੁਝ ਬਹੁਤ ਮਹੀਨ ਪੀਹ ਕੇ ਉਹ ਨੂੰ ਸਾਖੀ ਦੇ ਸੰਦੂਕ ਅੱਗੇ ਮੰਡਲੀ ਦੇ ਤੰਬੂ ਵਿੱਚ ਰੱਖੀਂ ਜਿੱਥੇ ਮੈਂ ਤੈਨੂੰ ਮਿਲਾਂਗਾ। ਇਹ ਤੁਹਾਡੇ ਲਈ ਬਹੁਤ ਪਵਿੱਤਰ ਹੋਵੇ।

37ਜਿਹੜੀ ਧੂਪ ਨੂੰ ਬਣਾਵੇਂਗਾ ਉਸ ਦੀ ਸਮੱਗਰੀ ਤੋਂ ਹੋਰ ਧੂਪ ਆਪਣੇ ਲਈ ਨਾ ਬਣਾਇਓ, ਉਹ ਤੇਰੀ ਵੱਲੋਂ ਯਹੋਵਾਹ ਲਈ ਪਵਿੱਤਰ ਹੋਵੇ।

38ਜਿਹੜਾ ਮਨੁੱਖ ਉਸ ਵਾਂਗੂੰ ਸੁੰਘਣ ਲਈ ਬਣਾਵੇ ਉਹ ਆਪਣਿਆਂ ਲੋਕਾਂ ਵਿੱਚੋਂ ਨਾਸ ਕੀਤਾ ਜਾਵੇ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath