ਕੂਚ 15
1ਤਦ ਮੂਸਾ ਅਤੇ ਇਸਰਾਏਲੀਆਂ ਨੇ ਯਹੋਵਾਹ ਲਈ ਇਹ ਗੀਤ ਗਾਉਂਦੇ ਹੋਇਆਂ ਆਖਿਆ - ਮੈਂ ਯਹੋਵਾਹ ਲਈ ਗਾਵਾਂਗਾ ਕਿਉਂਕਿ ਉਹ ਬਹੁਤ ਉੱਚਾ ਹੋਇਆ ਹੈ, ਉਸ ਨੇ ਘੋੜੇ ਅਤੇ ਉਸ ਦੇ ਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਹੈ।
2ਯਹੋਵਾਹ ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ ਹੈ, ਉਹ ਮੇਰਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਸੋਭਾ ਕਰਾਂਗਾ, ਉਹ ਮੇਰੇ ਪਿਤਾ ਦਾ ਪਰਮੇਸ਼ੁਰ ਹੈ ਤੇ ਮੈਂ ਉਸ ਦੀ ਵਡਿਆਈ ਕਰਾਂਗਾ।
3ਯਹੋਵਾਹ ਯੋਧਾ ਪੁਰਸ਼ ਹੈ, ਯਹੋਵਾਹ ਉਸ ਦਾ ਨਾਮ ਹੈ।
4ਫ਼ਿਰਊਨ ਦੇ ਰੱਥ ਅਤੇ ਉਸ ਦੀ ਫੌਜ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤੀ, ਉਸ ਦੇ ਉੱਤਮ ਅਫ਼ਸਰ ਲਾਲ ਸਮੁੰਦਰ ਵਿੱਚ ਗਰਕ ਹੋ ਗਏ।
5ਡੁੰਘਿਆਈ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਪੱਥਰ ਵਾਂਗੂੰ ਤਹਿ ਵਿੱਚ ਚਲੇ ਗਏ।
6ਹੇ ਯਹੋਵਾਹ ਤੇਰਾ ਸੱਜਾ ਹੱਥ ਸ਼ਕਤੀ ਵਿੱਚ ਤੇਜਵਾਨ ਹੈ, ਹੇ ਯਹੋਵਾਹ ਤੇਰਾ ਸੱਜਾ ਹੱਥ ਵੈਰੀ ਨੂੰ ਚਕਨਾ-ਚੂਰ ਕਰ ਸੁੱਟਦਾ ਹੈ।
7ਤੂੰ ਆਪਣੀ ਵੱਡੀ ਉੱਤਮਤਾਈ ਨਾਲ ਆਪਣੇ ਵਿਰੋਧੀਆਂ ਨੂੰ ਢਾਹ ਲੈਂਦਾ ਹੈਂ, ਤੂੰ ਆਪਣਾ ਕ੍ਰੋਧ ਭੇਜਦਾ ਹੈਂ ਜਿਹੜਾ ਉਨ੍ਹਾਂ ਨੂੰ ਭੱਠੇ ਵਾਂਗੂੰ ਭੱਖ ਲੈਂਦਾ ਹੈ।
8ਤੇਰੀਆਂ ਨਾਸਾਂ ਦੀ ਸੂਕਰ ਨਾਲ ਪਾਣੀ ਜਮਾਂ ਹੋ ਗਏ, ਮੌਜਾਂ ਢੇਰ ਵਾਂਗੂੰ ਖੜੀਆਂ ਹੋ ਗਈਆਂ, ਡੁੰਘਿਆਈ ਸਮੁੰਦਰ ਦੇ ਵਿਚਕਾਰ ਜੰਮ ਗਈਆਂ।
9ਵੈਰੀ ਨੇ ਆਖਿਆ, ਮੈਂ ਪਿੱਛਾ ਕਰਾਂਗਾ, ਮੈਂ ਜਾ ਲਵਾਂਗਾ, ਮੈਂ ਲੁੱਟ ਦਾ ਮਾਲ ਵੰਡਾਂਗਾ, ਮੈਂ ਉਨ੍ਹਾਂ ਨਾਲ ਮਨ ਆਈ ਕਰਾਂਗਾ, ਮੈਂ ਤਲਵਾਰ ਸੂਤਾਂਗਾ ਅਤੇ ਮੇਰਾ ਹੱਥ ਉਨ੍ਹਾਂ ਦਾ ਨਾਸ ਕਰੇਗਾ।
10ਤੂੰ ਆਪਣੀ ਹਵਾ ਨਾਲ ਫੂਕ ਮਾਰੀ, ਸਮੁੰਦਰ ਨੇ ਉਨ੍ਹਾਂ ਨੂੰ ਢੱਕ ਲਿਆ, ਉਹ ਸਿੱਕੇ ਵਾਂਗੂੰ ਮਹਾਂ ਜਲ ਵਿੱਚ ਡੁੱਬ ਗਏ।
11ਕੌਣ ਹੈ ਤੇਰੇ ਵਰਗਾ ਹੇ ਯਹੋਵਾਹ ਦੇਵਤਿਆਂ ਵਿੱਚ? ਕੌਣ ਹੈ ਤੇਰੇ ਵਰਗਾ ਪਵਿੱਤਰਤਾਈ ਵਿੱਚ ਪਰਤਾਪ ਵਾਲਾ, ਉਸਤਤ ਵਿੱਚ ਭੈਅ ਦਾਇਕ ਅਤੇ ਅਚਰਜ਼ ਕੰਮਾਂ ਵਾਲਾ?
12ਤੂੰ ਆਪਣਾ ਸੱਜਾ ਹੱਥ ਪਸਾਰਿਆ, ਤਾਂ ਧਰਤੀ ਉਨ੍ਹਾਂ ਨੂੰ ਨਿਗਲ ਗਈ।
13ਤੂੰ ਆਪਣੀ ਕਿਰਪਾ ਨਾਲ ਉਸ ਪਰਜਾ ਦੀ ਅਗਵਾਈ ਕੀਤੀ ਜਿਹ ਨੂੰ ਤੂੰ ਛੁਟਕਾਰਾ ਦਿੱਤਾ ਸੀ, ਤੂੰ ਆਪਣੇ ਬਲ ਨਾਲ ਉਸ ਨੂੰ ਆਪਣੇ ਪਵਿੱਤਰ ਨਿਵਾਸ ਦੇ ਰਾਹ ਪਾ ਦਿੱਤਾ।
14ਲੋਕਾਂ ਨੇ ਸੁਣਿਆ, ਉਹ ਕੰਬਦੇ ਹਨ, ਫ਼ਲਿਸਤੀਨ ਦੇ ਵਾਸੀਆਂ ਨੂੰ ਚੁਬਕ ਪਈ।
15ਤਦ ਅਦੋਮ ਦੇ ਸਰਦਾਰ ਘਬਰਾ ਗਏ, ਮੋਆਬ ਦੇ ਸੂਰਮਿਆਂ ਨੂੰ ਕੰਬਣੀ ਲੱਗੀ, ਕਨਾਨ ਦੇ ਸਾਰੇ ਵਾਸੀ ਢੱਲ਼ ਗਏ।
16ਹੌਲ ਅਤੇ ਤਹਿਕਣਾ ਉਨ੍ਹਾਂ ਉੱਤੇ ਪੈਂਦਾ ਹੈ, ਉਹ ਤੇਰੀ ਬਾਂਹ ਦੇ ਵੱਡੇ ਹੋਣ ਦੇ ਕਾਰਨ ਪੱਥਰ ਵਾਂਗੂੰ ਚੁੱਪ ਰਹਿ ਜਾਂਦੇ ਹਨ। ਹੇ ਯਹੋਵਾਹ ਜਦ ਤੱਕ ਤੇਰੀ ਪਰਜਾ ਲੰਘ ਨਾ ਜਾਵੇ, ਜਦ ਤੱਕ ਉਹ ਪਰਜਾ ਜਿਹੜੀ ਤੂੰ ਵਿਹਾਝੀ ਹੈ ਪਾਰ ਨਾ ਲੰਘ ਜਾਵੇ,
17ਤੂੰ ਉਨ੍ਹਾਂ ਨੂੰ ਅੰਦਰ ਲਿਆਵੇਂਗਾ ਅਤੇ ਆਪਣੀ ਮਿਲਖ਼ ਦੇ ਪਰਬਤ ਵਿੱਚ ਲਗਾਵੇਂਗਾ, ਹੇ ਯਹੋਵਾਹ ਉਸ ਸਥਾਨ ਵਿੱਚ ਜਿਹੜਾ ਤੂੰ ਆਪਣੇ ਰਹਿਣ ਲਈ ਬਣਾਇਆ ਹੈ, ਹੇ ਮੇਰੇ ਪ੍ਰਭੂ ਉਹ ਪਵਿੱਤਰ ਸਥਾਨ ਜਿਹੜਾ ਤੇਰੇ ਹੱਥਾਂ ਨੇ ਸਥਿਰ ਕੀਤਾ ਹੈ।
18ਯਹੋਵਾਹ ਸਦਾ ਤੱਕ ਰਾਜ ਕਰਦਾ ਰਹੇਗਾ।
19ਫ਼ਿਰਊਨ ਦੇ ਘੋੜੇ ਅਤੇ ਉਸ ਦੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਤਾਂ ਸਮੁੰਦਰ ਵਿੱਚ ਵੜੇ ਅਤੇ ਯਹੋਵਾਹ ਨੇ ਸਮੁੰਦਰ ਦੇ ਪਾਣੀ ਨੂੰ ਉਨ੍ਹਾਂ ਉੱਤੇ ਮੋੜ ਲਿਆਂਦਾ ਪਰ ਇਸਰਾਏਲੀ ਸਮੁੰਦਰ ਦੇ ਵਿਚਕਾਰੋਂ ਦੀ ਸੁੱਕੀ ਜ਼ਮੀਨ ਉੱਤੋਂ ਦੀ ਲੰਘ ਗਏ।
20ਹਾਰੂਨ ਦੀ ਭੈਣ ਮਿਰਯਮ ਨਬੀਆ ਨੇ ਆਪਣੇ ਹੱਥ ਵਿੱਚ ਡੱਫ਼ ਲਈ ਅਤੇ ਸਾਰੀਆਂ ਇਸਤ੍ਰੀਆਂ ਡੱਫਾਂ ਵਜਾਉਂਦੀਆਂ ਅਤੇ ਨੱਚਦੀਆਂ ਉਸ ਦੇ ਪਿੱਛੇ ਨਿੱਕਲੀਆਂ।
21ਮਿਰਯਮ ਨੇ ਉਨ੍ਹਾਂ ਨੂੰ ਉੱਤਰ ਦਿੱਤਾ - ਯਹੋਵਾਹ ਲਈ ਗਾਓ ਕਿਉਂ ਜੋ ਉਹ ਬਹੁਤ ਉੱਚਾ ਹੋਇਆ ਹੈ, ਘੋੜਾ ਅਤੇ ਉਸ ਦਾ ਸਵਾਰ ਉਸ ਨੇ ਸਮੁੰਦਰ ਵਿੱਚ ਸੁੱਟ ਦਿੱਤਾ।
22ਮੂਸਾ ਨੇ ਇਸਰਾਏਲ ਨੂੰ ਲਾਲ ਸਮੁੰਦਰ ਤੋਂ ਤੋਰ ਦਿੱਤਾ। ਉਹ ਸ਼ੂਰ ਦੀ ਉਜਾੜ ਨੂੰ ਨਿੱਕਲੇ ਅਤੇ ਤਿੰਨ ਦਿਨ ਉਜਾੜ ਵਿੱਚ ਦੀ ਤੁਰੇ ਗਏ ਪਰ ਉਨ੍ਹਾਂ ਨੂੰ ਪਾਣੀ ਨਾ ਲੱਭਾ।
23ਜਦ ਉਹ ਮਾਰਾਹ ਨੂੰ ਆਏ ਤਾਂ ਉਹ ਮਾਰਾਹ ਦਾ ਪਾਣੀ ਨਾ ਪੀ ਸਕੇ ਕਿਉਂ ਜੋ ਉਹ ਕੌੜਾ ਸੀ ਇਸ ਲਈ ਉਸ ਦਾ ਨਾਮ ਮਾਰਾਹ ਪੈ ਗਿਆ।
24ਉਪਰੰਤ ਪਰਜਾ ਮੂਸਾ ਦੇ ਵਿਰੁੱਧ ਬੁੜ-ਬੁੜਾਉਣ ਲੱਗੀ ਕਿ ਅਸੀਂ ਕੀ ਪੀਈਏ?
25ਤਾਂ ਉਸ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਯਹੋਵਾਹ ਨੇ ਉਸ ਨੂੰ ਇੱਕ ਬਿਰਛ ਵਿਖਾਲਿਆ। ਉਸ ਨੇ ਉਹ ਨੂੰ ਪਾਣੀ ਵਿੱਚ ਸੁੱਟਿਆ ਤਾਂ ਪਾਣੀ ਮਿੱਠਾ ਹੋ ਗਿਆ। ਉੱਥੇ ਉਸ ਨੇ ਉਨ੍ਹਾਂ ਲਈ ਇੱਕ ਬਿਧੀ ਅਤੇ ਕਨੂੰਨ ਠਹਿਰਾਇਆ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਪਰਖ ਲਿਆ
26ਅਤੇ ਉਸ ਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਸੁਣੋਗੇ ਅਤੇ ਜਿਹੜਾ ਉਸ ਦੀਆਂ ਅੱਖਾਂ ਵਿੱਚ ਭਲਾ ਹੈ ਤੁਸੀਂ ਉਹ ਕਰੋਗੇ ਅਤੇ ਉਸ ਦੇ ਹੁਕਮਾਂ ਉੱਤੇ ਕੰਨ ਲਾਓਗੇ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਨੂੰ ਮੰਨੋਗੇ ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ ਕਿਉਂ ਜੋ ਮੈਂ ਯਹੋਵਾਹ ਤੁਹਾਨੂੰ ਨਰੋਇਆ ਕਰਨ ਵਾਲਾ ਹਾਂ।
27ਫਿਰ ਉਹ ਏਲਿਮ ਨੂੰ ਆਏ ਜਿੱਥੇ ਪਾਣੀ ਦੇ ਬਾਰਾਂ ਸੋਤੇ ਅਤੇ ਸੱਤਰ ਖਜ਼ੂਰ ਦੇ ਬਿਰਛ ਸਨ ਅਤੇ ਉਨ੍ਹਾਂ ਨੇ ਉੱਥੇ ਪਾਣੀ ਕੋਲ ਡੇਰੇ ਲਾਏ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath