ਈਸਾਈ
ਪਿੱਛੇ

ਕੂਚ 14

1ਯਹੋਵਾਹ ਮੂਸਾ ਨਾਲ ਬੋਲਿਆ,

2ਇਸਰਾਏਲੀਆਂ ਨੂੰ ਆਖ ਕਿ ਉਹ ਮੁੜ ਜਾਣ ਅਤੇ ਪੀ-ਹਹੀਰੋਥ ਦੇ ਸਾਹਮਣੇ ਮਿਗਦੋਲ ਅਤੇ ਸਮੁੰਦਰ ਦੇ ਵਿਚਕਾਰ ਬਆਲ-ਸਫ਼ੋਨ ਦੇ ਸਾਹਮਣੇ ਡੇਰਾ ਲਾਉਣ। ਉਸ ਦੇ ਸਾਹਮਣੇ ਸਮੁੰਦਰ ਦੇ ਕੋਲ ਡੇਰਾ ਲਾਓ।

3ਫ਼ਿਰਊਨ ਇਸਰਾਏਲੀਆਂ ਲਈ ਆਖੇਗਾ ਕਿ ਉਹ ਧਰਤੀ ਵਿੱਚ ਫਸ ਗਏ ਹਨ ਅਤੇ ਉਜਾੜ ਨੇ ਉਨ੍ਹਾਂ ਨੂੰ ਰੋਕ ਲਿਆ ਹੈ।

4ਮੈਂ ਫ਼ਿਰਊਨ ਦੇ ਮਨ ਨੂੰ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦਾ ਪਿੱਛਾ ਕਰੇਗਾ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਤੋਂ ਆਦਰ ਪਾਵਾਂਗਾ ਤਾਂ ਜੋ ਮਿਸਰੀ ਜਾਣਨ ਕਿ ਮੈਂ ਯਹੋਵਾਹ ਹਾਂ। ਫੇਰ ਉਨ੍ਹਾਂ ਨੇ ਉਸੇ ਤਰ੍ਹਾਂ ਹੀ ਕੀਤਾ।

5ਤਾਂ ਮਿਸਰ ਦੇ ਰਾਜੇ ਨੂੰ ਦੱਸਿਆ ਗਿਆ ਕਿ ਉਹ ਲੋਕ ਨੱਠ ਗਏ ਹਨ। ਤਾਂ ਫ਼ਿਰਊਨ ਅਤੇ ਉਸ ਦੇ ਟਹਿਲੂਆਂ ਦੇ ਮਨ ਉਨ੍ਹਾਂ ਲੋਕਾਂ ਵੱਲੋਂ ਫਿਰ ਗਏ ਅਤੇ ਉਨ੍ਹਾਂ ਨੇ ਆਖਿਆ, ਇਹ ਕੀ ਹੈ ਜੋ ਆਪਾਂ ਕੀਤਾ ਕਿ ਆਪਾਂ ਇਸਰਾਏਲ ਨੂੰ ਆਪਣੀ ਟਹਿਲ ਤੋਂ ਜਾਣ ਦਿੱਤਾ?

6ਤਾਂ ਉਸ ਨੇ ਆਪਣਾ ਰੱਥ ਜੁੜਾਇਆ ਅਤੇ ਆਪਣੀ ਪਰਜਾ ਨੂੰ ਨਾਲ ਲਿਆ

7ਨਾਲੇ ਉਸ ਨੇ ਛੇ ਸੌ ਚੁਗਵੇਂ ਰੱਥ ਅਤੇ ਮਿਸਰ ਦੇ ਬਾਕੀ ਰੱਥ ਵੀ ਲਏ ਅਤੇ ਸਾਰਿਆਂ ਉੱਤੇ ਅਫ਼ਸਰ ਬਹਾਏ।

8ਅਤੇ ਯਹੋਵਾਹ ਨੇ ਮਿਸਰ ਦੇ ਰਾਜੇ ਫ਼ਿਰਊਨ ਦਾ ਮਨ ਕਠੋਰ ਹੋਣ ਦਿੱਤਾ ਅਤੇ ਉਸ ਨੇ ਇਸਰਾਏਲੀਆਂ ਦਾ ਪਿੱਛਾ ਕੀਤਾ ਪਰ ਇਸਰਾਏਲੀ ਜ਼ਬਰਦਸਤੀ ਨਾਲ ਨਿੱਕਲਦੇ ਜਾਂਦੇ ਸਨ।

9ਅਤੇ ਮਿਸਰੀਆਂ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਫ਼ਿਰਊਨ ਦੇ ਸਾਰੇ ਘੋੜੇ ਅਤੇ ਰੱਥ ਅਤੇ ਉਸ ਦੇ ਘੋੜ ਚੜ੍ਹੇ ਅਤੇ ਉਸ ਦੀ ਫੌਜ ਉਨ੍ਹਾਂ ਦੇ ਤੰਬੂ ਲਾਉਂਦਿਆਂ ਤੇ ਸਮੁੰਦਰ ਦੇ ਕੋਲ ਅਤੇ ਪੀ-ਹਹੀਰੋਥ ਦੇ ਕੋਲ ਬਆਲ-ਸਫ਼ੋਨ ਦੇ ਸਾਹਮਣੇ ਜਾ ਟੱਕਰੀ।

10ਜਦ ਫ਼ਿਰਊਨ ਆਇਆ ਤਾਂ ਇਸਰਾਏਲੀਆਂ ਨੇ ਆਪਣੀਆਂ ਅੱਖਾਂ ਚੁੱਕੀਆਂ ਅਤੇ ਵੇਖੋ ਮਿਸਰੀ ਉਨ੍ਹਾਂ ਦੇ ਪਿੱਛੇ-ਪਿੱਛੇ ਆ ਰਹੇ ਸਨ ਤਾਂ ਉਹ ਬਹੁਤ ਹੀ ਡਰੇ ਅਤੇ ਇਸਰਾਏਲੀਆਂ ਨੇ ਯਹੋਵਾਹ ਦੇ ਅੱਗੇ ਤਰਲੇ ਕੀਤੇ।

11ਉਪਰੰਤ ਉਨ੍ਹਾਂ ਨੇ ਮੂਸਾ ਨੂੰ ਆਖਿਆ, ਕੀ ਮਿਸਰ ਵਿੱਚ ਕਬਰਾਂ ਨਹੀਂ ਸਨ ਕਿ ਤੂੰ ਸਾਨੂੰ ਮਰਨ ਲਈ ਉਜਾੜ ਵਿੱਚ ਲਿਆਇਆ ਹੈਂ? ਇਹ ਤੂੰ ਸਾਡੇ ਨਾਲ ਕੀ ਕੀਤਾ ਜੋ ਸਾਨੂੰ ਮਿਸਰੋਂ ਕੱਢ ਲਿਆਇਆ ਹੈਂ?

12ਇਹ ਉਹੋ ਹੀ ਗੱਲ ਤਾਂ ਨਹੀਂ ਜਿਹੜੀ ਅਸੀਂ ਤੈਨੂੰ ਮਿਸਰ ਵਿੱਚ ਆਖੀ ਸੀ ਕਿ ਸਾਨੂੰ ਰਹਿਣ ਦੇ ਕਿ ਅਸੀਂ ਮਿਸਰੀਆਂ ਦੀ ਟਹਿਲ ਕਰੀਏ ਕਿਉਂਕਿ ਸਾਨੂੰ ਮਿਸਰੀਆਂ ਦੀ ਟਹਿਲ ਕਰਨੀ ਉਜਾੜ ਵਿੱਚ ਮਰਨ ਨਾਲੋਂ ਚੰਗੀ ਸੀ?

13ਮੂਸਾ ਨੇ ਪਰਜਾ ਨੂੰ ਆਖਿਆ, ਨਾ ਡਰੋ, ਖੜੇ ਰਹੋ ਅਤੇ ਯਹੋਵਾਹ ਦੇ ਬਚਾਉ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਵੇਖਦੇ ਹੋ ਫੇਰ ਸਦਾ ਤੱਕ ਕਦੀ ਨਾ ਵੇਖੋਗੇ।

14ਯਹੋਵਾਹ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ।

15ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, ਤੂੰ ਕਿਉਂ ਮੇਰੇ ਤਰਲੇ ਕਰਦਾ ਹੈਂ? ਇਸਰਾਏਲੀਆਂ ਨਾਲ ਗੱਲ ਕਰ ਕਿ ਉਹ ਅੱਗੇ ਤੁਰਨ।

16ਤੂੰ ਆਪਣਾ ਢਾਂਗਾ ਚੁੱਕ ਅਤੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕਰ ਅਤੇ ਉਸ ਨੂੰ ਦੋ ਭਾਗ ਕਰ ਦੇ ਕਿ ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਥਾਂ ਥਾਣੀ ਲੰਘ ਜਾਣ।

17ਵੇਖ ਮੈਂ ਮਿਸਰੀਆਂ ਦੇ ਮਨ ਕਠੋਰ ਹੋਣ ਦੇਵਾਂਗਾ ਅਤੇ ਉਹ ਉਨ੍ਹਾਂ ਦੇ ਪਿੱਛੇ ਜਾਣਗੇ ਅਤੇ ਮੈਂ ਫ਼ਿਰਊਨ ਅਤੇ ਉਸ ਦੀ ਸਾਰੀ ਫੌਜ ਅਤੇ ਰੱਥਾਂ ਅਤੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ।

18ਜਦ ਮੈਂ ਫ਼ਿਰਊਨ ਉਸ ਦੇ ਰਥਾਂ ਅਤੇ ਉਸ ਦੇ ਘੋੜ ਚੜ੍ਹਿਆਂ ਤੋਂ ਆਦਰ ਪਾਵਾਂਗਾ ਤਦ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ।

19ਅਤੇ ਪਰਮੇਸ਼ੁਰ ਦਾ ਦੂਤ ਜਿਹੜਾ ਇਸਰਾਏਲ ਦੇ ਡੇਰੇ ਦੇ ਅੱਗੇ ਤੁਰਿਆ ਜਾਂਦਾ ਸੀ ਮੁੜਿਆ ਅਤੇ ਉਨ੍ਹਾਂ ਦੇ ਪਿੱਛੇ ਚਲਿਆ ਗਿਆ ਅਤੇ ਬੱਦਲ ਦਾ ਥੰਮ੍ਹ ਉਨ੍ਹਾਂ ਦੇ ਅੱਗੋਂ ਮੁੜ ਕੇ ਪਿੱਛੇ ਆ ਖੜਾ ਹੋਇਆ।

20ਉਹ ਮਿਸਰੀਆਂ ਦੇ ਡੇਰੇ ਅਤੇ ਇਸਰਾਏਲ ਦੇ ਡੇਰੇ ਦੇ ਵਿੱਚ ਆ ਗਿਆ ਅਤੇ ਬੱਦਲ ਅਤੇ ਅਨ੍ਹੇਰ ਤਾਂ ਸੀ ਪਰ ਉਸ ਨੇ ਰਾਤ ਨੂੰ ਚਾਨਣਾ ਕਰ ਦਿੱਤਾ ਅਤੇ ਉਹ ਸਾਰੀ ਰਾਤ ਇੱਕ ਦੂਜੇ ਦੇ ਨੇੜੇ ਨਾ ਆਏ।

21ਤਾਂ ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਯਹੋਵਾਹ ਨੇ ਤੇਜ ਪੁਰੇ ਦੀ ਹਵਾ ਸਾਰੀ ਰਾਤ ਵਗਾ ਕੇ ਸਮੁੰਦਰ ਨੂੰ ਪਿੱਛੇ ਹਟਾ ਦਿੱਤਾ ਅਤੇ ਸਮੁੰਦਰ ਨੂੰ ਸੁਕਾ ਦਿੱਤਾ ਅਤੇ ਪਾਣੀ ਦੋ ਭਾਗ ਹੋ ਗਏ।

22ਇਸਰਾਏਲੀ ਸਮੁੰਦਰ ਦੇ ਵਿੱਚ ਦੀ ਸੁੱਕੀ ਜ਼ਮੀਨ ਉੱਤੋਂ ਦੀ ਆਏ ਅਤੇ ਉਨ੍ਹਾਂ ਦੇ ਸੱਜੇ ਖੱਬੇ ਪਾਣੀ ਕੰਧ ਵਾਂਗੂੰ ਸਨ।

23ਮਿਸਰੀਆਂ ਨੇ ਪਿੱਛਾ ਕੀਤਾ ਅਤੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਫ਼ਿਰਊਨ ਦੇ ਸਾਰੇ ਘੋੜੇ ਅਤੇ ਉਸ ਦੇ ਰੱਥ ਅਤੇ ਘੋੜ ਚੜ੍ਹੇ ਸਮੁੰਦਰ ਵਿੱਚ ਆ ਗਏ।

24ਤਾਂ ਇਸ ਤਰ੍ਹਾਂ ਹੋਇਆ ਕਿ ਸਵੇਰ ਦੇ ਪਹਿਰ ਯਹੋਵਾਹ ਨੇ ਮਿਸਰੀਆਂ ਦੇ ਡੇਰੇ ਨੂੰ ਅੱਗ ਅਤੇ ਬੱਦਲ ਦੇ ਥੰਮ੍ਹ ਦੇ ਵਿੱਚੋਂ ਦੀ ਡਿੱਠਾ ਅਤੇ ਮਿਸਰੀਆਂ ਦੇ ਡੇਰੇ ਨੂੰ ਗੜਬੜਾਹਟ ਵਿੱਚ ਪਾ ਦਿੱਤਾ।

25ਅਤੇ ਉਨ੍ਹਾਂ ਦੇ ਰੱਥ ਦੇ ਪਹੀਏ ਲਾਹ ਸੁੱਟੇ ਕਿਉਂ ਜੋ ਉਹ ਭਾਰੀ ਚੱਲਦੇ ਸਨ। ਸੋ ਮਿਸਰੀਆਂ ਨੇ ਆਖਿਆ, ਅਸੀਂ ਇਸਰਾਏਲ ਦੇ ਅੱਗੋਂ ਨੱਠ ਚੱਲੀਏ ਕਿਉਂਕਿ ਯਹੋਵਾਹ ਉਨ੍ਹਾਂ ਲਈ ਮਿਸਰੀਆਂ ਦੇ ਵਿਰੁੱਧ ਲੜਦਾ ਹੈ।

26ਫੇਰ ਯਹੋਵਾਹ ਨੇ ਮੂਸਾ ਨੂੰ ਆਖਿਆ, ਆਪਣੇ ਹੱਥ ਸਮੁੰਦਰ ਉੱਤੇ ਲੰਮਾ ਕਰ ਤਾਂ ਜੋ ਪਾਣੀ ਮਿਸਰੀਆਂ ਉੱਤੇ, ਉਨ੍ਹਾਂ ਦੇ ਰਥਾਂ ਉੱਤੇ ਅਤੇ ਉਨ੍ਹਾਂ ਦੇ ਘੋੜ ਚੜ੍ਹਿਆਂ ਉੱਤੇ ਮੁੜ ਆਉਣ।

27ਮੂਸਾ ਨੇ ਆਪਣਾ ਹੱਥ ਸਮੁੰਦਰ ਉੱਤੇ ਲੰਮਾ ਕੀਤਾ ਅਤੇ ਪਹੁ ਫਟਣ ਵੇਲੇ ਸਮੁੰਦਰ ਆਪਣੇ ਪਹਿਲੇ ਬਲ ਨਾਲ ਮੁੜਿਆ ਅਤੇ ਮਿਸਰੀ ਉਸ ਦੀ ਵੱਲੋਂ ਨੱਠੇ ਪਰ ਯਹੋਵਾਹ ਨੇ ਮਿਸਰੀਆਂ ਨੂੰ ਸਮੁੰਦਰ ਦੇ ਵਿੱਚ ਛੰਡ ਸੁੱਟਿਆ।

28ਉਪਰੰਤ ਪਾਣੀ ਮੁੜੇ ਅਤੇ ਉਨ੍ਹਾਂ ਨੇ ਰੱਥ ਅਤੇ ਘੋੜ ਚੜ੍ਹੇ ਅਤੇ ਫ਼ਿਰਊਨ ਦੀ ਸਾਰੀ ਫੌਜ ਜਿਹੜੀ ਉਨ੍ਹਾਂ ਦੇ ਮਗਰ ਸਮੁੰਦਰ ਵਿੱਚ ਆਈ ਸੀ ਢੱਕ ਲਈ ਅਤੇ ਉਨ੍ਹਾਂ ਵਿੱਚੋਂ ਇੱਕ ਵੀ ਨਾ ਬਚਿਆ।

29ਪਰ ਇਸਰਾਏਲੀ ਖੁਸ਼ਕੀ ਉੱਤੋਂ ਸਮੁੰਦਰ ਦੇ ਵਿੱਚ ਦੀ ਚੱਲਦੇ ਗਏ ਅਤੇ ਪਾਣੀ ਉਨ੍ਹਾਂ ਦੇ ਸੱਜੇ ਖੱਬੇ ਕੰਧ ਵਾਂਗੂੰ ਸਨ।

30ਸੋ ਉਸ ਦਿਨ ਯਹੋਵਾਹ ਨੇ ਇਸਰਾਏਲ ਨੂੰ ਮਿਸਰੀਆਂ ਦੇ ਹੱਥੋਂ ਇਸ ਤਰ੍ਹਾਂ ਬਚਾਇਆ ਅਤੇ ਇਸਰਾਏਲ ਨੇ ਮਿਸਰੀਆਂ ਦੇ ਮੁਰਦੇ ਸਮੁੰਦਰ ਦੇ ਕੰਢੇ ਉੱਤੇ ਵੇਖੇ।

31ਇਸ ਤਰ੍ਹਾਂ ਇਸਰਾਏਲ ਨੇ ਉਹ ਵੱਡਾ ਕੰਮ ਵੇਖਿਆ ਜਿਹੜਾ ਯਹੋਵਾਹ ਨੇ ਮਿਸਰੀਆਂ ਦੇ ਵਿਰੁੱਧ ਕੀਤਾ ਸੀ ਤਾਂ ਲੋਕ ਯਹੋਵਾਹ ਕੋਲੋਂ ਡਰ ਗਏ ਅਤੇ ਉਨ੍ਹਾਂ ਨੇ ਯਹੋਵਾਹ ਉੱਤੇ ਅਤੇ ਉਸ ਦੇ ਦਾਸ ਮੂਸਾ ਉੱਤੇ ਪਰਤੀਤ ਕੀਤੀ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath