ਅਸਤਰ 9
1ਹੁਣ ਅਦਾਰ ਨਾਮਕ ਬਾਰ੍ਹਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ, ਜਦ ਰਾਜਾ ਦੇ ਹੁਕਮ ਅਤੇ ਨਿਯਮ ਉੱਤੇ ਕੰਮ ਕਰਨ ਦਾ ਸਮਾਂ ਨਜ਼ਦੀਕ ਆਇਆ, ਤਾਂ ਯਹੂਦੀਆਂ ਦੇ ਵੈਰੀਆਂ ਨੂੰ ਆਸ ਸੀ ਕਿ ਉਹ ਉਹਨਾਂ ਨੂੰ ਦਬਾ ਲੈਣਗੇ, ਪਰ ਹੋਇਆ ਇਸ ਦੇ ਉਲਟ ਅਤੇ ਯਹੂਦੀਆਂ ਨੇ ਉਨ੍ਹਾਂ ਤੋਂ ਨਫ਼ਰਤ ਕਰਨ ਵਾਲਿਆਂ ਨੂੰ ਦਬਾ ਲਿਆ।
2ਉਸ ਦਿਨ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਯਹੂਦੀ ਆਪੋ-ਆਪਣਿਆਂ ਸ਼ਹਿਰਾਂ ਵਿੱਚ ਇਕੱਠੇ ਹੋਏ, ਤਾਂ ਕਿ ਜੋ ਉਨ੍ਹਾਂ ਦਾ ਨਾਸ ਕਰਨਾ ਚਾਹੁੰਦੇ ਸਨ, ਉਨ੍ਹਾਂ ਉੱਤੇ ਹਮਲਾ ਕਰਨ। ਕੋਈ ਵੀ ਮਨੁੱਖ ਉਨ੍ਹਾਂ ਦਾ ਸਾਹਮਣਾ ਨਾ ਕਰ ਸਕਿਆ ਕਿਉਂਕਿ ਉਨ੍ਹਾਂ ਦਾ ਭੈਅ ਸਾਰੀਆਂ ਜਾਤੀਆਂ ਉੱਤੇ ਛਾ ਗਿਆ ਸੀ।
3ਸਗੋਂ ਸੂਬਿਆਂ ਦੇ ਸਾਰੇ ਹਾਕਮਾਂ ਅਤੇ ਅਧਿਕਾਰੀਆਂ ਅਤੇ ਪ੍ਰਧਾਨਾਂ ਅਤੇ ਰਾਜਾ ਦੇ ਕਰਮਚਾਰੀਆਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ, ਕਿਉਂਕਿ ਮਾਰਦਕਈ ਦਾ ਭੈਅ ਉਨ੍ਹਾਂ ਉੱਤੇ ਛਾ ਗਿਆ ਸੀ।
4ਮਾਰਦਕਈ ਸ਼ਾਹੀ ਮਹਿਲ ਵਿੱਚ ਬਹੁਤ ਹੀ ਆਦਰਯੋਗ ਸੀ ਅਤੇ ਉਹ ਸਾਰਿਆਂ ਸੂਬਿਆਂ ਵਿੱਚ ਪ੍ਰਸਿੱਧ ਹੋ ਗਿਆ, ਸਗੋਂ ਮਾਰਦਕਈ ਦੀ ਪ੍ਰਸਿੱਧੀ ਵੱਧਦੀ ਹੀ ਗਈ।
5ਇਸ ਤਰ੍ਹਾਂ ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਤਲਵਾਰ ਦੀ ਧਾਰ ਨਾਲ ਮਾਰ ਕੇ ਨਾਸ ਕਰ ਦਿੱਤਾ, ਮਿਟਾ ਦਿੱਤਾ ਅਤੇ ਆਪਣੇ ਸਾਰੇ ਵੈਰੀਆਂ ਨਾਲ ਆਪਣੀ ਇੱਛਾ ਅਨੁਸਾਰ ਵਰਤਾਉ ਕੀਤਾ।
6ਸ਼ੂਸ਼ਨ ਦੇ ਮਹਿਲ ਵਿੱਚ ਯਹੂਦੀਆਂ ਨੇ ਪੰਜ ਸੌ ਮਨੁੱਖਾਂ ਨੂੰ ਮਾਰ ਕੇ ਨਾਸ ਕਰ ਦਿੱਤਾ।
7ਉਨ੍ਹਾਂ ਨੇ ਪਰਸ਼ਨਦਾਥਾ, ਦਿਲਫੋਨ, ਅਸਪਾਥਾ,
8ਪੋਰਾਥਾ, ਅਦਲਯਾ, ਅਰੀਦਾਥਾ,
9ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਥਾ
10ਅਰਥਾਤ ਹਮਦਾਥਾ ਦੇ ਪੁੱਤਰ ਹਾਮਾਨ ਦੇ ਦਸੇ ਪੁੱਤਰਾਂ ਨੂੰ, ਜੋ ਯਹੂਦੀਆਂ ਦਾ ਵੈਰੀ ਸੀ, ਕਤਲ ਕੀਤਾ ਪਰ ਉਨ੍ਹਾਂ ਦੇ ਮਾਲ ਧਨ ਨੂੰ ਹੱਥ ਨਾ ਲਾਇਆ।
11ਉਸੇ ਦਿਨ ਜਿਹੜੇ ਸ਼ੂਸ਼ਨ ਦੇ ਮਹਿਲ ਵਿੱਚ ਮਾਰੇ ਗਏ ਸਨ, ਉਨ੍ਹਾਂ ਦੀ ਗਿਣਤੀ ਰਾਜਾ ਨੂੰ ਦੱਸੀ ਗਈ।
12ਤਦ ਰਾਜਾ ਨੇ ਰਾਣੀ ਅਸਤਰ ਨੂੰ ਕਿਹਾ, “ਸ਼ੂਸ਼ਨ ਦੇ ਮਹਿਲ ਵਿੱਚ ਹੀ ਯਹੂਦੀਆਂ ਨੇ ਪੰਜ ਸੌ ਮਨੁੱਖ ਅਤੇ ਹਾਮਾਨ ਦੇ ਦਸੇ ਪੁੱਤਰਾਂ ਨੂੰ ਵੀ ਮਾਰ ਕੇ ਨਾਸ ਕਰ ਦਿੱਤਾ ਹੈ, ਤਾਂ ਫਿਰ ਰਾਜ ਦੇ ਬਾਕੀ ਸੂਬਿਆਂ ਵਿੱਚ ਉਨ੍ਹਾਂ ਨੇ ਕੀ ਕੁਝ ਨਾ ਕੀਤਾ ਹੋਵੇਗਾ! ਹੁਣ ਤੇਰੀ ਹੋਰ ਕੀ ਬੇਨਤੀ ਹੈ? ਉਹ ਵੀ ਪੂਰੀ ਕੀਤੀ ਜਾਵੇਗੀ।”
13ਤਦ ਅਸਤਰ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਤਾਂ ਸ਼ੂਸ਼ਨ ਵਿੱਚ ਰਹਿਣ ਵਾਲੇ ਯਹੂਦੀਆਂ ਨੂੰ ਅੱਜ ਦੀ ਤਰ੍ਹਾਂ ਕੱਲ ਵੀ ਕਰਨ ਦਾ ਹੁਕਮ ਦਿੱਤਾ ਜਾਵੇ, ਅਤੇ ਹਾਮਾਨ ਦੇ ਦਸੇ ਪੁੱਤਰ ਫਾਂਸੀ ਦੇ ਕੇ ਲਟਕਾਏ ਜਾਣ!”
14ਤਾਂ ਰਾਜਾ ਨੇ ਹੁਕਮ ਦਿੱਤਾ, “ਇਸੇ ਤਰ੍ਹਾਂ ਹੀ ਕੀਤਾ ਜਾਵੇ।” ਇਹ ਹੁਕਮ ਸ਼ੂਸ਼ਨ ਵਿੱਚ ਦਿੱਤਾ ਗਿਆ ਅਤੇ ਹਾਮਾਨ ਦੇ ਦਸੇ ਪੁੱਤਰ ਫਾਂਸੀ ਦੇ ਕੇ ਲਟਕਾ ਦਿੱਤੇ ਗਏ।
15ਅਤੇ ਉਨ੍ਹਾਂ ਯਹੂਦੀਆਂ ਨੇ ਜਿਹੜੇ ਸ਼ੂਸ਼ਨ ਵਿੱਚ ਸਨ, ਅਦਾਰ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਵੀ ਇਕੱਠੇ ਹੋ ਕੇ ਸ਼ੂਸ਼ਨ ਵਿੱਚ ਤਿੰਨ ਸੌ ਮਨੁੱਖਾਂ ਨੂੰ ਮਾਰ ਦਿੱਤਾ, ਪਰ ਉਨ੍ਹਾਂ ਦੇ ਮਾਲ ਧਨ ਨੂੰ ਹੱਥ ਨਾ ਲਾਇਆ।
16ਅਤੇ ਰਾਜ ਦੇ ਹੋਰ ਸੂਬਿਆਂ ਵਿੱਚ ਵੀ ਯਹੂਦੀ ਇਕੱਠੇ ਹੋਏ ਅਤੇ ਆਪਣੀਆਂ ਜਾਨਾਂ ਬਚਾਉਣ ਲਈ ਖੜ੍ਹੇ ਹੋ ਗਏ, ਅਤੇ ਆਪਣੇ ਵੈਰੀਆਂ ਵਿੱਚੋਂ ਪੰਝੱਤਰ ਹਜ਼ਾਰ ਨੂੰ ਮਾਰ ਕੇ ਆਪਣੇ ਵੈਰੀਆਂ ਤੋਂ ਅਰਾਮ ਪਾਇਆ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਲਾਇਆ।
17ਅਜਿਹਾ ਉਨ੍ਹਾਂ ਨੇ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਕੀਤਾ, ਅਤੇ ਚੌਧਵੀਂ ਤਾਰੀਖ਼ ਨੂੰ ਉਨ੍ਹਾਂ ਨੇ ਅਰਾਮ ਕੀਤਾ ਅਤੇ ਉਸ ਦਿਨ ਨੂੰ ਦਾਵਤ ਅਤੇ ਅਨੰਦ ਕਰਨ ਦਾ ਦਿਨ ਠਹਿਰਾਇਆ।
18ਪਰ ਉਹ ਯਹੂਦੀ ਜਿਹੜੇ ਸ਼ੂਸ਼ਨ ਵਿੱਚ ਸਨ, ਉਹ ਅਦਾਰ ਮਹੀਨੇ ਦੀ ਤੇਰ੍ਹਵੀਂ ਅਤੇ ਚੌਧਵੀਂ ਤਾਰੀਖ਼ ਨੂੰ ਇਕੱਠੇ ਹੋਏ ਅਤੇ ਉਸੇ ਮਹੀਨੇ ਦੀ ਪੰਦਰਵੀਂ ਤਾਰੀਖ਼ ਨੂੰ ਅਰਾਮ ਕੀਤਾ ਅਤੇ ਉਸ ਦਿਨ ਨੂੰ ਦਾਵਤ ਅਤੇ ਅਨੰਦ ਕਰਨ ਦਾ ਦਿਨ ਠਹਿਰਾਇਆ।
19ਇਸ ਲਈ ਪਿੰਡਾਂ ਦੇ ਯਹੂਦੀ ਜਿਹੜੇ ਬਿਨ੍ਹਾਂ ਸ਼ਹਿਰਪਨਾਹ ਵਾਲੇ ਪਿੰਡਾਂ ਵਿੱਚ ਰਹਿੰਦੇ ਹਨ, ਉਹ ਅਦਾਰ ਮਹੀਨੇ ਦੀ ਚੌਧਵੀਂ ਤਾਰੀਖ਼ ਨੂੰ ਅਨੰਦ ਅਤੇ ਖੁਸ਼ੀ ਅਤੇ ਦਾਵਤ ਅਤੇ ਇੱਕ ਦੂਸਰੇ ਨੂੰ ਸੁਗਾਤਾਂ ਭੇਜਣ ਦਾ ਦਿਨ ਕਰਕੇ ਮੰਨਦੇ ਹਨ।
20ਮਾਰਦਕਈ ਨੇ ਇਨ੍ਹਾਂ ਗੱਲਾਂ ਨੂੰ ਵਿਸਥਾਰ ਨਾਲ ਲਿਖ ਕੇ, ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ, ਭਾਵੇਂ ਨਜ਼ਦੀਕ ਅਤੇ ਭਾਵੇਂ ਦੂਰ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ,
21ਤਾਂ ਜੋ ਇਸ ਗੱਲ ਨੂੰ ਕਾਇਮ ਕਰੇ ਕਿ ਉਹ ਅਦਾਰ ਮਹੀਨੇ ਦੇ ਚੌਧਵੇਂ ਅਤੇ ਪੰਦਰਵੇਂ ਦਿਨ ਨੂੰ ਹਰ ਸਾਲ ਮਨਾਇਆ ਕਰਨ।
22ਕਿਉਂਕਿ ਇਹ ਹੀ ਉਹ ਦਿਨ ਸਨ, ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣਿਆਂ ਵੈਰੀਆਂ ਤੋਂ ਅਰਾਮ ਮਿਲਿਆ, ਅਤੇ ਇਸ ਮਹੀਨੇ ਵਿੱਚ ਉਨ੍ਹਾਂ ਦਾ ਗ਼ਮ ਅਨੰਦ ਵਿੱਚ ਅਤੇ ਰੋਣਾ-ਪਿੱਟਣਾ ਖੁਸ਼ੀ ਦੇ ਦਿਨ ਵਿੱਚ ਬਦਲ ਗਿਆ। ਇਸ ਲਈ ਉਹ ਇਸ ਦਿਨ ਨੂੰ ਦਾਵਤ, ਅਨੰਦ, ਅਤੇ ਇੱਕ ਦੂਜੇ ਨੂੰ ਸੁਗਾਤਾਂ ਭੇਜਣ ਦਾ ਦਿਨ ਅਤੇ ਗਰੀਬਾਂ ਨੂੰ ਦਾਨ ਦੇਣ ਦਾ ਦਿਨ ਕਰਕੇ ਮਨਾਉਣ।
23ਅਤੇ ਜਿਵੇਂ ਯਹੂਦੀਆਂ ਨੇ ਇਸ ਦਿਨ ਨੂੰ ਮਨਾਉਣਾ ਸ਼ੁਰੂ ਕੀਤਾ ਸੀ ਅਤੇ ਜਿਵੇਂ ਮਾਰਦਕਈ ਨੇ ਉਨ੍ਹਾਂ ਨੂੰ ਲਿਖਿਆ ਸੀ, ਉਸੇ ਤਰ੍ਹਾਂ ਹੀ ਇਸ ਰੀਤ ਨੂੰ ਮਨਾਉਣਾ ਸਵੀਕਾਰ ਕਰ ਲਿਆ,
24ਕਿਉਂਕਿ ਅਗਾਗੀ ਹਮਦਾਥਾ ਦਾ ਪੁੱਤਰ ਹਾਮਾਨ ਜੋ ਸਾਰੇ ਯਹੂਦੀਆਂ ਦਾ ਵੈਰੀ ਸੀ, ਉਸਨੇ ਯਹੂਦੀਆਂ ਦਾ ਨਾਸ ਕਰਨ ਦੀ ਯੋਜਨਾ ਬਣਾਈ ਸੀ ਅਤੇ ਇਸ ਲਈ “ਪੂਰ” ਅਰਥਾਤ ਪਰਚੀਆਂ ਪਾਈਆਂ ਸਨ, ਤਾਂ ਜੋ ਉਨ੍ਹਾਂ ਨੂੰ ਦੁੱਖ ਦੇਵੇ ਅਤੇ ਮਿਟਾ ਦੇਵੇ।
25ਪਰ ਜਦ ਇਹ ਮਾਮਲਾ ਰਾਜਾ ਦੇ ਸਾਹਮਣੇ ਆਇਆ ਤਾਂ ਉਸ ਨੇ ਹੁਕਮਨਾਮੇ ਲਿਖਵਾ ਕੇ ਹੁਕਮ ਜਾਰੀ ਕੀਤਾ ਕਿ ਜੋ ਦੁਸ਼ਟ ਯੋਜਨਾ ਹਾਮਾਨ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ, ਉਹ ਉਲਟਾ ਉਸ ਦੇ ਹੀ ਸਿਰ ਉੱਤੇ ਹੀ ਪਵੇ, ਤਦ ਉਹ ਅਤੇ ਉਸ ਦੇ ਪੁੱਤਰ ਫਾਂਸੀ ਦੇ ਕੇ ਲਟਕਾਏ ਗਏ।
26ਇਸੇ ਕਰਕੇ ਉਨ੍ਹਾਂ ਨੇ “ਪੂਰ” ਸ਼ਬਦ ਤੋਂ ਇਨ੍ਹਾਂ ਦਿਨਾਂ ਦਾ ਨਾਮ ਪੂਰੀਮ ਰੱਖਿਆ। ਇਸ ਚਿੱਠੀ ਦੀਆਂ ਸਾਰੀਆਂ ਗੱਲਾਂ ਦੇ ਕਾਰਨ, ਅਤੇ ਉਸ ਸਭ ਦੇ ਕਾਰਨ ਜੋ ਉਨ੍ਹਾਂ ਨੇ ਵੇਖਿਆ ਸੀ ਅਤੇ ਜੋ ਕੁਝ ਉਨ੍ਹਾਂ ਨਾਲ ਬੀਤਿਆ ਸੀ,
27ਯਹੂਦੀਆਂ ਨੇ ਆਪਣੇ ਲਈ, ਆਪਣੇ ਬੱਚਿਆਂ ਲਈ ਅਤੇ ਉਨ੍ਹਾਂ ਸਾਰਿਆਂ ਲਈ ਜਿਹੜੇ ਉਨ੍ਹਾਂ ਦੇ ਨਾਲ ਮਿਲ ਗਏ ਸਨ, ਇਹ ਗੱਲ ਪੱਕੀ ਕਰਕੇ ਸਵੀਕਾਰ ਕਰ ਲਈ ਤਾਂ ਜੋ ਇਹ ਅਟੱਲ ਹੋ ਜਾਵੇ ਕਿ ਉਹ ਇਹਨਾਂ ਦੋਹਾਂ ਦਿਨਾਂ ਨੂੰ ਆਪਣੀ ਲਿਖਤ ਦੇ ਅਨੁਸਾਰ ਠਹਿਰਾਏ ਹੋਏ ਸਮੇਂ ਉੱਤੇ ਹਰ ਸਾਲ ਮਨਾਉਣਗੇ।
28ਅਤੇ ਇਹ ਦਿਨ ਪੀੜ੍ਹੀਓਂ ਪੀੜ੍ਹੀ, ਹਰੇਕ ਘਰਾਣੇ, ਹਰੇਕ ਸੂਬੇ, ਅਤੇ ਹਰੇਕ ਸ਼ਹਿਰ ਵਿੱਚ ਯਾਦ ਰੱਖ ਕੇ ਮਨਾਏ ਜਾਣਗੇ ਅਤੇ ਪੂਰੀਮ ਦੇ ਇਹ ਦਿਨ ਯਹੂਦੀਆਂ ਵਿੱਚੋਂ ਕਦੇ ਵੀ ਨਾ ਮਿੱਟਣਗੇ ਅਤੇ ਨਾ ਹੀ ਉਨ੍ਹਾਂ ਦੀ ਯਾਦ ਉਹਨਾਂ ਦੇ ਵੰਸ਼ ਵਿੱਚੋਂ ਕਦੀ ਜਾਵੇਗੀ।
29ਤਾਂ ਅਬੀਹੈਲ ਦੀ ਧੀ ਰਾਣੀ ਅਸਤਰ ਅਤੇ ਮਾਰਦਕਈ ਯਹੂਦੀ ਨੇ ਪੂਰੀਮ ਦੇ ਵਿਖੇ ਇਹ ਦੂਸਰੀ ਚਿੱਠੀ ਪੂਰੇ ਅਧਿਕਾਰ ਨਾਲ ਲਿਖੀ।
30ਅਤੇ ਇਸ ਦੀਆਂ ਨਕਲਾਂ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਇੱਕ ਸੌ ਸਤਾਈ ਸੂਬਿਆਂ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਭੇਜੀਆਂ, ਜਿਨ੍ਹਾਂ ਵਿੱਚ ਸ਼ਾਂਤੀ ਅਤੇ ਸਚਿਆਈ ਦੀਆਂ ਗੱਲਾਂ ਲਿਖੀਆਂ ਸਨ,
31ਤਾਂ ਜੋ ਪੂਰੀਮ ਦੇ ਇਹਨਾਂ ਦਿਨਾਂ ਨੂੰ ਉਨ੍ਹਾਂ ਦੇ ਠਹਿਰਾਏ ਹੋਏ ਸਮੇਂ ਤੇ ਅਤੇ ਜਿਵੇਂ ਮਾਰਦਕਈ ਯਹੂਦੀ ਅਤੇ ਰਾਣੀ ਅਸਤਰ ਨੇ ਹੁਕਮ ਦਿੱਤਾ ਸੀ ਅਤੇ ਜਿਵੇਂ ਯਹੂਦੀਆਂ ਨੇ ਆਪਣੇ ਲਈ ਤੇ ਆਪਣੇ ਬੱਚਿਆਂ ਲਈ ਪੱਕਾ ਕਰਕੇ ਇਸ ਨੂੰ ਕਾਇਮ ਕਰ ਲਿਆ ਸੀ, ਉਸੇ ਅਨੁਸਾਰ ਵਰਤ ਰੱਖਣ ਅਤੇ ਵਿਰਲਾਪ ਕੀਤੇ ਜਾਣ।
32ਪੂਰੀਮ ਦੇ ਵਿਖੇ ਇਹ ਨਿਯਮ ਅਸਤਰ ਦੇ ਹੁਕਮ ਅਨੁਸਾਰ ਪੱਕੇ ਕੀਤੇ ਗਏ, ਅਤੇ ਇਹ ਗੱਲਾਂ ਪੁਸਤਕ ਵਿੱਚ ਲਿਖੀਆਂ ਗਈਆਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath