ਅਸਤਰ 8
1ਉਸੇ ਦਿਨ ਰਾਜਾ ਅਹਸ਼ਵੇਰੋਸ਼ ਨੇ ਯਹੂਦੀਆਂ ਦੇ ਵਿਰੋਧੀ ਹਾਮਾਨ ਦਾ ਘਰ ਰਾਣੀ ਅਸਤਰ ਨੂੰ ਦੇ ਦਿੱਤਾ। ਮਾਰਦਕਈ ਰਾਜਾ ਦੇ ਸਾਹਮਣੇ ਆਇਆ ਕਿਉਂਕਿ ਅਸਤਰ ਨੇ ਰਾਜਾ ਨੂੰ ਦੱਸ ਦਿੱਤਾ ਸੀ ਕਿ ਉਸ ਦੇ ਨਾਲ ਅਸਤਰ ਦਾ ਕੀ ਰਿਸ਼ਤਾ ਸੀ।
2ਤਦ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਜਿਹੜੀ ਉਸ ਨੇ ਹਾਮਾਨ ਤੋਂ ਲੈ ਲਈ ਸੀ, ਉਤਾਰ ਕੇ ਮਾਰਦਕਈ ਨੂੰ ਦੇ ਦਿੱਤੀ ਅਤੇ ਅਸਤਰ ਨੇ ਮਾਰਦਕਈ ਨੂੰ ਹਾਮਾਨ ਦੇ ਘਰ ਉੱਤੇ ਨਿਯੁਕਤ ਕਰ ਦਿੱਤਾ।
3ਫਿਰ ਅਸਤਰ ਨੇ ਦੂਜੀ ਵਾਰੀ ਰਾਜਾ ਦੇ ਨਾਲ ਗੱਲ ਕੀਤੀ ਅਤੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਅਤੇ ਰੋ-ਰੋ ਕੇ ਉਸ ਦੇ ਅੱਗੇ ਮਿੰਨਤ ਕੀਤੀ ਕਿ ਉਹ ਹਾਮਾਨ ਅਗਾਗੀ ਦੀ ਬੁਰਿਆਈ ਦੀ ਯੋਜਨਾ ਨੂੰ ਜਿਹੜੀ ਉਸ ਨੇ ਯਹੂਦੀਆਂ ਦੇ ਵਿਰੁੱਧ ਬਣਾਈ ਸੀ, ਰੱਦ ਕਰ ਦੇਵੇ।
4ਫਿਰ ਰਾਜਾ ਨੇ ਅਸਤਰ ਦੇ ਵੱਲ ਸੋਨੇ ਦਾ ਆੱਸਾ ਵਧਾਇਆ ਤਾਂ ਅਸਤਰ ਉੱਠ ਕੇ ਰਾਜਾ ਦੇ ਸਾਹਮਣੇ ਜਾ ਖੜ੍ਹੀ ਹੋ ਗਈ।
5ਫਿਰ ਉਸ ਨੇ ਕਿਹਾ, “ਜੇਕਰ ਰਾਜਾ ਨੂੰ ਸਵੀਕਾਰ ਹੋਵੇ ਅਤੇ ਜੇਕਰ ਉਹ ਮੇਰੇ ਤੋਂ ਪ੍ਰਸੰਨ ਹੈ ਅਤੇ ਜੇ ਇਹ ਗੱਲ ਰਾਜਾ ਨੂੰ ਵੀ ਠੀਕ ਲੱਗੇ ਅਤੇ ਜੇਕਰ ਮੈਂ ਵੀ ਉਸ ਦੀ ਨਿਗਾਹ ਵਿੱਚ ਚੰਗੀ ਹਾਂ, ਤਾਂ ਉਹ ਹੁਕਮਨਾਮੇ ਜਿਹੜੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੇ ਰਾਜਾ ਦੇ ਸਾਰੇ ਸੂਬਿਆਂ ਵਿੱਚ ਯਹੂਦੀਆਂ ਨੂੰ ਨਾਸ ਕਰਨ ਦੀ ਯੋਜਨਾ ਬਣਾ ਕੇ ਲਿਖਵਾਏ ਸਨ, ਉਨ੍ਹਾਂ ਨੂੰ ਬਦਲਣ ਲਈ ਲਿਖਿਆ ਜਾਵੇ।
6ਕਿਉਂਕਿ ਮੈਂ ਉਸ ਬੁਰਿਆਈ ਨੂੰ ਜਿਹੜੀ ਮੇਰੇ ਲੋਕਾਂ ਉੱਤੇ ਆਉਣ ਵਾਲੀ ਹੈ ਕਿਵੇਂ ਵੇਖ ਸਕਾਂਗੀ? ਅਤੇ ਕਿਵੇਂ ਮੈਂ ਆਪਣੇ ਘਰਾਣੇ ਦਾ ਨਾਸ ਕੀਤਾ ਜਾਣਾ ਵੇਖਾਂਗੀ?”
7ਤਦ ਰਾਜਾ ਅਹਸ਼ਵੇਰੋਸ਼ ਨੇ ਰਾਣੀ ਅਸਤਰ ਅਤੇ ਮਾਰਦਕਈ ਨੂੰ ਕਿਹਾ, “ਵੇਖੋ, ਮੈਂ ਹਾਮਾਨ ਦਾ ਘਰ ਅਸਤਰ ਨੂੰ ਦੇ ਦਿੱਤਾ ਹੈ ਅਤੇ ਉਸ ਨੂੰ ਫਾਂਸੀ ਦੇ ਕੇ ਲਟਕਾ ਦਿੱਤਾ ਗਿਆ ਹੈ, ਇਸ ਲਈ ਕਿ ਉਸ ਨੇ ਯਹੂਦੀਆਂ ਉੱਤੇ ਹੱਥ ਚਲਾਇਆ ਸੀ।
8ਹੁਣ ਤੁਸੀਂ ਵੀ ਜਿਵੇਂ ਤੁਹਾਨੂੰ ਠੀਕ ਲੱਗੇ ਰਾਜਾ ਦੇ ਨਾਮ ਤੇ ਯਹੂਦੀਆਂ ਲਈ ਲਿਖੋ, ਅਤੇ ਉਸ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਵੀ ਲਾ ਦਿਉ, ਕਿਉਂਕਿ ਜਿਹੜੀ ਲਿਖਤ ਰਾਜਾ ਦੇ ਨਾਮ ਉੱਤੇ ਲਿਖੀ ਜਾਵੇ ਅਤੇ ਉਸ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲੱਗ ਜਾਵੇ ਤਾਂ ਉਸ ਨੂੰ ਕੋਈ ਵੀ ਬਦਲ ਨਹੀਂ ਸਕਦਾ।”
9ਉਸੇ ਸਮੇਂ ਅਰਥਾਤ ਸੀਵਾਨ ਨਾਮਕ ਤੀਸਰੇ ਮਹੀਨੇ ਦੀ ਤੇਈਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ ਅਤੇ ਮਾਰਦਕਈ ਦੇ ਹੁਕਮ ਅਨੁਸਾਰ ਯਹੂਦੀਆਂ ਦੇ ਲਈ ਅਤੇ ਹਾਕਮਾਂ ਅਤੇ ਪ੍ਰਧਾਨਾਂ ਲਈ ਅਤੇ ਹਿੰਦੁਸਤਾਨ ਤੋਂ ਲੈ ਕੇ ਕੂਸ਼ ਤੱਕ ਇੱਕ ਸੌ ਸਤਾਈ ਸੂਬਿਆਂ ਦੇ ਸਾਰੇ ਹਾਕਮਾਂ ਅਤੇ ਪ੍ਰਧਾਨਾਂ ਲਈ, ਹਰ ਇੱਕ ਸੂਬੇ ਦੀ ਲਿਖਤ ਅਤੇ ਹਰ ਇੱਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਅਤੇ ਯਹੂਦੀਆਂ ਨੂੰ ਉਨ੍ਹਾਂ ਦੀ ਲਿਖਤ ਅਤੇ ਭਾਸ਼ਾ ਵਿੱਚ ਲਿਖਿਆ ਗਿਆ।
10ਅਤੇ ਮਾਰਦਕਈ ਨੇ ਰਾਜਾ ਅਹਸ਼ਵੇਰੋਸ਼ ਦੇ ਨਾਮ ਉੱਤੇ ਹੁਕਮਨਾਮੇ ਲਿਖਵਾਏ ਅਤੇ ਉਨ੍ਹਾਂ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾ ਕੇ, ਤੇਜ਼ ਭੱਜਣ ਵਾਲੇ ਸ਼ਾਹੀ ਘੋੜਿਆਂ, ਖੱਚਰਾਂ, ਊਠਾਂ ਅਤੇ ਬਲ਼ਦਾਂ ਉੱਤੇ ਸਵਾਰ ਸੰਦੇਸ਼ਵਾਹਕਾਂ ਦੇ ਹੱਥ ਭੇਜ ਦਿੱਤੇ।
11ਉਨ੍ਹਾਂ ਹੁਕਮਨਾਮਿਆਂ ਵਿੱਚ ਰਾਜਾ ਵੱਲੋਂ ਸਾਰੇ ਯਹੂਦੀਆਂ ਨੂੰ ਜਿਹੜੇ ਸਾਰੇ ਸ਼ਹਿਰਾਂ ਵਿੱਚ ਰਹਿੰਦੇ ਸਨ, ਹੁਕਮ ਦਿੱਤਾ ਗਿਆ ਕਿ ਉਹ ਸਾਰੇ ਇਕੱਠੇ ਹੋ ਜਾਣ ਅਤੇ ਆਪਣੀ ਜਾਣ ਬਚਾਉਣ ਲਈ ਤਿਆਰ ਰਹਿਣ ਅਤੇ ਜਿਸ ਜਾਤੀ ਜਾਂ ਸੂਬੇ ਦੇ ਲੋਕ ਉਨ੍ਹਾਂ ਉੱਤੇ ਜਾਂ ਉਨ੍ਹਾਂ ਦੀਆਂ ਇਸਤਰੀਆਂ ਅਤੇ ਬੱਚਿਆਂ ਉੱਤੇ ਵਾਰ ਕਰਨ, ਯਹੂਦੀ ਉਨ੍ਹਾਂ ਸਾਰਿਆਂ ਨੂੰ ਮਾਰ ਦੇਣ, ਨਾਸ ਕਰਨ, ਮਿਟਾ ਦੇਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲੈਣ।
12ਅਤੇ ਇਹ ਰਾਜਾ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਬਾਰਵੇਂ ਮਹੀਨੇ ਅਰਥਾਤ ਅਦਾਰ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਇੱਕ ਹੀ ਦਿਨ ਵਿੱਚ ਕੀਤਾ ਜਾਵੇ।
13ਇਸ ਹੁਕਮਨਾਮੇ ਦੀ ਲਿਖਤ ਦੀ ਇੱਕ-ਇੱਕ ਨਕਲ, ਸਾਰਿਆਂ ਸੂਬਿਆਂ ਵਿੱਚ ਸਾਰੀਆਂ ਜਾਤੀਆਂ ਦੇ ਲੋਕਾਂ ਲਈ ਖੁੱਲ੍ਹੀ ਭੇਜੀ ਗਈ ਤਾਂ ਜੋ ਯਹੂਦੀ ਉਸ ਦਿਨ ਆਪਣੇ ਵੈਰੀਆਂ ਤੋਂ ਬਦਲਾ ਲੈਣ ਲਈ ਤਿਆਰ ਰਹਿਣ।
14ਇਸ ਤਰ੍ਹਾਂ ਸੰਦੇਸ਼-ਵਾਹਕ ਤੇਜ਼ ਭੱਜਣ ਵਾਲੇ ਘੋੜਿਆਂ ਉੱਤੇ ਸਵਾਰ ਹੋ ਕੇ, ਰਾਜਾ ਦੇ ਹੁਕਮ ਅਨੁਸਾਰ ਛੇਤੀ ਨਾਲ ਨਿੱਕਲ ਗਏ ਅਤੇ ਇਹ ਹੁਕਮ ਸ਼ੂਸ਼ਨ ਦੇ ਮਹਿਲ ਵਿੱਚ ਵੀ ਦਿੱਤਾ ਗਿਆ।
15ਤਦ ਮਾਰਦਕਈ ਰਾਜਾ ਦੇ ਹਜ਼ੂਰੋਂ ਨੀਲਾ ਅਤੇ ਸਫ਼ੇਦ ਸ਼ਾਹੀ ਬਸਤਰ ਪਹਿਨ ਕੇ ਅਤੇ ਸਿਰ ਉੱਤੇ ਸੋਨੇ ਦਾ ਇੱਕ ਵੱਡਾ ਮੁਕਟ ਰੱਖ ਕੇ ਅਤੇ ਕਤਾਨੀ ਅਤੇ ਬੈਂਗਣੀ ਚੋਗਾ ਪਾ ਕੇ, ਬਾਹਰ ਨਿੱਕਲਿਆ ਅਤੇ ਸ਼ੂਸ਼ਨ ਸ਼ਹਿਰ ਦੇ ਲੋਕ ਅਨੰਦ ਅਤੇ ਪ੍ਰਸੰਨ ਹੋ ਗਏ।
16ਅਤੇ ਯਹੂਦੀਆਂ ਨੂੰ ਸੁੱਖ ਤੇ ਅਨੰਦ ਮਿਲਿਆ ਅਤੇ ਉਨ੍ਹਾਂ ਦਾ ਬਹੁਤ ਹੀ ਸਨਮਾਨ ਹੋਇਆ।
17ਅਤੇ ਹਰ ਸੂਬੇ ਅਤੇ ਹਰ ਸ਼ਹਿਰ ਵਿੱਚ, ਜਿੱਥੇ ਕਿਤੇ ਵੀ ਰਾਜਾ ਦਾ ਹੁਕਮ ਅਤੇ ਨਿਯਮ ਗਿਆ, ਉੱਥੇ ਯਹੂਦੀਆਂ ਨੂੰ ਅਨੰਦ ਅਤੇ ਸੁੱਖ ਮਿਲਿਆ, ਅਤੇ ਉਨ੍ਹਾਂ ਨੇ ਦਾਵਤਾਂ ਕੀਤੀਆਂ, ਇਹ ਉਨ੍ਹਾਂ ਲਈ ਬਹੁਤ ਹੀ ਖੁਸ਼ੀ ਦਾ ਦਿਨ ਸੀ। ਅਤੇ ਉਨ੍ਹਾਂ ਦੇਸਾਂ ਦੇ ਬਹੁਤ ਸਾਰੇ ਲੋਕ ਯਹੂਦੀ ਬਣ ਗਏ, ਕਿਉਂਕਿ ਯਹੂਦੀਆਂ ਦਾ ਭੈਅ ਉਨ੍ਹਾਂ ਉੱਤੇ ਛਾ ਗਿਆ ਕਿ ਉਹ ਉਹਨਾਂ ਨਾਲ ਕੀ ਕਰਨਗੇ l
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath