ਅਸਤਰ 3
1ਇਨ੍ਹਾਂ ਘਟਨਾਵਾਂ ਤੋਂ ਬਾਅਦ ਰਾਜਾ ਅਹਸ਼ਵੇਰੋਸ਼ ਨੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਉੱਚੀ ਪਦਵੀ ਦੇ ਦਿੱਤੀ ਅਤੇ ਉਸ ਨੂੰ ਆਦਰ ਦਿੰਦੇ ਹੋਏ ਉਸਦਾ ਸਿੰਘਾਸਣ ਉਸ ਦੇ ਨਾਲ ਦੇ ਸਾਰੇ ਹਾਕਮਾਂ ਦੇ ਸਿੰਘਾਸਣਾਂ ਨਾਲੋਂ ਉੱਚਾ ਕਰ ਦਿੱਤਾ।
2ਰਾਜਾ ਦੇ ਸਾਰੇ ਕਰਮਚਾਰੀ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਹਾਮਾਨ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਸਨ ਕਿਉਂਕਿ ਉਸ ਦੇ ਲਈ ਰਾਜਾ ਦਾ ਇਹੋ ਹੁਕਮ ਸੀ, ਪਰ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਸੀ ਅਤੇ ਨਾ ਹੀ ਮੱਥਾ ਟੇਕਦਾ ਸੀ।
3ਤਦ ਰਾਜਾ ਦੇ ਕਰਮਚਾਰੀਆਂ ਨੇ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਮਾਰਦਕਈ ਨੂੰ ਪੁੱਛਿਆ, “ਤੂੰ ਰਾਜਾ ਦੇ ਹੁਕਮ ਦੀ ਉਲੰਘਣਾ ਕਿਉਂ ਕਰਦਾ ਹੈਂ?”
4ਫਿਰ ਅਜਿਹਾ ਹੋਇਆ ਕਿ ਜਦ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਕਹਿੰਦੇ ਰਹੇ ਅਤੇ ਮਾਰਦਕਈ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸ ਦਿੱਤਾ, ਇਹ ਵੇਖਣ ਲਈ ਕਿ ਮਾਰਦਕਈ ਦੀ ਇਹ ਗੱਲ ਚੱਲੇਗੀ ਕਿ ਨਹੀਂ ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ।
5ਜਦ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਹੈ, ਅਤੇ ਨਾ ਹੀ ਮੈਨੂੰ ਮੱਥਾ ਟੇਕਦਾ ਹੈ ਤਾਂ ਹਾਮਾਨ ਗੁੱਸੇ ਨਾਲ ਭਰ ਗਿਆ।
6ਪਰ ਇਕੱਲੇ ਮਾਰਦਕਈ ਉੱਤੇ ਹੱਥ ਪਾਉਣਾ, ਉਸ ਨੂੰ ਆਪਣੀ ਬੇਇੱਜ਼ਤੀ ਜਾਣ ਪਈ ਕਿਉਂਕਿ ਰਾਜਾ ਦੇ ਕਰਮਚਾਰੀਆਂ ਨੇ ਹਾਮਾਨ ਨੂੰ ਦੱਸ ਦਿੱਤਾ ਸੀ ਕਿ ਮਾਰਦਕਈ ਕਿਸ ਜਾਤੀ ਦਾ ਹੈ, ਇਸ ਲਈ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ।
7ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਬਾਰਵੇਂ ਸਾਲ ਦੇ ਨੀਸਾਨ ਨਾਮਕ ਪਹਿਲੇ ਮਹੀਨੇ ਵਿੱਚ ਹਾਮਾਨ ਨੇ ਅਦਾਰ ਨਾਮਕ ਬਾਰਵੇਂ ਮਹੀਨੇ ਤੱਕ ਇੱਕ-ਇੱਕ ਦਿਨ ਅਤੇ ਇੱਕ-ਇੱਕ ਮਹੀਨੇ ਦੇ ਲਈ ਆਪਣੇ ਸਾਹਮਣੇ “ਪੂਰ” ਅਰਥਾਤ ਪਰਚੀਆਂ ਪਵਾਈਆਂ।
8ਤਾਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਆਪ ਜੀ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਚਕਾਰ ਖਿੱਲਰੀ ਅਤੇ ਫੈਲੀ ਹੋਈ ਇੱਕ ਜਾਤੀ ਹੈ, ਜਿਨ੍ਹਾਂ ਦੀਆਂ ਰੀਤਾਂ ਹੋਰ ਸਾਰੀਆਂ ਜਾਤੀਆਂ ਨਾਲੋਂ ਵੱਖਰੀਆਂ ਹਨ, ਅਤੇ ਉਹ ਰਾਜਾ ਦੇ ਕਨੂੰਨ ਨੂੰ ਨਹੀਂ ਮੰਨਦੇ, ਇਸ ਲਈ ਉਸ ਜਾਤੀ ਨੂੰ ਰਹਿਣ ਦੇਣਾ ਰਾਜਾ ਲਈ ਲਾਭਦਾਇਕ ਨਹੀਂ ਹੈ।
9ਜੇ ਰਾਜਾ ਨੂੰ ਸਵੀਕਾਰ ਹੋਵੇ ਤਾਂ ਉਨ੍ਹਾਂ ਨੂੰ ਨਾਸ ਕਰਨ ਲਈ ਹੁਕਮ ਲਿਖਿਆ ਜਾਵੇ, ਅਤੇ ਮੈਂ ਰਾਜਾ ਦੇ ਭੰਡਾਰੀਆਂ ਨੂੰ ਸ਼ਾਹੀ ਖਜ਼ਾਨੇ ਵਿੱਚ ਪਾਉਣ ਲਈ ਦਸ ਹਜ਼ਾਰ ਚਾਂਦੀ ਦੇ ਸਿੱਕੇ ਤੋਲ ਕੇ ਦਿਆਂਗਾ।”
10ਤਾਂ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥ ਤੋਂ ਉਤਾਰ ਕੇ ਯਹੂਦੀਆਂ ਦੇ ਵੈਰੀ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ।
11ਅਤੇ ਰਾਜਾ ਨੇ ਹਾਮਾਨ ਨੂੰ ਕਿਹਾ, “ਤੇਰੀ ਚਾਂਦੀ ਮੈਂ ਤੈਨੂੰ ਦਿੰਦਾ ਹਾਂ ਅਤੇ ਉਹ ਲੋਕ ਵੀ, ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤੂੰ ਉਨ੍ਹਾਂ ਨਾਲ ਕਰੇਂ।”
12ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ।
13ਰਾਜ ਦੇ ਹਰੇਕ ਸੂਬੇ ਵਿੱਚ ਇਹ ਹੁਕਮਨਾਮੇ ਸੰਦੇਸ਼ਵਾਹਕਾਂ ਦੇ ਰਾਹੀਂ ਇਸ ਉਦੇਸ਼ ਨਾਲ ਭੇਜੇ ਗਏ ਕਿ ਸਾਰੇ ਯਹੂਦੀ ਅਦਾਰ ਨਾਮਕ ਬਾਰਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ਼ ਨੂੰ ਭਾਵੇਂ ਜੁਆਨ, ਭਾਵੇਂ ਬੁੱਢਾ, ਭਾਵੇਂ ਬੱਚਾ, ਭਾਵੇਂ ਇਸਤਰੀ, ਸਾਰੇ ਇੱਕ ਹੀ ਦਿਨ ਵਿੱਚ ਮਾਰ ਦਿੱਤੇ ਜਾਣ, ਨਾਸ ਕੀਤੇ ਜਾਣ ਅਤੇ ਮਿਟਾ ਦਿੱਤੇ ਜਾਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲਿਆ ਜਾਵੇ।
14ਉਸ ਲਿਖਤੀ ਹੁਕਮਨਾਮੇ ਦੀ ਇੱਕ-ਇੱਕ ਨਕਲ ਸਾਰੇ ਸੂਬਿਆਂ ਵਿੱਚ ਖੁੱਲ੍ਹੀ ਭੇਜੀ ਗਈ ਤਾਂ ਜੋ ਲੋਕ ਉਸ ਦਿਨ ਦੇ ਲਈ ਤਿਆਰ ਰਹਿਣ।
15ਇਹ ਹੁਕਮ ਸ਼ੂਸ਼ਨ ਦੀ ਰਾਜਧਾਨੀ ਵਿੱਚ ਦਿੱਤਾ ਗਿਆ, ਅਤੇ ਰਾਜਾ ਦੇ ਹੁਕਮ ਅਨੁਸਾਰ ਸੰਦੇਸ਼-ਵਾਹਕ ਉਸੇ ਸਮੇਂ ਨਿੱਕਲ ਪਏ। ਰਾਜਾ ਅਤੇ ਹਾਮਾਨ ਤਾਂ ਮਧ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਦੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath