ਅਸਤਰ 2
1ਇਨ੍ਹਾਂ ਗੱਲਾਂ ਦੇ ਬਾਅਦ ਜਦ ਰਾਜਾ ਅਹਸ਼ਵੇਰੋਸ਼ ਦਾ ਗੁੱਸਾ ਠੰਡਾ ਪੈ ਗਿਆ, ਤਾਂ ਉਸ ਨੇ ਰਾਣੀ ਵਸ਼ਤੀ ਨੂੰ ਅਤੇ ਜੋ ਕੁਝ ਉਸ ਨੇ ਕੀਤਾ ਸੀ ਅਤੇ ਜੋ ਕੁਝ ਉਸ ਦੇ ਵਿਰੁੱਧ ਹੁਕਮ ਜਾਰੀ ਕੀਤਾ ਗਿਆ ਸੀ ਯਾਦ ਕੀਤਾ।
2ਪਾਤਸ਼ਾਹ ਦੇ ਸੇਵਕਾਂ ਨੇ ਜਿਹੜੇ ਉਸ ਦੀ ਸੇਵਾ ਕਰਦੇ ਹੁੰਦੇ ਸਨ, ਕਹਿਣ ਲੱਗੇ, “ਰਾਜਾ ਦੇ ਲਈ ਜੁਆਨ ਅਤੇ ਸੋਹਣੀਆਂ ਕੁਆਰੀਆਂ ਲੱਭੀਆਂ ਜਾਣ,
3ਅਤੇ ਰਾਜਾ ਆਪਣੇ ਰਾਜ ਦੇ ਸਾਰੇ ਸੂਬਿਆਂ ਵਿੱਚ ਹਾਕਮਾਂ ਨੂੰ ਨਿਯੁਕਤ ਕਰੇ ਤਾਂ ਜੋ ਉਹ ਸਾਰੀਆਂ ਸੋਹਣੀਆਂ ਜੁਆਨ ਕੁਆਰੀਆਂ ਨੂੰ ਸ਼ੂਸ਼ਨ ਦੇ ਮਹਿਲ ਵਿੱਚ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਇਕੱਠੀਆਂ ਕਰਨ ਅਤੇ ਰਾਜਾ ਦੇ ਖੁਸਰੇ ਹੇਗਈ ਨੂੰ ਜਿਹੜਾ ਇਸਤਰੀਆਂ ਦਾ ਪ੍ਰਬੰਧਕ ਸੀ ਸੌਂਪ ਦੇਣ, ਅਤੇ ਉਨ੍ਹਾਂ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਵਸਤੂਆਂ ਦਿੱਤੀਆਂ ਜਾਣ।
4ਤਦ ਜਿਹੜੀ ਕੁਆਰੀ ਰਾਜਾ ਦੀ ਨਿਗਾਹ ਵਿੱਚ ਸਭ ਤੋਂ ਚੰਗੀ ਹੋਵੇ, ਉਹ ਰਾਣੀ ਵਸ਼ਤੀ ਦੇ ਸਥਾਨ ਤੇ ਮਹਾਰਾਣੀ ਬਣਾਈ ਜਾਵੇ।” ਇਹ ਗੱਲ ਰਾਜਾ ਨੂੰ ਚੰਗੀ ਲੱਗੀ ਅਤੇ ਉਸ ਨੇ ਇਸੇ ਤਰ੍ਹਾਂ ਹੀ ਕੀਤਾ।
5ਸ਼ੂਸ਼ਨ ਦੇ ਮਹਿਲ ਵਿੱਚ ਮਾਰਦਕਈ ਨਾਮ ਦਾ ਇੱਕ ਯਹੂਦੀ ਰਹਿੰਦਾ ਸੀ, ਉਹ ਬਿਨਯਾਮੀਨ ਦੇ ਗੋਤ ਵਿੱਚੋਂ ਯਾਈਰ ਦਾ ਪੁੱਤਰ, ਸ਼ਿਮਈ ਦਾ ਪੋਤਾ ਅਤੇ ਕੀਸ਼ ਦਾ ਪੜਪੋਤਾ ਸੀ।
6ਇਹ ਯਰੂਸ਼ਲਮ ਤੋਂ ਉਨ੍ਹਾਂ ਗ਼ੁਲਾਮਾਂ ਨਾਲ ਗ਼ੁਲਾਮ ਹੋ ਕੇ ਆਇਆ ਸੀ, ਜਿਨ੍ਹਾਂ ਨੂੰ ਬਾਬਲ ਦਾ ਰਾਜਾ ਨਬੂਕਦਨੱਸਰ ਯਹੂਦਾਹ ਦੇ ਰਾਜਾ ਯਕਾਨਯਾਹ ਦੇ ਨਾਲ ਗ਼ੁਲਾਮ ਬਣਾ ਕੇ ਲੈ ਗਿਆ ਸੀ।
7ਮਾਰਦਕਈ ਨੇ ਹੱਦਸਾਹ ਨਾਮਕ ਚਾਚੇ ਦੀ ਧੀ ਨੂੰ, ਜੋ ਇਬਰਾਨੀ ਭਾਸ਼ਾ ਵਿੱਚ ਅਸਤਰ ਵੀ ਕਹਾਉਂਦੀ ਸੀ ਪਾਲਿਆ ਪੋਸਿਆ ਕਿਉਂਕਿ ਉਸ ਦੇ ਮਾਤਾ-ਪਿਤਾ ਨਹੀਂ ਸਨ, ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਸੀ ਅਤੇ ਜਦ ਉਸ ਦੇ ਮਾਤਾ-ਪਿਤਾ ਮਰ ਗਏ ਤਾਂ ਮਾਰਦਕਈ ਨੇ ਉਸ ਨੂੰ ਆਪਣੀ ਧੀ ਬਣਾ ਕੇ ਪਾਲਿਆ।
8ਤਦ ਇਸ ਤਰ੍ਹਾਂ ਹੋਇਆ ਕਿ ਜਦ ਰਾਜਾ ਦਾ ਹੁਕਮ ਅਤੇ ਨਿਯਮ ਸੁਣਨ ਵਿੱਚ ਆਇਆ ਅਤੇ ਜਦ ਬਹੁਤ ਸਾਰੀਆਂ ਕੁਆਰੀਆਂ ਸ਼ੂਸ਼ਨ ਦੇ ਮਹਿਲ ਵਿੱਚ ਇਕੱਠੀਆਂ ਕੀਤੀਆਂ ਗਈਆਂ ਅਤੇ ਹੇਗਈ ਦੇ ਹਵਾਲੇ ਕੀਤੀਆਂ ਗਈਆਂ ਤਦ ਅਸਤਰ ਵੀ ਸ਼ਾਹੀ ਮਹਿਲ ਵਿੱਚ ਲਿਆਂਦੀ ਗਈ ਅਤੇ ਇਸਤਰੀਆਂ ਦੇ ਪ੍ਰਬੰਧਕ ਹੇਗਈ ਦੇ ਹਵਾਲੇ ਕੀਤੀ ਗਈ।
9ਹੇਗਈ ਨੂੰ ਅਸਤਰ ਚੰਗੀ ਲੱਗੀ, ਅਤੇ ਉਹ ਉਸ ਤੋਂ ਖੁਸ਼ ਹੋਇਆ, ਤਦ ਉਸ ਨੇ ਛੇਤੀ ਨਾਲ ਉਸ ਨੂੰ ਸੁੰਦਰਤਾ ਵਧਾਉਣ ਦੀਆਂ ਸਾਰੀਆਂ ਚੀਜ਼ਾਂ ਦਿੱਤੀਆਂ ਅਤੇ ਰੋਜ਼ ਦਾ ਭੋਜਨ ਅਤੇ ਨਾਲ ਹੀ ਰਾਜਾ ਦੇ ਮਹਿਲ ਵਿੱਚੋਂ ਚੁਣ ਕੇ ਸੱਤ ਸਹੇਲੀਆਂ ਵੀ ਉਸ ਨੂੰ ਦਿੱਤੀਆਂ ਅਤੇ ਉਸ ਨੂੰ ਅਤੇ ਉਸ ਦੀਆਂ ਸਹੇਲੀਆਂ ਨੂੰ ਰਾਣੀਆਂ ਦੇ ਨਿਵਾਸ ਸਥਾਨ ਵਿੱਚ ਸਭ ਤੋਂ ਚੰਗਾ ਸਥਾਨ ਰਹਿਣ ਲਈ ਦਿੱਤਾ।
10ਅਸਤਰ ਨੇ ਨਾ ਆਪਣੀ ਜਾਤੀ ਅਤੇ ਨਾ ਹੀ ਆਪਣੇ ਘਰਾਣੇ ਦਾ ਕੋਈ ਪਤਾ ਦੱਸਿਆ ਕਿਉਂਕਿ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ।
11ਮਾਰਦਕਈ ਹਰ ਰੋਜ਼ ਰਾਣੀਆਂ ਦੇ ਨਿਵਾਸ ਸਥਾਨ ਦੇ ਵਿਹੜੇ ਦੇ ਅੱਗੇ ਟਹਿਲਦਾ ਰਹਿੰਦਾ ਸੀ ਤਾਂ ਜੋ ਅਸਤਰ ਦੀ ਸੁੱਖ-ਸਾਂਦ ਨੂੰ ਜਾਣੇ ਅਤੇ ਪਤਾ ਕਰੇ ਕਿ ਉਸ ਦੇ ਨਾਲ ਕੀ ਬੀਤੇਗਾ?
12ਇਸ ਤੋਂ ਪਹਿਲਾਂ ਕਿ ਹਰੇਕ ਕੁਆਰੀ ਆਪਣੀ ਵਾਰੀ ਅਨੁਸਾਰ ਅਹਸ਼ਵੇਰੋਸ਼ ਰਾਜਾ ਦੇ ਕੋਲ ਜਾਵੇ, ਉਸ ਨੂੰ ਇਸਤਰੀਆਂ ਦੇ ਲਈ ਬਣਾਏ ਹੋਏ ਨਿਯਮ ਦੇ ਅਨੁਸਾਰ ਬਾਰਾਂ ਮਹੀਨਿਆਂ ਤੱਕ ਸੁੰਦਰਤਾ ਵਧਾਉਣ ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਪੈਂਦਾ ਸੀ, ਕਿਉਂ ਜੋ ਐਨਾ ਸਮਾਂ ਉਨ੍ਹਾਂ ਨੂੰ ਸ਼ੁੱਧ ਕਰਨ ਵਿੱਚ ਲੱਗ ਜਾਂਦਾ ਸੀ ਅਰਥਾਤ ਛੇ ਮਹੀਨੇ ਤੱਕ ਮੁਰ ਦਾ ਤੇਲ ਮਲਿਆ ਜਾਂਦਾ ਸੀ, ਅਤੇ ਛੇ ਮਹੀਨੇ ਅਤਰ ਅਤੇ ਇਸਤਰੀਆਂ ਨੂੰ ਸੁੰਦਰ ਬਣਾਉਣ ਲਈ ਹੋਰ ਚੀਜ਼ਾਂ ਮਲੀਆਂ ਜਾਂਦੀਆਂ ਸਨ।
13ਇਸ ਤਰ੍ਹਾਂ ਜਦ ਉਹ ਕੁਆਰੀ ਰਾਜਾ ਦੇ ਕੋਲ ਜਾਂਦੀ ਸੀ, ਤਦ ਜੋ ਵੀ ਚੀਜ਼ ਉਹ ਚਾਹੁੰਦੀ ਸੀ ਕਿ ਰਾਣੀਆਂ ਦੇ ਨਿਵਾਸ ਤੋਂ ਰਾਜਾ ਦੇ ਮਹਿਲ ਨੂੰ ਲੈ ਜਾਵੇ, ਉਹ ਉਸ ਨੂੰ ਦਿੱਤੀ ਜਾਂਦੀ ਸੀ।
14ਉਹ ਸ਼ਾਮ ਨੂੰ ਜਾਂਦੀ ਸੀ ਅਤੇ ਸਵੇਰ ਨੂੰ ਵਾਪਿਸ ਆ ਕੇ ਰਾਣੀਆਂ ਦੇ ਨਿਵਾਸ ਦੇ ਦੂਸਰੇ ਘਰ ਵਿੱਚ ਚਲੀ ਜਾਂਦੀ ਸੀ ਅਤੇ ਰਾਜਾ ਦੇ ਖੁਸਰੇ ਸ਼ਅਸ਼ਗਜ ਦੇ ਹਵਾਲੇ ਕੀਤੀ ਜਾਂਦੀ ਸੀ, ਜਿਹੜਾ ਰਖ਼ੈਲਾਂ ਦਾ ਪ੍ਰਬੰਧਕ ਸੀ, ਅਤੇ ਉਹ ਫੇਰ ਕਦੀ ਰਾਜਾ ਦੇ ਕੋਲ ਨਹੀਂ ਜਾਂਦੀ ਸੀ, ਪਰ ਜੇਕਰ ਰਾਜਾ ਉਸ ਤੋਂ ਪ੍ਰਸੰਨ ਹੁੰਦਾ ਸੀ ਤਾਂ ਉਸ ਨੂੰ ਨਾਮ ਲੈ ਕੇ ਬੁਲਾਇਆ ਜਾਂਦਾ ਸੀ।
15ਹੁਣ ਜਦ ਅਸਤਰ ਦੀ ਜਿਹੜੀ ਮਾਰਦਕਈ ਦੇ ਚਾਚੇ ਅਬੀਹੈਲ ਦੀ ਧੀ ਸੀ, ਜਿਸ ਨੂੰ ਮਾਰਦਕਈ ਨੇ ਆਪਣੀ ਧੀ ਬਣਾ ਲਿਆ ਸੀ, ਰਾਜਾ ਦੇ ਕੋਲ ਜਾਣ ਦੀ ਵਾਰੀ ਆਈ ਤਾਂ ਉਸ ਨੇ ਉਨ੍ਹਾਂ ਚੀਜ਼ਾਂ ਤੋਂ ਵੱਧ ਜੋ ਇਸਤਰੀਆਂ ਦੇ ਪ੍ਰਬੰਧਕ ਰਾਜਾ ਦੇ ਖੁਸਰੇ ਹੇਗਈ ਨੇ ਉਸ ਦੇ ਲਈ ਠਹਿਰਾਇਆ ਸੀ, ਹੋਰ ਕੁਝ ਨਾ ਮੰਗਿਆ। ਜਿੰਨ੍ਹਿਆਂ ਨੇ ਅਸਤਰ ਨੂੰ ਵੇਖਿਆ, ਉਹ ਸਭ ਉਸ ਤੋਂ ਪ੍ਰਸੰਨ ਹੋਏ।
16ਇਸ ਤਰ੍ਹਾਂ ਅਸਤਰ ਅਹਸ਼ਵੇਰੋਸ਼ ਰਾਜਾ ਦੇ ਕੋਲ ਉਸ ਦੇ ਸ਼ਾਹੀ ਮਹਿਲ ਵਿੱਚ, ਉਸ ਦੇ ਰਾਜ ਦੇ ਸੱਤਵੇਂ ਸਾਲ ਦੇ ਟੇਬੇਥ ਨਾਮਕ ਦਸਵੇਂ ਮਹੀਨੇ ਵਿੱਚ ਪਹੁੰਚਾਈ ਗਈ।
17ਤਦ ਰਾਜੇ ਨੇ ਸਾਰੀਆਂ ਇਸਤਰੀਆਂ ਨਾਲੋਂ ਵੱਧ ਅਸਤਰ ਨੂੰ ਪਿਆਰ ਕੀਤਾ, ਅਤੇ ਉਸ ਨੂੰ ਬਾਕੀ ਸਾਰੀਆਂ ਕੁਆਰੀਆਂ ਨਾਲੋਂ ਜ਼ਿਆਦਾ ਰਾਜਾ ਦਾ ਪੱਖ ਅਤੇ ਕਿਰਪਾ ਪ੍ਰਾਪਤ ਹੋਈ, ਇਸ ਲਈ ਉਸ ਨੇ ਰਾਜ ਮੁਕਟ ਅਸਤਰ ਦੇ ਸਿਰ ਉੱਤੇ ਰੱਖ ਦਿੱਤਾ ਅਤੇ ਉਸ ਨੂੰ ਵਸ਼ਤੀ ਦੇ ਸਥਾਨ ਤੇ ਮਹਾਰਾਣੀ ਬਣਾਇਆ।
18ਤਦ ਰਾਜਾ ਨੇ ਆਪਣੇ ਸਾਰੇ ਹਾਕਮਾਂ ਅਤੇ ਕਰਮਚਾਰੀਆਂ ਲਈ ਇੱਕ ਵੱਡੀ ਦਾਵਤ ਕੀਤੀ ਅਤੇ ਉਸ ਨੂੰ ਅਸਤਰ ਦੀ ਦਾਵਤ ਕਿਹਾ, ਅਤੇ ਸੂਬਿਆਂ ਵਿੱਚ ਛੁੱਟੀ ਦਾ ਐਲਾਨ ਕੀਤਾ ਅਤੇ, ਅਤੇ ਆਪਣੇ ਸ਼ਾਹੀ ਨਿਯਮ ਦੇ ਅਨੁਸਾਰ ਇਨਾਮ ਵੀ ਵੰਡੇ।
19ਜਦ ਦੂਸਰੀ ਵਾਰ ਕੁਆਰੀਆਂ ਇਕੱਠੀਆਂ ਕੀਤੀਆਂ ਗਈਆਂ, ਤਾਂ ਮਾਰਦਕਈ ਸ਼ਾਹੀ ਫਾਟਕ ਤੇ ਬੈਠਾ ਸੀ।
20ਅਸਤਰ ਨੇ ਨਾ ਆਪਣੇ ਘਰਾਣੇ ਦਾ, ਅਤੇ ਨਾ ਹੀ ਆਪਣੀ ਜਾਤੀ ਦਾ ਪਤਾ ਦੱਸਿਆ ਕਿਉਂ ਜੋ ਮਾਰਦਕਈ ਨੇ ਉਸ ਨੂੰ ਹੁਕਮ ਦਿੱਤਾ ਹੋਇਆ ਸੀ ਕਿ ਉਹ ਇਸ ਬਾਰੇ ਨਾ ਦੱਸੇ, ਅਤੇ ਅਸਤਰ ਮਾਰਦਕਈ ਦਾ ਹੁਕਮ ਉਸੇ ਤਰ੍ਹਾਂ ਹੀ ਮੰਨਦੀ ਸੀ, ਜਿਵੇਂ ਉਹ ਉਸ ਦੇ ਕੋਲ ਰਹਿੰਦੇ ਹੋਏ ਮੰਨਦੀ ਸੀ।
21ਉਨ੍ਹਾਂ ਦਿਨਾਂ ਵਿੱਚ ਜਦ ਮਾਰਦਕਈ ਸ਼ਾਹੀ ਫਾਟਕ ਉੱਤੇ ਬੈਠਦਾ ਹੁੰਦਾ ਸੀ, ਤਾਂ ਰਾਜਾ ਦੇ ਖੁਸਰਿਆਂ ਵਿੱਚੋਂ ਜਿਹੜੇ ਦਰਬਾਨ ਵੀ ਸਨ, ਬਿਗਥਾਨ ਅਤੇ ਤਰਸ਼ ਨਾਮਕ ਦੋ ਖੁਸਰਿਆਂ ਨੇ ਰਾਜਾ ਦੇ ਵਿਰੁੱਧ ਹੋ ਕੇ ਰਾਜਾ ਅਹਸ਼ਵੇਰੋਸ਼ ਦਾ ਕਤਲ ਕਰਨ ਦੀ ਯੋਜਨਾ ਬਣਾਈ।
22ਇਹ ਗੱਲ ਮਾਰਦਕਈ ਨੂੰ ਪਤਾ ਲੱਗ ਗਈ ਤਾਂ ਉਸ ਨੇ ਰਾਣੀ ਅਸਤਰ ਨੂੰ ਇਸ ਦੀ ਖ਼ਬਰ ਦਿੱਤੀ, ਅਤੇ ਅਸਤਰ ਨੇ ਮਾਰਦਕਈ ਦਾ ਨਾਮ ਲੈ ਕੇ ਰਾਜਾ ਨੂੰ ਦੱਸਿਆ।
23ਜਦ ਇਸ ਗੱਲ ਦੀ ਜਾਂਚ-ਪੜਤਾਲ ਕੀਤੀ ਗਈ ਤਾਂ ਇਹ ਗੱਲ ਸੱਚ ਨਿੱਕਲੀ ਅਤੇ ਉਹ ਦੋਵੇਂ ਰੁੱਖ ਉੱਤੇ ਫਾਂਸੀ ਚੜ੍ਹਾ ਦਿੱਤੇ ਗਏ, ਅਤੇ ਇਹ ਘਟਨਾ ਰਾਜਾ ਦੇ ਸਾਹਮਣੇ ਇਤਿਹਾਸ ਦੀ ਪੁਸਤਕ ਵਿੱਚ ਲਿਖੀ ਗਈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath