ਉਪਦੇਸ਼ਕ ਦੀ ਪੋਥੀ 9
1ਇਹਨਾਂ ਸਾਰੀਆਂ ਗੱਲਾਂ ਵੱਲ ਮੈਂ ਆਪਣਾ ਮਨ ਲਾਇਆ ਅਤੇ ਸਭਨਾਂ ਦੀ ਭਾਲ ਕੀਤੀ ਅਤੇ ਜਾਣ ਲਿਆ ਕਿ ਧਰਮੀ ਅਤੇ ਬੁੱਧਵਾਨ ਅਤੇ ਉਨ੍ਹਾਂ ਦੇ ਕੰਮ ਪਰਮੇਸ਼ੁਰ ਦੇ ਹੱਥ ਵਿੱਚ ਹਨ। ਮਨੁੱਖ ਨਹੀਂ ਜਾਣਦਾ ਕਿ ਪ੍ਰੀਤ ਹੋਵੇਗੀ ਜਾਂ ਵੈਰ ਹੋਵੇਗਾ, ਸਭ ਕੁਝ ਉਹ ਦੇ ਅੱਗੇ ਹੈ।
2ਸਭ ਕੁਝ ਸਾਰਿਆਂ ਉੱਤੇ ਇੱਕੋ ਜਿਹਾ ਵਾਪਰਦਾ ਹੈ। ਧਰਮੀ ਅਤੇ ਦੁਸ਼ਟ ਉੱਤੇ, ਭਲੇਮਾਣਸ, ਪਾਕ ਅਤੇ ਪਲੀਤ ਉੱਤੇ, ਜਿਹੜਾ ਬਲੀ ਚੜ੍ਹਾਉਂਦਾ ਹੈ, ਉਸ ਉੱਤੇ ਅਤੇ ਜਿਹੜਾ ਬਲੀ ਨਹੀਂ ਚੜ੍ਹਾਉਂਦਾ, ਉਸ ਉੱਤੇ ਇੱਕੋ ਜਿਹੀ ਗੱਲ ਵਾਪਰਦੀ ਹੈ, ਜਿਸ ਤਰ੍ਹਾਂ ਦਾ ਭਲਾਮਾਣਸ ਹੈ, ਉਸੇ ਤਰ੍ਹਾਂ ਦਾ ਹੀ ਪਾਪੀ ਹੈ, ਜਿਸ ਤਰ੍ਹਾਂ ਦਾ ਸਹੁੰ ਚੁੱਕਣ ਵਾਲਾ ਹੈ, ਉਸੇ ਤਰ੍ਹਾਂ ਦਾ ਹੀ ਉਹ ਹੈ ਜੋ ਸਹੁੰ ਤੋਂ ਡਰਦਾ ਹੈ
3ਸਾਰੀਆਂ ਗੱਲਾਂ ਵਿੱਚ ਜੋ ਸੂਰਜ ਦੇ ਹੇਠ ਹੁੰਦੀਆਂ ਹਨ, ਇੱਕ ਇਹ ਬੁਰਿਆਈ ਹੈ ਕਿ ਸਭਨਾਂ ਉੱਤੇ ਇੱਕੋ ਜਿਹੀ ਵਾਪਰਦੀ ਹੈ, ਹਾਂ, ਆਦਮ ਵੰਸ਼ ਦਾ ਮਨ ਵੀ ਬਦੀ ਨਾਲ ਭਰਪੂਰ ਹੈ ਅਤੇ ਜਦ ਤੱਕ ਉਹ ਜੀਉਂਦੇ ਹਨ ਉਨ੍ਹਾਂ ਦੇ ਮਨ ਵਿੱਚ ਪਾਗਲਪਣ ਰਹਿੰਦਾ ਹੈ ਅਤੇ ਇਸ ਤੋਂ ਬਾਅਦ ਫੇਰ ਮੁਰਦਿਆਂ ਵਿੱਚ ਚਲੇ ਜਾਂਦੇ ਹਨ।
4ਜਿਹੜਾ ਸਾਰੇ ਜੀਉਂਦਿਆਂ ਵਿੱਚ ਹੈ ਉਹ ਦੇ ਲਈ ਆਸ ਹੈ, ਕਿਉਂ ਜੋ ਮਰੇ ਹੋਏ ਸ਼ੇਰ ਨਾਲੋਂ ਜੀਉਂਦਾ ਕੁੱਤਾ ਚੰਗਾ ਹੈ।
5ਜੀਉਂਦੇ ਤਾਂ ਜਾਣਦੇ ਹਨ ਕਿ ਅਸੀਂ ਮਰਾਂਗੇ ਪਰ ਮਰੇ ਹੋਏ ਕੁਝ ਵੀ ਨਹੀਂ ਜਾਣਦੇ ਅਤੇ ਉਹਨਾਂ ਦੇ ਲਈ ਹੋਰ ਕੋਈ ਫਲ ਨਹੀਂ, ਕਿਉਂ ਜੋ ਉਨ੍ਹਾਂ ਦਾ ਚੇਤਾ ਮਿਟ ਗਿਆ ਹੈ।
6ਉਨ੍ਹਾਂ ਦੀ ਪ੍ਰੀਤ ਅਤੇ ਵੈਰ ਅਤੇ ਉਨ੍ਹਾਂ ਦੀ ਈਰਖਾ ਹੁਣ ਮੁੱਕ ਗਏ ਅਤੇ ਸਦਾ ਲਈ ਸਭਨਾਂ ਕੰਮਾਂ ਵਿੱਚ ਜੋ ਸੂਰਜ ਦੇ ਹੇਠ ਕੀਤੇ ਜਾਂਦੇ ਹਨ, ਉਨ੍ਹਾਂ ਦਾ ਕੋਈ ਭਾਗ ਨਹੀਂ।
7ਆਪਣੇ ਰਾਹ ਤੁਰਿਆ ਜਾ, ਅਨੰਦ ਨਾਲ ਆਪਣੀ ਰੋਟੀ ਖਾ ਅਤੇ ਮੌਜ ਨਾਲ ਆਪਣੀ ਮਧ ਪੀ, ਕਿਉਂ ਜੋ ਹੁਣ ਪਰਮੇਸ਼ੁਰ ਨੇ ਤੇਰੇ ਕੰਮਾਂ ਨੂੰ ਪਸੰਦ ਕੀਤਾ ਹੈ।
8ਤੇਰੇ ਕੱਪੜੇ ਸਦਾ ਚਿੱਟੇ ਹੋਣ ਅਤੇ ਤੇਰੇ ਸਿਰ ਉੱਤੇ ਤੇਲ ਦੀ ਘਾਟ ਨਾ ਹੋਵੇ।
9ਆਪਣੇ ਵਿਅਰਥ ਜੀਵਨ ਦੇ ਸਾਰੇ ਦਿਨ, ਜੋ ਉਸ ਨੇ ਸੂਰਜ ਦੇ ਹੇਠ ਤੈਨੂੰ ਦਿੱਤੇ ਹਨ, ਆਪਣੇ ਵਿਅਰਥ ਦੇ ਸਾਰੇ ਦਿਨ, ਆਪਣੀ ਪਿਆਰੀ ਪਤਨੀ ਦੇ ਸੰਗ ਮੌਜ ਮਾਣ, ਕਿਉਂ ਜੋ ਜੀਵਨ ਵਿੱਚ ਅਤੇ ਸੂਰਜ ਦੇ ਹੇਠਲੇ ਕੰਮ-ਧੰਦਿਆਂ ਵਿੱਚ ਇਹੋ ਤੇਰਾ ਭਾਗ ਹੈ।
10ਜਿਹੜਾ ਕੰਮ ਤੇਰੇ ਹੱਥ ਲੱਗਦਾ ਹੈ, ਉਹੋ ਆਪਣੇ ਸਾਰੇ ਜ਼ੋਰ ਨਾਲ ਕਰ ਕਿਉਂ ਜੋ ਪਤਾਲ ਵਿੱਚ ਜਿੱਥੇ ਤੂੰ ਜਾਂਦਾ ਹੈ, ਉੱਥੇ ਨਾ ਕੋਈ ਕੰਮ, ਨਾ ਖ਼ਿਆਲ, ਨਾ ਗਿਆਨ, ਨਾ ਬੁੱਧ ਹੈ।
11ਫੇਰ ਮੈਂ ਮੁੜ ਕੇ ਸੂਰਜ ਦੇ ਹੇਠ ਵੇਖਿਆ ਕਿ ਨਾ ਤਾਂ ਤੇਜ਼ ਦੌੜਨ ਵਾਲੇ ਦੇ ਲਈ ਦੌੜ ਹੈ, ਨਾ ਸੂਰਮੇ ਦੇ ਲਈ ਯੁੱਧ, ਸਗੋਂ ਬੁੱਧਵਾਨ ਲਈ ਰੋਟੀ ਵੀ ਨਹੀਂ, ਨਾ ਸਮਝ ਵਾਲਿਆਂ ਨੂੰ ਧਨ ਅਤੇ ਨਾ ਹੀ ਨਿਪੁੰਨ ਲੋਕਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਹੈ, ਪਰ ਇਨ੍ਹਾਂ ਸਾਰਿਆਂ ਨੂੰ ਸਮੇਂ ਸਿਰ ਅਤੇ ਮੌਕੇ ਨਾਲ ਹੀ ਮਿਲਦਾ ਹੈ।
12ਨਾਲੇ ਮਨੁੱਖ ਆਪਣਾ ਸਮਾਂ ਵੀ ਨਹੀਂ ਪਹਿਚਾਣਦਾ, ਜਿਵੇਂ ਮੱਛੀਆਂ ਜਿਹੜੀਆਂ ਬਿਪਤਾ ਦੇ ਜਾਲ਼ ਵਿੱਚ ਫਸ ਜਾਂਦੀਆਂ ਹਨ ਅਤੇ ਜਿਵੇਂ ਪੰਛੀ ਜਾਲ਼ ਵਿੱਚ ਫਸ ਜਾਂਦੇ ਹਨ, ਉਸੇ ਤਰ੍ਹਾਂ ਹੀ ਆਦਮ ਵੰਸ਼ੀ ਵੀ ਬਿਪਤਾ ਵਿੱਚ ਫਸ ਜਾਂਦੇ ਹਨ, ਜੋ ਅਚਾਨਕ ਉਹਨਾਂ ਉੱਤੇ ਆ ਪੈਂਦੀ ਹੈ।
13ਸੂਰਜ ਦੇ ਹੇਠ ਮੈਂ ਇਹ ਬੁੱਧ ਵੀ ਵੇਖੀ ਅਤੇ ਇਹ ਮੈਨੂੰ ਵੱਡੀ ਲੱਗੀ।
14ਇੱਕ ਛੋਟਾ ਜਿਹਾ ਸ਼ਹਿਰ ਸੀ ਅਤੇ ਉਹ ਦੇ ਵਿੱਚ ਥੋੜ੍ਹੇ ਜਿਹੇ ਲੋਕ ਸਨ। ਉਹ ਦੇ ਉੱਤੇ ਇੱਕ ਵੱਡੇ ਰਾਜੇ ਨੇ ਹਮਲਾ ਕੀਤਾ ਅਤੇ ਉਹ ਨੂੰ ਘੇਰਾ ਪਾਇਆ ਅਤੇ ਉਹ ਦੇ ਸਾਹਮਣੇ ਵੱਡੇ ਮੋਰਚੇ ਲਾਏ।
15ਉਹ ਦੇ ਵਿੱਚ ਇੱਕ ਕੰਗਾਲ ਪਰ ਬੁੱਧਵਾਨ ਮਨੁੱਖ ਮਿਲਿਆ, ਜਿਸ ਨੇ ਆਪਣੀ ਬੁੱਧ ਨਾਲ ਉਸ ਸ਼ਹਿਰ ਨੂੰ ਬਚਾ ਲਿਆ, ਤਾਂ ਵੀ ਕਿਸੇ ਮਨੁੱਖ ਨੇ ਉਸ ਕੰਗਾਲ ਨੂੰ ਯਾਦ ਨਾ ਰੱਖਿਆ।
16ਤਦ ਮੈਂ ਆਖਿਆ ਕਿ ਜ਼ੋਰ ਨਾਲੋਂ ਬੁੱਧ ਚੰਗੀ ਹੈ, ਤਾਂ ਵੀ ਕੰਗਾਲ ਦੀ ਬੁੱਧ ਤੁੱਛ ਸਮਝੀ ਜਾਂਦੀ ਹੈ ਅਤੇ ਉਹ ਦੀਆਂ ਗੱਲਾਂ ਸੁਣੀਆਂ ਨਹੀਂ ਜਾਂਦੀਆਂ।
17ਬੁੱਧਵਾਨਾਂ ਦੀਆਂ ਹੌਲੀ ਆਖੀਆਂ ਹੋਈਆਂ ਗੱਲਾਂ, ਮੂਰਖਾਂ ਦੇ ਹਾਕਮ ਦੇ ਰੌਲ਼ੇ ਨਾਲੋਂ ਵਧੇਰੇ ਸੁਣੀਆਂ ਜਾਂਦੀਆਂ ਹਨ।
18ਯੁੱਧ ਦੇ ਹਥਿਆਰਾਂ ਨਾਲੋਂ ਬੁੱਧ ਚੰਗੀ ਹੈ ਪਰ ਇੱਕ ਪਾਪੀ ਮਨੁੱਖ ਬਹੁਤ ਸਾਰੀ ਭਲਿਆਈ ਦਾ ਨਾਸ ਕਰਦਾ ਹੈ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath