ਈਸਾਈ
ਪਿੱਛੇ

ਉਪਦੇਸ਼ਕ ਦੀ ਪੋਥੀ 7

1ਨੇਕਨਾਮੀ ਮਹਿੰਗੇ ਅਤਰ ਨਾਲੋਂ ਅਤੇ ਮਰਨ ਦਾ ਦਿਨ ਜੰਮਣ ਦੇ ਦਿਨ ਨਾਲੋਂ ਚੰਗਾ ਹੈ।

2ਸੋਗ ਵਾਲੇ ਘਰ ਵਿੱਚ ਜਾਣਾ ਦਾਵਤ ਵਾਲੇ ਘਰ ਵਿੱਚ ਜਾਣ ਨਾਲੋਂ ਚੰਗਾ ਹੈ, ਕਿਉਂ ਜੋ ਸਾਰੇ ਮਨੁੱਖਾਂ ਦਾ ਅੰਤ ਇਹੋ ਹੈ ਅਤੇ ਜੀਉਂਦੇ ਆਪਣੇ ਦਿਲ ਵਿੱਚ ਇਸ ਉੱਤੇ ਵਿਚਾਰ ਕਰਨਗੇ।

3ਹਾਸੇ ਨਾਲੋਂ ਦੁੱਖ ਚੰਗਾ ਹੈ, ਕਿਉਂ ਜੋ ਮੂੰਹ ਦੀ ਉਦਾਸੀ ਨਾਲ ਮਨ ਸੁਧਰ ਜਾਂਦਾ ਹੈ।

4ਬੁੱਧਵਾਨ ਦਾ ਦਿਲ ਸੋਗ ਵਾਲੇ ਘਰ ਵੱਲ ਲੱਗਿਆ ਰਹਿੰਦਾ ਹੈ, ਪਰ ਮੂਰਖ ਦਾ ਦਿਲ ਅਨੰਦ ਦੇ ਘਰ ਵਿੱਚ ਲੱਗਾ ਰਹਿੰਦਾ ਹੈ।

5ਮੂਰਖਾਂ ਦੇ ਗੀਤ ਸੁਣਨ ਨਾਲੋਂ ਬੁੱਧਵਾਨ ਦੀ ਝਿੜਕ ਸੁਣਨੀ ਮਨੁੱਖ ਦੇ ਲਈ ਚੰਗੀ ਹੈ।

6ਕਿਉਂਕਿ ਜਿਵੇਂ ਕੜਾਹੇ ਦੇ ਹੇਠ ਕੰਡਿਆਂ ਦੀ ਅੱਗ ਨਾਲ ਪਟਾਕਾ ਹੁੰਦਾ ਹੈ, ਉਸੇ ਤਰ੍ਹਾਂ ਹੀ ਮੂਰਖ ਦਾ ਹਾਸਾ ਹੈ, ਇਹ ਵੀ ਵਿਅਰਥ ਹੈ।

7ਸੱਚ-ਮੁੱਚ ਸਖਤੀ ਬੁੱਧਵਾਨ ਨੂੰ ਕਮਲਾ ਬਣਾ ਦਿੰਦੀ ਹੈ ਅਤੇ ਰਿਸ਼ਵਤ ਬੁੱਧ ਨੂੰ ਵਿਗਾੜ ਦਿੰਦੀ ਹੈ।

8ਕਿਸੇ ਗੱਲ ਦਾ ਅੰਤ ਉਸ ਦੇ ਅਰੰਭ ਨਾਲੋਂ ਭਲਾ ਹੈ ਅਤੇ ਧੀਰਜਵਾਨ ਹੰਕਾਰੀ ਨਾਲੋਂ ਚੰਗਾ ਹੈ।

9ਤੂੰ ਆਪਣੇ ਮਨ ਵਿੱਚ ਛੇਤੀ ਨਾਲ ਕ੍ਰੋਧ ਨਾ ਕਰ, ਕਿਉਂ ਜੋ ਕ੍ਰੋਧ ਮੂਰਖਾਂ ਦੇ ਦਿਲ ਵਿੱਚ ਰਹਿੰਦਾ ਹੈ।

10ਇਹ ਨਾ ਆਖ ਕਿ ਪਿਛਲੇ ਦਿਨ ਇਹਨਾਂ ਦਿਨਾਂ ਨਾਲੋਂ ਕਿਉਂ ਚੰਗੇ ਸਨ? ਕਿਉਂ ਜੋ ਤੂੰ ਬੁੱਧ ਨਾਲ ਇਸ ਦੇ ਬਾਰੇ ਨਹੀਂ ਪੁੱਛਦਾ।

11ਵਿਰਾਸਤ ਦੇ ਵਾਂਗੂੰ ਬੁੱਧ ਚੰਗੀ ਹੈ ਅਤੇ ਜਿਉਂਦਿਆਂ ਲਈ ਲਾਭਕਾਰੀ ਹੈ।

12ਕਿਉਂ ਜੋ ਬੁੱਧ ਦਾ ਸਹਾਰਾ ਧਨ ਦੇ ਸਹਾਰੇ ਵਰਗਾ ਹੈ, ਪਰ ਗਿਆਨ ਦਾ ਇੱਕ ਇਹ ਲਾਭ ਹੈ, ਜੋ ਬੁੱਧ ਆਪਣੇ ਰੱਖਣ ਵਾਲਿਆਂ ਦੀ ਜਾਨ ਦੀ ਰਾਖੀ ਕਰਦੀ ਹੈ।

13ਪਰਮੇਸ਼ੁਰ ਦੇ ਕੰਮ ਨੂੰ ਵੇਖ, ਜਿਸ ਨੂੰ ਉਹ ਨੇ ਟੇਡਾ ਕੀਤਾ ਹੈ, ਉਸ ਨੂੰ ਕੌਣ ਸਿੱਧਾ ਕਰ ਸਕਦਾ ਹੈ?

14ਖੁਸ਼ਹਾਲੀ ਦੇ ਦਿਨ ਵਿੱਚ ਨਿਹਾਲ ਹੋ, ਪਰ ਬਿਪਤਾ ਦੇ ਦਿਨ ਵਿੱਚ ਵਿਚਾਰ ਕਰ, ਇਸ ਨੂੰ ਵੀ ਪਰਮੇਸ਼ੁਰ ਨੇ ਉਹ ਦੇ ਵਰਗਾ ਬਣਾਇਆ ਹੈ, ਤਾਂ ਕਿ ਮਨੁੱਖ ਕਿਸੇ ਆਉਣ ਵਾਲੀ ਗੱਲ ਨੂੰ ਨਾ ਬੁੱਝੇ।

15ਮੈਂ ਆਪਣੇ ਵਿਅਰਥ ਦੇ ਦਿਨਾਂ ਵਿੱਚ ਇਹ ਸਭ ਕੁਝ ਦੇਖਿਆ, ਇੱਕ ਧਰਮੀ ਹੈ ਜੋ ਆਪਣੀ ਧਾਰਮਿਕਤਾ ਵਿੱਚ ਨਾਸ ਹੋ ਜਾਂਦਾ ਹੈ ਅਤੇ ਇੱਕ ਦੁਸ਼ਟ ਹੈ ਜੋ ਆਪਣੀ ਦੁਸ਼ਟਤਾ ਵਿੱਚ ਲੰਮੀ ਉਮਰ ਭੋਗਦਾ ਹੈ।

16ਵਧੇਰੇ ਧਰਮੀ ਨਾ ਬਣ ਅਤੇ ਨਾ ਹੀ ਵਧੇਰੇ ਬੁੱਧਵਾਨ ਹੋ, ਆਪਣੇ ਆਪ ਨੂੰ ਨਾਸ ਕਰਨ ਦੀ ਤੈਨੂੰ ਕੀ ਲੋੜ ਹੈ?

17ਵਧੇਰੇ ਦੁਸ਼ਟ ਨਾ ਬਣ ਅਤੇ ਨਾ ਹੀ ਮੂਰਖ ਹੋ, ਤੂੰ ਸਮੇਂ ਤੋਂ ਪਹਿਲਾਂ ਕਿਉਂ ਮਰੇਂ?

18ਚੰਗਾ ਹੈ ਜੋ ਤੂੰ ਇਹ ਨੂੰ ਫੜ੍ਹ ਕੇ ਰੱਖੇਂ ਅਤੇ ਉਸ ਤੋਂ ਵੀ ਹੱਥ ਨਾ ਖਿੱਚੇਂ, ਉਹ ਜੋ ਪਰਮੇਸ਼ੁਰ ਤੋਂ ਡਰਦਾ ਹੈ, ਉਹਨਾਂ ਸਭਨਾਂ ਵਿੱਚੋਂ ਬਚ ਨਿੱਕਲੇਗਾ।

19ਬੁੱਧ ਬੁੱਧਵਾਨ ਨੂੰ ਸ਼ਹਿਰ ਦੇ ਦਸਾਂ ਤਕੜੇ ਹਾਕਮਾਂ ਦੇ ਨਾਲੋਂ ਜਿਆਦਾ ਤਕੜਾ ਕਰਦੀ ਹੈ।

20ਧਰਤੀ ਉੱਤੇ ਅਜਿਹਾ ਧਰਮੀ ਮਨੁੱਖ ਕੋਈ ਨਹੀਂ, ਜੋ ਭਲਿਆਈ ਹੀ ਕਰੇ ਅਤੇ ਪਾਪ ਨਾ ਕਰੇ।

21ਸਾਰੀਆਂ ਗੱਲਾਂ ਜੋ ਆਖੀਆਂ ਜਾਂਦੀਆਂ ਹਨ, ਉਨ੍ਹਾਂ ਉੱਤੇ ਮਨ ਨਾ ਲਾ, ਕਿਤੇ ਤੂੰ ਆਪਣੇ ਦਾਸ ਨੂੰ ਤੈਨੂੰ ਸਰਾਪ ਦਿੰਦੇ ਹੋਏ ਸੁਣੇਂ!

22ਕਿਉਂ ਜੋ ਤੂੰ ਆਪਣੇ ਮਨ ਵਿੱਚ ਜਾਣਦਾ ਹੈਂ, ਜੋ ਤੂੰ ਵੀ ਕਈ ਵਾਰੀ ਇਸੇ ਤਰ੍ਹਾਂ ਦੂਸਰਿਆਂ ਨੂੰ ਸਰਾਪ ਦਿੱਤਾ ਹੈ!

23ਮੈਂ ਬੁੱਧ ਨਾਲ ਇਹ ਸਭ ਕੁਝ ਪਰਖਿਆ ਹੈ। ਮੈਂ ਆਖਿਆ ਕਿ ਮੈਂ ਬੁੱਧਵਾਨ ਹੋਵਾਂਗਾ ਪਰ ਇਹ ਗੱਲ ਮੇਰੀ ਪਹੁੰਚ ਤੋਂ ਦੂਰ ਸੀ

24ਜੋ ਕੁਝ ਦੂਰ ਅਤੇ ਬਹੁਤ ਡੂੰਘਾ ਹੈ, ਉਹ ਨੂੰ ਕੌਣ ਲੱਭ ਸਕਦਾ ਹੈ?

25ਮੈਂ ਆਪਣਾ ਮਨ ਲਗਾਇਆ ਕਿ ਬੁੱਧ ਨੂੰ ਜਾਣਾਂ ਅਤੇ ਲੱਭ ਲਵਾਂ ਅਤੇ ਉਸ ਦੇ ਮੁੱਢ ਨੂੰ ਭਾਲਾਂ ਅਤੇ ਮੂਰਖਤਾਈ ਦੀ ਬੁਰਿਆਈ ਅਤੇ ਮੂਰਖਤਾਈ ਜੋ ਪਾਗਲਪਣ ਹੈ, ਉਸ ਨੂੰ ਸਮਝਾਂ।

26ਮੈਂ ਉਸ ਇਸਤਰੀ ਨੂੰ ਮੌਤ ਨਾਲੋਂ ਕੌੜੀ ਜਾਣਦਾ ਹਾਂ, ਜਿਸ ਦਾ ਦਿਲ ਫਾਹੀਆਂ ਅਤੇ ਜਾਲ਼ ਹੈ, ਜਿਸ ਦੇ ਹੱਥ ਬੇੜੀਆਂ ਹਨ। ਜਿਹੜਾ ਪਰਮੇਸ਼ੁਰ ਨੂੰ ਪਰਸੰਨ ਕਰਦਾ ਹੈ, ਉਹ ਉਸ ਤੋਂ ਬਚੇਗਾ ਪਰ ਪਾਪੀ ਉਸ ਦਾ ਸ਼ਿਕਾਰ ਹੋ ਜਾਵੇਗਾ

27ਉਪਦੇਸ਼ਕ ਆਖਦਾ ਹੈ, ਵੇਖੋ, ਮੈਂ ਇੱਕ ਗੱਲ ਨੂੰ ਦੂਜੀ ਗੱਲ ਦੇ ਨਾਲ ਜੋੜ ਕੇ ਇਹ ਖੋਜ ਕੱਢੀ ਹੈ।

28ਜਿਸ ਨੂੰ ਹੁਣ ਤੱਕ ਮੇਰਾ ਮਨ ਭਾਲਦਾ ਰਹਿੰਦਾ ਹੈ, ਪਰ ਮੈਨੂੰ ਨਹੀਂ ਮਿਲਿਆ: ਹਜ਼ਾਰਾਂ ਵਿੱਚੋਂ ਮੈਂ ਇੱਕ ਮਨੁੱਖ ਨੂੰ ਲੱਭਿਆ ਹੈ ਪਰ ਇੱਕ ਵੀ ਇਸਤਰੀ ਮੈਨੂੰ ਇਹਨਾਂ ਸਾਰਿਆਂ ਵਿੱਚੋਂ ਨਹੀਂ ਲੱਭੀ।

29ਵੇਖੋ, ਮੈਂ ਸਿਰਫ਼ ਇਹੋ ਹੀ ਲੱਭਿਆ ਹੈ ਕਿ ਪਰਮੇਸ਼ੁਰ ਨੇ ਮਨੁੱਖ ਨੂੰ ਸਿੱਧਾ ਬਣਾਇਆ, ਪਰ ਉਹਨਾਂ ਨੇ ਬਹੁਤੀਆਂ ਜੁਗਤਾਂ ਭਾਲੀਆਂ ਹਨ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath