ਈਸਾਈ
ਪਿੱਛੇ

ਉਪਦੇਸ਼ਕ ਦੀ ਪੋਥੀ 2

1ਮੈਂ ਆਪਣੇ ਮਨ ਵਿੱਚ ਆਖਿਆ ਭਈ ਆ, ਮੈਂ ਅਨੰਦ ਨਾਲ ਤੇਰਾ ਪਰਤਾਵਾ ਲਵਾਂਗਾ, ਇਸ ਲਈ ਸੁੱਖ ਭੋਗ ਅਤੇ ਵੇਖੋ, ਇਹ ਵੀ ਵਿਅਰਥ ਸੀ।

2ਮੈਂ ਹਾਸੇ ਦੇ ਬਾਰੇ ਆਖਿਆ ਕਿ ਇਹ ਮੂਰਖਤਾ ਹੈ ਅਤੇ ਅਨੰਦ ਦੇ ਬਾਰੇ ਕਿ ਇਹ ਕੀ ਕਰਦਾ ਹੈ?

3ਮੈਂ ਆਪਣੇ ਮਨ ਵਿੱਚ ਵਿਚਾਰ ਕੀਤਾ ਕਿ ਮੈਂ ਕਿਵੇਂ ਮਧ ਪੀ ਕੇ ਆਪਣੇ ਸਰੀਰ ਨੂੰ ਖੁਸ਼ ਕਰਾਂ, ਪਰ ਫੇਰ ਵੀ ਮੇਰਾ ਮਨ ਬੁੱਧ ਵੱਲ ਲੱਗਿਆ ਰਹੇ ਅਤੇ ਮੂਰਖਤਾਈ ਨੂੰ ਫੜ੍ਹ ਕੇ ਰੱਖਾਂ, ਜਦ ਤੱਕ ਇਹ ਨਾ ਵੇਖਾਂ ਕਿ ਉਹ ਚੰਗਾ ਕੰਮ ਕਿਹੜਾ ਹੈ ਜੋ ਆਦਮ ਵੰਸ਼ੀ ਆਪਣੇ ਜੀਵਨ ਦੇ ਥੋੜ੍ਹੇ ਜਿਹੇ ਦਿਨਾਂ ਵਿੱਚ ਅਕਾਸ਼ ਦੇ ਹੇਠਾਂ ਕਰਨ।

4ਮੈਂ ਵੱਡੇ-ਵੱਡੇ ਕੰਮ ਕੀਤੇ, ਮੈਂ ਆਪਣੇ ਲਈ ਘਰ ਉਸਾਰੇ ਅਤੇ ਮੈਂ ਆਪਣੇ ਲਈ ਦਾਖਾਂ ਦੀਆਂ ਵਾੜੀਆਂ ਲਗਾਈਆਂ,

5ਮੈਂ ਆਪਣੇ ਲਈ ਬਗੀਚੇ ਅਤੇ ਬਾਗ਼ ਬਣਾਏ ਅਤੇ ਉਹਨਾਂ ਵਿੱਚ ਭਾਂਤ-ਭਾਂਤ ਦੇ ਫਲਾਂ ਵਾਲੇ ਰੁੱਖ ਲਗਾਏ,

6ਮੈਂ ਆਪਣੇ ਹਰੇ ਰੁੱਖਾਂ ਦੇ ਬਣ ਨੂੰ ਸਿੰਜਣ ਦੇ ਲਈ ਤਲਾਬ ਬਣਾਏ,

7ਮੈਂ ਦਾਸ ਅਤੇ ਦਾਸੀਆਂ ਮੁੱਲ ਲਏ ਅਤੇ ਮੇਰੇ ਘਰ ਵਿੱਚ ਜੰਮੇ ਹੋਏ ਦਾਸ ਵੀ ਸਨ, ਸਗੋਂ ਮੇਰੇ ਕੋਲ ਉਹਨਾਂ ਸਾਰਿਆਂ ਨਾਲੋਂ ਵੱਧ ਵੱਗਾਂ ਅਤੇ ਇੱਜੜਾਂ ਦੀ ਜ਼ਾਇਦਾਦ ਸੀ, ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ।

8ਮੈਂ ਸੋਨਾ-ਚਾਂਦੀ ਅਤੇ ਰਾਜਿਆਂ ਅਤੇ ਸੂਬਿਆਂ ਦੇ ਖ਼ਜ਼ਾਨੇ ਆਪਣੇ ਲਈ ਇਕੱਠੇ ਕੀਤੇ। ਮੈਂ ਗਾਇਕ ਅਤੇ ਗਾਉਣ ਵਾਲੀਆਂ ਰੱਖੀਆਂ ਅਤੇ ਬਹੁਤ ਸਾਰੀਆਂ ਮਨਮੋਹਣੀਆਂ ਰਖ਼ੈਲਾਂ ਵੀ ਪ੍ਰਾਪਤ ਕੀਤੀਆਂ, ਜਿਨ੍ਹਾਂ ਤੋਂ ਆਦਮ ਵੰਸ਼ੀ ਸੁੱਖ ਪਾਉਂਦੇ ਹਨ।

9ਮੈਂ ਮਹਾਨ ਹੋ ਗਿਆ ਅਤੇ ਜਿਹੜੇ ਮੇਰੇ ਤੋਂ ਪਹਿਲਾਂ ਯਰੂਸ਼ਲਮ ਵਿੱਚ ਸਨ, ਉਹਨਾਂ ਸਾਰਿਆਂ ਨਾਲੋਂ ਬਹੁਤ ਵਾਧਾ ਕੀਤਾ ਪਰ ਫੇਰ ਵੀ ਮੇਰੀ ਬੁੱਧ ਮੇਰੇ ਵਿੱਚ ਟਿਕੀ ਰਹੀ।

10ਉਹ ਸਭ ਕੁਝ ਜੋ ਮੇਰੀਆਂ ਅੱਖਾਂ ਮੰਗਦੀਆਂ ਸਨ, ਮੈਂ ਉਹਨਾਂ ਕੋਲੋਂ ਦੂਰ ਨਹੀਂ ਰੱਖਿਆ। ਮੈਂ ਆਪਣੇ ਮਨ ਨੂੰ ਕਿਸੇ ਤਰ੍ਹਾਂ ਦੇ ਅਨੰਦ ਤੋਂ ਨਹੀਂ ਰੋਕਿਆ, ਕਿਉਂ ਜੋ ਮੇਰਾ ਮਨ ਮੇਰੀ ਸਾਰੀ ਮਿਹਨਤ ਨਾਲ ਰਾਜ਼ੀ ਰਿਹਾ ਅਤੇ ਮੇਰੀ ਸਾਰੀ ਮਿਹਨਤ ਵਿੱਚ ਮੇਰਾ ਇਹੋ ਹਿੱਸਾ ਸੀ।

11ਤਦ ਮੈਂ ਉਨ੍ਹਾਂ ਸਾਰਿਆਂ ਕੰਮਾਂ ਨੂੰ ਵੇਖਿਆ ਜੋ ਮੇਰੇ ਹੱਥਾਂ ਨੇ ਕੀਤੇ ਸਨ ਅਤੇ ਉਸ ਮਿਹਨਤ ਨੂੰ ਜੋ ਮੈਂ ਕੰਮ ਕਰਨ ਦੇ ਵਿੱਚ ਕੀਤੀ ਸੀ ਅਤੇ ਵੇਖੋ, ਉਹਨਾਂ ਸਾਰਿਆਂ ਦਾ ਸੂਰਜ ਦੇ ਹੇਠ ਕੋਈ ਲਾਭ ਨਹੀਂ ਸੀ।

12ਫੇਰ ਮੈਂ ਬੁੱਧ ਅਤੇ ਪਾਗਲਪੁਣੇ ਅਤੇ ਮੂਰਖਤਾਈ ਨੂੰ ਵੇਖਣ ਲਈ ਮੂੰਹ ਮੋੜਿਆ ਕਿਉਂ ਜੋ ਉਹ ਮਨੁੱਖ ਜੋ ਰਾਜਾ ਤੋਂ ਬਾਅਦ ਆਵੇਗਾ, ਕੀ ਕਰੇਗਾ? ਸਿਰਫ਼ ਉਹ ਹੀ ਜੋ ਪਹਿਲਾਂ ਤੋਂ ਹੁੰਦਾ ਆਇਆ ਹੈ।

13ਤਦ ਮੈਂ ਵੇਖਿਆ ਕਿ ਜਿਵੇਂ ਚਾਨਣ ਹਨੇਰੇ ਨਾਲੋਂ ਉੱਤਮ ਹੈ, ਉਸੇ ਤਰ੍ਹਾਂ ਹੀ ਮੂਰਖਤਾਈ ਨਾਲੋਂ ਬੁੱਧ ਉੱਤਮ ਹੈ।

14ਬੁੱਧਵਾਨ ਦੀਆਂ ਅੱਖਾਂ ਸਿਰ ਵਿੱਚ ਹੀ ਰਹਿੰਦੀਆਂ ਹਨ, ਪਰ ਮੂਰਖ ਹਨੇਰੇ ਵਿੱਚ ਤੁਰਦਾ ਹੈ, ਤਾਂ ਵੀ ਮੈਂ ਜਾਣ ਲਿਆ ਕਿ ਸਾਰਿਆਂ ਉੱਤੇ ਇੱਕੋ ਜਿਹੀ ਹੀ ਬੀਤਦੀ ਹੈ।

15ਤਦ ਮੈਂ ਆਪਣੇ ਮਨ ਵਿੱਚ ਆਖਿਆ, ਜੋ ਕੁਝ ਮੂਰਖ ਉੱਤੇ ਬੀਤਦੀ ਹੈ, ਉਹ ਹੀ ਮੇਰੇ ਉੱਤੇ ਵੀ ਬੀਤੇਗੀ, ਤਾਂ ਫੇਰ ਮੈਂ ਵੱਧ ਬੁੱਧਵਾਨ ਕਿਉਂ ਬਣਿਆ? ਸੋ ਮੈਂ ਆਪਣੇ ਮਨ ਵਿੱਚ ਆਖਿਆ ਕਿ ਇਹ ਵੀ ਵਿਅਰਥ ਹੀ ਹੈ।

16ਕਿਉਂ ਜੋ ਨਾ ਤਾਂ ਬੁੱਧਵਾਨ ਦਾ ਅਤੇ ਨਾ ਮੂਰਖ ਦੀ ਯਾਦ ਸਦਾ ਤੱਕ ਰਹੇਗੀ, ਕਿਉਂ ਜੋ ਆਉਣ ਵਾਲਿਆਂ ਸਮਿਆਂ ਵਿੱਚ ਸਭ ਕੁਝ ਭੁਲਾ ਦਿੱਤਾ ਜਾਵੇਗਾ। ਬੁੱਧਵਾਨ ਕਿਸ ਤਰ੍ਹਾਂ ਮਰਦਾ ਹੈ? ਉਸੇ ਤਰ੍ਹਾਂ ਹੀ ਜਿਵੇਂ ਮੂਰਖ ਮਰਦਾ ਹੈ!

17ਇਸ ਲਈ ਮੈਂ ਜੀਵਨ ਤੋਂ ਅੱਕ ਗਿਆ, ਕਿਉਂ ਜੋ ਉਹ ਸਾਰਾ ਕੰਮ ਜੋ ਸੂਰਜ ਦੇ ਹੇਠ ਕੀਤਾ ਜਾਂਦਾ ਹੈ ਮੈਨੂੰ ਮਾੜਾ ਲੱਗਾ, ਕਿਉਂਕਿ ਸਭ ਕੁਝ ਵਿਅਰਥ ਅਤੇ ਹਵਾ ਦਾ ਫੱਕਣਾ ਹੈ।

18ਸਗੋਂ ਮੈਂ ਆਪਣੀ ਮਿਹਨਤ ਦੇ ਸਾਰੇ ਕੰਮਾਂ ਤੋਂ ਅੱਕ ਗਿਆ, ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਕਿਉਂ ਜੋ ਮੈਨੂੰ ਉਹ ਉਸ ਆਦਮੀ ਦੇ ਲਈ ਛੱਡਣਾ ਪਵੇਗਾ ਜੋ ਮੇਰੇ ਤੋਂ ਬਾਅਦ ਆਵੇਗਾ।

19ਕੌਣ ਜਾਣਦਾ ਹੈ ਕਿ ਉਹ ਬੁੱਧਵਾਨ ਹੋਵੇਗਾ ਜਾਂ ਮੂਰਖ? ਫੇਰ ਵੀ ਮੇਰੀ ਸਾਰੀ ਮਿਹਨਤ ਦੇ ਕੰਮ ਦਾ ਜੋ ਮੈਂ ਕੀਤਾ ਅਤੇ ਜਿਸ ਦੇ ਲਈ ਮੈਂ ਸੂਰਜ ਦੇ ਹੇਠ ਆਪਣੀ ਬੁੱਧ ਖ਼ਰਚ ਕੀਤੀ, ਉਹੋ ਮਾਲਕ ਬਣੇਗਾ! ਇਹ ਵੀ ਵਿਅਰਥ ਹੀ ਹੈ।

20ਤਦ ਮੈਂ ਮੁੜਿਆ ਅਤੇ ਆਪਣੇ ਮਨ ਨੂੰ ਉਸ ਸਾਰੇ ਕੰਮ ਤੋਂ ਜੋ ਮੈਂ ਸੂਰਜ ਦੇ ਹੇਠ ਕੀਤਾ ਸੀ, ਨਿਰਾਸ਼ ਕੀਤਾ,

21ਕਿਉਂ ਜੋ ਇੱਕ ਅਜਿਹਾ ਮਨੁੱਖ ਵੀ ਹੈ ਜਿਸ ਦਾ ਕੰਮ ਬੁੱਧ ਅਤੇ ਗਿਆਨ ਅਤੇ ਸਫ਼ਲਤਾ ਦੇ ਨਾਲ ਹੁੰਦਾ ਹੈ ਪਰ ਉਹ ਉਸ ਨੂੰ ਦੂਜੇ ਮਨੁੱਖ ਦੇ ਲਈ ਛੱਡ ਜਾਵੇਗਾ, ਜਿਸ ਨੇ ਉਸ ਦੇ ਵਿੱਚ ਕੁਝ ਮਿਹਨਤ ਨਹੀਂ ਕੀਤੀ ਕਿ ਉਹ ਉਸ ਦੀ ਵੰਡ ਹੋਵੇ। ਇਹ ਵੀ ਵਿਅਰਥ ਅਤੇ ਵੱਡੀ ਬਿਪਤਾ ਹੀ ਹੈ।

22ਭਲਾ, ਮਨੁੱਖ ਨੂੰ ਆਪਣੇ ਸਾਰੇ ਕੰਮ-ਧੰਦੇ ਤੋਂ ਜੋ ਉਹ ਨੇ ਸੂਰਜ ਦੇ ਹੇਠ ਕੀਤਾ ਅਤੇ ਮਨ ਦੇ ਕਸ਼ਟ ਤੋਂ ਕੀ ਲਾਭ ਹੁੰਦਾ ਹੈ?

23ਕਿਉਂ ਜੋ ਉਹ ਦੇ ਸਾਰੇ ਦਿਨ ਦੁੱਖ ਭਰੇ ਹਨ ਅਤੇ ਉਹ ਦੀ ਮਿਹਨਤ ਸੋਗ ਹੈ, ਸਗੋਂ ਉਹ ਦੇ ਮਨ ਨੂੰ ਰਾਤੀਂ ਵੀ ਅਰਾਮ ਨਹੀਂ ਮਿਲਦਾ। ਇਹ ਵੀ ਵਿਅਰਥ ਹੀ ਹੈ!

24ਮਨੁੱਖ ਦੇ ਲਈ ਇਸ ਨਾਲੋਂ ਚੰਗਾ ਹੋਰ ਕੁਝ ਨਹੀਂ ਕਿ ਖਾਵੇ-ਪੀਵੇ ਅਤੇ ਆਪਣੇ ਸਾਰੇ ਕੰਮ-ਧੰਦੇ ਦੇ ਵਿੱਚ ਆਪਣਾ ਮਨ ਪਰਚਾਵੇ। ਮੈਂ ਵੇਖਿਆ ਕਿ ਇਹ ਵੀ ਪਰਮੇਸ਼ੁਰ ਦੇ ਹੱਥੋਂ ਮਿਲਦਾ ਹੈ,

25ਕਿਉਂ ਜੋ ਉਸ ਨਾਲੋਂ ਵੱਧ ਕੌਣ ਖਾ ਸਕਦਾ ਅਤੇ ਅਨੰਦ ਭੋਗ ਸਕਦਾ ਹੈ?

26ਕਿਉਂ ਜੋ ਪਰਮੇਸ਼ੁਰ ਉਸ ਮਨੁੱਖ ਨੂੰ ਜੋ ਉਸ ਦੀ ਨਜ਼ਰ ਵਿੱਚ ਭਲਾ ਹੈ, ਬੁੱਧ ਅਤੇ ਗਿਆਨ ਅਤੇ ਅਨੰਦ ਦਿੰਦਾ ਹੈ, ਪਰ ਪਾਪੀ ਨੂੰ ਦੁੱਖ ਦਿੰਦਾ ਹੈ ਤਾਂ ਜੋ ਉਹ ਇਕੱਠਾ ਕਰਕੇ ਅਤੇ ਜੋੜ ਕੇ ਉਸ ਨੂੰ ਦੇਵੇ, ਜਿਹੜਾ ਪਰਮੇਸ਼ੁਰ ਨੂੰ ਭਾਉਂਦਾ ਹੈ। ਇਹ ਵੀ ਵਿਅਰਥ ਅਤੇ ਹਵਾ ਦਾ ਫੱਕਣਾ ਹੈ!

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath