ਈਸਾਈ
ਪਿੱਛੇ

ਬਿਵਸਥਾ ਸਾਰ 6

1ਇਹ ਉਹ ਹੁਕਮਨਾਮੇ, ਬਿਧੀਆਂ ਅਤੇ ਕਨੂੰਨ ਹਨ, ਜਿਨ੍ਹਾਂ ਨੂੰ ਤੁਹਾਨੂੰ ਸਿਖਾਉਣ ਦਾ ਹੁਕਮ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਦਿੱਤਾ ਹੈ, ਤਾਂ ਜੋ ਤੁਸੀਂ ਇਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਪਾਰ ਜਾਂਦੇ ਹੋ,

2ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ ਅਤੇ ਉਸ ਦੀਆਂ ਸਾਰੀਆਂ ਬਿਧੀਆਂ ਅਤੇ ਹੁਕਮਾਂ ਨੂੰ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤੁਸੀਂ, ਤੁਹਾਡੇ ਪੁੱਤਰ ਅਤੇ ਤੁਹਾਡੇ ਪੋਤਰੇ ਜੀਵਨ ਭਰ ਮੰਨਣ, ਤਾਂ ਜੋ ਤੁਹਾਡੇ ਦਿਨ ਲੰਮੇ ਹੋਣ।

3ਹੇ ਇਸਰਾਏਲ, ਸੁਣੋ ਅਤੇ ਇਸੇ ਤਰ੍ਹਾਂ ਹੀ ਕਰਨ ਦਾ ਜਤਨ ਕਰੋ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਜਿਵੇਂ ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਬਚਨ ਦਿੱਤਾ ਹੈ, ਤੁਸੀਂ ਉਸ ਦੇਸ਼ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ ਬਹੁਤ ਹੀ ਵੱਧ ਜਾਓ।

4ਹੇ ਇਸਰਾਏਲ, ਸੁਣ! ਯਹੋਵਾਹ ਸਾਡਾ ਪਰਮੇਸ਼ੁਰ ਇੱਕੋ ਹੀ ਯਹੋਵਾਹ ਹੈ।

5ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ, ਆਪਣੀ ਸਾਰੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰੋ

6ਅਤੇ ਇਹ ਗੱਲਾਂ, ਜਿਨ੍ਹਾਂ ਦਾ ਹੁਕਮ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤੁਹਾਡੇ ਦਿਲ ਵਿੱਚ ਬਣੀਆਂ ਰਹਿਣ।

7ਤੁਸੀਂ ਇਹਨਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਇਓ। ਤੁਸੀਂ ਆਪਣੇ ਘਰ ਵਿੱਚ ਬੈਠਦਿਆਂ, ਰਾਹ ਵਿੱਚ ਤੁਰਦਿਆਂ, ਲੇਟਦਿਆਂ ਅਤੇ ਉੱਠਦਿਆਂ ਇਹਨਾਂ ਗੱਲਾਂ ਦੀ ਚਰਚਾ ਕਰਦੇ ਰਹਿਣਾ।

8ਤੁਸੀਂ ਉਹਨਾਂ ਨੂੰ ਨਿਸ਼ਾਨੀਆਂ ਲਈ ਆਪਣੇ ਹੱਥ ਉੱਤੇ ਬੰਨ੍ਹਣਾ ਅਤੇ ਉਹ ਤੁਹਾਡੀਆਂ ਅੱਖਾਂ ਦੇ ਵਿਚਕਾਰ ਟਿੱਕੇ ਵਾਂਗੂੰ ਹੋਣ।

9ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੀਆਂ ਚੁਗਾਠਾਂ ਉੱਤੇ ਅਤੇ ਆਪਣੇ ਫਾਟਕਾਂ ਉੱਤੇ ਲਿਖਿਓ।

10ਜਦ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਪਹੁੰਚਾਵੇ, ਜਿਸ ਨੂੰ ਤੁਹਾਨੂੰ ਦੇਣ ਦੀ ਉਸਨੇ ਤੁਹਾਡੇ ਪੁਰਖਿਆਂ ਨਾਲ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ ਅਤੇ ਜਦ ਉਹ ਤੈਨੂੰ ਵੱਡੇ ਅਤੇ ਚੰਗੇ ਸ਼ਹਿਰ ਜਿਹੜੇ ਤੁਸੀਂ ਨਹੀਂ ਬਣਾਏ

11ਅਤੇ ਚੰਗੀਆਂ ਚੀਜ਼ਾਂ ਨਾਲ ਭਰੇ ਹੋਏ ਘਰ, ਜਿਹੜੇ ਤੁਸੀਂ ਨਹੀਂ ਭਰੇ ਅਤੇ ਪੁੱਟੇ ਹੋਏ ਹੌਦ ਜਿਹੜੇ ਤੁਸੀਂ ਨਹੀਂ ਪੁੱਟੇ, ਅੰਗੂਰੀ ਬਾਗ਼ ਅਤੇ ਜ਼ੈਤੂਨ ਦੇ ਰੁੱਖ ਜਿਹੜੇ ਤੁਸੀਂ ਨਹੀਂ ਲਾਏ ਦੇਵੇਗਾ, ਜਿਨ੍ਹਾਂ ਤੋਂ ਤੁਸੀਂ ਖਾਓਗੇ ਅਤੇ ਰੱਜ ਜਾਓਗੇ,

12ਤਦ ਤੁਸੀਂ ਚੌਕਸ ਰਹਿਓ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਯਹੋਵਾਹ ਨੂੰ ਭੁੱਲ ਜਾਓ, ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਅਰਥਾਤ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਹੈ।

13ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੋ, ਉਸੇ ਦੀ ਸੇਵਾ ਕਰੋ ਅਤੇ ਉਸ ਦੇ ਨਾਮ ਦੀ ਸਹੁੰ ਖਾਓ।

14ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ ਅਰਥਾਤ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ-ਦੁਆਲੇ ਹਨ,

15ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ, ਜੋ ਤੁਹਾਡੇ ਵਿਚਕਾਰ ਹੈ, ਇੱਕ ਅਣਖ ਵਾਲਾ ਪਰਮੇਸ਼ੁਰ ਹੈ, ਅਜਿਹਾ ਨਾ ਹੋਵੇ ਕਿ ਯਹੋਵਾਹ ਤੁਹਾਡੇ ਪਰਮੇਸ਼ੁਰ ਦਾ ਕ੍ਰੋਧ ਤੁਹਾਡੇ ਉੱਤੇ ਭੜਕੇ ਅਤੇ ਉਹ ਤੁਹਾਨੂੰ ਧਰਤੀ ਉੱਤੋਂ ਮਿਟਾ ਦੇਵੇ।

16ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਪ੍ਰੀਖਿਆ ਨਾ ਲੈਣਾ, ਜਿਵੇਂ ਤੁਸੀਂ ਮੱਸਾਹ ਵਿੱਚ ਕੀਤਾ ਸੀ।

17ਤੁਸੀਂ ਜ਼ਰੂਰ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ, ਉਸ ਦੀਆਂ ਸਾਖੀਆਂ ਅਤੇ ਉਸ ਦੀਆਂ ਬਿਧੀਆਂ ਦੀ ਪਾਲਨਾ ਕਰਿਓ, ਜਿਨ੍ਹਾਂ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਹੈ।

18ਜੋ ਕੁਝ ਯਹੋਵਾਹ ਦੀ ਨਿਗਾਹ ਵਿੱਚ ਠੀਕ ਅਤੇ ਚੰਗਾ ਹੈ, ਤੁਸੀਂ ਉਹ ਹੀ ਕਰਿਓ ਤਾਂ ਜੋ ਤੁਹਾਡਾ ਭਲਾ ਹੋਵੇ ਅਤੇ ਤੁਸੀਂ ਉਸ ਚੰਗੇ ਦੇਸ਼ ਵਿੱਚ ਜਾ ਕੇ ਉਸ ਉੱਤੇ ਅਧਿਕਾਰ ਕਰੋ, ਜਿਸ ਦੀ ਸਹੁੰ ਯਹੋਵਾਹ ਨੇ ਤੁਹਾਡੇ ਪੁਰਖਿਆਂ ਨਾਲ ਖਾਧੀ ਸੀ

19ਅਤੇ ਉਹ ਤੁਹਾਡੇ ਸਾਰੇ ਵੈਰੀਆਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇਗਾ, ਜਿਵੇਂ ਯਹੋਵਾਹ ਨੇ ਬਚਨ ਕੀਤਾ ਸੀ।

20ਜਦ ਅੱਗੇ ਨੂੰ ਤੁਹਾਡੇ ਪੁੱਤਰ ਤੁਹਾਨੂੰ ਪੁੱਛਣ ਕਿ ਉਹਨਾਂ ਸਾਖੀਆਂ, ਬਿਧੀਆਂ ਅਤੇ ਕਨੂੰਨਾਂ ਦਾ ਕੀ ਉਦੇਸ਼ ਹੈ ਜਿਨ੍ਹਾਂ ਦਾ ਸਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਹੁਕਮ ਦਿੱਤਾ ਸੀ?

21ਤਦ ਤੁਸੀਂ ਆਪਣੇ ਪੁੱਤਰਾਂ ਨੂੰ ਦੱਸਿਓ, ਅਸੀਂ ਮਿਸਰ ਵਿੱਚ ਫ਼ਿਰਊਨ ਦੇ ਗੁਲਾਮ ਸੀ ਅਤੇ ਯਹੋਵਾਹ ਸਾਨੂੰ ਮਿਸਰ ਤੋਂ ਬਲਵੰਤ ਹੱਥ ਨਾਲ ਕੱਢ ਲਿਆਇਆ।

22ਯਹੋਵਾਹ ਨੇ ਮਿਸਰ ਵਿੱਚ ਫ਼ਿਰਊਨ ਅਤੇ ਉਸ ਦੇ ਸਾਰੇ ਘਰਾਣੇ ਨਾਲ ਸਾਡੇ ਵੇਖਦਿਆਂ, ਵੱਡੇ ਅਤੇ ਦੁੱਖਦਾਇਕ ਨਿਸ਼ਾਨ ਅਤੇ ਅਚੰਭੇ ਵਿਖਾਲੇ

23ਅਤੇ ਸਾਨੂੰ ਉੱਥੋਂ ਕੱਢ ਲਿਆਇਆ ਤਾਂ ਜੋ ਉਹ ਸਾਨੂੰ ਇਸ ਦੇਸ਼ ਦੇ ਅੰਦਰ ਲਿਆਵੇ ਅਤੇ ਇਹ ਧਰਤੀ ਸਾਨੂੰ ਦੇਵੇ, ਜਿਸ ਦੀ ਸਹੁੰ ਉਸ ਨੇ ਸਾਡੇ ਪੁਰਖਿਆਂ ਨਾਲ ਖਾਧੀ ਸੀ।

24ਯਹੋਵਾਹ ਨੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਪੂਰਾ ਕਰਨ ਦਾ ਸਾਨੂੰ ਹੁਕਮ ਦਿੱਤਾ ਸੀ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਜੀਵਨ ਭਰ ਡਰੀਏ, ਤਾਂ ਜੋ ਸਾਡਾ ਭਲਾ ਹੋਵੇ ਅਤੇ ਉਹ ਸਾਨੂੰ ਜੀਉਂਦਾ ਰੱਖੇ, ਜਿਵੇਂ ਅੱਜ ਦੇ ਦਿਨ ਤੱਕ ਰੱਖਿਆ ਹੈ।

25ਜੇਕਰ ਅਸੀਂ ਇਹਨਾਂ ਸਾਰਿਆਂ ਹੁਕਮਾਂ ਨੂੰ ਜਿਨ੍ਹਾਂ ਦਾ ਉਸ ਨੇ ਹੁਕਮ ਦਿੱਤਾ ਸੀ, ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਚੰਗੀ ਤਰ੍ਹਾਂ ਮੰਨੀਏ ਤਾਂ ਇਹ ਸਾਡੇ ਲਈ ਧਰਮ ਠਹਿਰੇਗਾ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath