ਈਸਾਈ
ਪਿੱਛੇ

ਬਿਵਸਥਾ ਸਾਰ 4

1ਹੇ ਇਸਰਾਏਲ, ਹੁਣ ਉਨ੍ਹਾਂ ਬਿਧੀਆਂ ਅਤੇ ਕਨੂੰਨਾਂ ਨੂੰ ਸੁਣੋ ਜਿਹੜੇ ਮੈਂ ਤੁਹਾਨੂੰ ਸਿਖਾਉਂਦਾ ਹਾਂ ਕਿ ਤੁਸੀਂ ਉਨ੍ਹਾਂ ਨੂੰ ਪੂਰਾ ਕਰੋ, ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਜਾ ਕੇ ਉਸ ਦੇਸ਼ ਨੂੰ ਅਧਿਕਾਰ ਵਿੱਚ ਲੈ ਲਓ ਜਿਹੜਾ ਯਹੋਵਾਹ ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ।

2ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ, ਉਨ੍ਹਾਂ ਵਿੱਚ ਨਾ ਤਾਂ ਕੁਝ ਵਧਾਓ ਅਤੇ ਨਾ ਉਨ੍ਹਾਂ ਵਿੱਚੋਂ ਕੁਝ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਨਾ ਕਰੋ, ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ।

3ਜੋ ਕੁਝ ਯਹੋਵਾਹ ਨੇ ਬਆਲ ਪਓਰ ਦੇ ਕਾਰਨ ਕੀਤਾ ਉਹ ਸਭ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ, ਕਿਉਂ ਜੋ ਜਿਹੜੇ ਮਨੁੱਖ ਬਆਲ-ਪਓਰ ਪਰਾਏ ਦੇਵਤੇ ਦੇ ਪਿੱਛੇ ਹੋ ਗਏ ਸਨ, ਉਨ੍ਹਾਂ ਸਾਰਿਆਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਵਿੱਚੋਂ ਨਾਸ ਕਰ ਦਿੱਤਾ ਹੈ,

4ਪਰ ਤੁਸੀਂ ਜਿਹੜੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਲ ਬਣੇ ਰਹੇ, ਅੱਜ ਤੱਕ ਸਾਰੇ ਜੀਉਂਦੇ ਹੋ।

5ਵੇਖੋ, ਜਿਵੇਂ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਸੀ, ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਏ ਹਨ ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਜਾਂਦੇ ਹੋ, ਉਨ੍ਹਾਂ ਦੇ ਅਨੁਸਾਰ ਕਰੋ।

6ਤੁਸੀਂ ਉਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਤੁਹਾਡੀ ਬੁੱਧੀ ਅਤੇ ਸਮਝ ਇਸੇ ਗੱਲ ਤੋਂ ਪ੍ਰਗਟ ਹੋਵੇਗੀ ਅਰਥਾਤ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਇਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ।

7ਕਿਉਂ ਜੋ ਕਿਹੜੀ ਅਜਿਹੀ ਵੱਡੀ ਕੌਮ ਹੈ, ਜਿਸ ਦਾ ਪਰਮੇਸ਼ੁਰ ਉਸ ਦੇ ਐਨੇ ਨਜ਼ਦੀਕ ਹੈ, ਜਿਨ੍ਹਾਂ ਕਿ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨਜ਼ਦੀਕ ਹੈ, ਜਦ ਕਦੀ ਅਸੀਂ ਉਸ ਦੇ ਅੱਗੇ ਬੇਨਤੀ ਕਰਦੇ ਹਾਂ?

8ਅਤੇ ਕਿਹੜੀ ਅਜਿਹੀ ਵੱਡੀ ਕੌਮ ਹੈ ਜਿਸ ਦੇ ਕੋਲ ਅਜਿਹੀ ਧਾਰਮਿਕ ਬਿਧੀਆਂ ਅਤੇ ਕਨੂੰਨ ਹਨ, ਜਿੰਨ੍ਹੀ ਕਿ ਇਹ ਸਾਰੀ ਬਿਵਸਥਾ ਜਿਹੜੀ ਮੈਂ ਅੱਜ ਤੁਹਾਡੇ ਅੱਗੇ ਰੱਖਦਾ ਹਾਂ?

9ਇਸ ਲਈ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਸੀਂ ਆਪਣੀਆਂ ਅੱਖਾਂ ਨਾਲ ਵੇਖੀਆਂ ਹਨ ਅਤੇ ਉਹ ਜੀਵਨ ਭਰ ਲਈ ਤੁਹਾਡੇ ਦਿਲ ਵਿੱਚੋਂ ਨਿੱਕਲ ਜਾਣ, ਪਰ ਤੁਸੀਂ ਉਨ੍ਹਾਂ ਨੂੰ ਆਪਣੇ ਪੁੱਤਰਾਂ ਅਤੇ ਪੋਤਿਆਂ ਨੂੰ ਸਿਖਾਇਓ।

10ਜਿਸ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਹੋਰੇਬ ਵਿੱਚ ਖੜ੍ਹੇ ਹੋਏ ਸੀ, ਜਦ ਯਹੋਵਾਹ ਨੇ ਮੈਨੂੰ ਆਖਿਆ, “ਲੋਕਾਂ ਨੂੰ ਮੇਰੇ ਲਈ ਇਕੱਠੇ ਕਰ ਅਤੇ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਉਹ ਜਦ ਤੱਕ ਧਰਤੀ ਉੱਤੇ ਜੀਉਂਦੇ ਰਹਿਣ ਮੇਰੇ ਤੋਂ ਡਰਨਾ ਸਿੱਖਣ ਅਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਣ।”

11ਤਦ ਤੁਸੀਂ ਨੇੜੇ ਆ ਕੇ ਉਸ ਪਰਬਤ ਦੇ ਹੇਠ ਖੜ੍ਹੇ ਹੋ ਗਏ ਅਤੇ ਉਹ ਪਰਬਤ ਅੱਗ ਨਾਲ ਬਲਦਾ ਸੀ ਅਤੇ ਉਸ ਦੀ ਲੌ ਅਕਾਸ਼ ਤੱਕ ਪਹੁੰਚਦੀ ਸੀ ਅਤੇ ਉਸ ਦੇ ਚੁਫ਼ੇਰੇ ਹਨ੍ਹੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ।

12ਯਹੋਵਾਹ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ, ਤੁਸੀਂ ਉਸ ਦੇ ਸ਼ਬਦ ਤਾਂ ਸੁਣੇ ਪਰ ਤੁਸੀਂ ਕੋਈ ਸਰੂਪ ਨਾ ਵੇਖਿਆ, ਤੁਸੀਂ ਸਿਰਫ਼ ਅਵਾਜ਼ ਹੀ ਸੁਣੀ।

13ਉਸ ਨੇ ਆਪਣਾ ਨੇਮ ਤੁਹਾਡੇ ਉੱਤੇ ਪਰਗਟ ਕੀਤਾ, ਜਿਸ ਨੂੰ ਪੂਰਾ ਕਰਨ ਦਾ ਹੁਕਮ ਉਸ ਨੇ ਤੁਹਾਨੂੰ ਦਿੱਤਾ ਅਰਥਾਤ ਦਸ ਹੁਕਮ ਅਤੇ ਉਨ੍ਹਾਂ ਨੂੰ ਪੱਥਰ ਦੀਆਂ ਦੋ ਫੱਟੀਆਂ ਉੱਤੇ ਲਿਖ ਦਿੱਤਾ।

14ਉਸੇ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਨੂੰਨ ਸਿਖਾਵਾਂ ਤਾਂ ਜੋ ਤੁਸੀਂ ਉਨ੍ਹਾਂ ਨੂੰ ਉਸ ਦੇਸ਼ ਵਿੱਚ ਪੂਰਾ ਕਰੋ, ਜਿਸ ਨੂੰ ਅਧਿਕਾਰ ਵਿੱਚ ਲੈਣ ਲਈ ਤੁਸੀਂ ਪਾਰ ਜਾਂਦੇ ਹੋ।

15ਤੁਸੀਂ ਆਪਣੇ ਮਨਾਂ ਦੀ ਬਹੁਤ ਰਾਖੀ ਕਰੋ ਕਿਉਂਕਿ ਜਦ ਯਹੋਵਾਹ ਹੋਰੇਬ ਪਰਬਤ ਉੱਤੇ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ, ਤਾਂ ਤੁਸੀਂ ਕੋਈ ਸਰੂਪ ਨਾ ਵੇਖਿਆ

16ਅਜਿਹਾ ਨਾ ਹੋਵੇ ਕਿ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਬੁੱਤ ਦੀ ਘੜ੍ਹੀ ਹੋਈ ਮੂਰਤ ਬਣਾ ਲਓ ਅਰਥਾਤ ਕਿਸੇ ਨਰ-ਨਾਰੀ ਦੀ ਸ਼ਕਲ ਵਿੱਚ,

17ਜਾਂ ਕਿਸੇ ਜਾਨਵਰ ਦੀ ਸ਼ਕਲ ਜਿਹੜਾ ਧਰਤੀ ਉੱਤੇ ਹੈ ਜਾਂ ਅਕਾਸ਼ ਵਿੱਚ ਉੱਡਣ ਵਾਲੇ ਕਿਸੇ ਪੰਛੀ ਦੀ ਸ਼ਕਲ,

18ਜਾਂ ਕਿਸੇ ਜ਼ਮੀਨ ਉੱਤੇ ਘਿੱਸਰਨ ਵਾਲੇ ਕਿਸੇ ਜੰਤੂ ਦੀ ਸ਼ਕਲ ਜਾਂ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਰਹਿਣ ਵਾਲੀ ਕਿਸੇ ਮੱਛੀ ਦੀ ਸ਼ਕਲ ਵਿੱਚ,

19ਜਾਂ ਫਿਰ ਜਦ ਤੁਸੀਂ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ, ਚੰਦ ਅਤੇ ਤਾਰਿਆਂ ਨੂੰ ਅਰਥਾਤ ਅਕਾਸ਼ ਦੀ ਸਾਰੀ ਸੈਨਾਂ ਨੂੰ ਵੇਖੋ ਤਾਂ ਭਟਕ ਕੇ ਉਹਨਾਂ ਦੇ ਅੱਗੇ ਮੱਥਾ ਟੇਕੋ ਅਤੇ ਉਨ੍ਹਾਂ ਦੀ ਸੇਵਾ ਕਰਨ ਲੱਗੋ, ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਅਕਾਸ਼ ਦੇ ਹੇਠ ਦੇ ਸਾਰੇ ਲੋਕਾਂ ਲਈ ਰੱਖਿਆ ਹੈ।

20ਪਰ ਯਹੋਵਾਹ ਨੇ ਤੁਹਾਨੂੰ ਲੋਹੇ ਦੀ ਭੱਠੀ ਵਰਗੇ ਮਿਸਰ ਤੋਂ ਕੱਢਿਆ ਤਾਂ ਜੋ ਤੁਸੀਂ ਉਹ ਦੀ ਨਿੱਜ-ਪਰਜਾ ਹੋਵੋ, ਜਿਵੇਂ ਤੁਸੀਂ ਅੱਜ ਦੇ ਦਿਨ ਹੋ।

21ਤੁਹਾਡੇ ਕਾਰਨ ਯਹੋਵਾਹ ਮੇਰੇ ਨਾਲ ਗੁੱਸੇ ਹੋਇਆ ਅਤੇ ਉਸ ਨੇ ਸਹੁੰ ਖਾਧੀ ਕਿ ਤੂੰ ਯਰਦਨ ਦੇ ਪਾਰ ਨਹੀਂ ਜਾਵੇਂਗਾ ਅਤੇ ਨਾ ਹੀ ਤੂੰ ਉਸ ਚੰਗੇ ਦੇਸ਼ ਵਿੱਚ ਪ੍ਰਵੇਸ਼ ਕਰੇਂਗਾ ਜਿਹੜਾ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਵਿਰਾਸਤ ਵਿੱਚ ਦਿੰਦਾ ਹੈ।

22ਮੈਂ ਤਾਂ ਇਸੇ ਦੇਸ਼ ਵਿੱਚ ਮਰਨਾ ਹੈ। ਮੈਂ ਯਰਦਨ ਦੇ ਪਾਰ ਨਹੀਂ ਜਾ ਸਕਦਾ, ਪਰ ਤੁਸੀਂ ਜਾਓਗੇ ਅਤੇ ਤੁਸੀਂ ਉਸ ਚੰਗੇ ਦੇਸ਼ ਉੱਤੇ ਅਧਿਕਾਰ ਕਰੋਗੇ।

23ਚੌਕਸ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਜਿਹੜਾ ਉਸ ਨੇ ਤੁਹਾਡੇ ਨਾਲ ਬੰਨ੍ਹਿਆ ਹੈ, ਭੁੱਲ ਜਾਓ ਅਤੇ ਆਪਣੇ ਲਈ ਕਿਸੇ ਚੀਜ਼ ਦੀ ਘੜ੍ਹੀ ਹੋਈ ਮੂਰਤ ਬਣਾਓ, ਜਿਸ ਤੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਮਨ੍ਹਾ ਕੀਤਾ ਹੈ।

24ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ। ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ।

25ਜਦ ਉਸ ਦੇਸ਼ ਵਿੱਚ ਰਹਿੰਦੇ ਹੋਏ ਤੁਹਾਨੂੰ ਬਹੁਤ ਦਿਨ ਹੋ ਜਾਣ ਅਤੇ ਤੁਹਾਡੇ ਪੁੱਤਰ ਤੇ ਪੋਤਰੇ ਪੈਦਾ ਹੋਣ ਅਤੇ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਚੀਜ਼ ਦੀ ਘੜ੍ਹੀ ਹੋਈ ਮੂਰਤ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕਰੋ ਕਿ ਉਹ ਕ੍ਰੋਧਵਾਨ ਹੋਵੇ,

26ਤਾਂ ਮੈਂ ਅੱਜ ਤੁਹਾਡੇ ਵਿਰੁੱਧ ਅਕਾਸ਼ ਅਤੇ ਧਰਤੀ ਦੀ ਗਵਾਹੀ ਲੈਂਦਾ ਹਾਂ ਕਿ ਉਸ ਦੇਸ਼ ਵਿੱਚੋਂ ਛੇਤੀ ਨਾਲ ਤੁਹਾਡਾ ਪੂਰੀ ਤਰ੍ਹਾਂ ਨਾਸ ਹੋ ਜਾਵੇਗਾ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਤੋਂ ਪਾਰ ਜਾਂਦੇ ਹੋ। ਤੁਹਾਨੂੰ ਉੱਥੇ ਬਹੁਤ ਦਿਨਾਂ ਤੱਕ ਰਹਿਣ ਦਾ ਮੌਕਾ ਨਹੀਂ ਮਿਲੇਗਾ, ਤੁਹਾਡਾ ਪੂਰੀ ਤਰ੍ਹਾਂ ਹੀ ਨਾਸ ਹੋ ਜਾਵੇਗਾ।

27ਯਹੋਵਾਹ ਤੁਹਾਨੂੰ ਦੇਸ਼-ਦੇਸ਼ ਦੇ ਲੋਕਾਂ ਵਿੱਚ ਖਿਲਾਰ ਦੇਵੇਗਾ ਅਤੇ ਜਿਨ੍ਹਾਂ ਲੋਕਾਂ ਦੇ ਵਿੱਚ ਯਹੋਵਾਹ ਤੁਹਾਨੂੰ ਧੱਕ ਦੇਵੇਗਾ, ਉੱਥੇ ਤੁਸੀਂ ਥੋੜ੍ਹੇ ਜਿਹੇ ਰਹਿ ਜਾਓਗੇ।

28ਤੁਸੀਂ ਉੱਥੇ ਆਦਮੀ ਦੇ ਹੱਥਾਂ ਦੇ ਬਣਾਏ ਹੋਏ ਲੱਕੜ ਅਤੇ ਪੱਥਰ ਦੇ ਦੇਵਤਿਆਂ ਦੀ ਪੂਜਾ ਕਰੋਗੇ ਜਿਹੜੇ ਨਾ ਵੇਖਦੇ, ਨਾ ਸੁਣਦੇ, ਨਾ ਖਾਂਦੇ ਅਤੇ ਨਾ ਸੁੰਘਦੇ ਹਨ।

29ਫੇਰ ਤੁਸੀਂ ਉੱਥੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਾਲ ਕਰੋਗੇ ਅਤੇ ਤੁਸੀਂ ਉਹ ਨੂੰ ਪਾਓਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਅਤੇ ਆਪਣੇ ਸਾਰੇ ਮਨ ਨਾਲ ਉਸ ਦੀ ਖੋਜ ਕਰੋਗੇ।

30ਜਦ ਤੁਸੀਂ ਸੰਕਟ ਵਿੱਚ ਪਓ ਅਤੇ ਇਹ ਸਾਰੀਆਂ ਬਿਪਤਾਵਾਂ ਤੁਹਾਡੇ ਉੱਤੇ ਆ ਪੈਣ ਤਾਂ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਹ ਦੀ ਅਵਾਜ਼ ਸੁਣੋਗੇ,

31ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਇੱਕ ਦਿਆਲੂ ਪਰਮੇਸ਼ੁਰ ਹੈ, ਉਹ ਨਾ ਤਾਂ ਤੁਹਾਨੂੰ ਤਿਆਗੇਗਾ, ਨਾ ਤੁਹਾਡਾ ਨਾਸ ਕਰੇਗਾ ਅਤੇ ਨਾ ਹੀ ਉਸ ਨੇਮ ਨੂੰ ਭੁੱਲੇਗਾ ਜਿਸ ਦੇ ਵਿਖੇ ਉਸ ਨੇ ਤੁਹਾਡੇ ਪੁਰਖਿਆਂ ਦੇ ਨਾਲ ਸਹੁੰ ਖਾਧੀ ਸੀ।

32ਜਦੋਂ ਤੋਂ ਪਰਮੇਸ਼ੁਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ, ਉਸ ਸਮੇਂ ਤੋਂ ਲੈ ਕੇ ਆਪਣੇ ਪੈਦਾ ਹੋਣ ਦੇ ਦਿਨ ਤੱਕ ਦੀਆਂ ਗੱਲਾਂ ਪੁੱਛੋ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਦੀਆਂ ਗੱਲਾਂ ਪੁੱਛੋ, ਕੀ ਕਦੀ ਅਜਿਹੀ ਵੱਡੀ ਗੱਲ ਕਦੀ ਹੋਈ ਜਾਂ ਕਦੀ ਸੁਣੀ ਗਈ ਹੈ?

33ਕੀ ਕਦੀ ਕਿਸੇ ਪਰਜਾ ਨੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਹੋਈ ਸੁਣੀ ਅਤੇ ਜੀਉਂਦੀ ਰਹੀ, ਜਿਵੇਂ ਤੁਸੀਂ ਸੁਣੀ ਹੈ?

34ਕੀ ਪਰਮੇਸ਼ੁਰ ਨੇ ਕਦੀ ਜਤਨ ਕੀਤਾ ਕਿ ਜਾ ਕੇ ਆਪਣੇ ਲਈ ਇੱਕ ਕੌਮ ਨੂੰ ਦੂਜੀ ਕੌਮ ਦੇ ਵਿੱਚੋਂ ਪਰਤਾਵਿਆਂ, ਨਿਸ਼ਾਨਾਂ, ਅਚਰਜ਼ ਕੰਮਾਂ, ਯੁੱਧ, ਸ਼ਕਤੀਸ਼ਾਲੀ ਹੱਥ, ਪਸਾਰੀ ਹੋਈ ਬਾਂਹ ਅਤੇ ਵੱਡੇ-ਵੱਡੇ ਡਰਾਵਿਆਂ ਨਾਲ ਕੱਢ ਲਿਆਵੇ, ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੁਹਾਡੇ ਲਈ ਕੀਤਾ?

35ਇਹ ਸਭ ਤੁਹਾਨੂੰ ਵਿਖਾਇਆ ਗਿਆ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਹੀ ਪਰਮੇਸ਼ੁਰ ਹੈ ਅਤੇ ਉਸ ਤੋਂ ਬਿਨ੍ਹਾਂ ਹੋਰ ਕੋਈ ਨਹੀਂ ਹੈ।

36ਅਕਾਸ਼ ਤੋਂ ਉਸ ਨੇ ਤੁਹਾਨੂੰ ਆਪਣੀ ਅਵਾਜ਼ ਸੁਣਾਈ ਤਾਂ ਜੋ ਉਹ ਤੁਹਾਨੂੰ ਸਿੱਖਿਆ ਦੇਵੇ ਅਤੇ ਧਰਤੀ ਉੱਤੇ ਉਸਨੇ ਆਪਣੀ ਵੱਡੀ ਅੱਗ ਤੁਹਾਡੇ ਉੱਤੇ ਪਰਗਟ ਕੀਤੀ ਅਤੇ ਤੁਸੀਂ ਉਸ ਦੇ ਸ਼ਬਦ ਅੱਗ ਦੇ ਵਿੱਚੋਂ ਦੀ ਸੁਣੇ।

37ਕਿਉਂਕਿ ਉਸ ਨੇ ਤੁਹਾਡੇ ਪੁਰਖਿਆਂ ਨਾਲ ਪ੍ਰੇਮ ਰੱਖਿਆ ਇਸ ਕਾਰਨ ਉਸ ਨੇ ਉਨ੍ਹਾਂ ਦੇ ਬਾਅਦ ਉਨ੍ਹਾਂ ਦੇ ਵੰਸ਼ ਨੂੰ ਚੁਣਿਆ ਅਤੇ ਤੁਹਾਨੂੰ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਮਿਸਰ ਤੋਂ ਕੱਢ ਲਿਆਇਆ,

38ਉਹ ਤੁਹਾਡੇ ਨਾਲੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢ ਦੇਵੇ ਅਤੇ ਤੁਹਾਨੂੰ ਉਨ੍ਹਾਂ ਦੇ ਦੇਸ਼ ਵਿੱਚ ਲਿਆਵੇ ਅਤੇ ਉਨ੍ਹਾਂ ਦੇ ਦੇਸ਼ ਨੂੰ ਤੇਰੀ ਵਿਰਾਸਤ ਬਣਾ ਦੇਵੇ, ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ।

39ਇਸ ਲਈ ਅੱਜ ਜਾਣ ਲਓ ਅਤੇ ਆਪਣੇ ਦਿਲਾਂ ਵਿੱਚ ਰੱਖੋ ਕਿ ਉੱਤੇ ਅਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਯਹੋਵਾਹ ਹੀ ਪਰਮੇਸ਼ੁਰ ਹੈ, ਹੋਰ ਕੋਈ ਹੈ ਹੀ ਨਹੀਂ।

40ਤੁਸੀਂ ਉਸ ਦੀਆਂ ਬਿਧੀਆਂ ਅਤੇ ਹੁਕਮਾਂ ਦੀ ਪਾਲਨਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਤਾਂ ਜੋ ਤੁਹਾਡਾ ਅਤੇ ਤੁਹਾਡੇ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਉਸ ਦੇਸ਼ ਵਿੱਚ ਜਿਹੜਾ ਯਹੋਵਾਹ ਪਰਮੇਸ਼ੁਰ ਤੁਹਾਨੂੰ ਸਦਾ ਲਈ ਦਿੰਦਾ ਹੈ, ਉਸ ਵਿੱਚ ਤੁਹਾਡੀ ਉਮਰ ਲੰਮੀ ਹੋਵੇ।

41ਤਦ ਮੂਸਾ ਨੇ ਯਰਦਨ ਦੇ ਪਾਰ ਪੂਰਬ ਵੱਲ ਤਿੰਨ ਸ਼ਹਿਰ ਵੱਖਰੇ ਕੀਤੇ,

42ਕਿ ਜੇਕਰ ਕੋਈ ਭੁੱਲ-ਭੁਲੇਖੇ ਆਪਣੇ ਗੁਆਂਢੀ ਨੂੰ ਮਾਰ ਦੇਵੇ ਜਿਸ ਨਾਲ ਉਸ ਦਾ ਪਹਿਲਾਂ ਤੋਂ ਕੋਈ ਵੈਰ ਨਹੀਂ ਸੀ, ਤਾਂ ਉਹ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜ ਜਾਵੇ ਅਤੇ ਉੱਥੇ ਭੱਜ ਕੇ ਜੀਉਂਦਾ ਰਹੇ:

43ਅਰਥਾਤ ਰਊਬੇਨੀਆਂ ਦਾ ਬਸਰ ਸ਼ਹਿਰ ਜੋ ਉਜਾੜ ਵਿੱਚ ਉੱਚੇ ਮੈਦਾਨ ਦੇ ਦੇਸ਼ ਵਿੱਚ ਹੈ ਅਤੇ ਗਾਦੀਆਂ ਲਈ ਗਿਲਆਦ ਵਿੱਚ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ।

44ਇਹ ਉਹ ਬਿਵਸਥਾ ਹੈ ਜਿਹੜੀ ਮੂਸਾ ਨੇ ਇਸਰਾਏਲੀਆਂ ਦੇ ਅੱਗੇ ਰੱਖੀ

45ਅਤੇ ਇਹ ਉਹ ਸਾਖੀਆਂ, ਬਿਧੀਆਂ ਅਤੇ ਕਨੂੰਨ ਹਨ, ਜਿਹੜੇ ਮੂਸਾ ਨੇ ਇਸਰਾਏਲੀਆਂ ਨੂੰ ਉਸ ਸਮੇਂ ਦੱਸੇ ਜਦ ਉਹ ਮਿਸਰ ਤੋਂ ਨਿੱਕਲੇ,

46ਅਰਥਾਤ ਯਰਦਨ ਪਾਰ ਬੈਤ ਪਓਰ ਦੇ ਸਾਹਮਣੇ ਦੀ ਘਾਟੀ ਵਿੱਚ ਜੋ ਅਮੋਰੀਆਂ ਦੇ ਰਾਜੇ ਸੀਹੋਨ ਦੇ ਦੇਸ਼ ਵਿੱਚ ਸੀ। ਉਹ ਹਸ਼ਬੋਨ ਵਿੱਚ ਵੱਸਦਾ ਸੀ, ਜਿਸ ਨੂੰ ਮੂਸਾ ਅਤੇ ਇਸਰਾਏਲੀਆਂ ਨੇ ਮਾਰਿਆ, ਜਦ ਉਹ ਮਿਸਰ ਤੋਂ ਨਿੱਕਲੇ ਸਨ।

47ਉਨ੍ਹਾਂ ਨੇ ਉਸ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਦੇਸ਼ ਉੱਤੇ ਵੀ ਕਬਜ਼ਾ ਕਰ ਲਿਆ। ਇਹ ਦੋਵੇਂ ਅਮੋਰੀਆਂ ਦੇ ਰਾਜੇ ਸਨ ਅਤੇ ਉਹ ਯਰਦਨ ਦੇ ਪਾਰ ਪੂਰਬ ਵੱਲ ਵੱਸਦੇ ਸਨ।

48ਉਨ੍ਹਾਂ ਨੇ ਅਰੋਏਰ ਤੋਂ ਲੈ ਕੇ ਜਿਹੜਾ ਅਰਨੋਨ ਦੇ ਨਾਲੇ ਦੇ ਬੰਨ੍ਹੇ ਉੱਤੇ ਹੈ ਅਤੇ ਸੀਹੋਨ ਪਰਬਤ ਤੱਕ ਜਿਹੜਾ ਹਰਮੋਨ ਵੀ ਅਖਵਾਉਂਦਾ ਹੈ

49ਅਤੇ ਸਾਰੇ ਅਰਾਬਾਹ ਉੱਤੇ ਯਰਦਨ ਤੋਂ ਪਾਰ ਪੂਰਬ ਵੱਲ ਅਰਥਾਤ ਅਰਾਬਾਹ ਦੇ ਸਮੁੰਦਰ ਤੱਕ ਜਿਹੜਾ ਪਿਸਗਾਹ ਦੀ ਢਾਲ਼ ਹੇਠ ਹੈ, ਕਬਜ਼ਾ ਕਰ ਲਿਆ।

ਸਰੋਤ: ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

WEBREATH · 11:11

«He himself gives everyone life and breath and everything else» — Acts 17:25

Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.

WEBREATH — the Minute at 11:11, your own local time — we are One Breath