ਬਿਵਸਥਾ ਸਾਰ 32
1ਹੇ ਅਕਾਸ਼, ਕੰਨ ਲਾ ਅਤੇ ਮੈਂ ਬੋਲਾਂਗਾ, ਹੇ ਧਰਤੀ, ਮੇਰੇ ਮੂੰਹ ਦੇ ਬਚਨ ਸੁਣ।
2ਮੇਰਾ ਉਪਦੇਸ਼ ਮੀਂਹ ਵਾਂਗੂੰ ਵਰ੍ਹੇਗਾ, ਮੇਰਾ ਬੋਲ ਤ੍ਰੇਲ ਵਾਂਗੂੰ ਪਵੇਗਾ, ਜਿਵੇਂ ਕੂਲੇ-ਕੂਲੇ ਘਾਹ ਉੱਤੇ ਫੁਹਾਰ, ਸਾਗ ਪੱਤ ਉੱਤੇ ਝੜ੍ਹੀਆਂ।
3ਮੈਂ ਤਾਂ ਯਹੋਵਾਹ ਦੇ ਨਾਮ ਦਾ ਪ੍ਰਚਾਰ ਕਰਾਂਗਾ, ਸਾਡੇ ਪਰਮੇਸ਼ੁਰ ਦੀ ਮਹਾਨਤਾ ਨੂੰ ਮੰਨੋ।
4ਉਹ ਚੱਟਾਨ ਹੈ, ਉਸ ਦੇ ਕੰਮ ਸਿੱਧ ਹਨ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸੱਚਾ ਹੈ।
5ਉਹ ਵਿਗੜ ਗਏ ਹਨ, ਉਹ ਉਸ ਦੇ ਪੁੱਤਰ ਨਹੀਂ ਸਗੋਂ ਕਲੰਕੀ ਹਨ, ਇਹ ਪੀੜ੍ਹੀ ਟੇਢੀ ਅਤੇ ਦੁਸ਼ਟ ਹੈ।
6ਹੇ ਮੂਰਖ ਅਤੇ ਮੱਤਹੀਣ ਪਰਜਾ, ਕੀ ਤੁਸੀਂ ਯਹੋਵਾਹ ਨੂੰ ਇਸ ਤਰ੍ਹਾਂ ਬਦਲਾ ਦਿੰਦੇ ਹੋ? ਕੀ ਉਹ ਤੇਰਾ ਪਿਤਾ ਨਹੀਂ ਜਿਸ ਨੇ ਤੈਨੂੰ ਮੁੱਲ ਲਿਆ, ਉਸ ਨੇ ਤੈਨੂੰ ਬਣਾਇਆ ਅਤੇ ਕਾਇਮ ਕੀਤਾ?
7ਪੁਰਾਣਿਆਂ ਦਿਨਾਂ ਨੂੰ ਯਾਦ ਕਰੋ, ਪੀੜ੍ਹੀ-ਪੀੜ੍ਹੀ ਦੇ ਦਿਨਾਂ ਉੱਤੇ ਵਿਚਾਰ ਕਰੋ, ਆਪਣੇ ਪਿਤਾ ਤੋਂ ਪੁੱਛੋ, ਉਹ ਤੈਨੂੰ ਦੱਸੇਗਾ, ਆਪਣੇ ਬਜ਼ੁਰਗਾਂ ਤੋਂ, ਉਹ ਤੈਨੂੰ ਆਖਣਗੇ।
8ਜਦ ਅੱਤ ਮਹਾਨ ਨੇ ਕੌਮਾਂ ਨੂੰ ਵਿਰਾਸਤ ਵੰਡੀ, ਜਦ ਉਸ ਨੇ ਆਦਮ ਦੇ ਪੁੱਤਰਾਂ ਨੂੰ ਵੱਖ-ਵੱਖ ਕੀਤਾ, ਤਦ ਉਸ ਨੇ ਉੱਮਤਾਂ ਦੀਆਂ ਹੱਦਾਂ, ਇਸਰਾਏਲੀਆਂ ਦੀ ਗਿਣਤੀ ਦੇ ਅਨੁਸਾਰ ਬੰਨ੍ਹੀਆਂ,
9ਕਿਉਂ ਜੋ ਯਹੋਵਾਹ ਦਾ ਹਿੱਸਾ ਉਸ ਦੀ ਪਰਜਾ ਹੈ, ਯਾਕੂਬ ਉਸ ਦੀ ਵਿਰਾਸਤ ਦਾ ਭਾਗ ਹੈ।
10ਉਸ ਨੇ ਉਹ ਨੂੰ ਉਜਾੜ ਧਰਤੀ ਵਿੱਚੋਂ, ਅਤੇ ਸੁੰਨਸਾਨ ਜੰਗਲ ਵਿੱਚੋਂ ਲੱਭਿਆ। ਉਸ ਨੇ ਉਹ ਨੂੰ ਘੇਰੇ ਵਿੱਚ ਲੈ ਲਿਆ ਅਤੇ ਉਹ ਦੀ ਖ਼ਬਰ ਲਈ, ਅੱਖ ਦੀ ਕਾਕੀ ਵਾਂਗੂੰ ਉਸ ਨੇ ਉਹ ਦੀ ਰਾਖੀ ਕੀਤੀ।
11ਜਿਸ ਤਰ੍ਹਾਂ ਉਕਾਬ ਆਪਣੇ ਆਲ੍ਹਣੇ ਨੂੰ ਹਿਲਾਉਂਦਾ, ਅਤੇ ਆਪਣੇ ਬੱਚਿਆਂ ਉੱਤੇ ਫੜ ਫੜ੍ਹਾਉਂਦਾ ਹੈ, ਉਸੇ ਤਰ੍ਹਾਂ ਉਸ ਨੇ ਆਪਣੇ ਪਰ ਫੈਲਾ ਕੇ ਉਨ੍ਹਾਂ ਨੂੰ ਲੈ ਲਿਆ, ਉਸ ਨੇ ਆਪਣੇ ਖੰਭਾਂ ਉੱਤੇ ਉਨ੍ਹਾਂ ਨੂੰ ਚੁੱਕ ਲਿਆ,
12ਯਹੋਵਾਹ ਨੇ ਇਕੱਲੇ ਉਸ ਦੀ ਅਗਵਾਈ ਕੀਤੀ, ਅਤੇ ਉਸ ਦੇ ਨਾਲ ਕੋਈ ਪਰਾਇਆ ਦੇਵਤਾ ਨਹੀਂ ਸੀ।
13ਉਸ ਨੇ ਉਹ ਨੂੰ ਧਰਤੀ ਦੀਆਂ ਉੱਚਿਆਈਆਂ ਉੱਤੇ ਸਵਾਰ ਕੀਤਾ, ਸੋ ਉਸ ਨੇ ਖੇਤ ਦੀ ਪੈਦਾਵਾਰ ਖਾਧੀ, ਅਤੇ ਉਸ ਨੇ ਉਹ ਨੂੰ ਪੱਥਰ ਵਿੱਚੋਂ ਸ਼ਹਿਦ, ਅਤੇ ਚਕਮਕ ਦੀ ਚੱਟਾਨ ਤੋਂ ਤੇਲ ਚੁਸਾਇਆ।
14ਚੌਣੇ ਦਾ ਮੱਖਣ ਅਤੇ ਇੱਜੜ ਦਾ ਦੁੱਧ, ਲੇਲਿਆਂ ਦੀ ਚਰਬੀ ਨਾਲ, ਅਤੇ ਬਾਸ਼ਾਨ ਦੀ ਨਸਲ ਦੇ ਮੇਂਢੇ ਅਤੇ ਬੱਕਰੇ, ਕਣਕ ਦੀ ਉੱਤਮ ਪੈਦਾਵਾਰ ਨਾਲ, ਤੂੰ ਅੰਗੂਰੀ ਰਸ ਦੀ ਮਧ ਪੀਤੀ।
15ਯਸ਼ੁਰੂਨ ਮੋਟਾ ਹੋ ਗਿਆ ਅਤੇ ਦੁਲੱਤੀ ਮਾਰਨ ਲੱਗਾ, ਤੂੰ ਵੀ ਮੋਟਾ ਹੋ ਗਿਆ, ਤੂੰ ਤਕੜਾ ਹੋ ਗਿਆ, ਤੂੰ ਚਰਬੀ ਨਾਲ ਭਰ ਗਿਆ ਹੈਂ। ਤਦ ਉਸ ਨੇ ਆਪਣੇ ਸਿਰਜਣਹਾਰ ਪਰਮੇਸ਼ੁਰ ਨੂੰ ਤਿਆਗ ਦਿੱਤਾ, ਅਤੇ ਆਪਣੀ ਮੁਕਤੀ ਦੀ ਚੱਟਾਨ ਨੂੰ ਹਲਕਾ ਜਾਣਿਆ।
16ਉਨ੍ਹਾਂ ਨੇ ਪਰਾਏ ਦੇਵਤਿਆਂ ਨੂੰ ਮੰਨ ਕੇ ਉਸ ਨੂੰ ਈਰਖਾਲੂ ਬਣਾਇਆ, ਘਿਣਾਉਣੇ ਕੰਮਾਂ ਕਰਕੇ ਉਸ ਨੂੰ ਗੁੱਸਾ ਦੁਆਇਆ।
17ਉਨ੍ਹਾਂ ਨੇ ਭਰਿਸ਼ਟ ਆਤਮਾਵਾਂ ਅੱਗੇ, ਜਿਹੜੇ ਪਰਮੇਸ਼ੁਰ ਨਹੀਂ ਸਨ ਬਲੀਆਂ ਚੜ੍ਹਾਈਆਂ, ਉਨ੍ਹਾਂ ਦੇਵਤਿਆਂ ਨੂੰ ਜਿਨ੍ਹਾਂ ਨੂੰ ਉਹ ਨਹੀਂ ਜਾਣਦੇ ਸਨ, ਨਵੇਂ-ਨਵੇਂ ਦੇਵਤੇ ਜਿਹੜੇ ਹੁਣੇ ਨਿੱਕਲੇ ਸਨ, ਜਿਨ੍ਹਾਂ ਤੋਂ ਤੁਹਾਡੇ ਪਿਉ-ਦਾਦੇ ਨਹੀਂ ਡਰੇ।
18ਜਿਸ ਚੱਟਾਨ ਨੇ ਤੈਨੂੰ ਪੈਦਾ ਕੀਤਾ ਤੂੰ ਉਸ ਨੂੰ ਵਿਸਾਰ ਦਿੱਤਾ, ਉਸ ਪਰਮੇਸ਼ੁਰ ਨੂੰ ਜਿਸ ਨੇ ਤੈਨੂੰ ਜਨਮ ਦਿੱਤਾ ਤੂੰ ਭੁੱਲ ਗਿਆ।
19ਯਹੋਵਾਹ ਨੇ ਵੇਖਿਆ ਅਤੇ ਉਨ੍ਹਾਂ ਤੋਂ ਘਿਰਣਾ ਕੀਤੀ, ਕਿਉਂਕਿ ਉਸ ਦੇ ਪੁੱਤਰਾਂ-ਧੀਆਂ ਨੇ ਉਸ ਨੂੰ ਉਕਸਾਇਆ।
20ਤਦ ਉਸ ਨੇ ਆਖਿਆ, ਮੈਂ ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ, ਮੈਂ ਵੇਖਾਂਗਾ ਕਿ ਉਨ੍ਹਾਂ ਦਾ ਅੰਤ ਕੀ ਹੋਵੇਗਾ, ਕਿਉਂ ਜੋ ਇਹ ਇੱਕ ਹਠੀਲੀ ਪੀੜ੍ਹੀ ਹੈ, ਇਹ ਉਹ ਪੁੱਤਰ ਹਨ ਜਿਨ੍ਹਾਂ ਵਿੱਚ ਵਫ਼ਾਦਾਰੀ ਨਹੀਂ ਹੈ।
21ਇਨ੍ਹਾਂ ਨੇ ਮੈਨੂੰ ਉਸ ਵਸਤੂ ਤੋਂ ਈਰਖਾਲੂ ਕੀਤਾ ਜੋ ਪਰਮੇਸ਼ੁਰ ਹੈ ਹੀ ਨਹੀਂ, ਉਨ੍ਹਾਂ ਨੇ ਆਪਣੀਆਂ ਵਿਅਰਥ ਗੱਲਾਂ ਨਾਲ ਮੈਨੂੰ ਗੁੱਸੇ ਦੁਆਇਆ, ਮੈਂ ਵੀ ਉਨ੍ਹਾਂ ਨੂੰ ਅਜਿਹੀ ਕੌਮ ਤੋਂ ਈਰਖਾ ਕਰਾਵਾਂਗਾ ਜੋ ਮੇਰੀ ਨਹੀਂ ਹੈ, ਮੈਂ ਇੱਕ ਮੂਰਖ ਕੌਮ ਦੇ ਰਾਹੀਂ ਉਨ੍ਹਾਂ ਨੂੰ ਗੁੱਸਾ ਦੁਆਵਾਂਗਾ,
22ਕਿਉਂ ਜੋ ਮੇਰੇ ਕ੍ਰੋਧ ਦੀ ਅੱਗ ਭੜਕ ਉੱਠੀ ਹੈ, ਜਿਹੜੀ ਸਭ ਤੋਂ ਹੇਠਲੇ ਪਤਾਲ ਤੱਕ ਬਲਦੀ ਜਾਂਦੀ ਹੈ, ਅਤੇ ਧਰਤੀ ਨੂੰ ਉਸ ਦੀ ਪੈਦਾਵਾਰ ਸਮੇਤ ਭਸਮ ਕਰਦੀ ਜਾਂਦੀ ਹੈ, ਸਗੋਂ ਪਹਾੜਾਂ ਦੀਆਂ ਨੀਹਾਂ ਨੂੰ ਅੱਗ ਲਾਉਂਦੀ ਹੈ।
23ਮੈਂ ਉਨ੍ਹਾਂ ਉੱਤੇ ਬੁਰਿਆਈ ਦੇ ਢੇਰ ਲਾਵਾਂਗਾ, ਮੈਂ ਆਪਣੇ ਤੀਰਾਂ ਨੂੰ ਉਨ੍ਹਾਂ ਉੱਤੇ ਮੁਕਾ ਦਿਆਂਗਾ।
24ਉਹ ਭੁੱਖ ਨਾਲ ਢੱਲ਼ ਜਾਣਗੇ, ਉਹ ਤਿੱਖੀ ਗਰਮੀ ਅਤੇ ਭਿਆਨਕ ਰੋਗਾਂ ਨਾਲ ਭਸਮ ਹੋ ਜਾਣਗੇ, ਅਤੇ ਮੈਂ ਉਨ੍ਹਾਂ ਉੱਤੇ ਜੰਗਲੀ ਜਾਨਵਰਾਂ ਦੇ ਦੰਦ ਚਲਾਵਾਂਗਾ, ਅਤੇ ਮਿੱਟੀ ਉੱਤੇ ਘਿੱਸਰਨ ਵਾਲੇ ਸੱਪਾਂ ਦਾ ਜ਼ਹਿਰ ਛੱਡਾਂਗਾ।
25ਬਾਹਰ ਤਲਵਾਰ ਨਾਲ ਮਰਨਗੇ, ਅਤੇ ਕੋਠੜੀਆਂ ਵਿੱਚ ਡਰ ਹੋਵੇਗਾ, ਜਿਸ ਨਾਲ ਜੁਆਨਾਂ ਅਤੇ ਕੁਆਰੀਆਂ ਦਾ, ਅਤੇ ਦੁੱਧ ਚੁੰਘਦੇ ਬੱਚੇ ਅਤੇ ਧੌਲਿਆਂ ਵਾਲੇ ਮਨੁੱਖਾਂ ਦਾ ਵੀ ਨਾਸ ਹੋ ਜਾਵੇਗਾ।
26ਮੈਂ ਆਖਿਆ, ਮੈਂ ਉਨ੍ਹਾਂ ਨੂੰ ਦੂਰ-ਦੂਰ ਤੱਕ ਖਿਲਾਰ ਦਿਆਂਗਾ, ਮੈਂ ਮਨੁੱਖਾਂ ਵਿੱਚੋਂ ਉਨ੍ਹਾਂ ਦੀ ਯਾਦ ਤੱਕ ਮਿਟਾ ਦਿਆਂਗਾ,
27ਪਰ ਮੈਨੂੰ ਵੈਰੀਆਂ ਦੀ ਛੇੜ-ਛਾੜ ਦਾ ਡਰ ਸੀ, ਕਿਤੇ ਉਨ੍ਹਾਂ ਦੇ ਵੈਰੀ ਉਲਟਾ ਸਮਝਣ, ਅਤੇ ਉਹ ਆਖਣ, ਸਾਡਾ ਹੱਥ ਉੱਚਾ ਰਿਹਾ, ਅਤੇ ਯਹੋਵਾਹ ਨੇ ਇਹ ਸਭ ਕੁਝ ਨਹੀਂ ਕੀਤਾ।
28ਇਹ ਤਾਂ ਇੱਕ ਨਿਰਬੁੱਧ ਕੌਮ ਹੈ, ਇਹਨਾਂ ਵਿੱਚ ਕੋਈ ਸਮਝ ਨਹੀਂ।
29ਭਲਾ ਹੁੰਦਾ ਕਿ ਉਹ ਬੁੱਧਵਾਨ ਹੁੰਦੇ ਅਤੇ ਇਸ ਗੱਲ ਨੂੰ ਸਮਝ ਲੈਂਦੇ, ਅਤੇ ਆਪਣੇ ਅੰਤ ਨੂੰ ਵਿਚਾਰ ਲੈਂਦੇ,
30ਜੇ ਉਨ੍ਹਾਂ ਦੀ ਚੱਟਾਨ ਹੀ ਉਨ੍ਹਾਂ ਨੂੰ ਨਾ ਵੇਚ ਦਿੰਦੀ, ਅਤੇ ਯਹੋਵਾਹ ਉਨ੍ਹਾਂ ਨੂੰ ਨਾ ਫੜ੍ਹਾ ਦਿੰਦਾ? ਤਾਂ ਕਿਵੇਂ ਹੋ ਸਕਦਾ ਸੀ ਕਿ ਇੱਕ ਜਣਾ ਹਜ਼ਾਰ ਦੇ ਪਿੱਛੇ ਪੈਂਦਾ, ਅਤੇ ਦੋ ਜਣੇ ਦਸ ਹਜ਼ਾਰ ਨੂੰ ਭਜਾ ਸਕਦੇ,
31ਕਿਉਂਕਿ ਉਹਨਾਂ ਦੀ ਚੱਟਾਨ ਸਾਡੀ ਚੱਟਾਨ ਵਰਗੀ ਨਹੀਂ ਹੈ, ਭਾਵੇਂ ਸਾਡੇ ਵੈਰੀ ਹੀ ਨਿਆਂ ਕਰਨ।
32ਉਹਨਾਂ ਦੀ ਦਾਖ ਬੇਲ ਤਾਂ ਸਦੂਮ ਦੀ ਦਾਖ ਬੇਲ ਤੋਂ ਨਿੱਕਲੀ, ਅਤੇ ਅਮੂਰਾਹ ਦੇ ਖੇਤਾਂ ਤੋਂ ਹੈ। ਉਸ ਦੇ ਅੰਗੂਰ ਜ਼ਹਿਰੀਲੇ ਅੰਗੂਰ ਹਨ, ਉਸ ਦੇ ਗੁੱਛੇ ਕੌੜੇ ਹਨ।
33ਉਹਨਾਂ ਦੀ ਮਧ ਨਾਗਾਂ ਦਾ ਜ਼ਹਿਰ ਹੈ, ਅਤੇ ਸੱਪਾਂ ਦੀ ਤਿੱਖੀ ਵਿੱਸ ਹੈ।
34ਕੀ ਇਹ ਗੱਲ ਮੇਰੇ ਮਨ ਵਿੱਚ, ਅਤੇ ਮੋਹਰ ਲਾ ਕੇ ਮੇਰੇ ਭੰਡਾਰ ਵਿੱਚ ਰੱਖੀ ਹੋਈ ਨਹੀਂ ਹੈ?
35ਬਦਲਾ ਦੇਣਾ ਅਤੇ ਬਦਲਾ ਲੈਣਾ ਮੇਰਾ ਕੰਮ ਹੈ, ਇਹ ਉਸ ਵੇਲੇ ਪ੍ਰਗਟ ਹੋਵੇਗਾ ਜਦ ਉਹਨਾਂ ਦਾ ਪੈਰ ਤਿਲਕੇ, ਕਿਉਂ ਜੋ ਉਹਨਾਂ ਦੀ ਬਿਪਤਾ ਦਾ ਦਿਨ ਨੇੜੇ ਹੈ, ਅਤੇ ਉਹਨਾਂ ਦਾ ਵਿਨਾਸ਼ ਛੇਤੀ ਆ ਰਿਹਾ ਹੈ।
36ਯਹੋਵਾਹ ਤਾਂ ਆਪਣੀ ਪਰਜਾ ਦਾ ਨਿਆਂ ਕਰੇਗਾ, ਅਤੇ ਆਪਣੇ ਦਾਸਾਂ ਉੱਤੇ ਤਰਸ ਖਾਵੇਗਾ, ਜਦ ਉਹ ਵੇਖੇਗਾ ਕਿ ਉਨ੍ਹਾਂ ਦਾ ਬਲ ਜਾਂਦਾ ਰਿਹਾ, ਅਤੇ ਨਾ ਕੋਈ ਬੰਦੀ ਰਿਹਾ, ਨਾ ਕੋਈ ਖੁੱਲ੍ਹਾ।
37ਤਦ ਉਹ ਆਖੇਗਾ, ਉਨ੍ਹਾਂ ਦੇ ਦੇਵਤੇ ਕਿੱਥੇ ਹਨ? ਅਤੇ ਉਹ ਚੱਟਾਨ ਜਿਸ ਵਿੱਚ ਉਹ ਪਨਾਹ ਲੈਂਦੇ ਸਨ?
38ਜਿਹੜੇ ਉਨ੍ਹਾਂ ਦੀਆਂ ਬਲੀਆਂ ਦੀ ਚਰਬੀ ਖਾਂਦੇ ਸਨ, ਅਤੇ ਉਨ੍ਹਾਂ ਦੇ ਪੀਣ ਦੀਆਂ ਭੇਟਾਂ ਦੀ ਮਧ ਪੀਂਦੇ ਸਨ? ਉਹ ਉੱਠਣ ਅਤੇ ਤੁਹਾਡੀ ਸਹਾਇਤਾ ਕਰਨ, ਉਹ ਤੁਹਾਡੀ ਓਟ ਹੋਣ!
39ਹੁਣ ਵੇਖੋ ਕਿ ਮੈਂ ਹੀ ਉਹ ਹਾਂ, ਅਤੇ ਮੇਰੇ ਬਿਨ੍ਹਾਂ ਹੋਰ ਕੋਈ ਪਰਮੇਸ਼ੁਰ ਨਹੀਂ, ਮੈਂ ਹੀ ਮਾਰਦਾ ਹਾਂ ਅਤੇ ਮੈਂ ਹੀ ਜੀਉਂਦਾ ਕਰਦਾ ਹਾਂ, ਮੈਂ ਹੀ ਜ਼ਖਮੀ ਕਰਦਾ ਹਾਂ ਅਤੇ ਮੈਂ ਹੀ ਚੰਗਾ ਕਰਦਾ ਹਾਂ, ਅਤੇ ਕੋਈ ਨਹੀਂ ਹੈ ਜਿਹੜਾ ਮੇਰੇ ਹੱਥੋਂ ਛੁਡਾ ਸਕੇ,
40ਕਿਉਂ ਜੋ ਮੈਂ ਆਪਣਾ ਹੱਥ ਸਵਰਗ ਵੱਲ ਚੁੱਕਦਾ ਹਾਂ ਅਤੇ ਮੈਂ ਕਹਿੰਦਾ ਹਾਂ, ਮੈਂ ਸਦੀਪਕਾਲ ਜੀਉਂਦਾ ਹਾਂ।
41ਜੇ ਮੈਂ ਆਪਣੀ ਚਮਕਦੀ ਹੋਈ ਤਲਵਾਰ ਤੇਜ ਕਰਾਂ, ਅਤੇ ਨਿਆਂ ਨੂੰ ਮੈਂ ਆਪਣੇ ਹੱਥ ਵਿੱਚ ਲਵਾਂ, ਤਾਂ ਮੈਂ ਆਪਣੇ ਵੈਰੀਆਂ ਤੋਂ ਬਦਲਾ ਲਵਾਂਗਾ, ਅਤੇ ਮੈਥੋਂ ਘਿਰਣਾ ਕਰਨ ਵਾਲਿਆਂ ਨੂੰ ਬਦਲਾ ਦਿਆਂਗਾ।
42ਮੈਂ ਆਪਣੇ ਤੀਰਾਂ ਨੂੰ ਲਹੂ ਨਾਲ ਮਤਵਾਲੇ ਕਰਾਂਗਾ, ਅਤੇ ਮੇਰੀ ਤਲਵਾਰ ਮਾਸ ਖਾਵੇਗੀ, ਉਹ ਲਹੂ ਵੱਢਿਆਂ ਹੋਇਆਂ ਅਤੇ ਬੰਦੀਆਂ ਦਾ, ਅਤੇ ਉਹ ਮਾਸ ਵੈਰੀਆਂ ਦੇ ਆਗੂਆਂ ਦੇ ਸਿਰਾਂ ਦਾ ਹੋਵੇਗਾ।
43ਹੇ ਕੌਮੋਂ, ਉਸ ਦੀ ਪਰਜਾ ਨਾਲ ਜੈਕਾਰਾ ਗਜਾਓ, ਕਿਉਂ ਜੋ ਉਹ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਵੇਗਾ, ਅਤੇ ਆਪਣੇ ਵੈਰੀਆਂ ਨੂੰ ਬਦਲਾ ਦੇਵੇਗਾ, ਅਤੇ ਆਪਣੀ ਭੂਮੀ ਅਤੇ ਆਪਣੀ ਪਰਜਾ ਦੇ ਪਾਪ ਲਈ ਪ੍ਰਾਸਚਿਤ ਦੇਵੇਗਾ।
44ਮੂਸਾ ਅਤੇ ਨੂਨ ਦੇ ਪੁੱਤਰ ਯਹੋਸ਼ੁਆ ਨੇ ਇਸ ਗੀਤ ਦੀਆਂ ਸਾਰੀਆਂ ਗੱਲਾਂ ਪਰਜਾ ਦੇ ਕੰਨਾਂ ਵਿੱਚ ਪਾਈਆਂ।
45ਜਦ ਮੂਸਾ ਇਹ ਸਾਰੀਆਂ ਗੱਲਾਂ ਸਾਰੇ ਇਸਰਾਏਲ ਨੂੰ ਬੋਲ ਚੁੱਕਿਆ
46ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਆਪਣੇ ਮਨ ਇਨ੍ਹਾਂ ਸਾਰੀਆਂ ਗੱਲਾਂ ਉੱਤੇ ਲਾਓ, ਜਿਨ੍ਹਾਂ ਦੀ ਮੈਂ ਅੱਜ ਤੁਹਾਨੂੰ ਸਾਖੀ ਦਿੰਦਾ ਹਾਂ। ਤੁਸੀਂ ਆਪਣੇ ਪੁੱਤਰਾਂ ਨੂੰ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ ਦਾ ਹੁਕਮ ਦਿਓ,
47ਕਿਉਂ ਜੋ ਇਹ ਤੁਹਾਡੇ ਲਈ ਹਲਕੀ ਜਿਹੀ ਗੱਲ ਨਹੀਂ, ਸਗੋਂ ਇਹ ਤੁਹਾਡਾ ਜੀਵਨ ਹੈ ਅਤੇ ਇਸ ਗੱਲ ਦੇ ਕਾਰਨ ਉਸ ਦੇਸ਼ ਵਿੱਚ ਤੁਹਾਡੇ ਜੀਵਨ ਦੇ ਦਿਨ ਬਹੁਤੇ ਹੋਣਗੇ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ।”
48ਫੇਰ ਉਸੇ ਦਿਨ ਯਹੋਵਾਹ ਨੇ ਮੂਸਾ ਨਾਲ ਇਹ ਗੱਲ ਕੀਤੀ,
49“ਤੂੰ ਇਸ ਅਬਾਰੀਮ ਦੇ ਪਰਬਤ ਉੱਤੇ ਨਬੋ ਦੀ ਚੋਟੀ ਤੇ ਚੜ੍ਹ, ਜੋ ਮੋਆਬ ਦੇਸ਼ ਵਿੱਚ ਯਰੀਹੋ ਦੇ ਸਾਹਮਣੇ ਹੈ ਅਤੇ ਕਨਾਨ ਦੇਸ਼ ਨੂੰ ਵੇਖ ਜਿਹੜਾ ਮੈਂ ਵਿਰਾਸਤ ਹੋਣ ਲਈ ਇਸਰਾਏਲ ਨੂੰ ਦੇਣ ਵਾਲਾ ਹਾਂ।
50ਫੇਰ ਉਸੇ ਪਰਬਤ ਉੱਤੇ ਜਿੱਥੇ ਤੂੰ ਚੜ੍ਹ ਰਿਹਾ ਹੈਂ, ਤੂੰ ਮਰ ਜਾਵੇਂਗਾ ਅਤੇ ਆਪਣੇ ਲੋਕਾਂ ਵਿੱਚ ਜਾ ਮਿਲ ਜਾਵੇਂਗਾ ਜਿਵੇਂ ਤੇਰਾ ਭਰਾ ਹਾਰੂਨ ਹੋਰ ਦੇ ਪਰਬਤ ਉੱਤੇ ਮਰ ਕੇ ਆਪਣੇ ਲੋਕਾਂ ਵਿੱਚ ਜਾ ਮਿਲਿਆ ਹੈ।
51ਇਸ ਦਾ ਕਾਰਨ ਇਹ ਹੈ ਕਿ ਸੀਨ ਦੀ ਉਜਾੜ ਵਿੱਚ, ਕਾਦੇਸ਼ ਕੋਲ ਮਰੀਬਾਹ ਨਾਮ ਦੇ ਸੋਤੇ ਉੱਤੇ, ਤੁਸੀਂ ਮੇਰੀ ਉਲੰਘਣਾ ਕੀਤੀ ਅਰਥਾਤ ਤੁਸੀਂ ਇਸਰਾਏਲੀਆਂ ਦੇ ਵਿੱਚ ਮੈਨੂੰ ਪਵਿੱਤਰ ਨਾ ਠਹਿਰਾਇਆ
52ਇਸ ਲਈ ਤੂੰ ਉਸ ਦੇਸ਼ ਨੂੰ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ, ਆਪਣੇ ਸਾਹਮਣੇ ਵੇਖੇਂਗਾ ਪਰ ਤੂੰ ਉਸ ਦੇਸ਼ ਵਿੱਚ ਪ੍ਰਵੇਸ਼ ਨਾ ਕਰੇਂਗਾ।”
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath