ਬਿਵਸਥਾ ਸਾਰ 31
1ਮੂਸਾ ਨੇ ਜਾ ਕੇ ਸਾਰੇ ਇਸਰਾਏਲ ਨਾਲ ਇਹ ਗੱਲਾਂ ਕੀਤੀਆਂ
2ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, “ਅੱਜ ਮੈਂ ਇੱਕ ਸੌ ਵੀਹ ਸਾਲਾਂ ਦਾ ਹਾਂ। ਮੈਂ ਹੁਣ ਹੋਰ ਅੰਦਰ ਬਾਹਰ ਆ ਜਾ ਨਹੀਂ ਸਕਦਾ ਅਤੇ ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਇਸ ਯਰਦਨ ਤੋਂ ਪਾਰ ਨਹੀਂ ਜਾਵੇਂਗਾ।
3ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਮਿਟਾ ਦੇਵੇਗਾ, ਅਤੇ ਤੁਸੀਂ ਉਹਨਾਂ ਉੱਤੇ ਅਧਿਕਾਰ ਕਰੋਗੇ। ਯਹੋਸ਼ੁਆ ਤੁਹਾਡੇ ਅੱਗੇ-ਅੱਗੇ ਪਾਰ ਜਾਵੇਗਾ ਜਿਵੇਂ ਯਹੋਵਾਹ ਨੇ ਆਖਿਆ ਹੈ।
4ਯਹੋਵਾਹ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੇਗਾ ਜਿਵੇਂ ਉਸ ਨੇ ਅਮੋਰੀਆਂ ਦੇ ਰਾਜਿਆਂ ਸੀਹੋਨ ਅਤੇ ਓਗ ਨਾਲ ਅਤੇ ਉਹਨਾਂ ਦੇ ਦੇਸ਼ ਨਾਲ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਮਿਟਾ ਦਿੱਤਾ।
5ਜਦ ਯਹੋਵਾਹ ਉਹਨਾਂ ਨੂੰ ਤੁਹਾਡੇ ਅੱਗੇ ਹਰਾ ਦੇਵੇਗਾ ਤਦ ਤੁਸੀਂ ਉਹਨਾਂ ਨਾਲ ਉਸ ਸਾਰੇ ਹੁਕਮ ਦੇ ਅਨੁਸਾਰ ਕਰਿਓ, ਜਿਹੜਾ ਮੈਂ ਤੁਹਾਨੂੰ ਦਿੱਤਾ ਸੀ।
6ਤਕੜੇ ਹੋਵੋ, ਹੌਂਸਲਾ ਰੱਖੋ, ਉਹਨਾਂ ਤੋਂ ਨਾ ਡਰੋ ਅਤੇ ਨਾ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ-ਨਾਲ ਜਾਂਦਾ ਹੈ! ਉਹ ਨਾ ਤਾਂ ਤੁਹਾਨੂੰ ਛੱਡੇਗਾ ਅਤੇ ਨਾ ਤੁਹਾਨੂੰ ਤਿਆਗੇਗਾ।”
7ਤਦ ਮੂਸਾ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਯਹੋਸ਼ੁਆ ਨੂੰ ਸੱਦ ਕੇ ਆਖਿਆ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸ ਪਰਜਾ ਨਾਲ ਉਸ ਦੇਸ਼ ਵਿੱਚ ਜਾਵੇਂਗਾ, ਜਿਸ ਨੂੰ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ ਅਤੇ ਤੂੰ ਇਨ੍ਹਾਂ ਨੂੰ ਉਸ ਦੇਸ਼ ਦਾ ਅਧਿਕਾਰੀ ਬਣਾਵੇਂਗਾ।
8ਯਹੋਵਾਹ ਆਪ ਤੇਰੇ ਅੱਗੇ-ਅੱਗੇ ਜਾਵੇਗਾ। ਉਹ ਤੇਰੇ ਨਾਲ ਹੋਵੇਗਾ, ਉਹ ਨਾ ਤਾਂ ਤੈਨੂੰ ਛੱਡੇਗਾ ਅਤੇ ਨਾ ਤਿਆਗੇਗਾ। ਇਸ ਲਈ ਨਾ ਡਰ ਅਤੇ ਨਾ ਘਬਰਾ!”
9ਤਦ ਮੂਸਾ ਨੇ ਇਸ ਬਿਵਸਥਾ ਨੂੰ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਸੌਂਪ ਦਿੱਤੀ।
10ਤਦ ਮੂਸਾ ਨੇ ਇਹ ਆਖ ਕੇ ਉਨ੍ਹਾਂ ਨੂੰ ਹੁਕਮ ਦਿੱਤਾ, “ਸੱਤ-ਸੱਤ ਸਾਲਾਂ ਦੇ ਅੰਤ ਵਿੱਚ ਅਰਥਾਤ ਛੁਟਕਾਰੇ ਦੇ ਠਹਿਰਾਏ ਹੋਏ ਸਮੇਂ ਉੱਤੇ ਡੇਰਿਆਂ ਦੇ ਪਰਬ ਵਿੱਚ,
11ਜਦ ਸਾਰਾ ਇਸਰਾਏਲ ਆ ਕੇ, ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਉੱਤੇ ਹਾਜ਼ਰ ਹੋਵੇ ਜਿਹੜਾ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਨ੍ਹਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਇਓ।
12ਸਾਰੀ ਪਰਜਾ ਨੂੰ ਇਕੱਠਾ ਕਰਿਓ, ਭਾਵੇਂ ਪੁਰਖ, ਭਾਵੇਂ ਇਸਤਰੀਆਂ, ਭਾਵੇਂ ਬੱਚੇ, ਭਾਵੇਂ ਪਰਦੇਸੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤਾਂ ਜੋ ਉਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ,
13ਅਤੇ ਉਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਇਹ ਗੱਲਾਂ ਨਹੀਂ ਸੁਣੀਆਂ, ਉਹ ਵੀ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ, ਜਦ ਤੱਕ ਤੁਸੀਂ ਉਸ ਭੂਮੀ ਉੱਤੇ ਜੀਉਂਦੇ ਰਹੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ।”
14ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, “ਵੇਖ, ਤੇਰੀ ਮੌਤ ਦੇ ਦਿਨ ਨੇੜੇ ਆ ਗਏ ਹਨ। ਯਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੇ ਤਾਂ ਜੋ ਮੈਂ ਉਸ ਨੂੰ ਹੁਕਮ ਦੇਵਾਂ।” ਤਦ ਮੂਸਾ ਅਤੇ ਯਹੋਸ਼ੁਆ ਨੇ ਆਪਣੇ ਆਪ ਨੂੰ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਕੀਤਾ।
15ਤਦ ਯਹੋਵਾਹ ਨੇ ਤੰਬੂ ਵਿੱਚ ਬੱਦਲ ਦੇ ਥੰਮ੍ਹ ਵਿੱਚ ਹੋ ਕੇ ਦਰਸ਼ਣ ਦਿੱਤਾ ਅਤੇ ਉਹ ਬੱਦਲ ਦਾ ਥੰਮ੍ਹ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ।
16ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, “ਵੇਖ, ਤੂੰ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਜਾਣ ਵਾਲਾ ਹੈ ਅਤੇ ਇਹ ਪਰਜਾ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਦੇ ਵਿੱਚ ਰਹਿਣ ਨੂੰ ਇਹ ਜਾਂਦੀ ਹੈ, ਹਰਾਮਕਾਰੀ ਕਰੇਗੀ ਅਤੇ ਮੈਨੂੰ ਤਿਆਗ ਕੇ ਮੇਰੇ ਨੇਮ ਨੂੰ ਜਿਹੜਾ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ, ਭੰਗ ਕਰੇਗੀ।
17ਉਸ ਸਮੇਂ ਮੇਰਾ ਕ੍ਰੋਧ ਇਨ੍ਹਾਂ ਉੱਤੇ ਭੜਕ ਉੱਠੇਗਾ। ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ ਅਤੇ ਆਪਣਾ ਮੂੰਹ ਇਨ੍ਹਾਂ ਤੋਂ ਲੁਕਾ ਲਵਾਂਗਾ ਅਤੇ ਇਹ ਨਿਗਲ ਲਏ ਜਾਣਗੇ, ਅਤੇ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਆ ਪੈਣਗੀਆਂ, ਇੱਥੋਂ ਤੱਕ ਕਿ ਇਹ ਉਸ ਦਿਨ ਆਖਣਗੇ, ‘ਕੀ ਇਨ੍ਹਾਂ ਬੁਰਿਆਈਆਂ ਦਾ ਸਾਡੇ ਉੱਤੇ ਆਉਣ ਦਾ ਕਾਰਨ ਇਹ ਨਹੀਂ ਹੈ ਕਿ ਸਾਡਾ ਪਰਮੇਸ਼ੁਰ ਸਾਡੇ ਵਿਚਕਾਰ ਨਹੀਂ ਹੈ?’
18ਉਸ ਸਮੇਂ ਮੈਂ ਵੀ ਉਨ੍ਹਾਂ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀ ਇਹ ਪਰਾਏ ਦੇਵਤਿਆਂ ਦੇ ਵੱਲ ਮੁੜ ਕੇ ਕਰਨਗੇ, ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ।
19ਇਸ ਲਈ ਹੁਣ ਤੁਸੀਂ ਆਪਣੇ ਲਈ ਇਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਜ਼ੁਬਾਨੀ ਸਿਖਾਓ ਤਾਂ ਜੋ ਇਹ ਗੀਤ ਇਸਰਾਏਲੀਆਂ ਦੇ ਵਿਰੁੱਧ ਮੇਰੇ ਲਈ ਗਵਾਹ ਹੋਵੇਗਾ।
20ਜਦ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵਾਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ, ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਤੇ ਇਹ ਖਾ-ਖਾ ਕੇ ਰੱਜ ਜਾਣਗੇ ਅਤੇ ਮੋਟੇ ਹੋ ਗਏ ਹੋਣਗੇ ਤਦ ਇਹ ਪਰਾਏ ਦੇਵਤਿਆਂ ਵੱਲ ਮੁੜ ਕੇ ਉਹਨਾਂ ਦੀ ਪੂਜਾ ਕਰਨਗੇ ਅਤੇ ਮੈਨੂੰ ਛੱਡ ਦੇਣਗੇ ਅਤੇ ਮੇਰਾ ਨੇਮ ਭੰਗ ਕਰ ਸੁੱਟਣਗੇ।
21ਅਜਿਹਾ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਵਾਂ ਇਨ੍ਹਾਂ ਉੱਤੇ ਆ ਪੈਣਗੀਆਂ ਤਾਂ ਇਹ ਗੀਤ ਇਨ੍ਹਾਂ ਦੇ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਇਨ੍ਹਾਂ ਦੇ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ। ਕਿਉਂ ਜੋ ਅਜੇ ਜਦ ਕਿ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਪਹੁੰਚਾਇਆ ਹੈ ਜਿਸ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ।”
22ਤਦ ਮੂਸਾ ਨੇ ਉਸੇ ਦਿਨ ਇਹ ਗੀਤ ਲਿਖਿਆ ਅਤੇ ਇਸਰਾਏਲੀਆਂ ਨੂੰ ਸਿਖਾਇਆ।
23ਉਸ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਇਹ ਆਖ ਕੇ ਹੁਕਮ ਦਿੱਤਾ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸਰਾਏਲੀਆਂ ਨੂੰ ਉਸ ਦੇਸ਼ ਵਿੱਚ ਲੈ ਜਾਵੇਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਮੈਂ ਤੇਰੇ ਨਾਲ ਹੋਵਾਂਗਾ।”
24ਜਦ ਮੂਸਾ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਪੁਸਤਕ ਵਿੱਚ ਲਿਖ ਚੁੱਕਿਆ,
25ਤਦ ਮੂਸਾ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਹੁਕਮ ਦਿੱਤਾ,
26“ਬਿਵਸਥਾ ਦੀ ਇਸ ਪੁਸਤਕ ਨੂੰ ਲੈ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ, ਤਾਂ ਜੋ ਇਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ।
27ਕਿਉਂ ਜੋ ਮੈਂ ਤੁਹਾਡੇ ਢੀਠਪੁਣੇ ਅਤੇ ਤੁਹਾਡੀ ਆਕੜੀ ਧੌਣ ਨੂੰ ਜਾਣਦਾ ਹਾਂ। ਵੇਖੋ, ਅੱਜ ਤੱਕ ਜਦ ਕਿ ਮੈਂ ਜੀਉਂਦਾ ਅਤੇ ਤੁਹਾਡੇ ਨਾਲ ਹਾਂ, ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੇਰੀ ਮੌਤ ਤੋਂ ਬਾਅਦ ਕਿੰਨ੍ਹਾਂ ਵੱਧ ਨਾ ਕਰੋਗੇ?
28ਮੇਰੇ ਅੱਗੇ ਆਪਣੇ ਗੋਤਾਂ ਦੇ ਸਾਰੇ ਬਜ਼ੁਰਗਾਂ ਅਤੇ ਸਰਦਾਰਾਂ ਨੂੰ ਇਕੱਠਾ ਕਰੋ ਤਾਂ ਜੋ ਮੈਂ ਇਹ ਗੱਲਾਂ ਉਨ੍ਹਾਂ ਦੇ ਕੰਨਾਂ ਵਿੱਚ ਪਾਵਾਂ ਅਤੇ ਅਕਾਸ਼ ਅਤੇ ਧਰਤੀ ਨੂੰ ਉਨ੍ਹਾਂ ਦੇ ਵਿਰੁੱਧ ਗਵਾਹ ਬਣਾਵਾਂ,
29ਕਿਉਂ ਜੋ ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹੀ ਵਿਗਾੜ ਲਓਗੇ ਅਤੇ ਉਸ ਮਾਰਗ ਤੋਂ ਮੁੜ ਜਾਓਗੇ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਅਤੇ ਆਖ਼ਰੀ ਦਿਨਾਂ ਵਿੱਚ ਬੁਰਿਆਈ ਤੁਹਾਡੇ ਉੱਤੇ ਆ ਪਵੇਗੀ ਕਿਉਂ ਜੋ ਤੁਸੀਂ ਉਹ ਕਰੋਗੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਹੈ ਅਤੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਨਾਲ ਉਹ ਨੂੰ ਕ੍ਰੋਧਵਾਨ ਬਣਾਉਗੇ।”
30ਤਦ ਮੂਸਾ ਨੇ ਇਸਰਾਏਲ ਦੀ ਸਾਰੀ ਸਭਾ ਦੇ ਕੰਨਾਂ ਵਿੱਚ ਇਸ ਗੀਤ ਦੀਆਂ ਤੁਕਾਂ ਸ਼ੁਰੂ ਤੋਂ ਅੰਤ ਤੱਕ ਪਾਈਆਂ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath