ਬਿਵਸਥਾ ਸਾਰ 30
1ਤਦ ਅਜਿਹਾ ਹੋਵੇਗਾ ਕਿ ਜਦ ਬਰਕਤ ਅਤੇ ਸਰਾਪ ਦੀਆਂ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਮੈਂ ਤੁਹਾਡੇ ਅੱਗੇ ਰੱਖਿਆ ਹੈ ਤੁਹਾਡੇ ਉੱਤੇ ਆਉਣਗੀਆਂ ਅਤੇ ਜਦ ਤੁਸੀਂ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਯਹੋਵਾਹ ਤੁਹਾਡਾ ਪਰਮੇਸ਼ੁਰ ਤਹਾਨੂੰ ਧੱਕ ਦੇਵੇਗਾ, ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਯਾਦ ਕਰੋਗੇ
2ਅਤੇ ਜਦ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਸ ਦੇ ਸਾਰੇ ਹੁਕਮਾਂ ਦੇ ਅਨੁਸਾਰ ਜੋ ਮੈਂ ਤੁਹਾਨੂੰ ਅੱਜ ਦਿੰਦਾ ਹਾਂ, ਤੁਸੀਂ ਅਤੇ ਤੁਹਾਡੀ ਸੰਤਾਨ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਉਸ ਦੀ ਅਵਾਜ਼ ਸੁਣੋਗੇ,
3ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਗੁਲਾਮੀ ਤੋਂ ਛੁਡਾ ਕੇ ਲੈ ਆਵੇਗਾ ਅਤੇ ਤੁਹਾਡੇ ਉੱਤੇ ਤਰਸ ਖਾਵੇਗਾ ਅਤੇ ਸਾਰਿਆਂ ਲੋਕਾਂ ਵਿੱਚੋਂ ਜਿੱਥੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਖਿਲਾਰਿਆ ਹੈ, ਤੁਹਾਨੂੰ ਮੁੜ ਇਕੱਠਾ ਕਰੇਗਾ।
4ਜੇਕਰ ਤੁਹਾਡੇ ਵਿੱਚੋਂ ਹੱਕਿਆ ਹੋਇਆ ਕੋਈ ਧਰਤੀ ਦੇ ਸਿਰੇ ਉੱਤੇ ਹੋਵੇ ਤਾਂ ਵੀ ਉੱਥੋਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਇਕੱਠਾ ਕਰੇਗਾ ਅਤੇ ਤੁਹਾਨੂੰ ਉੱਥੋਂ ਲੈ ਆਵੇਗਾ।
5ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸੇ ਦੇਸ਼ ਵਿੱਚ ਲੈ ਆਵੇਗਾ ਜਿਸ ਉੱਤੇ ਤੁਹਾਡੇ ਪੁਰਖਿਆਂ ਨੇ ਅਧਿਕਾਰ ਕੀਤਾ ਅਤੇ ਤੁਸੀਂ ਵੀ ਉਸ ਉੱਤੇ ਅਧਿਕਾਰ ਕਰੋਗੇ ਅਤੇ ਉਹ ਤੁਹਾਡੇ ਨਾਲ ਭਲਿਆਈ ਕਰੇਗਾ ਅਤੇ ਉਹ ਤੁਹਾਨੂੰ ਤੁਹਾਡੇ ਪੁਰਖਿਆਂ ਨਾਲੋਂ ਜ਼ਿਆਦਾ ਵਧਾਵੇਗਾ।
6ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅਤੇ ਤੁਹਾਡੇ ਵੰਸ਼ ਦੇ ਦਿਲ ਦੀ ਸੁੰਨਤ ਕਰੇਗਾ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਪ੍ਰੇਮ ਰੱਖੋ, ਤਾਂ ਜੋ ਤੁਸੀਂ ਜੀਉਂਦੇ ਰਹੋ।
7ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਇਹ ਸਾਰੇ ਸਰਾਪ ਤੁਹਾਡੇ ਵੈਰੀਆਂ ਅਤੇ ਤੁਹਾਡੇ ਤੋਂ ਘਿਰਣਾ ਕਰਨ ਵਾਲਿਆਂ ਉੱਤੇ ਪਾਵੇਗਾ, ਜਿਨ੍ਹਾਂ ਨੇ ਤੁਹਾਨੂੰ ਦੁੱਖ ਦਿੱਤਾ।
8ਅਤੇ ਤੁਸੀਂ ਮੁੜੋਗੇ ਅਤੇ ਯਹੋਵਾਹ ਦੀ ਅਵਾਜ਼ ਨੂੰ ਸੁਣੋਗੇ ਅਤੇ ਉਸ ਦੇ ਸਾਰੇ ਹੁਕਮਾਂ ਨੂੰ ਪੂਰਾ ਕਰੋਗੇ, ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ।
9ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੀ ਭਲਿਆਈ ਲਈ ਤੁਹਾਡੇ ਹੱਥਾਂ ਦੇ ਸਾਰੇ ਕੰਮਾਂ ਵਿੱਚ, ਅਤੇ ਤੁਹਾਡੇ ਸਰੀਰ ਦੇ ਫਲ, ਤੁਹਾਡੇ ਪਸ਼ੂਆਂ ਦੇ ਫਲ ਅਤੇ ਤੁਹਾਡੀ ਜ਼ਮੀਨ ਦੇ ਫਲ ਵਿੱਚ ਤੁਹਾਨੂੰ ਵਧਾਵੇਗਾ, ਕਿਉਂ ਜੋ ਯਹੋਵਾਹ ਤੁਹਾਡੇ ਉੱਤੇ ਭਲਿਆਈ ਲਈ ਖੁਸ਼ ਹੋਵੇਗਾ, ਜਿਵੇਂ ਉਹ ਤੁਹਾਡੇ ਪੁਰਖਿਆਂ ਉੱਤੇ ਖੁਸ਼ ਸੀ।
10ਗੱਲ ਇਹ ਹੈ ਕਿ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣ ਕੇ ਉਸ ਦੇ ਸਾਰੇ ਹੁਕਮਾਂ ਤੇ ਬਿਧੀਆਂ ਦੀ ਪਾਲਨਾ ਕਰੋ, ਜਿਹੜੀਆਂ ਬਿਵਸਥਾ ਦੀ ਇਸ ਪੁਸਤਕ ਵਿੱਚ ਲਿਖੀਆਂ ਹੋਈਆਂ ਹਨ ਅਤੇ ਤੁਸੀਂ ਆਪਣੇ ਸਾਰੇ ਮਨ ਅਤੇ ਆਪਣੀ ਸਾਰੀ ਜਾਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋ।
11ਵੇਖੋ, ਇਹ ਹੁਕਮ ਜਿਹੜਾ ਮੈਂ ਅੱਜ ਤੁਹਾਨੂੰ ਦਿੰਦਾ ਹਾਂ, ਨਾ ਤਾਂ ਇਹ ਤੁਹਾਡੇ ਲਈ ਬਹੁਤਾ ਔਖਾ ਹੈ ਅਤੇ ਨਾ ਹੀ ਤੁਹਾਡੇ ਤੋਂ ਬਹੁਤ ਦੂਰ ਹੈ।
12ਨਾ ਤਾਂ ਇਹ ਅਕਾਸ਼ ਉੱਤੇ ਹੈ ਜੋ ਤੁਸੀਂ ਆਖੋ, “ਭਲਾ, ਅਕਾਸ਼ ਉੱਤੇ ਸਾਡੇ ਲਈ ਕੌਣ ਚੜ੍ਹੇ ਅਤੇ ਉਸ ਨੂੰ ਸਾਡੇ ਕੋਲ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ?”
13ਨਾ ਹੀ ਉਹ ਸਮੁੰਦਰ ਪਾਰ ਹੈ ਜੋ ਤੁਸੀਂ ਆਖੋ, “ਸਾਡੇ ਲਈ ਕੌਣ ਸਮੁੰਦਰ ਤੋਂ ਪਾਰ ਜਾਵੇ ਅਤੇ ਉਸ ਨੂੰ ਸਾਡੇ ਲਈ ਲਿਆਵੇ ਅਤੇ ਸਾਨੂੰ ਸੁਣਾਵੇ ਤਾਂ ਜੋ ਉਸ ਨੂੰ ਪੂਰਾ ਕਰੀਏ?”
14ਪਰ ਇਹ ਬਾਣੀ ਤੁਹਾਡੇ ਬਹੁਤ ਨਜ਼ਦੀਕ ਹੈ ਸਗੋਂ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਮਨ ਵਿੱਚ ਹੈ, ਤਾਂ ਜੋ ਤੁਸੀਂ ਉਸ ਨੂੰ ਪੂਰਾ ਕਰੋ।
15ਵੇਖੋ, ਮੈਂ ਅੱਜ ਤੁਹਾਡੇ ਸਾਹਮਣੇ ਜੀਵਨ ਅਤੇ ਭਲਿਆਈ, ਮੌਤ ਅਤੇ ਬੁਰਿਆਈ ਰੱਖ ਦਿੱਤੀ ਹੈ।
16ਕਿਉਂਕਿ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਕਿ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੇ ਮਾਰਗਾਂ ਉੱਤੇ ਚਲੋ ਅਤੇ ਉਸ ਦੇ ਹੁਕਮਾਂ, ਬਿਧੀਆਂ ਅਤੇ ਕਨੂੰਨਾਂ ਦੀ ਪਾਲਨਾ ਕਰੋ ਤਾਂ ਜੋ ਤੁਸੀਂ ਜੀਉਂਦੇ ਰਹੋ ਅਤੇ ਵਧੋ ਅਤੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਉਸ ਦੇਸ਼ ਵਿੱਚ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਜਾਂਦੇ ਹੋ, ਤੁਹਾਨੂੰ ਬਰਕਤ ਦੇਵੇ।
17ਪਰ ਜੇਕਰ ਤੁਹਾਡਾ ਮਨ ਫਿਰ ਜਾਵੇ ਅਤੇ ਤੁਸੀਂ ਨਾ ਸੁਣੋ ਪਰ ਤੁਸੀਂ ਭਟਕ ਕੇ ਦੂਜੇ ਦੇਵਤਿਆਂ ਦੇ ਅੱਗੇ ਮੱਥਾ ਟੇਕਦੇ ਫਿਰੋ ਅਤੇ ਉਹਨਾਂ ਦੀ ਪੂਜਾ ਕਰੋ
18ਤਾਂ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਹਾਂ ਕਿ ਤੁਸੀਂ ਜ਼ਰੂਰ ਹੀ ਨਾਸ ਹੋ ਜਾਓਗੇ। ਤੁਸੀਂ ਉਸ ਦੇਸ਼ ਵਿੱਚ ਬਹੁਤ ਦਿਨਾਂ ਤੱਕ ਨਹੀਂ ਰਹਿ ਸਕੋਗੇ ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਨਦੀ ਦੇ ਪਾਰ ਜਾਂਦੇ ਹੋ।
19ਮੈਂ ਅੱਜ ਅਕਾਸ਼ ਅਤੇ ਧਰਤੀ ਨੂੰ ਤੁਹਾਡੇ ਵਿਰੁੱਧ ਗਵਾਹ ਬਣਾਉਂਦਾ ਹਾਂ ਕਿ ਮੈਂ ਤੁਹਾਡੇ ਅੱਗੇ ਜੀਵਨ ਅਤੇ ਮੌਤ, ਬਰਕਤ ਅਤੇ ਸਰਾਪ ਰੱਖਿਆ ਹੈ। ਇਸ ਲਈ ਜੀਵਨ ਨੂੰ ਚੁਣੋ ਤਾਂ ਜੋ ਤੁਸੀਂ ਅਤੇ ਤੁਹਾਡਾ ਵੰਸ਼ ਜੀਉਂਦਾ ਰਹੇ।
20ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਪ੍ਰੇਮ ਰੱਖੋ, ਉਸ ਦੀ ਅਵਾਜ਼ ਸੁਣੋ ਅਤੇ ਉਸ ਦੇ ਨਾਲ-ਨਾਲ ਲੱਗੇ ਰਹੋ ਕਿਉਂ ਜੋ ਉਹ ਹੀ ਤੁਹਾਡਾ ਜੀਵਨ ਅਤੇ ਤੁਹਾਡੀ ਲੰਮੀ ਉਮਰ ਦਿੰਦਾ ਹੈ, ਤਾਂ ਜੋ ਤੁਸੀਂ ਉਸ ਦੇਸ਼ ਵਿੱਚ ਵੱਸੇ ਰਹੋ ਜਿਸ ਨੂੰ ਦੇਣ ਦੀ ਯਹੋਵਾਹ ਨੇ ਤੁਹਾਡੇ ਪੁਰਖਿਆਂ ਅਰਥਾਤ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਸਹੁੰ ਖਾਧੀ ਸੀ।
WEBREATH · 11:11
«He himself gives everyone life and breath and everything else» — Acts 17:25
Breath is one for all: everyone lives by it, whoever they are and whatever they believe. Every day at 11:11 local time people stop for sixty seconds, breathe, and thank GOD for the breath — each in their own words, each within themselves. In that minute we are One Breath.
WEBREATH — the Minute at 11:11, your own local time — we are One Breath